ਖਾਸ ਖਬਰਾਂ » ਸਿੱਖ ਖਬਰਾਂ

ਐਨਆਈਏ ਅਦਾਲਤ ਨੇ ਚਾਰ ਜਣਿਆਂ ਨੂੰ ਉਮਰ ਕੈਦ ਸਮੇਤ ਸਖਤ ਸਜਾਵਾਂ ਸੁਣਾਈਆਂ

March 29, 2024 | By

ਮੁਹਾਲੀ: ਵਿਸ਼ੇਸ਼ ਐਨਆਈਏ ਅਦਾਲਤ ਪੰਜਾਬ ਦੀ ਜੱਜ ਮਨਜੋਤ ਕੌਰ ਵੱਲੋਂ ‘ਐਨਆਈਏ ਬਨਾਮ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਅਤੇ ਹੋਰ’ ਕੇਸ ਵਿੱਚ ਕੁਲਵਿੰਦਰਜੀਤ ਸਿੰਘ ਖਾਨਪੁਰੀਆ, ਜਗਦੇਵ ਸਿੰਘ, ਰਵਿੰਦਰ ਪਾਲ ਸਿੰਘ ਅਤੇ ਹਰਚਰਨ ਸਿੰਘ ਦਿੱਲੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਉਮਰ ਕੈਦਾਂ, ਦਸ-ਦਸ ਸਾਲ ਦੀਆਂ ਸਜ਼ਾਵਾਂ ਅਤੇ ਜੁਰਮਾਨਾ ਕੀਤਾ ਗਿਆ ਹੈ।

ਅਦਾਲਤ ਵੱਲੋਂ ਚਾਰਾਂ ਜਣਿਆਂ ਨੂੰ ਆਈਪੀਸੀ ਦੀ ਧਾਰਾ 120ਬੀ, 121, 121ਏ 122, 123 ਅਤੇ ਯੂਏਪੀਏ ਕਾਨੂੰਨ ਦੀ ਧਾਰਾ 17, 18, 18ਬੀ, 20, 38 ਅਤੇ 39 ਵਿੱਚ ਸਜਾਵਾਂ ਸੁਣਵਾਈਆਂ ਗਈਆਂ ਹਨ।

ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਚਾਰ ਧਰਾਵਾਂ ਤਹਿਤ ਉਮਰ ਕੈਦਾਂ ਦੀ ਸਜ਼ਾ ਸੁਣਾਈ ਗਈ ਹੈ ਅਤੇ 6 ਧਾਰਾਵਾਂ ਤਹਿਤ 10-10 ਸਾਲ ਦੀ ਸਜ਼ਾ ਸੁਣਾਉਂਦਿਆਂ ਅਦਾਲਤ ਵੱਲੋਂ ਕੁੱਲ 3 ਲੱਖ 75 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਜਗਦੇਵ ਸਿੰਘ ਅਤੇ ਰਵਿੰਦਰ ਪਾਲ ਸਿੰਘ ਦਿੱਲੀ ਨੂੰ ਤਿੰਨ ਧਾਰਾਵਾਂ ਤਹਿਤ ਉਮਰ ਕੈਦਾਂ ਦੀ ਸਜ਼ਾ ਸੁਣਾਈ ਗਈ ਹੈ ਅਤੇ ਪੰਜ ਧਾਰਾਵਾਂ ਤਹਿਤ ਦਸ-ਦਸ ਸਾਲ ਦੀ ਸਜ਼ਾ ਸਮੇਤ 3 ਲੱਖ 20 ਹਜਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਹਰਚਰਨ ਸਿੰਘ ਨੂੰ ਵੀ ਤਿੰਨ ਧਾਰਾਵਾਂ ਤਹਿਤ ਉਮਰ ਕੈਦਾਂ ਅਤੇ ਪੰਜ ਧਾਰਾਵਾਂ ਤਹਿਤ ਦਸ-ਦਸ ਸਾਲ ਦੀ ਕੈਦ ਕਰਦਿਆਂ ਅਦਾਲਤ ਨੇ 3 ਲੱਖ ਰੁਪਏ ਜੁਰਮਾਨਾ ਲਗਾਇਆ ਹੈ।

ਬਚਾਅ ਪੱਖ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਸ ਮਾਮਲੇ ਉੱਤੇ ਮੁਢਲੀ ਪ੍ਰਤੀਕਿਰਿਆ ਜਾਰੀ ਕਰਦਿਆਂ ਕਿਹਾ ਕਿ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ ਭਾਜਪਾ ਅਤੇ ਭਾਰਤ ਸਰਕਾਰ ਵੱਲੋਂ ਕੌਮਾਂਤਰੀ ਪੱਧਰ ਉੱਤੇ ਸਿੱਖਾਂ ਖਿਲਾਫ ਬਣਾਏ ਜਾ ਰਹੇ ਮਾਹੌਲ ਦੀ ਨੀਤੀ ਤੋਂ ਪ੍ਰੇਰਤ ਹੈ। 

ਉਹਨਾਂ ਕਿਹਾ ਕਿ ਇਹ ਫੈਸਲਾ ਭਾਰਤ ਵਿੱਚ ਕਾਨੂੰਨ ਦੇ ਦੋਹਰੇ ਮਾਪਦੰਡ ਨੂੰ ਦਰਸਾਉਂਦਾ ਹੈ। ਇੱਕ ਪਾਸੇ ਐਨਆਈਏ ਅਦਾਲਤ ਪੰਚਕੂਲਾ ਵੱਲੋਂ ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲੇ ਵਿੱਚ ਦੋਸ਼ੀ ਹਿੰਦੂਤਵੀਆਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਪਰ ਦੂਜੇ ਪਾਸੇ ਇੱਕ ਅਜਿਹੇ ਮਾਮਲੇ ਜਿੱਥੇ ਕਿ ਕੋਈ ਵੀ ਘਟਨਾ ਨਹੀਂ ਵਾਪਰੀ, ਵਿੱਚ ਸਿੱਖ ਨੌਜਵਾਨਾਂ ਨੂੰ ਤਿੰਨ ਤੋਂ ਚਾਰ ਵਾਰ ਉਮਰ ਕੈਦਾਂ ਸਮੇਤ ਸਖਤ ਸਜ਼ਾਵਾਂ ਸੁਣਾਈਆਂ ਗਈਆਂ ਹਨ।

ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਫੈਸਲੇ ਦੀ ਤਸਦੀਕਸ਼ੁਦਾ ਨਕਲ ਮਿਲਣ ਉੱਤੇ ਫੈਸਲੇ ਦੀ ਘੋਖ ਪੜਤਾਲ ਕਰਕੇ ਉੱਚ ਅਦਾਲਤ ਵਿੱਚ ਅਪੀਲ ਦਾਖਲ ਕੀਤੀ ਜਾਵੇਗੀ।

 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,