ਖਾਸ ਲੇਖੇ/ਰਿਪੋਰਟਾਂ » ਖੇਤੀਬਾੜੀ

ਸ਼ੰਭੂ ਬਾਰਡਰ ਤੋਂ ਕਿਸਾਨੀ ਮੋਰਚੇ ਦਾ ਅੱਖੀਂ ਡਿੱਠਾ ਹਾਲ (ਭਾਗ -੨)

February 22, 2024 | By

(ਲੜੀ ਜੋੜਨ ਲਈ ਪਹਿਲੇ ਤਿੰਨ ਦਿਨਾਂ ਦੀ ਵਾਰਤਾ ਪੜ੍ਹੋ…)

ਕਿਸਾਨ ਆਗੂਆਂ ਤੇ ਸਰਕਾਰ ਦੀ ਮੀਟਿੰਗ ਚੱਲਦੀ ਰਹੀ ਤੇ ਚੌਥੇ ਦਿਨ ਦੀ ਸਵੇਰ ਹੋ ਗਈ:

ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਦਰਮਿਆਨ ਕਿਸਾਨੀ ਮੋਰਚੇ ਦੇ ਤੀਜੇ ਦਿਨ (15 ਫਰਵਰੀ) ਦੀ ਸ਼ਾਮ ਨੂੰ ਸ਼ੁਰੂ ਹੋਈ ਗੱਲਬਾਤ ਦੇ ਚਲਦਿਆਂ 16 ਫਰਵਰੀ (ਚੋਥੇ ਦਿਨ) ਦੀ ਸਵੇਰ ਹੋ ਗਈ।  

7 ਘੰਟੇ ਤੋਂ ਵੱਧ ਚੱਲੀ ਇਸ ਮੀਟਿੰਗ ਦੇ ਨਤੀਜਿਆਂ ਵੱਲ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ। ਇਹ ਤੀਜੇ ਗੇੜ ਦੀ ਮੀਟਿੰਗ ਸੀ ਜਿਸ ਤੋਂ ਪਹਿਲਾਂ ਕਿਸਾਨ ਆਗੂਆਂ ਵੱਲੋਂ ਅੰਦੋਲਨ ਦਾ ਸੱਦਾ ਦੇਣ ਤੋਂ ਬਾਅਦ 8 ਫਰਵਰੀ ਪਹਿਲੀ ਅਤੇ ਅੰਦੋਲਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾ 12 ਫਰਵਰੀ ਨੂੰ ਦੂਜੀ ਮੀਟਿੰਗ ਹੋ ਚੁੱਕੀ ਸੀ। ਦੋਵੇਂ ਮੀਟਿੰਗਾਂ ਬੇਸਿੱਟਾ ਰਹੀਆਂ ਸਨ। ਹਾਲਾਂਕਿ ਮਾਝੇ ਦੇ ਕਿਸਾਨ ਦੂਰ ਹੋਣ ਕਰਕੇ 11 ਫਰਵਰੀ ਨੂੰ ਕੂਚ ਕਰ ਚੁੱਕੇ ਸਨ।

ਮਨਦੀਪ ਸਿੰਘ

ਮੀਟਿੰਗ ਦੀ ਗੱਲਬਾਤ:

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਕੇਂਦਰੀ ਮੰਤਰੀਆਂ ਨੇ ਇਸ ਮੀਟਿੰਗ ਨੂੰ ਬਹੁਤ ਸੁਖਾਵੇਂ ਮਾਹੌਲ ਵਾਲੀ ਅਤੇ ਸਕਾਰਾਤਮਿਕ ਮੀਟਿੰਗ ਦੱਸਿਆ। ਪਰ ਕਿਸਾਨ ਆਗੂਆਂ ਨੇ ਹਾਮੀ ਭਰਨ ਤੋਂ ਪਰਹੇਜ਼ ਕੀਤਾ। 

ਤੀਜੇ ਗੇੜ ਦੀ ਇਸ ਗੱਲਬਾਤ ਮੌਕੇ ਪੱਤਰਕਾਰ ਤੇ ਮੀਡੀਆ ਕਰਮੀ 8 ਘੰਟੇ ਤੋਂ ਵਧੇਰੇ ਸਮਾਂ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾ ਦੇ ਬਾਹਰ ਮੀਟਿੰਗ ਦੇ ਗੱਲਬਾਤ ਦੇ ਨਤੀਜਿਆਂ ਨੂੰ ਉਡੀਕਦੇ ਰਹੇ।  ਗੱਲਬਾਤ ਵਿਚ ਮੁੱਖ ਰੂਪ ਵਿਚ ਘੱਟੋ-ਘੱਟ ਖਰੀਦ ਮੁੱਲ (MSP)  ਉੱਤੇ ਪੇਚ ਫਸਿਆ ਰਿਹਾ ਸੀ। 

ਖਬਰ ਤੇ ਜ਼ਿਕਰ:

ਇਸ ਮੀਟਿੰਗ ਬਾਰੇ ਪੰਜਾਬੀ ਟ੍ਰਿਬਿਊਨ ਨੇ ਛਾਪਿਆ ਕਿ ਕਿਸਾਨਾਂ ਦੀਆਂ ਦੋ ਮੰਗਾਂ- ਪ੍ਰਦੂਸ਼ਣ ਐਕਟ ਅਤੇ ਬਿਜਲੀ ਸੋਧ ਵਾਲੀ ਮੰਗ ਕੇਂਦਰੀ ਮੰਤਰੀਆਂ ਨੇ ਮੰਨ ਲਈ ਹੈ ਪਰ ਕਿਸਾਨ ਆਗੂਆਂ ਨੇ ਮੀਟਿੰਗ ਤੋਂ ਬਾਅਦ ਕੀਤੀ ਪੱਤਰਕਾਰ ਵਾਰਤਾ (ਪ੍ਰੈੱਸ ਕਾਨਫਰੰਸ) ਵਿੱਚ ਅਜਿਹਾ ਕੋਈ ਜ਼ਿਕਰ ਨਹੀਂ ਕੀਤਾ। 

ਖ਼ੈਰ ਇਸ ਮੀਟਿੰਗ ਵਿੱਚ ਗੇਂਦ ਸਰਕਾਰ ਦੇ ਪਾਲੇ ਵਿੱਚ ਹੀ ਪਈ ਰਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਤਿੰਨ ਜਿਲ੍ਹਿਆਂ – ਸੰਗਰੂਰ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਦੇ ਕਈ ਇਲਾਕਿਆਂ ਵਿੱਚ ਬੰਦ ਹੋਏ ਇੰਟਰਨੈੱਟ ਨੂੰ ਖੁਲਵਾਉਣ ਦੀ ਗੱਲ ਕਹੀ ਪਰ 18 ਫਰਵਰੀ ਨੂੰ ਇਹ ਰੋਕਾਂ ਹੋਰ ਵੀ ਵੱਧ ਗਈਆਂ। 

ਕਿਸਾਨ ਆਗੂਆਂ ਦੇ ਬੰਦ ਕੀਤੇ ਬਿਜਲ ਸੱਥ ਸਫਿਆਂ ਨੂੰ ਮੁੜ ਚਾਲੂ ਕਰਨ ਦੀ ਗੱਲ ‘ਤੇ ਵੀ ਸਹਿਮਤੀ ਬਣੀ ਪਰ ਓਹ ਵੀ ਅਗਲੀ ਮੀਟਿੰਗ ਤੱਕ ਲਾਰਾ ਹੀ ਬਣੀ ਰਹੀ ।

ਜਦੋਂ ਮੰਤਰੀਆਂ ਮੂਹਰੇ ਕਿਸਾਨ ਆਗੂਆਂ ਝੋਲਾ ਪਲਟਿਆ:

ਕਿਸਾਨ ਆਗੂਆਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਦਾਗੇ ਬੰਬਾਂ ਅਤੇ ਗੋਲੀਆਂ ਦਾ ਝੋਲਾ ਕੇਂਦਰੀ ਮੰਤਰੀਆਂ ਸਾਹਮਣੇ ਖਾਲੀ ਕਰਕੇ ਜਵਾਬ ਮੰਗਿਆ। ਇਸ ਮੀਟਿੰਗ ਵਿੱਚ ਦੋਵੇਂ ਪਾਸੇ (ਕਿਸਾਨ ਅਤੇ ਨੀਮ-ਫੌਜੀ ਦਸਤਿਆਂ ਦਰਮਿਆਨ) ਅਗਲੀ ਮੀਟਿੰਗ ਤੱਕ ਸ਼ਾਤੀ ਰੱਖਣ ਦੀ ਗੱਲ ‘ਤੇ ਵੀ ਸਹਿਮਤੀ ਬਣੀ। 

ਅਸਲ ਵਿੱਚ ਕਿਸਾਨਾਂ ਦਾ ਮੁੱਖ ਮਕਸਦ ਆਪਣੀਆਂ ਮੰਗਾਂ ਮਨਵਾਉਣਾ ਸੀ। ਜੇਕਰ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਬੈਠਿਆਂ ਮੰਗਾਂ ਮੰਨੀਆਂ ਜਾਣ ਤਾਂ ਇਹ ਉਹ ਲਈ ਚੰਗੀ ਗੱਲ ਹੀ ਹੋਣੀ ਹੈ।

ਕਿਸਾਨਾਂ ਉੱਤੇ ਦਾਗੇ ਗੋਲਿਆਂ ਦੀ ਗੱਲ:

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਨੁਸਾਰ ਕਿਸਾਨਾਂ ‘ਤੇ ਦਰਵਾਜ਼ੇ ਭੰਨਣ ਵਾਲੇ ਬੰਬ ਵੀ ਮਾਰੇ ਗਏ (ਇਹ ਬੰਬ ਖਨੌਰੀ ਬਾਰਡਰ ‘ਤੇ ਚੱਲੇ ਸਨ) ਅਤੇ ਅਸਲ ਗੋਲੀਆਂ ਵੀ ਚਲਾਈਆਂ ਗਈਆਂ। ਉਹਨਾਂ ਨੇ ਇਹ ਬੰਬ ਅਤੇ ਗੋਲੀਆਂ ਮੀਡੀਆ ਸਾਹਮਣੇ ਵੀ ਰੱਖੇ ਅਤੇ ਕੇਂਦਰੀ ਮੰਤਰੀਆਂ ਸਾਹਮਣੇ ਵੀ। ਉਹਨਾਂ ਕਿਹਾ ਕਿ ਇਹ ਗੋਲੇ ਲੁਕ ਕੇ ਬੈਠੇ ਦੁਸ਼ਮਣ ਨੂੰ ਮਾਰਨ ਵੇਲੇ ਵਰਤੇ ਜਾਂਦੇ ਨੇ। 

ਮੰਤਰੀਆਂ ਦੀ ਪੱਤਰਕਾਰਾਂ ਨਾਲ ਗੱਲਬਾਤ:

ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਕਾਰਪੋਰੇਟ ਮਸਲਿਆਂ ਦੇ ਮੰਤਰੀ ਪਿਯੂਸ਼ ਗੋਇਲ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਆਦਿਤਿਆਨੰਦ ਰਾਏ ਮੀਡੀਆ ਸਾਹਮਣੇ ਆਏ ਪਰ ਮੀਟਿੰਗ ਨੂੰ ਸਕਾਰਾਤਮਿਕ ਕਹਿ ਕੇ ਪੱਤਰਕਾਰਾਂ ਦੇ ਸਵਾਲਾਂ ਤੋਂ ਪਹਿਲਾਂ ਹੀ ਚਲੇ ਗਏ। 

ਕਿਰਸਾਨੀ ਦੀ ਜੀਰਾਂਦ ਦੇ ਝਲਕਾਰੇ:

ਮੀਡੀਆ, ਕਿਸਾਨਾਂ ਤੋਂ ਮੀਟਿੰਗ ਦੇ ਸਾਰਥਕ ਹੋਣ ਬਾਰੇ ਹਾਂ ਜਾਂ ਨਾਂਹ ਵਿਚ ਜਵਾਬ ਮੰਗ ਰਿਹਾ ਸੀ ਪਰ ਕਿਸਾਨ ਆਗੂਆਂ ਨੇ ਕੋਈ ਕਾਹਲੀ ਵਾਲਾ ਬਿਆਨ ਨਾ ਦਿੱਤਾ। ਕਿਹਾ ਜਾਂਦਾ ਹੈ ਕਿ ਸਹਿਜਤਾ ਅਤੇ ਧੀਰਜ ਖੇਤੀ ਸਿਖਾ ਦਿੰਦੀ ਹੈ ਤੇ ਇਹ ਗੱਲ ਕਿਸਾਨ ਆਗੂਆਂ ਵਿੱਚੋਂ ਸਾਫ ਨਜ਼ਰ ਆ ਰਹੀ ਸੀ। ਅਨੇਕਾਂ ਬੰਬਾਂ ਵਾਲੇ ਹਮਲਿਆਂ ਤੋਂ ਬਾਅਦ ਵੀ ਓਹਨੇ ਚਿਹਰੇ ਤਿਉੜੀ ਤੋਂ ਮੁਕਤ ਸਨ। 

ਕਿਸਾਨ ਯੂਨੀਅਨਾਂ ਦੇ ‘ਗੈਰ-ਰਾਜਨੀਤਕ’ ਤੇ ‘ਰਾਜਨੀਤਕ’ ਹਿੱਸੇ: 

ਇਸ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੀਆਂ ਦੋ ਗੁੱਟਾਂ (ਸੰਯੁਕਤ ਕਿਸਾਨ ਮੋਰਚਾ – ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ) ਨੇ ਹਿੱਸਾ ਲਿਆ। ਸੰਯੁਕਤ ਕਿਸਾਨ ਮੋਰਚਾ (ਰਾਜਨੀਤਿਕ) ਹਜੇ ਤੱਕ ਇਸ ਮੋਰਚੇ ਤੋਂ ਬਾਹਰ ਸੀ ਪਰ ਓਹਨਾਂ ਵੱਲੋਂ ਵੀ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਕਿ ਪੰਜਾਬ ਅਤੇ ਹਰਿਆਣੇ ਤੋਂ ਬਾਅਦ ਬਹੁਤਾ ਸਫਲ ਨਜ਼ਰ ਨਹੀਂ ਆਇਆ। 

ਪਿਛਲੇ ਅੰਦੋਲਨ ਤੋਂ ਬਾਅਦ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣ ਅਤੇ ਨਾ ਲੈਣ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੋ ਭਾਗਾਂ ਵਿੱਚ ਵੰਡਿਆ ਗਿਆ। ਚੋਣਾਂ ਤੋਂ ਪਹਿਲਾਂ ਐਸ.ਕੇ.ਐਮ (SKM) ਕਿਸਾਨ ਜਥੇਬੰਦੀਆਂ ਦਾ ਇੱਕ ਹੀ ਧੜਾ ਸੀ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਕਿਸਾਨ  ਆਗੂਆਂ ਨੂੰ ਐਸ.ਕੇ.ਐਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਪਰ ਬਾਅਦ ਵਿੱਚ ਓਹਨਾਂ ਨੂੰ ਐਸ.ਕੇ.ਐਮ ਦਾ ਮੁੜ ਹਿੱਸਾ ਬਣਾ ਲਿਆ ਗਿਆ। ਜਿੱਥੋਂ ਕਈ ਕਿਸਾਨ ਆਗੂ ਨਰਾਜ਼ ਹੋ ਗਏ। ਜਿਹਨਾਂ ਵਿੱਚ ਵੱਡਾ ਨਾਮ ਜਗਜੀਤ ਸਿੰਘ ਡੱਲੇਵਾਲ ਦਾ ਸੀ। ਫੇਰ ਇਹਨਾਂ ਕਿਸਾਨ ਆਗੂਆਂ ਨੇ ਇੱਕ ਵੱਖਰਾ “ਗੈਰ ਰਾਜਨੀਤਿਕ” ਹਿੱਸਾ ਖੜ੍ਹਾ ਕੀਤਾ ਜੋ ਕਿ ਖੁਦ ਚੋਣਾਂ ਲੜਨ ਦਾ ਹਾਮੀ ਨਹੀਂ ਹੈ।

ਕਿਸਾਨ ਆਗੂਆਂ ਦਾ ਸਿਆਸੀ ਲੋਕਾਂ ਬਾਰੇ ਐਲਾਨ:

ਇਸ ਮੀਟਿੰਗ ਤੋਂ ਬਾਅਦ ਹੋਈ ਪੱਤਰਕਾਰ ਵਾਰਤਾ ਦੌਰਾਨ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਦਾ ਸਮਰਥਕ ਬਣ ਕੇ ਕੋਈ ਵੀ ਅੰਦੋਲਨ ਵਿੱਚ ਆ ਸਕਦਾ ਹੈ ਪਰ ਸਟੇਜ ਤੋਂ ਕਿਸੇ ਵੀ ਸਿਆਸੀ ਆਗੂ ਨੂੰ ਨਹੀਂ ਬੋਲਣ ਦਿੱਤਾ ਜਾਵੇਗਾ। ਇੱਥੇ ਇੱਕ ਇਹ ਵੀ ਸਵਾਲ ਉੱਠ ਪੈਂਦਾ ਹੈ ਕਿ ਚੋਣਾਂ ਲੜੇ ਹੋਏ ਕਿਸਾਨ ਆਗੂ ਜੇਕਰ ਇਸ ਮੋਰਚੇ ਵਿੱਚ ਪਹੁੰਚਦੇ ਹਨ ਤਾਂ ਉਹਨਾਂ ਨੂੰ ਕਿਸਾਨ ਆਗੂ ਸਮਝਿਆ ਜਾਵੇਗਾ ਜਾਂ ਸਿਆਸੀ ਆਗੂ?

ਉਦਾਸ ਸਵੇਰ:

ਖੈਰ ਅਗਲਾ ਦਿਨ ਜਾ ਚੜਿਆ ਤਾਂ ਇੱਕ ਕਿਸਾਨ ਪਰਿਵਾਰ ਦੇ ਘਰ ਸੂਰਜ ਡੁੱਬ ਗਿਆ। ਕਿਸਾਨ ਅੰਦੋਲਨ ਵਿੱਚ ਪਹਿਲੀ ਮੌਤ ਦੀ ਖ਼ਬਰ ਨੇ ਸਾਰਿਆ ਨੂੰ ਉਦਾਸ ਕਰ ਦਿੱਤਾ। ਪਿੰਡ ਪੰਡੋਰੀ, ਤਹਿਸੀਲ ਬਟਾਲਾ ਅਤੇ ਜਿਲ੍ਹਾ ਗੁਰਦਾਸਪੁਰ ਦੇ ਗਿਆਨ ਸਿੰਘ (ਉਮਰ 79 ਸਾਲ ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 16 ਫ਼ਰਵਰੀ ਦੀ ਸਵੇਰ ਨੂੰ ਕਈ ਗੋਲੇ ਕਿਸਾਨਾਂ ਵੱਲ ਦਾਗੇ ਗਏ ਹਾਲਾਂਕਿ ਕਿਸਾਨ ਬੈਰੀਕੇਟ ਰੋਕਾਂ ਹਟਾਉਣ ਤੋਂ ਰੁਕ ਗਏ ਸਨ ਅਤੇ ਰਾਤ ਹੀ ਮੀਟਿੰਗ ਵਿੱਚ ਦੋਵੇਂ ਪਾਸੇ ਸ਼ਾਤੀ ਬਣਾਈ ਰੱਖਣ ਦੀ ਸਹਿਮਤੀ ਬਣੀ ਸੀ। 

ਮੋਰਚੇ ਦੌਰਾਨ ਜਾਨ ਗਵਾਉਣ ਵਾਲੇ ਕਿਸਾਨ ਗਿਆਨ ਸਿੰਘ ਦੀ ਇੱਕ ਤਸਵੀਰ

ਮੁੜ ਗੋਲਾਬਾਰੀ ਹੋਈ ਤੇ ਨੌਜਵਾਨ ਜਖਮੀ ਹੋਏ:

ਕਰੀਬ ਡੇਢ ਕੂ ਵਜੇ ਕਈ ਨੌਜਵਾਨ ਬੈਰੀਕੇਟ ਰੋਕਾਂ ਦੇ ਨਜ਼ਦੀਕ ਚਲੇ ਗਏ ਤੇ ਓਦੋਂ ਹੀ ਹਰਿਆਣਾ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਗੋਲਾਬਾਰੀ ਕੀਤੀ ਗਈ ਜਿਸ ਵਿੱਚ ਕਈ ਕਿਸਾਨ ਜਖਮੀ ਹੋਏ। ਇਕ ਨੌਜਵਾਨ ਦੇ ਅੱਖ ਨੁਕਸਾਨੇ ਜਾਣ ਦੀ ਖ਼ਬਰ ਵੀ ਮਿਲੀ ਜਦਕਿ ਬੰਬਾਂ ਦੇ ਧੂੰਏ ਤੋਂ ਪੀੜਤ ਇਕ ਨੌਜਵਾਨ ਕਿਸਾਨ ਵੱਲੋਂ ਘੱਗਰ ਦਰਿਆ ਦੇ ਪੁੱਲ (ਜਿੱਥੇ ਰੋਕਾਂ ਲੱਗੀਆਂ ਹੋਈਆਂ ਨੇ) ਛਾਲ ਮਾਰ ਕੇ ਆਪਣਾ ਬਚਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਥੱਲੇ ਡਿੱਗਣ ਨਾਲ ਲੱਤ ਟੁੱਟ ਗਈ।

ਮੋਰਚੇ ਵਿਚ ਬੀਬੀਆਂ ਦੀ ਸਮੂਲੀਅਤ:

ਮੈਂ ਇਸ ਦਿਨ (16 ਫਰਵਰੀ ਨੂੰ) ਮੋਰਚੇ ਵਿੱਚ ਬੀਬੀਆਂ ਦੀ ਸ਼ਮੂਲੀਅਤ ਨੂੰ ਦੇਖਣ ਲਈ ਮੋਰਚੇ ਵਿੱਚ ਹੋ ਤੁਰਿਆ। ਮੈਂ ਇਹ ਗੱਲ ਦੇਖ ਕਿ ਹੈਰਾਨ ਸੀ ਕਿ ਕਿਸਾਨਾਂ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਸੀ ਕਿ ਬੈਰੀਕੇੇਟ ਤੋੜਨੇ ਕੋਈ ਆਸਾਨ ਕੰਮ ਨਹੀਂ ਹੈ ਪਰ ਫੇਰ ਵੀ ਮੈਨੂੰ ਕਈ ਟਰਾਲੀਆਂ ਬੀਬੀਆਂ ਨਾਲ ਭਰੀਆਂ ਮਿਲੀਆਂ ਜਿਹਨਾਂ ਦੀ ਉਮਰ 50 ਤੋਂ ਲੈਕੇ 75 ਸਾਲ ਤੱਕ ਸੀ। 16 ਤਰੀਕ ਤੱਕ 100 ਦੇ ਕਰੀਬ ਬੀਬੀਆਂ ਨੂੰ ਮੈਂ ਸੰਭੂ ਮੋਰਚੇ ਵਿੱਚ ਮਿਲਿਆ। ਓਹਨਾਂ ਵਿੱਚ ਵਧੇਰੇ ਮਾਝੇ ਅਤੇ ਮਾਲਵੇ ਦੀਆਂ ਬੀਬੀਆਂ ਸਨ। 

ਮੋਰਚੇ ਵਿੱਚ ਬੀਬੀਆਂ ਦੀ ਸ਼ਮੂਲੀਅਤ

ਪੁਆਧ ਦੀਆਂ ਬੀਬੀਆਂ ਲੰਗਰ ਦੇ ਮੋਰਚੇ ਸਾਂਭੀ ਬੈਠੀਆਂ ਸਨ। ਅਗਲੇ ਆਉਣ ਵਾਲੇ 2 ਦਿਨਾਂ ਵਿੱਚ ਮੋਰਚੇ ਵਿੱਚ ਬੀਬੀਆਂ ਦੀ ਸ਼ਮੂਲੀਅਤ ਹੋਰ ਵੀ ਵੱਧ ਗਈ। 

ਬੀਬੀਆਂ ਦੀ ਸਮਝ ਤੇ ਸਮੂਲੀਅਤ ਦੀ ਅਹਿਮੀਅਤ:

ਬੀਬੀਆਂ ਨੂੰ ਕਿਸਾਨੀ ਮਸਲਿਆਂ ਦੀ ਭਰਪੂਰ ਜਾਣਕਾਰੀ ਸੀ। ਇਹਨਾਂ ਕੋਲ ਪੱਤਰਕਾਰਾਂ ਦੇ ਹਰ ਸਵਾਲਾਂ ਦੇ ਜਵਾਬ ਸਨ। 

ਵੱਡੀ ਗੱਲ ਇਹ ਸੀ ਕਿ ਸੰਭੂ ਤੇ ਜੰਗ ਵਰਗੇ ਹਾਲਾਤ ਸਨ ਅਜਿਹੇ ਸਮੇਂ ਵਿੱਚ ਬੀਬੀਆਂ ਦਾ ਮੋਰਚੇ ਵਿੱਚ ਪਹੁੰਚਣਾ ਇਕ ਮਹਾਨ ਗੱਲ ਹੈ। ਜਿਸ ਜੰਗ ਵਿੱਚ ਔਰਤਾਂ ਸ਼ਾਮਿਲ ਹੋ ਜਾਣ ਓਹ ਅੱਧੀਆਂ ਓਦੋਂ ਹੀ ਜਿੱਤੀਆਂ ਜਾਂਦੀਆਂ ਨੇ। 

ਬੁਲੰਦ ਹੌਂਸਲੇ:

ਬੀਬੀਆਂ ਦੇ ਹੌਂਸਲੇ ਬਹੁਤ ਬੁਲੰਦ ਸਨ ਤੇ ਉਹ ਦਿੱਲੀ ਜਾਣ ਲਈ ਤਿਆਰ ਸਨ। ਇਹ ਬੀਬੀਆਂ ਪਹਿਲੇ ਕਿਸਾਨੀ ਸੰਘਰਸ਼ ਵਿੱਚ ਵੀ ਡਟੀਆਂ ਹੋਈਆਂ ਸਨ। ਟਰਾਲੀਆਂ ਵਿੱਚ ਕਈ ਕਈ ਮਹੀਨਿਆਂ ਦਾ ਰਾਸ਼ਨ ਸੀ। ਪਰ ਸ਼ੰਭੂ ਬਾਰਡਰ ਤੇ ਲਾਗਲੇ ਪਿੰਡ ਪਹਿਲੇ ਦਿਨ ਤੋਂ ਹੀ ਲੰਗਰ ਦੀ ਸੇਵਾ ਕਰ ਰਹੇ ਸਨ ਜਿਹਨਾਂ ਕਰਕੇ ਕਿਸਾਨਾਂ ਨੂੰ ਆਪਣੇ ਨਾਲ ਲਿਆਂਦੇ ਆਟੇ ਵਿੱਚੋਂ ਇਕ ਬੁੱਕ ਤੱਕ ਨਹੀਂ ਸੀ ਵਰਤਣਾ ਪੈ ਰਹੀ। ਹਾਲਾਂਕਿ ਚਾਹ ਵਗੈਰਾ  ਕਿਸਾਨ ਆਪਣੇ ਲੋੜ ਅਨੁਸਾਰ ਆਪ ਬਨਾਉਣ ਲੱਗ ਗਏ ਸਨ। ਕੁਝ ਪਿੰਡਾਂ ਵਾਲੇ ਕਿਸਾਨ ਦਾਲ ਵੀ ਆਪਣੀ ਬਨਾਉਣ ਲੱਗ ਗਏ ਸਨ।

ਹਰਿਆਣੇ ਦੇ ਮੁੱਖ ਮੰਤਰੀ ਦਾ ਬਿਆਨ:

16 ਫਰਵਰੀ ਨੂੰ ਹੀ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇਕ ਬਿਆਨ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਜਿਸ ਵਿਚ ਮੁੱਖ ਮੰਤਰੀ ਹਰਿਆਣਾ ਨੇ ਕਿਸਾਨਾਂ ਦਿੱਲੀ ਕੂਚ ਦੇ ਢੰਗ ‘ਤੇ ਇਤਰਾਜ਼ ਜਤਾਇਆ। 

ਖੱਟਰ ਦੇ ਅਨੁਸਾਰ ਕਿਸਾਨਾਂ ਦੇ ਜੇਸੀਬੀ ਅਤੇ ਸਾਲ ਸਾਲ ਦਾ ਰਾਸ਼ਨ ਨਾਲ ਲੈਕੇ ਜਾਣਾ ਗਲਤ ਸੀ। ਮੁੱਖ ਮੰਤਰੀ ਹਰਿਆਣਾ ਚਾਹੁੰਦੇ ਸਨ ਕਿ ਕਿਸਾਨ 50-60 ਕਿਸਾਨਾਂ ਦੇ ਜਥਿਆਂ ਦੇ ਰੂਪ ਵਿਚ ਬੱਸਾਂ ਰੇਲਾਂ ‘ਤੇ ਸਵਾਰ ਹੋ ਕੇ ਦਿੱਲੀ ਜਾਣ। ਪਰ ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਕਿਸਾਨ ਬਿਨ੍ਹਾਂ ਟਰੈਕਟਰ ਟਰਾਲੀਆਂ ਦੇ ਦਿੱਲੀ ਗਏ ਨੇ ਓਹਨੇ ਦੇ ਪੱਲੇ ਕੁਝ ਵੀ ਨਹੀਂ ਪਿਆ। ਇਹ ਟਰੈਕਟਰ ਟਰਾਲੀਆਂ ਅਤੇ ਸਾਲ-ਸਾਲ ਦੇ ਇਕੱਠੇ ਰਾਸ਼ਨ ਦੀ ਤਾਕਤ ਹੀ  ਸੀ ਜਿਸਨੇ ਭਾਜਪਾ ਦੇ ਹੁਕਮਰਾਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਦੀ ਮਜਬੂਰ ਕਰ ਦਿੱਤਾ। 

