ਆਮ ਖਬਰਾਂ » ਪੰਜਾਬ ਦੀ ਰਾਜਨੀਤੀ

ਡੇਰਾ ਪ੍ਰੇਮੀਆਂ ਨੇ ‘ਲੇਬਰ ਤਿਆਰ ਹੈ ਨੀਂਹਾਂ ਪੁੱਟਣੀਆਂ ਹਨ’ ਵਰਗੇ ਕੋਡ ਰੱਖੇ: ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ

August 29, 2017 | By

ਚੰਡੀਗੜ: ਡੇਰਾ ਸਿਰਸਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਿੰਸਾ ਫੈਲਾਉਣ ਲਈ ਡੇਰਾ ਪ੍ਰੇਮੀਆਂ ਨੇ ‘ਸਬਜ਼ੀ ਤਿਆਰ ਹੈ ਵਰਤਾਉਣੀ ਹੈ’ ਅਤੇ ‘ਲੇਬਰ ਤਿਆਰ ਹੈ ਨੀਂਹਾਂ ਪੁੱਟਣੀਆਂ ਹਨ’ ਕੋਡ ਰੱਖੇ ਹੋਏ ਸਨ। ਪ੍ਰੇਮੀਆਂ ਵੱਲੋਂ ਇਨ੍ਹਾਂ ਕੋਡਾਂ ਜ਼ਰੀਏ ਜ਼ਿਲ੍ਹਾ ਸੰਗਰੂਰ ਵਿੱਚ ਵੱਡੇ ਪੱਧਰ ’ਤੇ ਹਿੰਸਾ ਦੀ ਯੋਜਨਾ ਉਲੀਕੀ ਗਈ ਸੀ। ਚੋਣਵੇਂ ਡੇਰਾ ਪ੍ਰੇਮੀਆਂ ਦੀ ‘ਏ ਟੀਮ’ ਨੇ ਫ਼ੈਸਲੇ ਤੋਂ ਕਈ ਦਿਨ ਪਹਿਲਾਂ ਹੀ ਮੀਟਿੰਗਾਂ ਕਰ ਕੇ ਤਿਆਰੀ ਕਰ ਲਈ ਸੀ ਕਿ ਜੇ ਫ਼ੈਸਲਾ ਡੇਰਾ ਮੁਖੀ ਖ਼ਿਲਾਫ਼ ਆਉਂਦਾ ਹੈ ਤਾਂ ਹਿੰਸਾ ਕਿਵੇਂ ਫੈਲਾਉਣੀ ਹੈ।

ਇਹ ਖੁਲਾਸਾ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਵਿੱਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹਿੰਸਕ ਘਟਨਾਵਾਂ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਵੱਖ-ਵੱਖ ਥਾਣਿਆਂ ਵਿੱਚ 12 ਕੇਸ ਦਰਜ ਕੀਤੇ ਗਏ ਅਤੇ ਜਾਂਚ ਦੌਰਾਨ 48 ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਮਹਿਲਾ ਸਣੇ 23 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਡੇਰਾ ਪ੍ਰੇਮੀਆਂ ਤੋਂ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਚੋਣਵੇਂ ਡੇਰਾ ਪ੍ਰੇਮੀਆਂ ਵੱਲੋਂ ਜ਼ਿਲ੍ਹੇ ਵਿੱਚ ਵਿਆਪਕ ਹਿੰਸਾ ਫੈਲਾਉਣ ਲਈ ‘ਏ ਟੀਮ’ ਬਣਾਈ ਗਈ ਸੀ ਅਤੇ ਅਦਾਲਤੀ ਫ਼ੈਸਲੇ ਤੋਂ 15 ਦਿਨ ਪਹਿਲਾਂ ਹੀ ਡੇਰਿਆਂ ਵਿੱਚ ਮੀਟਿੰਗਾਂ ਕਰ ਕੇ ਹਿੰਸਾ ਦੀ ਸਾਰੀ ਯੋਜਨਾ ਉਲੀਕੀ ਗਈ ਸੀ।

ਡੇਰਾ ਪ੍ਰੇਮੀਆਂ ਵੱਲੋਂ ਪੰਚਕੂਲਾ ਵਿੱਚ ਹਿੰਸਾ ਅਤੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ

ਡੇਰਾ ਪ੍ਰੇਮੀਆਂ ਵੱਲੋਂ ਪੰਚਕੂਲਾ ਵਿੱਚ ਹਿੰਸਾ ਅਤੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ

ਹਿੰਸਾ ਫੈਲਾਉਣ ਲਈ ਹੀ ਕੋਡ ‘ਸਬਜ਼ੀ ਤਿਆਰ ਹੈ ਵਰਤਾਉਣੀ ਹੈ’ ਅਤੇ ‘ਲੇਬਰ ਤਿਆਰ ਹੈ ਨੀਂਹਾਂ ਪੁੱਟਣੀਆਂ ਹਨ’ ਦਿੱਤੇ ਹੋਏ ਸਨ। ‘ਏ ਟੀਮ’ ਦੀ ਅਗਵਾਈ ਪ੍ਰਿਥੀ ਸਿੰਘ ਵਾਸੀ ਬਾਘਾਪੁਰਾਣਾ ਜ਼ਿਲ੍ਹਾ ਮੋਗਾ, ਮਹਿੰਦਰਪਾਲ ਸਿੰਘ ਉਰਫ਼ ਬਿੱਟੂ ਵਾਸੀ ਕੋਟਕਪੂਰਾ ਅਤੇ ਦੁਨੀ ਚੰਦ ਵਾਸੀ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਵੱਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਮਗਰੋਂ ਹੋਰ ਕਈ ਰਾਜ਼ ਖੁੱਲ੍ਹਣਗੇ।

ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਲੌਂਗੋਵਾਲ ’ਚ ਡਿਊਟੀ ਮੈਜਿਸਟਰੇਟ ਦੀ ਗੱਡੀ ’ਤੇ ਹਮਲਾ, ਵਾਹਨਾਂ ਦੀ ਭੰਨਤੋੜ, ਪੁਲੀਸ ਪਾਰਟੀ ’ਤੇ ਪਥਰਾਅ, ਤਹਿਸੀਲ ’ਚ ਭੰਨਤੋੜ ਦੇ ਦੋਸ਼ ਹੇਠ 14 ਡੇਰਾ ਪ੍ਰੇਮੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਬਲਵਿੰਦਰ ਸਿੰਘ, ਸੁਖਦੇਵ ਸਿੰਘ ਉਰਫ਼ ਮਾਲੀ, ਜਸਵੀਰ ਕੌਰ, ਸੁਖਦੇਵ ਸਿੰਘ ਉਰਫ਼ ਸੁੱਖਾ ਵਾਸੀਆਨ ਲੌਂਗੋਵਾਲ, ਅਵਤਾਰ ਸਿੰਘ, ਕੇਸਰ ਸਿੰਘ ਵਾਸੀ ਭੈਣੀ ਮਹਿਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਥਾਣਾ ਦਿੜ੍ਹਬਾ ’ਚ ਪੁਲੀਸ ਮੁਲਾਜ਼ਮਾਂ ’ਤੇ ਪੈਟਰੋਲ ਦੀਆਂ ਬੋਤਲਾਂ ਸੁੱਟਣ ਤੇ ਸਰਕਾਰੀ ਗੱਡੀ ਦਾ ਨੁਕਸਾਨ ਕਰਨ ਦੇ ਦੋਸ਼ ਹੇਠ ਮਿੱਠੂ ਸਿੰਘ ਵਾਸੀ ਖੇਤਲਾ, ਹਰਮਿੰਦਰ ਸਿੰਘ ਵਾਸੀ ਜਨਾਲ, ਪਰਸ ਰਾਮ ਵਾਸੀ ਰੋਗਲਾ, ਸਤਪਾਲ ਸਿੰੰਘ ਵਾਸੀ ਦਿੜ੍ਹਬਾ ਅਤੇ ਹਰਬੰਸ ਸਿੰਘ ਵਾਸੀ ਜਨਾਲ ਅਤੇ ਪਿੰਡ ਸਿਆਲ ’ਚ ਗਰਿੱਡ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਨ, ਸਰਕਾਰੀ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 14 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ’ਚੋ ਪੰਜ ਜਣਿਆਂ ਮੋਦਨ ਸਿੰਘ ਵਾਸੀ ਮੁਨਸ਼ੀਵਾਲਾ, ਕਸ਼ਮੀਰ ਸਿੰਘ ਵਾਸੀ ਦਿਆਲਗੜ੍ਹ ਜੇਜੀਆਂ, ਮਿੱਠੂ ਰਾਮ, ਮੱਘਰ ਲਾਲ ਵਾਸੀਆਨ ਉਭਿਆਂ ਅਤੇ ਬਲਕਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਥਾਣਾ ਛਾਜਲੀ ’ਚ 9 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ 7 ਜਣਿਆਂ ਗੁਰਦੀਪ ਸਿੰਘ ਉਰਫ਼ ਨਿੱਕਾ, ਮਨਦੀਪ ਸਿੰਘ ਉਰਫ਼ ਮਿੰਟੂ ਵਾਸੀਆਨ ਸੂਲਰ, ਸੁਰਜੀਤ ਸਿੰਘ, ਹਰਮੀਤ ਸਿੰਘ, ਕਰਨੈਲ ਸਿੰਘ, ਰਣਧੀਰ ਸਿੰਘ ਵਾਸੀਆਨ ਖਾਨਪੁਰ ਫਕੀਰਾਂ, ਜੋਗਾ ਸਿੰਘ ਵਾਸੀ ਦਿੜ੍ਹਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਮਿਰਚਾਂ ਦੀਆਂ ਪੁੜੀਆਂ, ਬਲੇਡ, ਰਾਡਾਂ, ਪੈਟਰੋਲ ਦੀਆਂ ਬੋਤਲਾਂ, ਡਾਂਗਾਂ ਆਦਿ ਬਰਾਮਦ ਕੀਤੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,