ਕੌਮਾਂਤਰੀ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਅਮਰੀਕਾ ਦੀ ਰਾਜਧਾਨੀ ਵਿਖੇ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਕੱਢੀ ਗਈ ਨੈਸ਼ਨਲ ਸਿੱਖ ਡੇ ਪਰੇਡ

April 12, 2017 | By

ਦੁਨੀਆ ਭਾਰ ਵਿੱਚ ‘ਵਰਲਡ ਸਿੱਖ ਡੇ’ ਸਥਾਪਤ ਕਰਨ ਦਾ ਕੀਤਾ ਐਲਾਨ, ਸੈਨੇਟਰ ਅਤੇ ਕਾਂਗਰਸਮੈਨਾਂ ਦੇ ਨੁਮਾਇੰਦਿਆਂ ਨੇ ਕੀਤੀ ਸ਼ਮੂਲੀਅਤ

ਵਾਸ਼ਿੰਗਟਨ ਡੀ.ਸੀ : ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਿੱਖਾਂ ਦੀ ਵੱਖਰੀ ਪਹਿਚਾਣ ਦੇ ਮੁੱਦੇ ਲਈ ਜਾਰੁਕਤਾ ਫੈਲਾਉਣ ਦੇ ਮੰਤਵ ਨਾਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਸਿੱਖ ਕੋਆਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਕਮਾਂਡ ਹੇਠ ਇਸ ਸਾਲ ਦੂਜੀ ਨੈਸ਼ਨਲ ਸਿੱਖ ਡੇ ਪਰੇਡ ਕੱਢੀ ਗਈ। ਹਜ਼ਾਰਾਂ ਦੇ ਇਕੱਠ ਵਾਲੀ ਇਸ ਪਰੇਡ ਵਿੱਚ ਅਮਰੀਕਾ ਦੀਆਂ ਕਰੀਬ 60 ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਪਰੇਡ ਦੀ ਸ਼ੁਰੂਆਤ ਤੋਂ ਹੀ ਖਾਲਸਾਈ ਜਲੌਅ ਅਮਰੀਕਨਾਂ ਦੀ ਖਿੱਚ ਦਾ ਕੇਂਦਰ ਰਿਹਾ ਕਿਉਂਕਿ ਇਸੇ ਦਿਨ ਚੈਰੀ ਬਲੌਸਮ ਪਰੇਡ ਵੀ ਕੱਢੀ ਗਈ ਸੀ ਜਿਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਭਰ ਤੋਂ ਲੋਕ ਪਹੁੰਚੇ ਸਨ।

Sikh Day Parade US 01

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੌਂਸਟੀਚਿਊਸ਼ਨ ਐਵਿਨਿਉ ਅਤੇ 20 ਸਟਰੀਟ ਤੋਂ ਸ਼ੁਰੂ ਹੋਈ ਪਰੇਡ ਵਿੱਚ ਸਿੱਖ ਕੌਮ ਦੀ ਆਜ਼ਦੀ ਦੀ ਗੱਲ ਭਾਰੂ ਰਹੀ, ਜਿੱਥੇ ਗੁਰੂ ਸਾਹਿਬ ਦੀ ਪਾਲਕੀ ਤੋਂ ਬਾਅਦ ਢੱਠੇ ਅਕਾਲ ਤਖਤ ਨੂੰ ਦਰਸਾਉਂਦਾ ਫਲੋਟ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਫੋਟੋਆਂ ਵਾਲਾ ਫਲੋਟ ਵੀ ਸ਼ਾਮਲ ਸੀ। ਕੈਪਿਟਲ ਦੇ ਮੂਹਰਿਓਂ ਹੁੰਦੀ ਹੋਈ ਪਰੇਡ ਕੌਂਸਟੀਚਿਊਸ਼ਨ ਐਵਿਨਿਉ ਅਤੇ 3 ਸਟਰੀਟ ‘ਤੇ ਆ ਕੇ ਸਮਾਪਤ ਹੋਈ ਜਿੱਥੇ ਪ੍ਰਬੰਧਕਾਂ ਵੱਲੋਂ ਸਟੇਜ ਸਜਾਈ ਗਈ ਸੀ। ਇਸ ਪਰੇਡ ਵਿੱਚ ਕਨੇਡਾ ਦੇ ਸਰ੍ਹੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਨਦੀਪ ਸਿੰਘ ਸਰਾਏ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਮੂਲੀਆਤ ਕੀਤੀ। ਸਟੇਜ ‘ਤੇ ਪਹਿਲੇ ਦੌਰ ਦੀਆਂ ਤਕਰੀਰਾਂ ਅੰਗ੍ਰਜ਼ੀ ਵਿੱਚ ਹੋਈਆਂ ਜਿਸਦਾ ਸੰਚਾਲਨ ਸਿੱਖ ਕੋਆਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੁਲਾਰੇ ਸ. ਹਰਜਿੰਦਰ ਸਿੰਘ ਵੱਲੋਂ ਕੀਤਾ ਗਿਆ ਜਿੱਥੇ ਕਾਂਗਰਸਮੈਨ ਪੈਟਰਿਕ ਮੀਹਾਨ ਦੇ ਨੁਮਾਇੰਦੇ, ਸਟੇਟ ਸੈਨੇਟਰ ਰੀਵਜ਼ ਦੇ ਨੁਮਾਇੰਦੇ ਅਤੇ ਮੈਟਰੋਪਾਲਿਟਨ ਪੁਲਿਸ ਡਿਪਾਰਟਮੈਂਟ ਤੋਂ ਆਫਿਸਰ ਡੈਵਲੀਸ਼ਆਰ ਨੇ ਸੰਗਤ ਨੂੰ ਸੰਬੋਧਨ ਕੀਤਾ।

