ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਕਬੱਡੀ ਫੈਡਰੇਸ਼ਨਾਂ ਵਲੋਂ ਵਿਸ਼ਵ ਕੱਪ ਦੇ ਬਾਈਕਾਟ ਦਾ ਫੈਸਲਾ ਸ਼ਲਾਘਾਯੋਗ: ਯੁਨਾਇਟਿਡ ਖਾਲਸਾ ਦਲ ਯੂ.ਕੇ.

November 2, 2016 | By

ਲੰਡਨ: ਪੰਜਾਬ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਹੋ ਰਹੀ ਬੇਅਦਬੀ ਦੇ ਰੋਸ ਵਜੋਂ ਵਿਦੇਸ਼ਾਂ ਦੀਆਂ ਕਬੱਡੀ ਫੈਡਰੇਸ਼ਨਾਂ ਵਲੋਂ ਵਿਸ਼ਵ ਕੱਪ ਦੇ ਬਾਈਕਾਟ ਦਾ ਫੈਸਲਾ ਲੈਣਾ ਸ਼ਲਾਘਾਯੋਗ ਕਾਰਵਾਈ ਹੈ। ਇਸ ਵਾਸਤੇ ਇੰਗਲੈਂਡ, ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਸਥਾਪਤ ਕਬੱਡੀ ਫੈਡਰੇਸ਼ਨਾਂ ਦੇ ਜ਼ਿੰਮੇਵਾਰ ਵੀਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਪੰਜਾਬ ‘ਤੇ ਹਕੂਮਤ ਕਰ ਰਹੀ ਬਾਦਲ ਸਰਕਾਰ ਨੂੰ ਹਲੂਣਾ ਦਿੰਦਿਆ ਇੱਕ ਸੁਨੇਹਾ ਦਿੱਤਾ ਹੈ ਕਿ ਸਿੱਖ ਘਰਾਣਿਆਂ ਵਿੱਚ ਜਨਮ ਲੈਣ ਵਾਲਿਆਂ ਵਾਸਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹੁਤ ਅਹਿਮੀਅਤ ਰੱਖਦਾ ਹੈ ਅਤੇ ਇਸ ਦੀ ਬੇਅਦਬੀ ਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ।

ਕਬੱਡੀ ਫੈਡਰੇਸ਼ਨਾਂ ਦੀ ਮੀਟਿੰਗ ਦਾ ਦ੍ਰਿਸ਼

ਕਬੱਡੀ ਫੈਡਰੇਸ਼ਨਾਂ ਦੀ ਮੀਟਿੰਗ ਦਾ ਦ੍ਰਿਸ਼

ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਪੰਜਾਬ ਵਿੱਚ ਹੋ ਰਹੇ ਕਬੱਡੀ ਵਿਸ਼ਵ ਕੱਪ ਦਾ ਬਾਈਕਾਟ ਕਰਨ ਵਾਲੀਆਂ ਸਮੂਹ ਕਬੱਡੀ ਫੈਡਰੇਸ਼ਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ ਅਤੇ ਆਸ ਪ੍ਰਗਟਾਈ ਗਈ ਕਿ ਉਕਤ ਫੈਸਲਾ ਲੈਣ ਵਾਲੇ ਵੀਰ ਹਮੇਸ਼ਾ ਸਿੱਖ ਕੌਮ ਦਾ ਡੱਟ ਕੇ ਸਾਥ ਦਿੰਦੇ ਰਹਿਣਗੇ। ਦਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਲਵਸਿ਼ੰਦਰ ਸਿੰਘ ਡੱਲੇਵਾਲ, ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਢਿੱਲੋਂ ਅਤੇ ਸੁਖਵਿੰਦਰ ਸਿੰਘ ਖਾਲਸਾ ਵਲੋਂ ਜਾਗਦੀ ਜ਼ਮੀਰ ਦਾ ਪ੍ਰਗਟਾਵਾ ਕਰਨ ਵਾਲੇ ਉਕਤ ਫੈਸਲੇ ਤੋਂ ਆਕੀ ਕੁੱਝ ਵਿਅਕਤੀ ਨੂੰ ਅਪੀਲ ਕੀਤੀ ਗਈ ਕਿ ਉਹ ਕਬੱਡੀ ਕੱਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜ਼ਿਆਦਾ ਮਹੱਤਵ ਨਾ ਦੇਣ। ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ‘ਚ ਤਕਰੀਬਨ 86 ਥਾਵਾਂ ‘ਤੇ ਗੁਰਬਾਣੀ ਦੀ ਬੇਅਦਬੀ ਕੀਤੀ ਜਾ ਚੁੱਕੀ ਹੈ। ਪਰ ਪੰਜਾਬ ‘ਤੇ ਹਕੂਮਤ ਕਰ ਰਹੀ ਸਰਕਾਰ ਦੋਸ਼ੀਆਂ ਨੂੰ ਫੜਨ ਵਿੱਚ ਦਿਲਚਸਪੀ ਨਹੀਂ ਦਿਖਾ ਰਹੀ, ਬਲਕਿ ਰੋਸ ਪ੍ਰਗਟ ਕਰਨ ਵਾਲਿਆਂ ਨੂੰ ਹੀ ਫੜ-ਫੜ ਕੇ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ ਅਤੇ ਉਹਨਾਂ ਨੂੰ ਪੁਲਿਸ ਤਸ਼ੱਦਦ ਦਾ ਸਿ਼ਕਾਰ ਬਣਾ ਰਹੀ ਹੈ, ਜੋ ਕਿ ਨਾ ਕਾਬਲੇ ਬਰਦਾਸ਼ਤ ਹੈ।

ਅੱਜ ਹਰ ਸਿੱਖ ਨੂੰ ਇਹ ਸੋਚਣ ਅਤੇ ਯਤਨ ਕਰਨ ਦੀ ਲੋੜ ਹੈ ਕਿ ਗੁਰਬਾਣੀ ਦੀ ਹੋ ਰਹੀ ਬੇਅਦਬੀ ਨੂੰ ਕਿਸ ਤਰੀਕੇ ਨਾਲ ਠੱਲ੍ਹ ਪਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਵਾਪਰੀ ਅਤੇ ਦੋਸ਼ੀ 48 ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਏ ਗਏ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕਾਬੂ ਨਾ ਕਰਨਾ ਸਰਕਾਰ, ਪ੍ਰਸ਼ਾਸਨ, ਪੁਲਿਸ ਅਤੇ ਏਜੰਸੀਆਂ ਦੀ ਮਿਲੀ ਭੁਗਤ ਦਾ ਨਤੀਜਾ ਹੀ ਆਖਿਆ ਜਾ ਸਕਦਾ ਹੈ ਇਸ ਵਾਸਤੇ ਬਾਦਲ ਸਰਕਾਰ ਮੁੱਖ ਤੌਰ ‘ਤੇ ਜ਼ਿੰਮੇਵਾਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,