ਚੰਡੀਗੜ੍ਹ – ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਐਲਾਨ ਕੀਤਾ ਕਿ ਨਵੰਬਰ 1984 ਸਿੱਖ ਕਤਲੇਆਮ ਤੋ ਲੈ ਕੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੱਕ ਡੁੱਲੇ ਲਹੂ ਦਾ ਹੱਕ ਤੇ ਇਨਸਾਫ ਲੈਣ ਅਤੇ 1984 ਦੀ ਨਸਲਕੁਸ਼ੀ ਤੋ ਬਾਅਦ ਸਿੱਖਾਂ ਵੱਲੋਂ ਲੜੇ ਜਾ ਰਹੇ ਆਜਾਦੀ ਸੰਘਰਸ਼ ਦੀ ਲੋਅ ਨੂੰ ਮੱਘਦਾ ਰੱਖਣ ਲਈ 1 ਨਵੰਬਰ ਨੂੰ ਅੰਮ੍ਰਿਤਸਰ ਵਿਖੇ ‘ਆਜ਼ਾਦੀ ਮਾਰਚ’ ਦੇ ਟਾਈਟਲ ਹੇਠ ਮਾਰਚ ਕੀਤਾ ਜਾਵੇਗਾ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਜਥੇਬੰਦਕ ਸਕੱਤਰ ਰਣਵੀਰ ਸਿੰਘ ਨੇ ਕਿਹਾ ਕਿ ਮਾਰਚ ਤੋ ਪਹਿਲਾਂ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵੀਨਿਊ ਵਿੱਖੇ ਸਮਾਗਮ ਕੀਤਾ ਜਾਵੇਗਾ ਉਪਰੰਤ ਮਾਰਚ ਸ਼ਾਮ 4 ਵਜੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਲਾਰੈਂਸ ਰੋਡ ਚੌਕ ਵਿਖੇ ਸਮਾਪਤ ਹੋਵੇਗਾ।
ਓਹਨਾਂ ਕਿਹਾ ਕਿ ਇਹ ਮਾਰਚ ਨਵੰਬਰ 84 ਮੌਕੇ ਦਿੱਲੀ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਸਰਕਾਰੀ ਸਹਿ ਉੱਤੇ ਕਤਲ ਕੀਤੇ ਗਏ 8 ਹਜ਼ਾਰ ਦੇ ਕਰੀਬ ਨਿਰਦੋਸ਼ ਸਿੱਖ ਮਰਦ-ਔਰਤਾਂ ਤੋ ਲੈ ਕੇ ਹੁਣ ਤੱਕ ਭਾਰਤੀ ਸਟੇਟ ਵਲੋਂ ਗੈਰ-ਨਿਆਇਕ ਢੰਗਾਂ ਨਾਲ ਕਤਲ ਕੀਤੇ ਸਿੱਖਾਂ ਦੀਆ ਯਾਦਾਂ ਨੂੰ ਸਮਰਪਿਤ ਹੋਵੇਗਾ।
ਭਾਰਤੀ ਸਟੇਟ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਬਦਲਵੇਂ ਰੂਪਾਂ ਵਿੱਚ ਜਾਰੀ ਹੈ ਅਤੇ ਇਹ ਮਾਰਚ ਸਿੱਖਾਂ ਦੇ ਕਾਤਲਾਂ ਦੀ ਨਿਸ਼ਾਨਦੇਹੀ ਵੀ ਕਰੇਗਾ ਅਤੇ ਸਾਜਿਸ਼-ਘਾੜਿਆਂ ਨੂੰ ਦੁਨੀਆ ਦੀ ਕਚਹਿਰੀ ਵਿੱਚ ਬੇਨਕਾਬ ਵੀ ਕਰੇਗਾ।