Sikh Day Parade US 02

ਸਟੇਜ ‘ਤੇ ਬੈਠੇ ਪ੍ਰਬੰਧਕ ਅਤੇ ਸਿੱਖ ਜਥੇਬੰਦੀਆਂ ਦੇ ਆਗੂ

ਪੰਜਾਬੀ ਵਿੱਚ ਸਟੇਜ ਦਾ ਸੰਚਾਲਨ ਈਸਟ ਕੋਸਟ ਸਿੱਖ ਕੋਆਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਵੱਲੋਂ ਕੀਤਾ ਗਿਆ। ਸਟੇਜ ਤੋਂ ਬੁਲਾਰਿਆਂ ਨੇ ਜਿੱਥੇ ਅਮਰੀਕਾ ਦੀ ਕਾਂਗਰਸ ਵੱਲੋਂ ਵਿਸਾਖੀ ਨੂੰ ਖਾਲਸਾ ਸਾਜਣਾ ਦਿਵਸ ਵਜੋਂ ਮਾਨਤਾ ਦੇਣ ਦੇ ਫੈਸਲੇ ਦਾ ਸੁਆਗਤ ਕੀਤਾ ਉੱਥੇ ਓਂਟਾਰੀਓ (ਕਨੇਡਾ) ਵਿਧਾਨ ਸਭਾ ਵੱਲੋਂ 1984 ਦੇ ਸਿੱਖ ਕਤਲਿਆਮ ਨੂੰ ‘ਨਸਲਕੁਸ਼ੀ’ ਵਜੋਂ ਐਲਾਨਣ ਦੇ ਫੈਸਲੇ ਦਾ ਧੰਨਵਾਦ ਕੀਤਾ। ਨਿਊਯਾਰਕ ਤੋਂ ਡਾ. ਰਣਜੀਤ ਸਿੰਘ ਨੇ ਮਤਾ ਪੜ੍ਹਿਆ ਜਿਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਤੋਂ ਇਸ ਪਰੇਡ ਨੂੰ ‘ਵਰਲਡ ਸਿੱਖ ਡੇ ਪਰੇਡ’ ਵਜੋਂ ਸਥਾਪਤ ਕੀਤਾ ਜਾਵੇਗਾ ਅਤੇ ਇਸ ਲਈ ਹਰ ਉਦੱਮ ਕਰਨ ਦਾ ਪ੍ਰਬੰਧਕਾਂ ਨੇ ਅਹਿਦ ਲਿਆ।