ਖੱਟਰ ਦੇ ਇਸ ਬਿਆਨ ਨੇ ਇਹ ਤਾਂ ਸੱਪਸ਼ਟ ਕਰ ਦਿੱਤਾ ਕਿ ਕਿਸਾਨਾਂ ਦੇ ਅੰਦੋਲਨ ਦੀ ਤਾਕਤ ਓਹਨਾ ਦੇ ਸੰਦਾਂ ਨਾਲ ਅਤੇ ਓਹਨਾਂ ਦੇ ਡਟੇ ਰਹਿਣ ਦੀ ਭਾਵਨਾ ਵਿੱਚ ਹੈ।

ਜਦੋਂ ਕੁਰਬਾਰ ਹੋਏ ਕਿਸਾਨ ਦੀ ਦੇਹ ਸ਼ੰਭੂ ਬਾਰਡਰ ’ਤੇ ਆਈ:

ਸ਼ਾਮ ਨੂੰ ਮ੍ਰਿਤਕ ਕਿਸਾਨ ਦੀ ਦੇਹ ਸ਼ੰਭੂ ਬਾਰਡਰ ‘ਤੇ ਲਿਆਂਦੀ ਗਈ। ਕਿਸਾਨ ਆਗੂ ਸੁਰਜੀਤ ਸਿੰਘ ਫੂਲ ਚਾਹੁੰਦੇ ਸਨ ਕਿ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ ਮੋਰਚੇ ‘ਤੇ ਹੀ ਕੀਤਾ ਜਾਵੇ ਪਰ ਅਜਿਹਾ ਨਹੀਂ ਹੋਇਆ। ਸਰਦਾਰ ਗਿਆਨ ਸਿੰਘ ਦਾ ਅੰਤਿਮ ਸੰਸਕਾਰ ਅਗਲੇ ਦਿਨ ਓਹਨਾਂ ਦੇ ਪਿੰਡ ਵਿੱਚ ਕੀਤਾ ਗਿਆ। 16 ਫਰਵਰੀ ਦੀ ਸ਼ਾਮ ਨੂੰ ਮਾਹੌਲ ਬਹੁਤ ਵੈਰਾਗਮਈ ਸੀ।  ਕਿਸਾਨ ਦੀ ਮ੍ਰਿਤਕ ਦੇਹ ਵੇਖ ਕੇ ਹਰ ਕਿਸਾਨ ਦੀ ਅੱਖ ਨਮ ਸੀ। ਕਿਸਾਨ ਦੀ ਦੇਹ ਨੂੰ ਸ਼ੰਭੂ ਬਾਰਡਰ ਤੇ ਪੂਰਾ ਸਨਮਾਨ ਦਿੱਤਾ ਗਿਆ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ‘ਸ਼ਹੀਦ ਕਿਸਾਨ ਦੀ ਸ਼ਹਾਦਤ ਨੂੰ ਅਜਾਇਆ ਨਹੀਂ ਜਾਣ ਦਿੱਤਾ ਜਾਵੇਗਾ’। 

ਸ. ਡੱਲੇਵਾਲ ਦਿੱਲੀ ਕਿਸਾਨ ਮੋਰਚੇ ਦੀ ਤਰਜ਼ ‘ਤੇ ਇਸ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਪੰਜਾਬ ਸਰਕਾਰ ਨਾਲ ਗੱਲਬਾਤ ਹੋਣ ਦੀ ਗੱਲ ਵੀ ਆਖੀ । ਸਰਵਨ ਸਿੰਘ ਪੰਧੇਰ ਨੇ ‘ਸ਼ਹੀਦ ਕਿਸਾਨ’ ਲਈ ਸਰਕਾਰ ਤੋਂ 20 ਲੱਖ ਰੁਪਏ ਅਤੇ ਇੱਕ ਪਰਿਵਾਰਿਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਹੈ ।

ਗ੍ਰਿਫਤਾਰੀਆਂ ਤੇ ਜਖਮੀਆਂ ਦੀ ਗਿਣਤੀ:

16 ਫਰਵਰੀ ਨੂੰ ਹੀ ਕਿਸਾਨ ਆਗੂਆਂ ਨੇ ਸੰਭੂ ਬਾਰਡਰ ‘ਤੇ ਪ੍ਰੈੱਸ ਕਾਨਫਰੰਸ ਕਰਕੇ ਜ਼ਖਮੀ ਕਿਸਾਨਾਂ ਅਤੇ ਗ੍ਰਿਫ਼ਤਾਰੀਆਂ ਦਾ ਵੇਰਵਾ ਸਾਂਝਾ ਕੀਤਾ ਜਿਸ ਅਨੁਸਾਰ 51 ਕਿਸਾਨ ਗ੍ਰਿਫ਼ਤਾਰ ਕੀਤੇ ਗਏ ਸਨ। ਜਿਹਨਾਂ ਵਿੱਚ ਬਹੁਤੇ ਕਿਸਾਨ ਦਿੱਲੀ ਜਾਣ ਹਰਿਆਣਾ ਵਿੱਚ ਦਾਖਲੇ ਦਾ ਵੱਖਰਾ ਰਾਹ ਖੋਜਦੇ ਹੋਏ ਫੜ੍ਹੇ ਗਏ। 

97 ਕਿਸਾਨਾਂ ਦੇ ਗੰਭੀਰ ਸੱਟਾਂ ਲੱਗਣ ਕਰਕੇ ਸਰਕਾਰੀ ਹਸਪਤਾਲਾਂ ਵਿੱਚ ਦਾਖਿਲ ਸਨ ਜਿਹਨਾਂ ਵਿੱਚੋਂ 3 ਦੀਆਂ ਅੱਖਾਂ ਨੁਕਸਾਨੀਆਂ ਗਈਆਂ ਹਨ। 

ਕਿਸਾਨ ਆਗੂ ਪੰਧੇਰ ਨੇ 400 ਤੋਂ ਵਧੇਰੇ ਕਿਸਾਨਾਂ ਦੇ ਪ੍ਰਾਈਵੇਟ ਹਸਪਤਾਲਾਂ (ਇਹ ਗਿਣਤੀ ਦੋਵੇਂ ਬਾਰਡਰਾਂ ਦੀ ਹੈ, ਸੰਭੂ ਅਤੇ ਖਨੌਰੀ ਬਾਰਡਰ) ਵਿੱਚ ਦਾਖਲ ਹੋਣ ਦੀ ਗੱਲ ਵੀ ਕਹੀ। ਪਰ ਓਹਨਾਂ ਕੋਲ ਇਹ ਇੱਕ ਅੰਦਾਜਾ ਹੀ ਸੀ ਤੇ ਇਸ ਬਾਰੇ ਪੂਰੀ ਜਾਣਕਾਰੀ ਕਿਸਾਨ ਜਥੇਬੰਦੀਆਂ ਕੋਲ ਹਜੇ ਨਹੀਂ ਪੁੱਜੀ ਸੀ।

ਗੁਰਬਾਣੀ ਦੇ ਬੋਲਾਂ ਨਾਲ ਚੜ੍ਹੀ ਅਗਲੀ ਸਵੇਰ:

17 ਫਰਵਰੀ ਦਾ ਦਿਨ ਗੁਰਬਾਣੀ ਦੇ ਬੋਲਾਂ ਨਾਲ ਚੜਿਆ। ਮੋਰਚੇ ਦਾ ਇਹ ਛੇਵਾਂ ਦਿਨ ਸੀ। ਪੰਜਾਬ ਤੋਂ ਬਹੁਤ ਸਾਰੇ ਲੋਕਾਂ ਇਕੱਠ ਇੱਥੇ ਹੋਣਾ ਸ਼ੁਰੂ ਹੋ ਗਿਆ। ਦਿੱਲੀ ਮੋਰਚੇ ਦੀ ਤਰ੍ਹਾਂ ਲੋਕਾਂ ਦੇ ਆਉਣ ਨਾਲ ਸੰਭੂ ਬਾਰਡਰ ਤੇ ਇਕੱਠ ਭਰ ਗਿਆ। ਮੋਰਚੇ ਦੀ ਲੰਬਾਈ ਵੀ 3 ਤੋਂ ਕਿਲੋਮੀਟਰ ਤੋਂ ਵੱਧ ਕੇ 4 ਕਿਲੋਮੀਟਰ ਤੱਕ ਢੁੱਕ ਗਈ। 

ਮੋਰਚੇ ਵਿਚ ਸਮੂਲੀਅਤ ਵਧਣੀ ਸ਼ੁਰੂ ਹੋਈ:

ਕਿਸਾਨਾਂ ਦੀ ਗਿਣਤੀ ਵੀ ਦਿਨ ਵੇਲੇ ਤਕਰੀਬਨ ਪੰਦਰਾਂ ਹਜ਼ਾਰ ਤੋਂ ਪਾਰ ਹੁੰਦੀ ਜਾਪੀ। ਰਾਤ ਤੱਕ ਨੇੜਲੇ ਪਿੰਡਾਂ ਦੇ ਲੋਕ ਵਾਪਿਸ ਚਲੇ ਜਾਂਦੇ ਹਨ। ਬਹੁਤ ਸਾਰੇ ਪਹਿਲੇ ਦਿਨ ਤੋਂ ਆਉਣ ਜਾਣ ਕਰ ਰਹੇ ਸਨ। 