ਉਹਨਾਂ ਕਿਹਾ ਕਿ ਸਿੱਖਾਂ ਦੀ ਅਗਲੀ ਪੀੜ੍ਹੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖਾਂ ਲਈ ਉਦੋਂ ਤੱਕ ਕੋਈ ਇਨਸਾਫ਼ ਨਹੀਂ ਹੋਵੇਗਾ ਜਦੋਂ ਤੱਕ ਉਹ ਭਾਰਤੀ ਜੂਲੇ ਦੀ ਗੁਲਾਮੀ ਤੋਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਜਾਂਦੇ। ਸਿੱਖ ਸਵੈ-ਨਿਰਣੇ ਦੇ ਅਧਿਕਾਰ ਰਾਹੀਂ ਆਜ਼ਾਦੀ ਲਈ ਆਪਣੀ ਲੜਾਈ ਜਾਰੀ ਰੱਖਣ ਲਈ ਵਚਨਬੱਧ ਹਨ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ 1 ਨਵੰਬਰ ਕਿਉਂਕਿ ਪੰਜਾਬ ਦਿਵਸ ਵੀ ਹੈ ਸੋ ਪੰਜਾਬ ਨਾਲ ਜੁੜੇ ਹਰ ਮਸਲੇ ਅਤੇ ਚੁਣੌਤੀ ਖਾਸ ਕਰਕੇ ਪਾਣੀਆਂ ਦੀ ਲੁੱਟ ਨੂੰ ਉਜਾਗਰ ਕੀਤਾ ਜਾਵੇਗਾ ਅਤੇ ਇਹਨਾਂ ਚੁਣੋਤੀਆਂ ਨਾਲ ਨਜਿੱਠਣ ਦਾ ਅਹਿਦ ਵੀ ਲਿਆ ਜਾਵੇਗਾ। ਸਮਾਗਮ ਵਿਚ ਮੌਜੂਦਾ ਪੰਜਾਬ ਦੇ 57 ਸਾਲਾਂ ਦਾ ਲੇਖਾ-ਜੋਖਾ ਕੀਤਾ ਜਾਵੇਗਾ। ਪੰਜਾਬ ਨੂੰ ਇਸਦੀ ਰਾਜਧਾਨੀ, ਦਰਿਆਈ ਪਾਣੀਆਂ, ਬੀਬੀਐਮਬੀ ਅਤੇ ਪੰਜਾਬ ਬੋਲਦੇ ਇਲਾਕਿਆਂ ‘ਤੇ ਉਸ ਦੇ ਜਾਇਜ਼ ਹੱਕਾਂ ਤੋਂ ਸੱਖਣਾ ਰੱਖਿਆ ਗਿਆ ਹੈ।
ਅੱਜਕੱਲ੍ਹ ਹਰ ਸਿਆਸਤਦਾਨ ਸਤਲੁੱਜ ਯਮੁਨਾ ਲਿੰਕ ਨਹਿਰ ਦੀ ਗੱਲ ਕਰ ਰਿਹਾ ਹੈ, ਉਸ ਲਈ ਕੁਰਬਾਨੀ ਦੇਣ ਦੇ ਦਮਗਜੇ ਮਾਰ ਰਿਹਾ ਹੈ ਪਰ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ ਕਿ ਇਹ ਸਾਰੇ ਹੀ ਸਿਆਸਤਦਾਨ ਝੂਠੇ ਤੇ ਫ਼ਰੇਬੀ ਹਨ, ਚਾਹੇ ਕਾਂਗਰਸੀ ਹੋਣ ਜਾਂ ਅਕਾਲੀ ਜਾਂ ਹਿੰਦੂਤਵੀ, ਇਹ ਸਾਰੇ ਹੀ ਪੰਜਾਬ ਦੇ ਪਾਣੀਆਂ ਨੂੰ ਲੁਟਾਉਣ ਲਈ ਜ਼ਿੰਮੇਵਾਰ ਹਨ। ਉਹਨਾ ਕਿਹਾ ਕਿ ਸਾਡੇ ਲਈ ਐਸਵਾਈਐਲ ਦਾ ਮੁੱਦਾ ਸਦਾ ਲਈ ਦਫ਼ਨ ਹੋ ਚੁੱਕਿਆ ਮੁੱਦਾ ਹੈ।
ਸਾਡੇ ਲਈ ਚਿੰਤਾ ਦਾ ਵਿਸ਼ਾ ਐਸਵਾਈਐਲ ਨਹੀਂ ਬਲਕਿ ਪੰਜਾਬ ਦਾ 55 ਫੀਸਦੀ ਤੋ ਵੱਧ ਦਾ ਪਾਣੀ ਹੈ ਜੋ ਗੈਰ-ਰਿਪੇਰੀਅਨ ਰਾਜਾਂ ਨੂੰ ਬਿਨਾਂ ਕਿਸੇ ਰਾਇਲਟੀ ਦੇ ਲਗਾਤਾਰ ਜਬਰੀ ਲੁਟਾਇਆ ਜਾ ਰਿਹਾ ਹੈ। ਸਾਡੇ ਸਾਹਮਣੇ ਚੁਣੌਤੀ ਇਹ ਹੈ ਕਿ ਸਾਡੇ ਕੁਦਰਤੀ ਸਰੋਤਾਂ ਦੀ ਲੁੱਟ ਨੂੰ ਕਿਵੇਂ ਰੋਕਿਆ ਜਾਵੇ। 1 ਨਵੰਬਰ ਦੇ ਸਮਾਗਮ ਦੌਰਾਨ, ਪੰਥਕ ਬੁਲਾਰੇ ਇਸ ਪਹਿਲੂ ‘ਤੇ ਵੀ ਚਰਚਾ ਕਰਨਗੇ ਅਤੇ ਰਣਨੀਤੀ ਤਿਆਰ ਕੀਤੀ ਜਾਵੇਗੀ।q