ਵਿਦੇਸ਼ » ਸਿੱਖ ਖਬਰਾਂ

ਡਬਲਿਊ.ਐਸ.ਓ.ਨੇ ਕ੍ਰਿਪਾਨ ਸਬੰਧੀ ਕਿਸੇ ਦਖਲ ਨੂੰ ਪ੍ਰਵਾਨ ਨਾ ਕਰਨ ਲਈ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ

July 6, 2017 | By

ਓਟਾਵਾ: ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਕ੍ਰਿਪਾਨ ਦੇ ਇਟਾਲੀਆਨ ਰੂਪ ਨੂੰ ਪ੍ਰਵਾਨ ਨਾ ਕੀਤਾ ਜਾਵੇ।

ਇਟਲੀ ਦੇ ਨੁਮਾਇੰਦੇ ਗਿਆਨੀ ਗੁਰਬਚਨ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕ੍ਰਿਪਾਨ ਦੇ ਡਿਜ਼ਾਇਨ ਸੌਂਪਦੇ ਹੋਏ (26 ਜੂਨ, 2017)

ਇਟਲੀ ਦੇ ਨੁਮਾਇੰਦੇ ਗਿਆਨੀ ਗੁਰਬਚਨ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕ੍ਰਿਪਾਨ ਦੇ ਡਿਜ਼ਾਇਨ ਸੌਂਪਦੇ ਹੋਏ (26 ਜੂਨ, 2017)

ਮਿਲੀਆਂ ਖ਼ਬਰਾਂ ਮੁਤਾਬਕ, ਇਕ ਇਤਾਲਵੀ ਡੈਲੀਗੇਟ ਕ੍ਰਿਪਾਨ ਦੇ ਬਦਲੇ ਹੋਏ ਰੂਪ ਨੂੰ ਪ੍ਰਵਾਨ ਕਰਵਾਉਣ ਲਈ 26 ਜੂਨ 2017 ਨੂੰ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ ਅਤੇ ਕ੍ਰਿਪਾਨ ਨੂੰ ਨਵੇਂ ਤਿਆਰ ਕੀਤੇ ਰੂਪ ‘ਚ ਪ੍ਰਵਾਨ ਕਰਵਾਉਣ ਲਈ ਅਸ਼ੀਰਵਾਦ ਮੰਗਿਆ। ਕ੍ਰਿਪਾਨ ਦੇ ਇਸ ਬਦਲੇ ਹੋਏ ਰੂਪ ਨੂੰ ਇਟਲੀ ਵਿਚ ਹੀ ਬਣਾਇਆ ਜਾਏਗਾ ਅਤੇ ਇਸਤੇ ਇਕ ਪਛਾਣ ਨੰਬਰ ਵੀ ਛਾਪਿਆ ਜਾਏਗਾ ਅਤੇ ਇਹ ‘ਲਾਇਸੈਂਸ’ ਨਾਲ ਸਿੱਖਾਂ ਨੂੰ ਜਾਰੀ ਕੀਤਾ ਜਾਏਗਾ। ਪ੍ਰਸਤਾਵਤ ਕ੍ਰਿਪਾਨ ਲਚਕਦਾਰ ਹੋਏਗੀ ਅਤੇ ਇਸ ਵਿਚ ਧਾਰ ਨਹੀਂ ਹੋਏਗੀ। ਇਟਲੀ ‘ਚ ਸਿੱਖਾਂ ਵਲੋਂ ਸਿਰਫ ਇਸ ਕ੍ਰਿਪਾਨ ਨੂੰ ਹੀ ਪਹਿਨਿਆ ਜਾ ਸਕੇਗਾ।

ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ ਦੀ ਜਾਣਕਾਰੀ ਲਈ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਲਿਖੀ ਗਈ ਚਿੱਠੀ ਮੂਲ ਰੂਪ ‘ਚ:

ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ
ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ
ਸ੍ਰੀ ਅੰਮ੍ਰਿਤਸਰ ਸਾਹਿਬ, ਪੰਜਾਬ

ਮਾਨਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ,

ਸਾਨੂੰ ਇਹ ਜਾਣ ਕੇ ਬਹੁਤ ਦੁਖ ਹੋਇਆ, ਕਿ ਇਟਲੀ ਤੋਂ, ਸ: ਸੁਖਦੇਵ ਸਿੰਘ ਕੰਗ ਦੀ ਅਗਵਾਈ ਹੇਠ, ਇਕ ਵਫ਼ਦ ਨੇ, ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ, ਇਕ ਖਾਸ ‘ਤੇ “ਨਵੀਂ ਬਣਤਰ” ਦੀ ਕਿਰਪਾਨ ਵਾਸਤੇ ਪ੍ਰਵਾਨਗੀ ਲੈਣ ਲਈ ਪੇਸ਼ਕਸ਼ ਕੀਤੀ।