ਫ਼ਤਹਿਗੜ੍ਹ ਸਾਹਿਬ ਤੋਂ ਸੰਭੂ ਬਾਰਡਰ ਦੀ ਵਾਟ ਘੰਟੇ ਤੋਂ ਵੀ ਘੱਟ ਹੈ। ਸੋ ਲੋਕਾਂ ਦਾ ਆਉਣ ਜਾਣ ਕਰਨਾ ਸੁਖਾਲਾ ਵੀ ਹੈ। ਲੰਗਰਾਂ ਦੇ ਪ੍ਰਬੰਧ ਕਰਨ ਵਾਲੇ ਕਿਸਾਨ ਵੀ ਅਗਲੇ ਦਿਨ ਦੀਆਂ ਤਿਆਰੀਆਂ ਕਰਨ ਲਈ ਪਿੰਡ ਵਾਪਿਸ ਮੁੜ ਜਾਂਦੇ ਨੇ। 

ਅਮਨ ਦੇ ਰਾਖੇ:

ਕਿਸਾਨ ਜਥੇਬੰਦੀਆਂ ਨੇ ਆਪਣੇ ਕਿਸਾਨਾਂ ਦੇ ਕਈ ਜਥੇ ਬਣਾ ਕੇ ਬਾਰਡਰ ਦੇ ਸਾਹਮਣੇ ਪੁਲਿਸ ਵਾਲੇ ਪਾਸੇ ਤੈਨਾਤ ਕਰ ਦਿੱਤੇ ਜਿਹਨਾਂ ਦਾ ਮੁੱਖ ਕੰਮ ਹਰਿਆਣਾ ਪੁਲਿਸ ਵੱਲ ਵੱਧਦੇ ਕਿਸਾਨਾਂ ਨੂੰ ਅਤੇ ਨੌਜਵਾਨਾਂ ਨੂੰ ਰੋਕਣਾ ਸੀ। ਕਿਸਾਨਾਂ ਨੇ ਦੋਵੇਂ ਸੜਕਾਂ ‘ਤੇ ਰੱਸਾ ਲਾ ਕੇ ਇੱਕ ਰੋਕ ਲਗਾ ਲਈ। 

 

ਇਹ ਜਥੇ 16 ਫਰਵਰੀ ਨੂੰ ਹੀ ਬਣ ਗਏ ਸਨ ਪਰ 16 ਨੂੰ ਹੋਈ ਗੋਲਾਬਾਰੀ ਤੋਂ ਬਾਅਦ ਇਹਨਾਂ ਨੂੰ ਹੋਰ ਵੀ ਜਥੇਬੰਦ ਕਰ ਦਿੱਤਾ ਗਿਆ। ਕਿਸਾਨਾਂ ਦੀਆਂ ਕਈ-ਕਈ ਘੰਟਿਆਂ ਦੀ ਸ਼ਿਫਟਾਂ ਵਾਂਙ ਪਹਿਰੇਦਾਰੀ ਦੀ ਜ਼ਿੰਮੇਵਾਰ ਲੱਗਦੀ ਸੀ। ਇਹਨਾਂ ਦਾ ਮੁੱਖ ਕੰਮ ਮੀਟਿੰਗ ਤੱਕ ਬਾਰਡਰ ’ਤੇ ਅਮਨ-ਅਮਾਨ ਦੀ ਰਾਖੀ ਕਰਨਾ ਸੀ। 

ਦ੍ਰਿੜ ਇਰਾਦੇ ਤੇ ਜ਼ਾਬਤੇ ਦੀ ਵਾਰਤਾ:

ਕਿਸਾਨ ਦਿੱਲੀ ਜਾਣ ਲਈ ਬਹੁਤ ਕਾਹਲੇ ਸਨ ਪਰ ਓਹ ਕਿਸਾਨ ਜਥੇਬੰਦੀਆਂ ਦੇ ਕਹਿਣ ਤੋਂ ਬਿਲਕੁਲ ਵੀ ਬਾਹਰ ਨਹੀਂ ਸਨ। ਸਾਰੇ ਕਿਸਾਨਾਂ ਦੀਆਂ ਨਜ਼ਰਾਂ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਤੇ ਟਿੱਕੀਆਂ ਹੋਈਆਂ ਸਨ। ਬਜ਼ੁਰਗ ਕਿਸਾਨਾਂ ਲਈ ਸਰਕਾਰ ਵੱਲੋਂ ਲਾਈਆਂ ਵੱਡੀਆਂ-ਵੱਡੀਆਂ ਰੋਕਾਂ ਬੱਸ ਸਪੀਡ ਬਰੇਕਰ ਤੋਂ ਵੱਧ ਹੋਰ ਕੁਝ ਵੀ ਨਹੀਂ ਲੱਗ ਰਹੀਆਂ ਸਨ। ਹਰ ਕਿਸਾਨ ਦੀ ਜੁਬਾਨ ‘ਤੇ ‘ਦਿੱਲੀ ਜਾਣਾ’ ਅਤੇ ‘ਚੜ੍ਹਦੀਕਲਾ’, ਦੋ ਹੀ ਸ਼ਬਦ ਸਨ। 

ਬਜ਼ੁਰਗਾਂ ਨਾਲ ਗੱਲਬਾਤ:

ਇਸ ਦਿਨ ਕਈ ਬਜ਼ੁਰਗਾਂ ਨਾਲ ਗੱਲਬਾਤ ਹੋਈ। ਮੋਰਚੇ ਵਿਚ ਸ਼ਾਮਿਲ ਬਜ਼ੁਰਗ ਹਰਿਆਣਾ ਪੁਲਿਸ ਦੇ ਗੋਲੇ ਖਾਣ ਲਈ ਨੌਜਵਾਨਾਂ ਤੋਂ ਵੀ ਵੱਧ ਕਾਹਲੇ ਸਨ। ਪਰ ਉਹਨਾਂ ਵਿੱਚ ਜੋਸ਼ ਦੇ ਨਾਲ-ਨਾਲ ਇਕ ਠਹਿਰਾਓ ਵੀ ਸੀ। 

ਕਾਰਪੋਰੇਟ ਸੈਕਟਰ ਵੱਲੋਂ ਕਿਸਾਨੀ ਤੇ ਰੱਖੀ ਅੱਖ ਨੂੰ ਉਹ ਚੰਗੀ ਤਰ੍ਹਾਂ ਸਮਝ ਗਏ ਹਨ। ਕਿਸਾਨੀ ‘ਤੇ ਕੀਤੇ ਹਰ ਸਵਾਲ ਦਾ ਜਵਾਬ ਇਹਨਾਂ ਬਜ਼ੁਰਗਾਂ ਕੋਲ ਸੀ। ਏਨੀ ਕਿਸੇ ਵਿਸ਼ਵ ਰਾਜਨੀਤਿਕ ਬੁੱਧੀਜੀਵੀ ਨੂੰ ‘ਜੀਉ ਪੋਲੀਟਿਕਸ’ ਦੀ ਜਾਣਕਾਰੀ ਨਹੀਂ ਹੋਵੇਗੀ ਜਿੰਨੀ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਦੀ ਜਾਣਕਾਰੀ ਹੈ। 

ਬੰਦੀ ਸਿੰਘ ਰਿਹਾਈ ਮੋਰਚੇ ਵੱਲੋਂ ਸ਼ਮੂਲੀਅਤ:

ਬੰਦੀ ਸਿੰਘ ਰਿਹਾਈ ਮੋਰਚੇ ਵੱਲੋਂ ਵੀ ਕਿਸਾਨੀ ਹੱਕਾਂ ਦੀ ਹਿਮਾਇਤ ਕਰਦੇ ਹੋਏ ਇਸ ਦਿਨ ਸੰਭੂ ਬਾਰਡਰ ‘ਤੇ ਮੋਰਚੇ ਵਿੱਚ ਹਾਜ਼ਰੀ ਭਰੀ ਗਈ। ਓਧਰ ਨਿਹੰਗ ਸਿੰਘ ਜਥੇਬੰਦੀਆਂ ਵੀ ਮੋਰਚੇ ਵਿੱਚ ਪਹੁੰਚ ਗਈਆਂ ਸਨ। ਉਹਨਾਂ ਨੇ ਮੋਰਚੇ ਵਿੱਚ ਆਉਣ ਨਾਲ ਕਿਸਾਨਾਂ ਦੇ ਹੌਂਸਲਿਆਂ ਨੂੰ ਹੋਰ ਵੀ ਬਲ ਮਿਲਿਆ। ਘੋੜਿਆਂ ਦੇ ਟਾਪਾਂ ਦਾ ਖੜਕਾ ਕਿਸਾਨ ਵਿੱਚ ਜੋਸ਼ ਭਰ ਰਿਹਾ ਸੀ। 

ਜਦੋਂ ਕਿਸਾਨਾਂ ਨੇ ਸੂਹੀਏ ਤੇ ਘੁਸਪੈਠੀਏ ਕਾਬੂ ਕੀਤੇ:

ਬੀਤੇ ਦੋ ਦਿਨ 16-17 ਫ਼ਰਵਰੀ ਨੂੰ ਕਿਸਾਨਾਂ ਨੇ ਸੰਭੂ ਬਾਰਡਰ ਤੋਂ ਕਈ ਬੰਦੇ ਫੜ੍ਹ ਕੇ ਪੁਲਿਸ ਨੂੰ ਵੀ ਦਿੱਤੇ ਜੋ ਕਿ ਸ਼ੱਕੀ ਸਨ। ਇਹਨਾਂ ਸ਼ੱਕੀ ਵਿਅਕਤੀਆਂ ਨੂੰ ਮੀਡੀਆ ਸਾਹਮਣੇ ਤਾਂ ਨਹੀਂ ਪੇਸ਼ ਕੀਤਾ ਗਿਆ ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਹ ਦਾਅਵਾ ਜ਼ਰੂਰ ਕੀਤਾ ਕਿ ਇਹਨਾਂ ਦੇ ਵਿੱਚੋਂ ਇੱਕ ਦੇ ਕੋਲੋਂ ਸਾਨੂੰ ਫੋਨ ਬਰਾਮਦ ਹੋਇਆ ਜਿਸ ਉੱਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਦੇ ਫੋਨ ਆ ਰਹੇ ਸਨ।

