January 2, 2017 | By ਸਿੱਖ ਸਿਆਸਤ ਬਿਊਰੋ
ਬਰੇਸ਼ੀਆ/ਵੀਨਸ: ਇਟਲੀ ਦੇ ਸ਼ਹਿਰ ਸਨ ਪੇਤਰੋ ਮੂਸੋਲੀਨੋ ਵਿਖੇ 3 ਨੌਜਵਾਨਾਂ ਦੀ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਉਕਤ ਨੌਜਵਾਨਾਂ ‘ਚੋਂ ਇਕ ਦੀ ਪਹਿਚਾਨ ਅੰਗਰੇਜ਼ ਸਿੰਘ ਵਜੋਂ ਹੋਈ ਹੈ ਜਿਨ੍ਹਾਂ ‘ਚੋਂ ਇਕ ਹੁਸ਼ਿਆਰਪੁਰ ਜ਼ਿਲ੍ਹੇ ਤੇ 2 ਨੌਜਵਾਨ ਫਗਵਾੜਾ ਨੇੜਲੇ ਦੇ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਇਹ ਤਿੰਨੋ ਨੌਜਵਾਨ ਇਕੋ ਘਰ ‘ਚ ਰਹਿੰਦੇ ਸਨ ਅਤੇ ਇਨ੍ਹਾਂ ਵੱਲੋਂ ਰਾਤ ਸੌਣ ਲੱਗੇ ਕਮਰੇ ਨੂੰ ਗਰਮ ਕਰਨ ਹਿੱਤ ਲਗਾਈ ਗੈਸ ਵਾਲੀ ਅੰਗੀਠੀ ਬੰਦ ਹੋ ਗਈ ਤੇ ਗੈਸ ਕਾਰਨ ਕਮਰੇ ‘ਚ ਧੂੰਆਂ ਭਰ ਗਿਆ ਜਿਸ ਕਾਰਨ ਤਿੰਨੋਂ ਨੌਜਵਾਨਾਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ।
ਅੱਜ ਸਵੇਰੇ ਜਦ ਇਨ੍ਹਾਂ ਦੇ ਗੁਆਂਢੀ ਨੇ ਦੇਖਿਆ ਕਿ ਤਿੰਨੋਂ ਨੌਜਵਾਨ ਕੰਮ ਕਰਨ ਲਈ ਘਰ ਤੋਂ ਨਹੀਂ ਨਿੱਕਲੇ ਤੇ ਗੈਸ ਦੀ ਬਦਬੂ ਵੀ ਆ ਰਹੀ ਸੀ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਦੇ ਪਹੁੰਚਣ ਤੱਕ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਇਨ੍ਹਾਂ ਨੌਜਵਾਨਾਂ ਦੀ ਉਮਰ ਪੁਲਿਸ ਵੱਲੋਂ 29, 35 ਤੇ 40 ਸਾਲ ਦੱਸੀ ਗਈ ਹੈ, ਜੋ ਕਿ ਇੱਥੇ ਪਬਲੀਸਿਟੀ ਦੇ ਪੇਪਰਾਂ ਦਾ ਕੰਮ ਕਰਦੇ ਸਨ।
Related Topics: Sikhs in Italy