ਪਤਾ ਲਗਾ ਹੈ ਕਿ ਜਿਸ ਕਿਰਪਾਨ ਦੀ ਪ੍ਰਵਾਨਗੀ ਲਈ ਦਰਖਾਸਤ ਕੀਤੀ ਜਾ ਰਹੀ ਹੈ; ਇਹ ਕਿਸੇ ਕੋਮਲ, ਲਚਕਦਾਰ ਲੋਹੇ ਨਾਲ ਬਣਾਈ ਗਈ ਹੈ ‘ਤੇ ਇਸ ਦੀ ਨਾਂ ਤਾਂ ਕੋਈ ‘ਨੋਕ’ ਹੈ ‘ਤੇ ਨਾਂ ਹੀ ਕੋਈ ‘ਧਾਰ’। ਹਰ ਇਕ ਕਿਰਪਾਨ, ਇਟਲੀ ਵਿਚ ਬਣਾਈ ਜਾਵੇਗੀ, ਪਛਾਣ ਲਈ ਹਰ ਇਕ ਕਿਰਪਾਨ ਤੇ ਵੱਖਰਾ ਨੰਬਰ ਉਕਰਿਆ ਜਾਵੇਗਾ, ਹਰ ਇਕ ਕਿਰਪਾਨ ਦੇ ਨਾਲ ਇਕ ਖਾਸ ਸਨਦ ਜਾਂ ਸਰਟੀਫ਼ਿਕੇਟ ਵੀ ਹੋਵੇਗਾ ‘ਤੇ ਇਹ, ਸਿੱਖਾਂ ਨੂੰ, ਸਰਕਾਰ ਵਲੋਂ, ਮੁਹਯਾ ਕਰਵਾਈ ਜਾਵੇਗੀ। ਸਿਰਫ ਇਹ ਕਿਰਪਾਨ ਨੂੰ ਹੀ ਮਾਨਤਾ ਦਿਤੀ ਜਾਵੇਗੀ।

ਸਿੱਖਾਂ ਦੇ ਕਿਰਪਾਨ ਪਹਿਨਣ ਦੇ ਬੁਨਿਆਦੀ ਹੱਕਾਂ ਵਿਚ, ਇਸ ਤਰ੍ਹਾਂ ਦੀ ਦਖਲ-ਅੰਦਾਜ਼ੀ, ਪਹਿਲਾਂ ਕਦੇ ਵੀ ਨਹੀਂ ਹੋਈ ‘ਤੇ ਇਹ, ਸਿੱਖਾਂ ਨੂੰ ਕਦੇ ਵੀ ਮੰਜੂਰ ਨਹੀਂ ਹੋਵੇਗੀ। ਕਿਸੇ ਵੀ ਸਰਕਾਰ ਨੂੰ, ਕੋਈ ਹੱਕ ਨਹੀਂ, ਕਿ ਉਹ ਗੁਰੂ ਦੇ ਸਿੱਖਾਂ ਨੂੰ, ਉਨ੍ਹਾਂ ਦੇ ਕਕਾਰ ਵਜੋਂ, ਇਹ ਕਿਰਪਾਨ ‘ਇੱਸ਼ੂ’ ਕਰੇ। ਸਿੱਖਾਂ ਦੇ ਕੱਕਾਰਾਂ ਦੀ ਬਣਤਰ ਜਾਂ ਆਕਾਰ ਵਿਚ, ਕਿਸੇ ਵੀ ਸਰਕਾਰ ਵਲੋਂ ਤਬਦੀਲੀ ਕਰਨ ਦੀ ਕੋਸ਼ਿਸ਼, ਸਿੱਖਾਂ ਨੂੰ ਬਰਦਾਸ਼ਤ ਨਹੀਂ ਹੋਵੇਗੀ। ਇਸ ਪੇਸ਼ਕਸ਼ ਦੀ ਪ੍ਰਵਾਨਗੀ, ਦੁਨੀਆ ਭਰ ਵਿਚ, ਸਿੱਖਾਂ ਲਈ ਬੇਹੱਦ ਪਰੇਸ਼ਾਨੀਆਂ ਦਾ ਕਾਰਨ ਬਣ ਜਾਵੇਗੀ।

