ਆਮ ਖਬਰਾਂ » ਸਿੱਖ ਖਬਰਾਂ

ਇਸ ਵਾਰ ਵੀ ਸੁਖਬੀਰ ਬਾਦਲ ਦੀ ਜੇਬ ਵਿੱਚੋਂ ਨਿਕਲੇਗਾ ਨਵਾਂ ਕਮੇਟੀ ਪ੍ਰਧਾਨ

November 12, 2018 | By

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਂਠਲੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਤਰੀਕੇ ਅਤੇ ਬਿਨਾਂ ਕਿਸੇ ਸਿਆਸੀ ਪ੍ਰਭਾਵ ਅਧੀਨ ਚਲਾਉਣ ਲਈ ਚੁਣੇ ਗਏ 130 ਕਮੇਟੀ ਮੈਂਬਰਾਂ ਨੇ ਬਿਨ੍ਹਾ ਕਿਸੇ ਰੋਸ ਦੇ ਸ਼੍ਰੋ.ਗੁ.ਪ੍ਰ.ਕ ਦਾ ਨਵਾਂ ਪ੍ਰਧਾਨ ਅਤੇ ਹੋਰ ਅਹੁਦੇਦਾਰ ਚੁਣਨ ਦੇ ਹੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਹਨ।

ਇਸ ਤਰੀਕੇ ਦੇ ਖੋਖਲੇ ਦਾਅਵੇ ਵੀ ਕੀਤੇ ਜਾ ਰਹੇ ਹਨ ਕਿ ਮੈਂਬਰਾਂ ਦੀ ਰਾਏ ਲੈਣ ਦਾ ਕਾਰਜ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਸੀ ਪਰ ਇਸ ਮੌਕੇ ਸਿਰਫ ਪੰਜ ਮੈਂਬਰਾਂ ਨੇ ਹੀ ਆਪਣੇ ਵਿਚਾਰ ਰੱਖੇ ਤੇ ਬਾਕੀਆਂ ਨੇ ਮੋਮ ਦੇ ਬੁੱਤ ਬਣਕੇ ਇਸ ਨੂੰ ਪ੍ਰਵਾਨ ਕਰ ਲਿਆ।

ਕਮੇਟੀ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਦੇ ਹੱਕ ਸੁਖਬੀਰ ਬਾਦਲ ਨੂੰ ਦਿੱਤੇ ਜਾਣ ਦੇ ਪੂਰੇ ਕਾਰਜ ਤੋਂ ਮੀਡੀਆ ਨੂੰ ਦੂਰ ਹੀ ਰੱਖਿਆ ਗਿਆ। ਪਹਿਲਾਂ ਤੋਂ ਤੈਅ ਸ਼ੁਦਾ ਪ੍ਰੋਗਰਾਮ ਤਹਿਤ ਸ਼੍ਰੋਮਣੀ ਕਮੇਟੀ ਦੇ ਮੈਂਬਰਾ ਦੀ ‘ਰਾਏ ਜਾਨਣ ਲਈ’ ਸ਼੍ਰੋਮਣੀ ਕਮੇਟੀ ਦੇ ਰਜਿਸਟਰਡ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸੁਖਬੀਰ ਸਿੰਘ ਬਾਦਲ, ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਸਮੇਤ ਕੋਈ ਇੱਕ ਦਰਜਨ ਦੇ ਕਰੀਬ ਦਲ ਨਾਲ ਸਬੰਧਤ ਨੁਮਾਇੰਦੇ ਅਤੇ 130 ਦੇ ਕਰੀਬ ਸ਼੍ਰੋਮਣੀ ਕਮੇਟੀ ਮੈਂਬਰ ਇਕੱਠੇ ਹੋਏ,ਦੱਸਿਆ ਗਿਆ ਹੈ ਕਿ ਹਾਜਰ ਕਮੇਟੀ ਮੈਂਬਰਾਂ ਵਿੱਚੋਂ ਕੇਵਲ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਬੀਬੀ ਜਗੀਰ ਕੌਰ, ਪ੍ਰੋ:ਕਿਰਪਾਲ ਸਿੰਘ ਬਡੂੰਗਰ ਤੇ ਮੈਂਬਰ ਜਥੇਦਾਰ ਤੋਤਾ ਸਿੰਘ ਨੂੰ ਹੀ ਬੋਲਣ ਲਈ ਕਿਹਾ ਗਿਆ,ਜਦੋਂ ਇਨ੍ਹਾਂ ਬੁਲਾਰਿਆਂ ਨੇ ਸੁਖਬੀਰ ਸਿੰਘ ਬਾਦਲ ਵਲੋਂ ਲਏ ਜਾਣ ਵਾਲੇ ਹਰ ਫੈਸਲੇ ਨੂੰ ਅਗਾਉਂ ਪ੍ਰਵਾਨਗੀ ਦਾ ਐਲਾਨ ਕਰ ਦਿੱਤਾ ਗਿਆ ਤਾਂ ਬਾਕੀ ਹਾਜਰ ਮੈਂਬਰਾਂ ਵੀ ਪ੍ਰਵਾਨਗੀ ਦੇ ਜੈਕਾਰੇ ਗੁੰਜਾ ਦਿੱਤੇ ।

