ਸਿਆਸੀ ਖਬਰਾਂ

ਐਸਐਚਓ, ਡੀਐਸਪੀ ਰਾਜਸੀ ਆਕਾਵਾਂ ਦੀ ਸ਼ਹਿ ‘ਤੇ ਐਸ.ਐਸ.ਪੀ. ਤਕ ਦੀ ਪ੍ਰਵਾਹ ਨਹੀਂ ਕਰਦੇ: ਮੁੱਖ ਚੋਣ ਕਮਿਸ਼ਨਰ

October 25, 2016 | By

ਚੰਡੀਗੜ੍ਹ: ਪੰਜਾਬ ਵਿੱਚ ਐਸਐਚਓ ਅਤੇ ਡੀਐਸਪੀ ਪੱਧਰ ਤੱਕ ਦੇ ਪੁਲਿਸ ਅਫ਼ਸਰਾਂ ਦੇ ਹਾਕਮ ਪਾਰਟੀ ਦੇ ‘ਰੰਗ ਵਿੱਚ ਰੰਗੇ ਹੋਣ’ ਦਾ ਚੋਣ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਸਮੇਤ ਹੋਰ ਮੈਂਬਰਾਂ ਨੇ ਕੱਲ੍ਹ ਸੋਮਵਾਰ ਪੁਲਿਸ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਹੋਰ ਪੁਲਿਸ ਅਧਿਕਾਰੀਆਂ ਸਮੇਤ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀਆਂ ਦੀਆਂ ਗਤੀਵਿਧੀਆਂ ’ਤੇ ਕਮਿਸ਼ਨ ਦੀ ਨਿਗਰਾਨੀ ਹੈ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਪੱਖਪਾਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਦੇ ਰਾਜਸੀਕਰਨ ਦੀਆਂ ਰਿਪੋਰਟਾਂ ਕਮਿਸ਼ਨ ਨੂੰ ਮਿਲ ਚੁੱਕੀਆਂ ਹਨ।

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਚੰਡੀਗੜ੍ਹ ਵਿੱਚ ਕੀਤੀ ਮੀਟਿੰਗ ਦੌਰਾਨ ਸੂਚਨਾ ਤਕਨਾਲੋਜੀ ਐਪਲੀਕੇਸ਼ਨ ਜਾਰੀ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਤੇ ਹੋਰ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਚੰਡੀਗੜ੍ਹ ਵਿੱਚ ਕੀਤੀ ਮੀਟਿੰਗ ਦੌਰਾਨ ਸੂਚਨਾ ਤਕਨਾਲੋਜੀ ਐਪਲੀਕੇਸ਼ਨ ਜਾਰੀ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਤੇ ਹੋਰ