ਆਪ ਜੀ ਨੂੰ ਪਤਾ ਹੋਵੇਗਾ, ਕਿ ਕਨੇਡਾ ਵਿਚ, ਸਿੱਖਾਂ ਨੇ ਬਹੁਤ ਹੀ ਸ਼ਿੱਦਤ ‘ਤੇ ਮਿਹਨਤ ਨਾਲ, ਹਸਪਤਾਲਾਂ, ਸਕੂਲਾਂ, ਕਚਿਹਰੀਆਂ ‘ਤੇ ਹੋਰ ਖੁੱਲੀਆਂ, ਸਾਰਵਜਨਕ ਥਾਂਵਾਂ ਵਿਚ, ਗੁਰਸਿੱਖਾਂ ਲਈ, ਕਿਰਪਾਨ ਧਾਰਨ ਕਰਨ ਦਾ ਹੱਕ ਹਾਸਲ ਕੀਤਾ ਹੈ। ਭਾਂਵੇਂ ਕਿਰਪਾਨ ਦੀ ਲੰਬਾਈ ‘ਤੇ ਇਸ ਨੂੰ ਧਾਰਨ ਕਰਨ ਦੇ ਤਰੀਕਿਆਂ ਉਪਰ, ਦੋਹਾਂ ਧਿਰਾਂ ਨੇ, ਸੁਲਝੇ ਹੋਏ ਢੰਗ ਨਾਲ, ਰੱਜ਼ਾਮੰਦੀ ਕੀਤੀ ਹੈ; ਪਰ ਸਿੱਖਾਂ ਨੇ, ਕਦੇ ਵੀ, ਕਿਰਪਾਨ ਦੀ ਬਣਤਰ, ਆਕਾਰ ਜਾਂ ਹੋਰ ਵਿਸ਼ੇਸ਼ਤਾਂਵਾਂ ਸੰਬੰਧੀ ਕੋਈ ਵੀ ਪਾਬੰਦੀ ਜਾਂ ਦਬਾਅ ਨਹੀਂ ਬਰਦਾਸ਼ਤ ਕੀਤਾ । ਭਾਂਵੇਂ ਇਸ ਉਪਰਾਲੇ ਵਿਚ ਕਈ ਸਾਲ ਲਗ ਗਏ, ਪਰ ਅਜ, ਕਨੇਡਾ ਭਰ ਵਿਚ ਕਿਰਪਾਨ ਨੂੰ ਮਾਨਤਾ ਪ੍ਰਾਪਤ ਹੈ।