ਕਿਸਾਨ ਆਗੂਆਂ ਦੇ ਅਨੁਸਾਰ ਇਹ ਲੋਕ ਹਰਿਆਣਾ ਪੁਲਿਸ ‘ਤੇ ਰੋੜੇ ਮਾਰਦੇ ਸਨ ਤਾਂ ਕਿ ਓਹਨਾਂ ਨੂੰ ਗੋਲੇ ਦਾਗਣ ਦਾ ਮੌਕਾ ਮਿਲ ਸਕੇ। ਕਿਸਾਨ ਆਗੂਆਂ ਨੂੰ ਇਸ ਵਿੱਚ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਦਾ ਹੱਥ ਹੋਣ ਦਾ ਵੀ ਸ਼ੱਕ ਸੀ। 

ਜਦੋਂ ਕਿਸਾਨ ਆਪ ਹੀ ਕੂੜੇ ਨਾਲ ਦੋ-ਦੋ ਹੱਥ ਹੋਏ:

ਕਈ ਦਿਨ ਇਕ ਥਾਂ ਤੇ ਰੁਕਣ ਕਰਕੇ ਅਤੇ ਵਧੇਰੇ ਪਲਾਸਟਿਕ ਦੀ ਵਰਤੋਂ ਹੋਣ ਕਰਕੇ ਟਰਾਲੀਆਂ ਦੇ ਆਲੇ ਦੁਆਲੇ ਇਕ ਵਾਰ ਤਾਂ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਸਨ ਪਰ ਹੁਣ ਕਿਸਾਨਾਂ ਨੇ ਆਪਣੇ ਆਲੇ ਦੁਆਲੇ ਨੂੰ ਸਾਫ਼ ਕਰ ਲਿਆ ਸੀ। ਪਰ ਪ੍ਰਸ਼ਾਸ਼ਨ ਵੱਲੋਂ ਕੂੜਾ ਸੁੱਟਣ ਜਾਂ ਚੁੱਕਣ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਕੀਤਾ ਗਿਆ। ਕਿਸਾਨ ਆਪਣੀਆਂ ਟਰਾਲੀਆਂ ਦੇ ਪਿੱਛੇ ਬੰਨੇ ਥੈਲੇ ਜਿਸਨੂੰ ਟਰਾਲੀਆਂ ਵਿੱਚ ਚੜਨ ਤੋਂ ਪਹਿਲਾ ਜੁੱਤੀਆਂ ਰੱਖਣ ਵਾਲੇ “ਸ਼ੂ-ਰੈਕ” ਵੱਜੋਂ ਵਰਤਦੇ ਸਨ, ਵਿੱਚ ਕੂੜਾ ਪਾਉਣ ਲਈ ਮਜ਼ਬੂਰ ਹੋ ਗਏ। ਕੁਝ ਕਿਸਾਨਾਂ ਨੇ ਕੂੜਾ ਨੂੰ ਇਕੱਠਾ ਕਰਕੇ ਸਾੜ ਕੇ ਕੂੜੇ ਦੀ ਗੰਦਗੀ ਤੋਂ ਮੁਕਤੀ ਪ੍ਰਾਪਤ ਕੀਤੀ। ਕਿਸਾਨਾਂ ਨੂੰ ਕੂੜੇਦਾਨਾਂ ਦੀ ਸਖ਼ਤ ਲੋੜ ਹੈ। ਇੱਥੇ ਪਟਿਆਲੇ ਜਿਲ੍ਹੇ ਦੇ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਨਜ਼ਰ ਆ ਰਹੀ ਸੀ। 

ਤਮਾਸ਼ਬੀਨ ਪ੍ਰਸ਼ਾਸਨ:

ਮੋਰਚੇ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਅਧਿਕਾਰੀਆਂ ਲਈ ਪਾਰਕਿੰਗ ਤੋਂ ਲੈ ਕੇ ਪਖ਼ਾਨੇ ਤੱਕ ਸਭ ਤਰ੍ਹਾਂ ਦੇ ਪ੍ਰਬੰਧ ਸਨ ਪਰ ਕਿਸਾਨਾਂ ਨੂੰ ਪ੍ਰਸ਼ਾਸ਼ਨ ਵੱਲੋਂ ਐਂਬੂਲੈਂਸ ਤੋਂ ਇਲਾਵਾ ਹੋਰ ਵੀ ਸਹੂਲਤ ਨਹੀਂ ਦਿੱਤੀ ਗਈ। ਹਾਲਕਿ ਜਿਸ ਤਰ੍ਹਾਂ ਦੀ ਬੰਬਬਾਰੀ ਕਿਸਾਨਾਂ ‘ਤੇ ਹੋ ਰਹੀ ਸੀ ਮੌਕੇ ‘ਤੇ ਆਰਜ਼ੀ ਹਸਪਤਾਲ ਸਥਾਪਿਤ ਕੀਤਾ ਜਾਣਾ ਚਾਹੀਦਾ ਸੀ। 

ਖ਼ੈਰ ਕੋਈ ਮਰੇ, ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਵਾਲੀ ਗੱਲ ਵਾਂਗ ਪ੍ਰਸ਼ਾਸ਼ਨ ਵਾਲੇ ਲੰਗਰ ਛਕਣ ਅਤੇ ਜੰਗ ਦੇਖਣ ਵਿੱਚ ਵਿਅਸਤ ਸਨ। 

ਹਰਿਆਣਾ ਪੁਲਿਸ ਅੱਗੇ ਨਿਢਾਲ ਪੰਜਾਬ ਪੁਲਿਸ:

ਮੋਰਚੇ ਦੇ ਦੂਜੇ ਦਿਨ (14 ਫਰਵਰੀ ਨੂੰ) ਜਦੋਂ ਕਿਸਾਨਾਂ ਤੇ ਡਰੋਨ ਹਮਲੇ ਤੱਕ ਹੋ ਰਹੇ ਸੀ ਤਾਂ ਕਈ ਕਿਸਾਨਾਂ ਨੇ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਕੁਝ ਕਰਨ ਲਈ ਕਿਹਾ ਸੀ ਪਰ ਓਹਨਾਂ ਵੱਲੋਂ ਬੰਬਾਰੀ ਨੂੰ ਰੋਕਣ ਲਈ  ਕੋਈ ਉਪਰਾਲਾ ਨਹੀਂ ਕੀਤਾ ਗਿਆ। ਇੰਝ ਲਗਦਾ ਸੀ ਜਿਵੇਂ ਪੰਜਾਬ ਪੁਲਿਸ ਦੇ ਹੱਥ ਪੈਰ ਬੰਨ ਕੇ ਬਿਠਾ ਦਿੱਤਾ ਗਿਆ ਹੋਵੇ ਜਾਂ ਉਹਨਾਂ ਦੀਆਂ ਤਾਕਤਾਂ ਖੋਹ ਕੇ ਹਰਿਆਣਾ ਪੁਲਿਸ ਨੂੰ ਦੇ ਦਿੱਤੀਆਂ ਹੋਣ । 

17 ਫਰਵਰੀ ਦੀ ਰਾਤ ਤੱਕ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਵਿੱਚ ਚਾਨਣਾ ਕਰਨ ਲਈ ਬਿਜਲੀ ਦੇ ਪ੍ਰਬੰਧ ਕਰ ਲਏ ਸਨ। ਇਸੇ ਹਨੇਰੀ ਰਾਤ ਵਿੱਚ ਮੱਠੇ ਮੱਠੇ ਚਾਨਣੇ ਵਾਲੀਆਂ ਟਰਾਲੀਆਂ ਵਿੱਚ ਕਿਸਾਨਾਂ ਐਤਵਾਰ ਦੀ ਸਵੇਰ ਉਡੀਕ ਲੈ ਕੇ ਸੋ ਗਏ ।

 

ਪੁਆਧ ਦੀ ਸਿਫ਼ਤ:  

ਅਕਸਰ ਪੰਜਾਬ ਦੀ ਗੱਲ ਕਰਨ ਵੇਲੇ ਮਾਝੇ ਮਾਲਵੇ ਦੁਆਬੇ ਦਾ ਜ਼ਿਕਰ ਹੁੰਦਾ ਹੈ। ਪੁਆਧ ਨੂੰ ਹਮੇਸ਼ਾ ਅਣਗੌਲਾ ਕੀਤਾ ਜਾਂਦਾ ਰਿਹਾ। ਪਰ ਇਸ ਮੋਰਚੇ ਵਿੱਚ ਪੁਆਧ ਦੀ ਭੂਮਿਕਾ ਸਭ ਤੋਂ ਵੱਧ ਮਹੱਤਵਪੂਰਨ ਰਹੀ।

ਸ਼ੰਭੂ ਵਿਖੇ ਪੁਆਧ ਦੇ ਕਿਸਾਨਾਂ ਨੇ ਲੰਗਰਾਂ ਦਾ ਮੋਰਚਾ ਸੰਭਾਲਿਆ ਹੋਇਆ ਸੀ। ਇਹ ਮੋਰਚਾ ਅਜਿਹਾ ਸੰਭਾਲਿਆ ਕਿ ਕਿਸੇ ਕਿਸਾਨ ਨੂੰ ਆਪਣੇ ਨਾਲ ਲਿਆਂਦੇ ਰਾਸ਼ਨ ਨੂੰ ਵਰਤਣ ਦੀ ਲੋੜ ਤੱਕ ਨਹੀਂ ਪਈ। ਮੋਰਚੇ ਵਿੱਚ ਚਲਦੇ ਸਾਰੇ ਲੰਗਰ ਪੁਆਧ ਦੇ ਸਨ। ਬਾਕੀ ਅਨੇਕਾਂ ਪਿੰਡਾਂ ਤੋਂ ਕਿਸਾਨ ਚਲਦੇ ਫਿਰਦੇ ਟਰਾਲੀਆਂ ਵਿੱਚ ਲੰਗਰ ਵਰਤਾ ਰਹੇ ਸਨ। ਦੁੱਧ ਅਤੇ ਲੱਸੀ ਦੀ ਕੋਈ ਤੋਟ ਕਿਸਾਨਾਂ ਨੂੰ ਪੁਆਧੀਆਂ ਨੇ ਨਹੀਂ ਆਉਣ ਦਿੱਤੀ । 

