Site icon Sikh Siyasat News

ਮਹਾਰਾਸ਼ਟਰ ‘ਚ 9ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ‘ਚ ਪੱਖਪਾਤੀ ਜਾਣਕਾਰੀ, ਸਿੱਖ ਕਤਲੇਆਮ ਦਾ ਜ਼ਿਕਰ ਨਹੀਂ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸਿੱਖ ਇਤਿਹਾਸ ਅੰਦਰ ਪਾਏ ਜਾ ਰਹੇ ਰਲੇ ਨੂੰ ਖਤਮ ਕਰਨ ਲਈ ਸਿੱਖ ਇਤਿਹਾਸ ਨਵੇਂ ਸਿਰਿਓਂ ਲਿਖਵਾਉਣ ਦੇ ਦਾਅਵੇ ਕਰ ਰਹੀ ਸ਼੍ਰੋਮਣੀ ਕਮੇਟੀ ਤਾਂ ਸ਼ਾਇਦ ਕਿਧਰੇ ਅਜੇ ਵੀ ਜਕੋਤੱਕੀ ਵਿੱਚ ਹੀ ਹੈ ਪਰ ਮਹਾਰਾਸ਼ਟਰ ਸਟੇਟ ਬਿਊਰੋ ਆਫ ਟੈਕਸਟ ਬੁੱਕ ਪਬਲੀਕੇਸ਼ਨਜ ਪੂਨੇ ਨੇ ਇੱਕ ਨਵਾਂ ਅਧਿਆਏ ਸ਼ਾਮਲ ਕਰਦਿਆਂ ਪੰਜਾਬ ਅਤੇ ਸਿੱਖਾਂ ਪ੍ਰਤੀ ਜ਼ਹਿਰ ਉਗਲਣ ਦਾ ਕਾਰਜ ਅੰਜਾਮ ਵੀ ਦੇ ਦਿੱਤਾ ਹੈ। ਬੋਰਡ ਦੀ 9ਵੀ ਜਮਾਤ ਦੀ ‘ਇਤਿਹਾਸ ਤੇ ਰਾਜਨੀਤੀ’ ਵਿਸ਼ੇ ਦੀ ਮਰਾਠੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਾਪੀ ਕਿਤਾਬ ਅੰਦਰ “ਅਪਰੇਸ਼ਨ ਬਲਿਊ ਸਟਾਰ” ਨੂੰ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਕੰਪਲੈਕਸ ‘ਚ “ਦਹਿਸ਼ਤਗਰਦ” ਬਾਹਰ ਕੱਢਣ ਦੀ ਕਾਰਵਾਈ ਦੱਸਿਆ ਹੈ।

ਮਹਾਂਰਾਸ਼ਟਰ ਦੇ ਇਤਿਹਾਸਕਾਰਾਂ ਅਤੇ ਸਰਕਾਰ ਦੇ “ਗਿਆਨ” ਨੂੰ ਦਰਸਾਉਂਦਿਆਂ ਕਿਤਾਬ ਨੇ ਸਿੱਖਾਂ ਤੇ ਪੰਜਾਬ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਅਕਾਲੀ ਦਲ ਵਲੋਂ 1980 ਵਿੱਚ ਲਾਏ ਮੋਰਚਿਆਂ ਨੂੰ ‘ਦੇਸ਼ਧ੍ਰੋਹੀ’ ਗਤੀਵਿਧੀਆਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਅਕਾਲ ਤਖ਼ਤ ਸਾਹਿਬ ਦੀ ਰਾਖੀ ਲਈ ਜੂਝਣ ਵਾਲੇ ਸਿੱਖਾਂ ਨੂੰ “ਦਹਿਸ਼ਤਗਰਦ” ਦੱਸਦਿਆਂ ਕਿਤਾਬ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਵੱਖਵਾਦੀ ਮਤਾ ਹੀ ਦੱਸਿਆ ਹੈ। ਕਿਤਾਬ ਨੇ ਜੂਨ 1984 ਦੇ ਭਾਰਤੀ ਫੌਜ ਦੇ ਹਮਲੇ ਅਤੇ 1986 ‘ਚ “ਬਲੈਕ ਥੰਡਰ” ਦਾ ਵੀ ਜ਼ਿਕਰ ਕੀਤਾ ਹੈ। ਇੰਦਰਾ ਗਾਂਧੀ ਦੇ ਕਤਲ ਕੀਤੇ ਜਾਣ ਦਾ ਜ਼ਿਕਰ ਹੈ ਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਵਿਕਾਸ ਕਾਰਜਾਂ ਦੇ ਸੋਹਲੇ ਵੀ ਗਾਏ ਹਨ। ਪ੍ਰੰਤੂ ਨਵੰਬਰ 1984 ਵਿੱਚ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਰਕਾਰੀ ਸ਼ਹਿ ਤੇ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਸਿੱਖ ਕਤਲੇਆਮ ਦਾ ਕਿਧਰੇ ਵੀ ਜ਼ਿਕਰ ਨਹੀਂ ਕੀਤਾ ਗਿਆ।

ਸਪੱਸ਼ਟ ਹੈ ਕਿ ਸਿੱਖਾਂ ਤੇ ਪੰਜਾਬ ਪ੍ਰਤੀ ਵਿਦਿਆਰਥੀਆਂ ਦੇ ਮਨਾਂ ਵਿੱਚ ਜ਼ਹਿਰ ਭਰਨ ਦਾ ਕੰਮ ਕੋਈ ਹੋਰ ਨਹੀ ਬਲਕਿ ਮਹਾਂਰਾਸ਼ਟਰ ਸਰਕਾਰ ਦਾ ਸਿੱਖਿਆ ਵਿਭਾਗ ਕਰ ਰਿਹਾ ਹੈ ਤੇ ਉਹ ਵੀ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦਿਆਂ। ਮੁੰਬਈ ਵਿੱਚ ਹੀ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲਾ ਸਭ ਤੋਂ ਅਹਿਮ ਵਿਦਿਅਕ ਅਦਾਰਾ ‘ਗੁਰੂ ਗੋਬਿੰਦ ਸਿੰਘ ਖਾਲਸਾ’ ਮੋਟੁੰਗਾ ਵਿਖੇ ਮੌਜੂਦ ਹੈ ਪਰ ਇਸ ਕਿਤਾਬ ਵੱਲ ਸ਼੍ਰੋਮਣੀ ਕਮੇਟੀ ਦਾ “ਧਿਆਨ” ਹੀ ਨਹੀਂ ਗਿਆ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Vicious Propaganda Against Sikh Struggle in Maharashtra School Curriculum book …

(ਸਿੱਖਾਂ ਬਾਰੇ ਗਲਤ ਜਾਣਕਾਰੀ ਅਤੇ ਭਰਮ ਪੈਦਾ ਕਰਨ ਵਾਲਾ ਪ੍ਰਚਾਰ ਕਰਦੀ ਕਿਤਾਬ ਦੇ ਪੰਨੇ ਸਿੱਖ ਸਿਆਸਤ ਨਿਊਜ਼ ਕੋਲ ਉਪਲੱਭਧ ਹਨ। ਸਿੱਖ ਸਿਆਸਤ ਨਿਊਜ਼ ਨੇ ਫੈਸਲਾ ਕੀਤਾ ਕਿ ਅਜਿਹੀ ਭੜਕਾਊ ਸਮੱਗਰੀ ਨੂੰ ਦੁਬਾਰਾ ਨਹੀਂ ਛਾਪਿਆ ਜਾਣਾ ਚਾਹੀਦਾ: ਸੰਪਾਦਕ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version