ਇਟਲੀ ਦੀ ਸਰਕਾਰ ਵੱਲੋਂ, ਕਿਰਪਾਨ ਦੀ ਬਣਤਰ ਜਾਂ ਆਕਾਰ ਵਿਚ ਤਬਦੀਲੀ ਕਰ ਕੇ, ਸਰਕਾਰੀ ਤੌਰ ਤੇ, ਸਿੱਖਾਂ ਨੂੰ, ‘ਇੱਸ਼ੂ’ ਕਰਨ ਦੀ ਵਿਉਂਤ; ਇਸ ਬਹਾਨੇ ਨਾਲ ਕਿ, ਕਿਰਪਾਨ ਇਕ ਹਥਿਆਰ ਦਾ ਭੁਲੇਖਾ ਪਾਉਂਦੀ ਹੈ; ਕਾਨੂੰਨ ਦੇ ਪੱਖੋਂ ਇਕ ਖੋਖਲੀ ਦਲੀਲ ਹੈ। ਵਰਕਰਾਂ ਨੂੰ, ਲੋੜ ਮੁਤਾਬਕ, ਚਾਕੂ ਜਾਂ ਹੋਰ ਤਿੱਖੀ ਧਾਰ ਵਾਲੇ ਔਜ਼ਾਰ, ਆਪਣੇ ਨਾਲ ਲਿਜਾਣ ਦੀ ਪੂਰੀ ਖੁੱਲ ਹੈ; ਪਰ ਇਟਲੀ ਦੀਆਂ ਕੋਰਟਾਂ ਨੇ ਨਤੀਜਾ ਕੱਢਿਆ ਹੈ ਕਿ ਸਿੱਖਾਂ ਨੇ, ਕਿਰਪਾਨ ਪਹਿਨਣ ਦੇ ਪੱਖ ਵਿਚ, ਕੋਈ ਮੱਨਣਯੋਗ ਦਲੀਲ ਨਹੀਂ ਪੇਸ਼ ਕੀਤੀ। ਇਸ ਸਿੱਧਾੰਤਕ ਤੌਰ ਤੇ ਗਲਤ ਅਤੇ ਬੇਬੁਨਿਆਦ ਫ਼ੈਸਲੇ ਨੂੰ, ਕਾਨੂੰਨੀ ਤੌਰ ਤੇ ਚੈਲੰਜ ਕਰਨਾ ਚਾਹੀਦਾ ਹੈ। ਇਸ ਫ਼ੈਸਲੇ ਨੂੰ ਸਹਿਜ-ਸੁਭਾਅ ਮੱਨ ਲੈਣਾ ਅਤੇ ਇਟਲੀ ਦੀ ਸਰਕਾਰ ਨੂੰ ਬਿਨਾ ਰੋਕ-ਟੋਕ, ਸਿੱਖਾਂ ਦੇ ਕਿਰਪਾਨ ਪਹਿਨਣ ਦੇ ਹੱਕ ਵਿਚ ਦਖਲਅੰਦਾਜ਼ੀ ਕਰਨ ਦੇਣਾ; ਇਕ ਗਲਤ ਰਾਹ ਇਖਤਿਆਰ ਕਰਨਾ ਹੋਵੇਗਾ ‘ਤੇ ਇਹ ਨਹੀਂ ਹੋਣ ਦੇਣਾ ਚਾਹੀਦਾ। ਕਨੇਡਾ ਦੀ ਵਿਸ਼ਵ ਸਿੱਖ ਸੰਸਥਾ, ਇਟਲੀ ਦੇ ਸਿੱਖ ਭਾਈਚਾਰੇ ਨੂੰ, ਸਰਕਾਰ ਵੱਲੋਂ ਕਿਰਪਾਨ ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਵਿਰੁਧ ਵਾਜਬ ਕਾਰਵਾਈ ਕਰਨ ਲਈ, ਮੁਨਾਸਬ ਸਹਾਇਤਾ ਦੇਣ ਲਈ ਤਿਆਰ ਹੈ।

ਅਸੀਂ, ਆਪ ਜੀ ਨੂੰ, ਇਸ ਚਿੱਠੀ ਰਾਹੀਂ, ਸੂਚਤ ਕਰਨਾ ਚਾਹੁੰਦੇ ਹਾਂ, ਕਿ ਕਨੇਡਾ ਦੇ ਸਿੱਖ, ਇਟਲੀ ਦੀ, ਨਵੀਂ ਬਣਤਰ ਦੀ ਕਿਰਪਾਨ ‘ਤੇ ਸਰਕਾਰ ਵੱਲੋਂ ਇਸ ਨੂੰ ਸਿੱਖਾਂ ਵਿਚ ਵੰਡਣ ਦੇ ਉਪਰਾਲੇ ਦਾ ਖੰਡਨ ਕਰਦੇ ਹਨ। ਧਾਰਮਕ ਮਸਲਿਆਂ ਵਿਚ, ਇਸ ਤਰ੍ਹਾਂ ਦੀ ਸਰਕਾਰੀ ਦਖਲਅੰਦਾਜ਼ੀ ਨੂੰ, ਸਹਿਜੇ ਹੀ ਮੱਨ ਲੈਣ ਨਾਲ, ਦੁਨੀਆਂ ਭਰ ਵਿਚ, ਸਿੱਖਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ‘ਤੇ ਗਲਤ ਨਤੀਜੇ ਭੁਗਤਣੇ ਪੈਣਗੇ।

ਅਸੀਂ ਆਸ ਕਰਦੇ ਹਾਂ ਕਿ ਸਮੂਹ ਸਿੰਘ ਸਾਹਿਬਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ, ਇਸ, ਕਿਰਪਾਨ ਸੰਬੰਧੀ ਤਜਵੀਜ਼ ਨੂੰ, ਸਪੱਸ਼ਟ ਤੌਰ ਤੇ, ਕਠੋਰ ਸ਼ਬਦਾਂ ਰਾਹੀਂ, ਖੰਡਤ ਕਰਨਗੇ।

ਦਾਸ,

ਮੁਖਬੀਰ ਸਿੰਘ
ਮੁਖ ਸੇਵਾਦਾਰ

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

WSO Canada Calls on SGPC, Giani Gurbachan Singh to Reject Proposed Italian “Modified” Kirpan …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,