ਸੂਤਰਾਂ ਮੁਤਾਬਕ ਕਮਿਸ਼ਨ ਨੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਆਂਗਨਵਾੜੀ ਵਰਕਰਾਂ ਦੀਆਂ ‘ਬੂਥ ਲੈਵਲ ਆਫ਼ਿਸਰਜ਼’ (ਬੀਐਲਓ) ਵਜੋਂ ਸੇਵਾਵਾਂ ਲੈਣੀਆਂ ਤੁਰੰਤ ਬੰਦ ਕੀਤੀਆਂ ਜਾਣ। ਕਮਿਸ਼ਨ ਨੇ ਆਟਾ-ਦਾਲ ਯੋਜਨਾ ਤਹਿਤ ਜਾਰੀ ਕੀਤੇ ‘ਨੀਲੇ ਕਾਰਡਾਂ’ ਉਪਰ ਮੁੱਖ ਮੰਤਰੀ ਦੀ ਫੋਟੋ ਦਾ ਤੋੜ ਲੱਭਣ ਲਈ ਵੀ ਕਿਹਾ। ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਰਾਜ ਵਿੱਚ ਸਰਗਰਮ ਗੁੰਡਾ ਗਰੋਹਾਂ ਨੂੰ ਫੜਨ, ਭਗੌੜਿਆਂ ਨੂੰ ਸਲਾਖਾਂ ਪਿੱਛੇ ਧੱਕਣ ਅਤੇ ਰਾਜਸੀ ਪ੍ਰਭਾਵ ਵਾਲੇ ਕੈਦੀਆਂ ਨੂੰ ਪੈਰੋਲ ਨਾ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਮੁੱਖ ਚੋਣ ਕਮਿਸ਼ਨਰ ਨੇ ਪੁਲਿਸ ਅਫ਼ਸਰਾਂ ਨੂੰ ਕਿਹਾ ਕਿ ਕਮਿਸ਼ਨ ਨੂੰ ਮਿਲੀਆਂ ਰਿਪੋਰਟਾਂ ਮੁਤਾਬਕ ਹੇਠਲੇ ਪੱਧਰ ’ਤੇ ਪੁਲਿਸ ਨੂੰ ਹਲਕਾ ਇੰਚਾਰਜਾਂ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਐਸਐਚਓ ਤੇ ਡੀਐਸਪੀ ਰੈਂਕ ਦੇ ਅਫ਼ਸਰ ਐਸਐਸਪੀ ਦੇ ਹੁਕਮਾਂ ਤੱਕ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਥਾਣਾ ਮੁਖੀਆਂ ਅਤੇ ਡੀਐਸਪੀਜ਼ ਦੀਆਂ ਗਤੀਵਿਧੀਆਂ ’ਤੇ ਖਾਸ ਨਜ਼ਰ ਰੱਖੀ ਜਾਵੇਗੀ।

ਜ਼ੈਦੀ ਨੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਰੋਕਣ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਹੱਥਕੰਡੇ ਰੋਕਣ ਲਈ ਸਖ਼ਤੀ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 20878 ਭਗੌੜੇ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ 3.4 ਲੱਖ ਲਾਇਸੈਂਸੀ ਹਥਿਆਰ ਵੀ ਜਮ੍ਹਾਂ ਕਰਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਤਾਕਤ ਤੇ ਪੈਸੇ ਦੀ ਵਰਤੋਂ ਨੂੰ ਘਟਾਇਆ ਜਾਵੇ।

ਮੁੱਖ ਚੋਣ ਕਮਿਸ਼ਨਰ ਤੇ ਦੂਜੇ ਕਮਿਸ਼ਨਰਾਂ ਨੇ ਇਸ ਮੌਕੇ ਚੋਣਾਂ ਨਾਲ ਸਬੰਧਤ ਤਿੰਨ ਸੂਚਨਾ ਤਕਨਾਲੋਜੀ ਐਪਲੀਕੇਸ਼ਨ ‘ਸਮਾਧਾਨ, ਸੁਵਿਧਾ ਅਤੇ ਸੁਗਮ’ ਜਾਰੀ ਕੀਤੀਆਂ। ਜ਼ੈਦੀ ਨੇ ਕਿਹਾ ਕਿ ਚੋਣਾਂ ਦੌਰਾਨ ਸੂਚਨਾ ਤਕਨਾਲੋਜੀ ਦੀ ਪੂਰੀ ਵਰਤੋਂ ਕੀਤੀ ਜਾਵੇਗੀ ਤੇ ਸ਼ਿਕਾਇਤਾਂ ਦਾ ਨਿਬੇੜਾ 24 ਘੰਟਿਆਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਸੋਸ਼ਲ ਮੀਡੀਆ ਰਾਹੀਂ ਫੈਲਣ ਵਾਲੀਆਂ ਅਫ਼ਵਾਹਾਂ ਰੋਕਣ ਲਈ ਵੀ ਕਦਮ ਚੁੱਕਣ ਲਈ ਕਿਹਾ। ਮੀਟਿੰਗ ਵਿੱਚ ਚੋਣ ਕਮਿਸ਼ਨਰ ਏ.ਕੇ.ਜੋਤੀ ਅਤੇ ਓ.ਪੀ.ਰਾਵਤ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਅਤੇ ਹੋਰ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,