ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਸਵੈ-ਨਿਰਣੇ ਦਾ ਹੱਕ’ ਅਤੇ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

August 16, 2018 | By

ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾਂ ਤੋਂ ਮੰਗ ਕੀਤੀ ਕਿ ਉਹ ਵੱਡਾ ਦਿੱਲ ਦਿਖਾਉਣ ਅਤੇ ਭਾਰਤ-ਪਾਕਿ ਵੰਡ ਮੌਕੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਕੀਤੇ ਵਾਅਦੇ ਦੀ ਰੌਸ਼ਨੀ ਵਿੱਚ ਸੰਘਰਸ਼ੀਲ ਕੌਮਾਂ ਨੂੰ ‘ਸਵੈ-ਨਿਰਣੇ ਦਾ ਹੱਕ’ ਅਤੇ ‘ਵੱਖ ਹੋਣ ਦਾ ਹੱਕ’ ਦੇਣ। ਜਥੇਬੰਦੀ ਦਾ ਕਹਿਣਾ ਹੈ ਕਿ ਪਿਛਲੇ 71 ਵਰਿਆਂ ਅੰਦਰ ਭਾਰਤੀ ਨਿਜ਼ਾਮ ਨੇ ਜਮਹੂਰੀਅਤ ਦੇ ਬੁਰਕੇ ਹੇਠ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੈ ਅਤੇ ਪੰਜਾਬ ਨਾਲ ਇੱਕ ਬਸਤੀ ਵਾਂਗ ਵਿਹਾਰ ਕੀਤਾ ਜਾਂਦਾ ਹੈ।

ਦਲ ਖਾਲਸਾ ਵਲੋਂ ਬੀਤੇ ਕਲ ਹਮ-ਖਿਆਲੀ ਜਥੇਬੰਦੀਆਂ ਨਾਲ ਮਿਲਕੇ ਸਿੱਖਾਂ ਉਤੇ ਹੋਏ ਜ਼ੁਲਮਾਂ, ਬੇਇੰਸਾਫੀਆਂ ਅਤੇ ਵਧੀਕੀਆਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਮੁਜ਼ਾਹਰੇ ਵਿਚ ਸ਼ਾਮਿਲ ਲੋਕਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਅਤੇ ਵੱਡੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ਉਤੇ ਲਿਖਿਆ ਸੀ ਕਿ 14 ਅਗਸਤ ਨੂੰ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ, 15 ਅਗਸਤ ਨੂੰ ਹਿੰਦੂਆਂ ਨੂੰ ਹਿੰਦੁਸਤਾਨ ਮਿਲਿਆ ਪਰ ਸਿੱਖ, ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਵਿੱਚ ਫਸ ਗਏ।

ਜਥੇਬੰਦੀ ਨੇ ਹਿੰਦੁਸਤਾਨ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਣ ਤੱਕ ਆਜ਼ਾਦੀ ਸੰਘਰਸ਼ ਜਾਰੀ ਰੱਖਣ ਦੀ ਵਚਨਬੱਧਤਾ ਮੁੜ ਦੁਹਰਾਈ। ਜਥੇਬੰਦੀ ਨੇ ਸਪਸ਼ਟ ਕੀਤਾ ਕਿ 15 ਅਗਸਤ, 26 ਜਨਵਰੀ, ਤਿਰੰਗਾ ਸਿੱਖਾਂ ਲਈ ਬੇਗਾਨੇ ਹਨ।

ਮੁਜ਼ਾਹਰੇ ਉਪਰੰਤ ਸੈਂਕੜੇ ਨੌਜਵਾਨਾਂ ਨੇ ਮਾਰਚ ਕੱਢਿਆ ਅਤੇ ਆਜ਼ਾਦੀ ਅਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜੀ ਵੀ ਕੀਤੀ।

ਪਾਰਟੀ ਮੁਖੀ ਹਰਪਾਲ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਸਿੱਖਾਂ ਦਾ ਸੰਘਰਸ਼ ਗੁਲਾਮੀ ਵਿਰੁੱਧ ਹੈ ਨਾ ਕਿ ਕਿਸੇ ਧਰਮ ਜਾਂ ਭਾਰਤ ਵਾਸੀਆਂ ਵਿਰੁੱਧ। ਉਹਨਾਂ ਕਿਹਾ ਕਿ ਸਿੱਖ ਆਪਣੀ ਕਿਸਮਤ ਦੇ ਮਾਲਕ ਆਪ ਬਨਣਾ ਲੋਚਦੇ ਹਨ। ਉਹਨਾਂ ਕਿਹਾ ਕਿ ਭਾਰਤ ਅਤੇ ਸਿੱਖ ਕੌਮ ਵਿਚਾਲੇ ਖਿਚੋਤਾਣ ਦਾ ਪੱਕਾ ਹੱਲ ਪੰਜਾਬ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਅਤੇ ਉਸਨੂੰ ਲਾਗੂ ਕਰਨ ਨਾਲ ਹੀ ਹੋਵੇਗਾ। ਉਹਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਗ-ਜ਼ਾਹਰ ਹੋ ਚੁੱਕੀ ਹੈ ਪਰ ਪੁਲਿਸ ਦਬਾਅ ਹੇਠ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਸ ਉਤੇ ਕਾਰਵਈ ਕਰਨ ਤੋਂ ਘਬਰਾ ਰਹੀ ਹੈ ਕਿਉਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਉਸ ਮੌਕੇ ਦੇ ਡੀਜੀਪੀ ਸੁਮੇਧ ਸੈਣੀ ਦਾ ਨਾਂ ਸਿੱਧੇ ਤੌਰ ਉਤੇ ਸਾਹਮਣੇ ਆਇਆ ਹੈ । ਉਹਨਾਂ ਕਿਹਾ ਕਿ ਸਰਕਾਰ ਦੇ ਰਵਈਏ ਤੋਂ ਇਹ ਗੱਲ ਹੋਰ ਵੀ ਪੁਖਤਾ ਹੁੰਦੀ ਹੈ ਕਿ ਇਸ ਮੁਲਕ ਅੰਦਰ ਦੋਸ਼ੀ ਪੁਲਿਸ ਅਫਸਰਾਂ ਨੂੰ ਕਾਨੂੰਨ ਦੀ ਲਪੇਟ ਵਿੱਚ ਆਉਣ ਤੋਂ ਬਚਾਉਣ ਲਈ ਇਨਸਾਫ ਦਾ ਗਲਾ ਘੁਟ ਦਿੱਤਾ ਜਾਂਦਾ ਹੈ।

ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤ-ਪਾਕਿ ਵੰਡ ਮੌਕੇ ਸਿੱਖਾਂ ਨਾਲ ਧੋਖਾ ਹੋਇਆ ਸੀ ਅਤੇ ਬਾਅਦ ਦੇ ਸਾਲਾਂ ਦੌਰਾਨ ਭਾਰਤੀ ਸਟੇਟ ਵਲੋਂ ਸਿੱਖਾਂ ਨਾਲ ਕੀਤੇ ਵਤੀਰੇ ਅਤੇ ਵਾਪਰੀਆਂ ਘਟਨਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ । ਉਹਨਾਂ ਕਿਹਾ ਕਿ ਦਿੱਲੀ ਦੇ ਹੁਕਮਰਾਨਾਂ ਨੇ ਸਿੱਖ ਸਮੱਸਿਆਵਾਂ ਨੂੰ ਜਾਂ ਤਾਂ ਅਣਗੌਲਿਆ ਕਰੀ ਰਖਿਆ, ਜਾਂ ਇਸ ਨੂੰ ਅਮਨ-ਕਾਨੂੰਨ ਦਾ ਮਸਲਾ ਬਣਾਕੇ ਸਿੱਖਾਂ ਦਾ ਸਰੀਰਕ ਘਾਣ ਕੀਤਾ।

ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 71 ਸਾਲ ਪਹਿਲਾਂ ਆਈ ਆਜ਼ਾਦੀ ਕੇਵਲ ਹਿੰਦੁਸਤਾਨੀਆਂ ਨੂੰ ਨਸੀਬ ਹੋਈ ਹੈ ਪਰ ਅਫਸੋਸ ਕਿ ਪੰਜਾਬ ਦੇ ਲੋਕਾਂ ਦੀ ਝੋਲੀ ਆਜ਼ਾਦੀ ਦੀ ਥਾਂ ਗੁਲਾਮੀ ਹੀ ਪਈ ਹੈ। ਉਹਨਾਂ ਕਿਹਾ ਕਿ ਹਿੰਦੁਸਤਾਨ ਨੇ ਸਿੱਖਾਂ ਨਾਲ ਦੁਰਵਿਹਾਰ ਕੀਤਾ, ਇਨਸਾਫ ਅਤੇ ਹੱਕਾਂ ਤੋਂ ਵਾਂਝਿਆ ਰੱਖਿਆ ਅਤੇ ਪੰਜਾਬ ਦੇ ਪਾਣੀਆਂ ਉਤੇ ਡਾਕਾ ਮਾਰਿਆ ।

ਅੱਜ ਦੇ ਮੁਜ਼ਾਹਰੇ ਵਿੱਚ ਸ਼੍ਰੋ ਅਕਾਲੀ ਦਲ (ਅ), ਸਤਿਕਾਰ ਕਮੇਟੀ ਦਮਦਮੀ ਟਕਸਾਲ, ਦਸ਼ਮੇਸ਼ ਗੁਰਮਤਿ ਪ੍ਰਚਾਰ ਲਹਿਰ ਫਤਹਿਗੜ ਪੰਜਤੂਰ ਗੁਰਭੇਜ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਨਿਹੰਗ ਸਿੰਘ ਤਰਨਾ ਦਲ, ਸਤਿਕਾਰ ਕਮੇਟੀ ਧੱਲੇਕੇ, ਸੁਖਵਿੰਦਰ ਸਿੰਘ ਆਜ਼ਾਦ ਨੇ ਵੀ ਹਿੱਸਾ ਲਿਆ।
ਇਸ ਰੋਸ ਮੁਜ਼ਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਬਾਬਾ ਹਰਦੀਪ ਸਿੰਘ ਮਹਿਰਾਜ, ਸੁਰਜੀਤ ਸਿੰਘ ਖਾਲਿਸਤਾਨੀ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ , ਜਸਵੀਰ ਸਿੰਘ ਖੰਡੂਰ, ਬਲਦੇਵ ਸਿੰਘ ਸਿਰਸਾ, ਰਣਬੀਰ ਸਿੰਘ, ਜਿਲਾ ਪ੍ਰਧਾਨ ਜਗਜੀਤ ਸਿੰਘ ਖੋਸਾ, ਅਕਾਲੀ ਦਲ (ਅ) ਵਲੋਂ ਜਥੇ ਬਲਰਾਜ ਸਿੰਘ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਅਵਤਾਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਹਿਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,