ਸੰਘਣੀ ਧੁੰਦ ਵਿਚ ਅਗਲੀ ਸਵੇਰ ਦੀ ਆਮਦ:

18 ਫਰਵਰੀ ਨੂੰ ਸਵੇਰ ਧੁੰਦ ਦੀ ਪਰਤ ਨਾਲ ਢਕੀ ਹੋਈ ਸੀ। ਤੜਕਸਾਰ ਤੋਂ ਹੀ ਹਰ ਕੋਈ ਮੀਟਿੰਗ ਬਾਰੇ ਗੱਲ ਕਰ ਰਿਹਾ ਸੀ। ਬਹੁਤ ਸਾਰੇ ਕਿਸਾਨ ਆਪਣੇ ਪਿੰਡਾਂ ਵਿੱਚ ਫੋਨ ਕਰਕੇ ਹੋਰ ਕਿਸਾਨਾਂ ਨੂੰ ਤਿਆਰ ਕਰ ਰਹੇ ਸਨ। ਸਰਕਾਰ ਤੋਂ ਬੇ-ਉਮੀਦ ਬਹੁਤ ਸਾਰੇ ਕਿਸਾਨ ਬਾਰਡਰ ਤੋੜਨ ਦੀਆਂ ਜੁਗਤਾਂ ਕਰ ਰਹੇ ਸਨ। ਇਕੱਠ ਹਰ ਰੋਜ ਵੱਧ ਰਿਹਾ ਸੀ। 

ਮੇਲਾ ਭਰਿਆ:

18 ਤਰੀਕ ਨੂੰ ਐਤਵਾਰ ਦਾ ਦਿਨ ਹੋਣ ਕਾਰਨ ਮੋਰਚੇ ਵਿਚ ਕਾਫੀ ਇਕੱਠ ਭਰਿਆ ਹੋਇਆ ਸੀ। ਲੋਕ ਪਰਿਵਾਰਾਂ ਨਾਲ ਮੋਰਚੇ ਵਿਚ ਸ਼ਮੂ਼ਲੀਅਤ ਲਈ ਆ ਰਹੇ ਸਨ। ਕਈ ਬੀਬੀਆਂ ਆਪਣੇ ਗੋਦੀ ਚੁੱਕੇ ਨਿੱਕੇ-ਨਿੱਕੇ ਬੱਚਿਆਂ ਨੂੰ ਲੈ ਕੇ ਮੋਰਚੇ ਵਿਚ ਸ਼ਾਮਿਲ ਹੋਈਆਂ ਸਨ। 

ਅੰਦੋਲਨ, ਕਿਸਾਨ ਤੇ ਕਿਸਾਨ ਯੂਨੀਅਨਾਂ:

ਅੰਦੋਲਨ ਵਿੱਚ ਨਾ ਪਹੁੰਚਣ ਵਾਲੀਆਂ ਕਿਸਾਨ ਯੂਨੀਅਨਾਂ ਦੇ ਕਿਸਾਨਾਂ ਵਿੱਚ ਰੋਹ ਸੀ ਓਹ ਬਾਰਡਰਾਂ ‘ਤੇ ਆਪਣੇ ਭਰਾਵਾਂ ਕੋਲ ਪਹੁੰਚਣਾ ਚਾਹੁੰਦੇ ਸਨ। ਅੰਦੋਲਨ ਵਿੱਚ ਨਾ ਪਹੁੰਚਣ ਵਾਲੀਆਂ ਕਿਸਾਨ ਜਥੇਬੰਦੀਆਂ ਨਾਲ ਜੁੜੇ ਪਿੰਡਾਂ ਆਪਣੇ ਹੀ ਕਿਸਾਨ ਆਗੂਆਂ ਖਿਲਾਫ਼ ਬਾਗੀ ਸੁਰ ਉੱਠਣ ਦੀਆਂ ਕਨਸੋਆਂ ਆ ਰਹੀਆਂ ਸਨ। ਕਿਸਾਨ ਆਪਣੇ ਆਗੂਆਂ ਤੇ ਮੋਰਚੇ ਵਿੱਚ ਪਹੁੰਚਣ ਦਾ ਦਬਾਅ ਪਾ ਰਹੇ ਸਨ। ਕੁਝ ਕਿਸਾਨ ਆਗੂਆਂ ਨੇ ਓਦੋਂ ਇਸ ਮੋਰਚੇ ਦੀ ਹਿਮਾਇਤ ਕਰਨ ਦਾ ਐਲਾਨ ਵੀ ਕੀਤਾ। ਇਹਨਾਂ ਵਿੱਚ ਲੰਬੇ ਸਮੇਂ ਤੋਂ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਸਤਨਾਮ ਸਿੰਘ ਬਹਿਰੂ ਦਾ ਨਾਮ ਵੀ ਸੀ।

ਬਾਰਡਰ ’ਤੇ ਸਾਂਤੀ ਦੌਰਾਨ ਦਿੱਲੀ ਨੂੰ ਲਾਂਘਾ ਲੈਣ ਦੀਆਂ ਤਿਆਰੀਆਂ ਜਾਰੀ ਰਹੀਆਂ:

ਕਿਸਾਨ ਕਹਿ ਰਹੇ ਸਨ ਕਿ ਜੇਕਰ ਸਰਕਾਰ ਮੀਟਿੰਗ ਵਿੱਚ ਨਾ ਮੰਨੀ ਤਾਂ ਸੋਮਵਾਰ ਰਾਤ ਦਾ ਪ੍ਰਸ਼ਾਦਾ ਦਿੱਲੀ ਬਾਰਡਰ ‘ਤੇ ਛਕਣਾ ਹੈ। ਬਹੁਤ ਸਾਰੇ ਨੌਜਵਾਨ ਘੱਗਰ ਦਰਿਆ ਤੇ ਥੈਲਿਆ ਦਾ ਪੁਲ ਬਣਾਉਣ ਦੀ ਤਿਆਰੀ ਕਰ ਰਹੇ ਸਨ ਜਿਸ ਲਈ ਥੈਲਿਆ ਵਿੱਚ ਮਿੱਟੀ ਭਰੀ ਜਾ ਰਹੀ ਸੀ। ਇਹਨਾਂ ਨੌਜਵਾਨਾਂ ਵਿੱਚ ਮੋਹਰੀ ਭੂਮਿਕਾ ਨਵਦੀਪ ਸਿੰਘ ਵਾਟਰ ਕੈਨਨ ਨਿਭਾ ਰਿਹਾ ਸੀ । ਇਹਨਾਂ ਨੌਜਵਾਨਾਂ ਨੇ 5 ਟਰਾਲੀਆਂ ਮਿੱਟੀ ਦੇ ਥੈਲਿਆ ਨਾਲ ਭਰ ਕੇ ਖੜੀਆਂ ਕਰ ਲਈਆਂ ਸਨ। ਕਿਸਾਨ ਆਪਣੇ ਵੱਲੋਂ ਪੂਰੀ ਤਿਆਰੀ ਵਿੱਚ ਸਨ ਕਿ ਜੇਕਰ ਮੀਟਿੰਗ ਬੇਸਿੱਟਾ ਰਹਿੰਦੀ ਤਾਂ ਬਾਰਡਰ ਪਾਰ ਕਰਨਾ ਹੀ ਕਰਨਾ ਹੈ। 

ਸਟੇਜ ਤੇ ਸਿਆਸੀ ਆਗਅੂਾਂ ਦੇ ਬੋਲਣ/ਨਾ-ਬੋਲਣ ਬਾਰੇ:

ਕਿਸਾਨ ਆਗੂਆਂ ਨੇ 15 ਫਰਵਰੀ ਦੀ ਮੀਟਿੰਗ ਨੂੰ ਹੋਈ ਪੱਤਰਕਾਰ ਵਾਰਤਾ ਵਿੱਚ ਕਿਸੇ ਵੀ ਸਿਆਸੀ ਆਗੂ ਨੂੰ ਸਟੇਜ ਤੋਂ ਨਾ ਬੋਲਣ ਦੇਣ ਦੀ ਗੱਲ ਆਖੀ ਸੀ ਪਰ ਇਹਨਾਂ ਸਭ ਦੇ ਲੱਖਾ ਸਿਧਾਣਾ ਨੂੰ 17 ਫਰਵਰੀ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਮਿਲ ਚੁੱਕਾ ਸੀ। ਉੱਥੇ ਹੀ ਕਿਸਾਨ ਆਗੂ ਬੂਟਾ ਸਿੰਘ ਬੁਰਜਗਿਲ (ਬੂਟਾ ਸਿੰਘ ਬੁਰਜਗਿਲ ਸੰਯੁਕਤ ਕਿਸਾਨ ਮੋਰਚੇ ਦਾ ਰਾਜਨੀਤਿਕ ਹਿੱਸਾ ਹਨ) ਨੂੰ ਵੀ 16 ਫਰਵਰੀ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਮਿਲ ਚੁੱਕਾ ਸੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਸ ਗੱਲ ਦੇ ਖਿਲਾਫ ਸਨ ਤੇ ਉਹਨਾਂ ਨੇ ਸਟੇਜ ਸਾਂਭ ਰਹੇ ਆਗੂਆਂ ਤੋਂ ਇਹ ਸਵਾਲ ਵੀ ਕੀਤਾ। ਜਗਜੀਤ ਸਿੰਘ ਡੱਲੇਵਾਲ ਅਨੁਸਾਰ ਕਿਸੇ ਚੋਣਾਂ ਲੜਨ ਵਾਲੇ ਅਤੇ ਲੜ ਚੁੱਕੇ ਆਗੂ ਨੂੰ ਇਸ ਮੋਰਚੇ ਦੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ। ਇਹ ਕਿਸਾਨੀ ਮੋਰਚਾ ਭਾਵੇਂ ਸੰਭੁ ਅਤੇ ਖਨੌਰੀ ਬਾਰਡਰਾਂ ਦੋ ਥਾਵਾਂ ‘ਤੇ ਲੜ੍ਹਿਆ ਜਾ ਰਿਹਾ ਸੀ, ਪਰ ਇਸਦੀ ਸਟੇਜ ਸੰਭੁ ’ਤੇ ਹੀ ਸੀ।