ਉੱਧਰ ਜਾਣਕਾਰਾਂ ਦਾ ਕਹਿਣਾ ਹੈ ਕਿ ਕਮੇਟੀ ਮੈਂਬਰਾਂ ਵਲੋਂ ਪਾਰਟੀ ਪ੍ਰਧਾਨ ਨੂੰ ਕਮੇਟੀ ਪ੍ਰਧਾਨ ਸਮੇਤ ਬਾਕੀ ਅਹੁਦੇਦਾਰ ਚੁਣੇ ਜਾਣ ਦੀ ਸਮੁੱਚੀ ਕਿਰਿਆ ਕੋਈ ਬਹੁਤੀ ਲੰਬੀ ਦੇਰ ਨਹੀ ਚੱਲੀ । ਬਾਕੀ ਸਵਾ-ਡੇਢ ਘੰਟੇ ਦੇ ਕਰੀਬ ਦਾ ਸਮਾਂ ਤਾਂ ਪੰਜਾਬ ਸਰਕਾਰ ਵਲੋਂ ਤਿਆਰ ਕਰਵਾਏ ਸਿੱਖ ਇਤਿਹਾਸ ਕਿਤਾਬ ਦੇ ਖਰੜੇ ਖਿਲਾਫ ਕਾਰਵਾਈ ਕਰਦਿਆਂ ਕੈਪਟਨ ਸਰਕਾਰ ਨੂੰ ਘੇਰਨ ਲਈ ਨੀਤੀ ਤੈਅ ਕਰਦਿਆਂ ਹੀ ਲੰਘ ਗਿਆ, ਸਭ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਇਤਿਹਾਸ ਦੀ ਕਿਤਾਬ ਤੇ ਪਾਰਟੀ ਸਟੈਂਡ ਤੇ ਪੂਰਾ ਪਹਿਰਾ ਦੇਣ।

ਅੱਜ ਦੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕੱਠ ਦੀ ਤਸਵੀਰ।

ਇਕੱਠ ਉਪਰੰਤ ਪਾਰਟੀ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ “ਸਾਰੇ ਮੈਂਬਰਾਂ ਨੇ ਸ਼੍ਰੋ.ਗੁ.ਪ੍ਰ.ਕ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਦੇ ਸਮੁੱਚੇ ਹੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਹਨ, ਸਾਰੀ ਕਾਰਵਾਈ ਪੂਰੀ ਤਰ੍ਹਾਂ ਪਾਰਦਰਸ਼ੀ ਰਹੀ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,