Sikh Day Parade US 03

ਸਟੇਜ ਤੋਂ ਸੰਗਤ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਖਸ਼ੀਸ਼ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਇੰਗਲੈਂਡ ਤੋਂ ਮਨਪ੍ਰੀਤ ਸਿੰਘ, ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ, ਸਿੱਖਸ ਫਾਰ ਜਸਟਿਸ ਤੋਂ ਡਾ. ਬਖਸ਼ੀਸ਼ ਸਿੰਘ ਅਤੇ ਅਵਤਾਰ ਸਿੰਘ ਪਨੂੰ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਰ ਕੁਲਦੀਪ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਨਵੀਨਰ ਬੂਟਾ ਸਿੰਘ ਖੜੌਦ, ਮੈਰੀਲੈਂਡ ਤੋਂ ਭਾਈ ਸਵਿੰਦਰ ਸਿੰਘ, ਫਰੈਂਡਸ ਆਫ ਅਮੈਰਿਕਨ ਸਿੱਖ ਕਾਕਸ ਤੋਂ ਹਰਪ੍ਰੀਤ ਸਿੰਘ ਸੰਧੂ, ਭਾਈ ਗੁਰਦੇਵ ਸਿੰਘ ਕੰਗ, ਵਰਜੀਨੀਆ ਤੋਂ ਡੈਮੋਕੇਟਿਕ ਪਾਰਟੀ ਦੇ ਡੈਲੀਗੇਟ ਲਈ ਉਮੀਦਵਾਰ ਮਨਸਿਮਰਨ ਸਿੰਘ ਕਾਹਲੋਂ, ਕਨੈਕਟੀਕਟ ਤੋਂ ਸਵਰਨਜੀਤ ਸਿੰਘ ਖਾਲਸਾ, ਦੋਆਬਾ ਸਿੱਖ ਅਸੋਸੀਏਸ਼ਨ ਤੋਂ ਬਲਜਿੰਦਰ ਸਿੰਘ, ਅਕਾਲ ਚੈਨਲ ਤੋਂ ਭਾਈ ਅਮਰਜੀਤ ਸਿੰਘ, ਫਿਲਾਡਲਫੀਆ ਤੋਂ ਕੇਵਲ ਸਿੰਘ, ਬਖਸ਼ੀਸ਼ ਸੈਣੀ, ਵਰਜੀਨੀਆ ਤੋਂ ਮਹਿਤਾਬ ਸਿੰਘ, ਦਵਿੰਦਰ ਬਦੇਸ਼ਾ, ਦਵਿੰਦਰ ਦਿਓ, ਪੈਨਸਲਵੇਨੀਆ ਤੋਂ ਹਰਚਰਨ ਸਿੰਘ, ਗੁਰਰਾਜ ਸਿੰਘ, ਫਿਲਾਡਲਫੀਆ ਤੋਂ ਨਰਿੰਦਰ ਸਿੰਘ, ਸ਼ਿਕਾਗੋ ਤੋਂ ਕੁਲਵਿੰਦਰ ਸਿੰਘ ਤੇਜੀ ਆਦਿ ਦੇ ਨਾਮ ਸ਼ਾਮਲ ਹਨ।

Sikh Day Parade US 04

ਪਰੇਡ ‘ਚ ਸ਼ਾਮਲ ਸਿੱਖ ਸੰਗਤਾਂ

ਅੰਤ ‘ਚ ਸ. ਹਿੰਮਤ ਸਿੰਘ ਨੇ ਸਮੂਹ ਸੰਗਤ ਅਤੇ ਪ੍ਰਬੰਧਾਂ ਵਿੱਚ ਸ਼ਾਮਲ ਆਗੂਆਂ ਅਤੇ ਗੁਰਦੁਆਰਾ ਕਮੇਟੀਆਂ ਦਾ ਧੰਨਵਾਦ ਕੀਤਾ। ਟੀ.ਵੀ 84 ਵੱਲੋਂ ਇਸ ਪਰੇਡ ਦਾ ਲਾਈਵ ਪ੍ਰਸਾਰਣ ਕੀਤਾ ਗਿਆ।

ਸਬੰਧਤ ਖ਼ਬਰ:

ਵਿਸਾਖੀ ‘ਸਿੱਖ ਨੈਸ਼ਨਲ ਡੇਅ’ ਵਜੋਂ ਮਨਾਉਣ ਨਾਲ ਸਿੱਖ ਪਛਾਣ ਨੂੰ ਹੋਰ ਬਲ ਮਿਲੇਗਾ: ਸ਼੍ਰੋਮਣੀ ਕਮੇਟੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,