ਮੁੜ ਗੋਲਾਬਾਰੀ, ਮੀਟਿੰਗ ਤੇ ਦਿੱਲੀ ਚੱਲੋ ਦੀਆਂ ਤਿਆਰੀਆਂ:

ਸ਼ਾਮ ਨੂੰ ਕਰੀਬ 4 ਤੋਂ 5 ਵਜੇ ਵਿਚਕਾਰ ਕੁਝ ਨੌਜਵਾਨਾਂ ਦੇ ਬੈਰੀਕੇਟ ਰੋਕਾਂ ਦੇ ਨਜਦੀਕ ਜਾਣ ਕਰਕੇ ਕੁਝ ਸਮਾਂ ਫੇਰ ਹਰਿਆਣਾ ਪੁਲਿਸ ਵੱਲੋਂ ਫੇਰ ਗੋਲੇ ਦਾਗੇ ਗਏ। ਪੁਲਿਸ ਕੋਈ ਵੀ ਬਹਾਨਾ ਨਹੀਂ ਛੱਡਦੀ ਸੀ ਗੋਲੇ ਦਾਗਣ ਦਾ।

ਇੱਕ ਪਾਸੇ ਕਿਸਾਨ ਆਗੂ ਮੀਟਿੰਗ ਲਈ ਚੰਡੀਗੜ੍ਹ ਰਵਾਨਾ ਹੋ ਗਏ ਦੂਜੇ ਪਾਸੇ ਕਿਸਾਨ ਤਿਆਰੀਆਂ ਕਰ ਰਹੇ ਸਨ।

ਮੰਤਰੀਆਂ ਨਾਲ ਮੀਟਿੰਗ ਵਿਚ ਸ਼ਾਮਿਲ ਹੋਣ ਵਾਲੇ ਕਿਸਾਨ ਆਗੂ:

ਕਿਸਾਨ ਯੂਨੀਅਨਾਂ ਦੇ ਦੋ ਹਿੱਸਿਆਂ (ਫੋਰਮਾਂ) ਦੇ ਆਗੂਆਂ ਦਾ 14 ਮੈਂਬਰੀ ਵਫ਼ਦ ਕੇਂਦਰੀ ਮੰਤਰੀਆਂ ਨਾਲ ਗਿਆ। ਇਸ ਵਫਦ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਕਰਨਾਟਕਾ ਅਤੇ ਦਿੱਲੀ ਦੇ ਕਿਸਾਨ ਆਗੂ ਸ਼ਾਮਿਲ ਸਨ। ਇਹਨਾ ਆਗੂਆਂ ਨੇ ਨਾਮ ਹਨ:

  1. ਜਗਜੀਤ ਸਿੰਘ ਡੱਲੇਵਾਲ, ਪ੍ਰਧਾਨ ਬੀ.ਕੇ.ਯੂ. ਸਿੱਧੂਪੁਰ
  2. ਸਰਵਣ ਸਿੰਘ ਪੰਧੇਰ, ਕੋਆਰਡੀਨੇਟਰ ਕੇ.ਐਮ.ਐਮ.
  3. ਜਸਵਿੰਦਰ ਸਿੰਘ ਲੌਂਗੋਵਾਲ, ਪ੍ਰਧਾਨ, ਬੀਕੇਯੂ ਏਕਤਾ ਆਜ਼ਾਦ
  4. ਸੁਰਜੀਤ ਸਿੰਘ ਫੁੱਲ, ਪ੍ਰਧਾਨ ਬੀ.ਕੇ.ਯੂ.-ਕ੍ਰਾਂਤੀਕਾਰੀ
  5. ਅਮਰਜੀਤ ਸਿੰਘ ਮੋਹਰੀ, ਪ੍ਰਧਾਨ ਬੀ.ਕੇ.ਯੂ.- ਸ਼ਹੀਦ ਭਗਤ ਸਿੰਘ ਨਗਰ
  6. ਸਤਨਾਮ ਸਿੰਘ ਬਰਗੜੀਆਂ, ਪ੍ਰਧਾਨ ਪੱਗੜੀ ਸੰਭਾਲ ਜੱਟਾ, ਪੰਜਾਬ
  7. ਅਭਿਮਨਿਊ ਕੋਹਾੜ, ਪ੍ਰਧਾਨ ਬੀਕੇਯੂ-ਨੌਜਵਾਨ ਹਰਿਆਣਾ।
  8. ਗੁਰਦਾਸ ਸਿੰਘ ਲੱਕੜਵਾਲ, ਬੀਕੇਯੂ-ਏਕਤਾ ਕਲਾਵੜੀ, ਹਰਿਆਣਾ।
  9. ਕੁਰਬਰ ਸ਼ਾਂਤਾ ਕੁਮਾਰ, ਪ੍ਰਧਾਨ, ਕਰਨਾਟਕ ਗੰਨਾ ਕਿਸਾਨ ਐਸੋਸੀਏਸ਼ਨ
  10. ਮਨਿੰਦਰ ਸਿੰਘ ਮਾਨ, ਮੈਂਬਰ ਕਿਸਾਨ ਤਾਲਮੇਲ ਕਮੇਟੀ, ਰਾਜਸਥਾਨ
  11. ਰਮਨਦੀਪ ਸਿੰਘ ਮਾਨ, SKM ਦਿੱਲੀ
  12. ਮਲਕੀਤ ਸਿੰਘ, ਪ੍ਰਧਾਨ, ਕਿਸਾਨ ਮਜ਼ਦੂਰ ਮੋਰਚਾ, ਪੰਜਾਬ
  13. ਓਂਕਾਰ ਸਿੰਘ ਭੰਗਾਲਾ, ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਦੋਆਬਾ
  14. ਸੁਖਦੇਵ ਸਿੰਘ ਭੋਜ ਰਾਜ, ਕਿਸਾਨ ਤੇ ਜਵਾਨ ਭਲਾਈ ਯੂਨੀਅਨ

ਸਰਕਾਰ ਵੱਲੋਂ ਮੀਟਿੰਗ ਵਿਚ ਕੌਣ-ਕੌਣ ਸ਼ਾਮਿਲ ਹੋਇਆ:

ਕੇਂਦਰ ਸਰਕਾਰ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਕਾਰਪੋਰੇਟ ਮਸਲਿਆਂ ਦੇ ਮੰਤਰੀ ਪਿਯੂਸ਼ ਗੋਇਲ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਆਦਿਤਿਆਨੰਦ ਰਾਏ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਇਸ ਮੀਟਿੰਗ ਵਿਚ ਸ਼ਮੂਲੀਅਤ ਕੀਤੀ

ਮੀਟਿੰਗ ਦਾ ਨਤੀਜਾ ਉਡੀਕਦਿਆਂ ਰਾਤ ਚਲੀ ਗਈ ਤੇ ਸਵੇਰ ਦਸਤਕ ਦੇਣ ਲਈ ਤਿਆਰ ਸੀ:

ਤੀਜੇ ਗੇੜ ਦੀ ਮੀਟਿੰਗ ਵਾਂਗ ਇਹ ਮੀਟਿੰਗ ਵੀ ਦੇਰ ਰਾਤ ਤੱਕ ਚਲਦੀ ਰਹੀ।  ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਬਹੁਤ ਹੈਰਾਨ ਕਰਨ ਵਾਲਾ ਹੈ। ਅਸਲ ਵਿੱਚ ਇਹ ਸਮਾਂ ਦੋ ਦਿਨ ਖਰਾਬ ਕਰਨ ਰਿਹਾ ਹੈ। ਪਹਿਲੀਆਂ ਦੋ ਮੀਟਿੰਗਾਂ (ਜਦੋਂ ਅੰਦੋਲਨ ਦੀ ਕਾਲ ਦਿੱਤੀ ਗਈ ਸੀ ਪਰ ਦਿੱਲੀ ਕੂਚ ਸ਼ੁਰੂ ਨਹੀਂ ਹੋਇਆ ਸੀ) ਦਿਨ ਵੇਲੇ ਹੋਈਆਂ ਸਨ। ਪਰ ਅਗਲੀਆਂ ਮੀਟਿੰਗਾਂ ਜੋ ਕਿ ‘ਦਿੱਲੀ ਕੂਚ’ ਦੇ ਕਿਸਾਨਾਂ ਦੇ ਯਤਨ ਦੌਰਾਨ (15 ਅਤੇ 18 ਫਰਵਰੀ ਨੂੰ) ਹੋਈਆਂ ਉਹਨਾਂ ਦਾ ਸਮਾਂ ਸ਼ਾਮ ਦਾ ਰੱਖਿਆ ਗਿਆ। ਇਸ ਕਰਕੇ ਗੱਲਬਾਤ ਮੁਕਦਿਆਂ ਤੱਕ ਅਗਲਾ ਦਿਨ ਚੜ ਜਾਂਦਾ ਸੀ। ਇੰਝ ਲੱਗਦਾ ਹੈ ਕਿ ਸਰਕਾਰ ਸਮਾਂ ਟਪਾ ਰਹੀ ਹੈ।  ਚੋਥੇ ਗੇੜ ਦੀ ਮੀਟਿੰਗ ਵਿੱਚ ਮੀਡੀਆ ਓਵੇਂ ਹੀ ਨਤੀਜਿਆਂ ਨੂੰ ਉਡੀਕਦਾ ਬਾਹਰ ਖੜਾ ਰਿਹਾ। ਇੰਝ ਮੋਰਚੇ ਦਾ ਛੇਵਾਂ ਦਿਨ ਲੰਘ ਗਿਆ ਤੇ ਅੱਧੀ ਰਾਤ ਤੋਂ ਬਾਅਦ ਅਗਲੀ ਸਵੇਰ ਨਵੀਂ ਦਸਤਕ ਦੇਣ ਲਈ ਆ ਰਹੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,