ਵਿਦੇਸ਼ » ਸਿਆਸੀ ਖਬਰਾਂ

ਥਾਈਲੈਂਡ ਤੋਂ ਪਰਤੇ ਦਲ ਖਾਲਸਾ ਪ੍ਰਧਾਨ ਹਰਪਾਲ ਸਿੰਘ ਚੀਮਾ ਦਾ ਦਿੱਲੀ ਹਵਾਈ ਅੱਡੇ ‘ਤੇ ਪਾਸਪੋਰਟ ਜ਼ਬਤ

December 1, 2017 | By

ਅੰਮ੍ਰਿਤਸਰ: ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੂੰ ਦਿੱਲੀ ਹਵਾਈ ਅੱਡੇ ‘ਤੇ ਰੋਕ ਕੇ ਉਹਨਾਂ ਦਾ ਪਾਸਪੋਰਟ ਜਬਤ ਕਰ ਲਿਆ ਗਿਆ ਹੈ। ਉਹ ਯੂ.ਐਨ.ਓ ਵਲੋਂ 29 ਤੇ 30 ਨਵੰਬਰ ਨੂੰ ਥਾਈਲੈਂਡ ਵਿਖੇ ਸਾਊਥ ਏਸ਼ੀਆ ਵਿੱਚ ਨਸਲਕੁਸ਼ੀ ਦੀ ਰੋਕਥਾਮ ਵਿੱਚ ਧਾਰਮਿਕ ਆਗੂਆਂ ਦਾ ਰੋਲ ਵਿਸ਼ੇ ‘ਤੇ ਕਰਵਾਏ ਗਏ ਸਮਾਗਮ ਵਿੱਚ ਹਿੱਸਾ ਲੈ ਕੇ ਪਰਤ ਰਹੇ ਸਨ। ਇਹ ਸਮਾਗਮ ਸੰਯੁਕਤ ਰਾਸ਼ਟਰ ਵਲੋਂ ਕਰਵਾਇਆ ਗਿਆ ਸੀ ਜਿਸ ਵਿੱਚ ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਭਾਰਤ ਤੋਂ ਮਾਹਿਰਾਂ ਨੂੰ ਵਿਚਾਰ-ਵਟਾਂਦਰੇ ਲਈ ਸੱਦਿਆ ਗਿਆ ਸੀ। ਇਸ ਵਿੱਚ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀ ਯੂ.ਕੇ. ਅਤੇ ਯੂਰਪ ਤੋਂ ਉਚੇਚੇ ਤੌਰ ‘ਤੇ ਹਿੱਸਾ ਲੈਣ ਪੁਹੰਚੇ ਸਨ।

ਸਾਊਥ ਏਸ਼ੀਆ ਵਿੱਚ ਨਸਲਕੁਸ਼ੀ ਦੀ ਰੋਕਥਾਮ ਵਿੱਚ ਧਾਰਮਿਕ ਆਗੂਆਂ ਦਾ ਰੋਲ ਵਿਸ਼ੇ ‘ਤੇ ਕਰਵਾਏ ਗਏ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਆਗੂ

ਦਲ ਖਾਲਸਾ ਨੇ ਭਾਰਤ ਸਰਕਾਰ ਦੇ ਇਸ ਕਦਮ ਨੂੰ ਮੰਦਭਾਗਾ ਦੱਸਦਿਆਂ ਕਿਹਾ ਹੈ ਕਿ ਇਹ ਮਨੁੱਖੀ ਆਜ਼ਾਦੀ ਅਤੇ ਬੁਨਿਆਦੀ ਹੱਕਾਂ ‘ਤੇ ਡਾਕਾ ਹੈ ਅਤੇ ਉਹਨਾਂ ਦੇ ਆਗੂ ਦੀ ਆਵਾਜ਼ ਨੂੰ ਦਬਾਉਣ ਦੀ ਚਾਲ ਹੈ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅੱਜ (1 ਦਸੰਬਰ, 2017) ਜਦੋਂ ਦੁਪਹਿਰ 1 ਵਜੇ ਦੇ ਕਰੀਬ ਹਰਪਾਲ ਸਿੰਘ ਚੀਮਾ ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੇ ਤਾਂ ਇਮੀਗਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਭਾਰਤ ਸਰਕਾਰ ਵਲੋਂ ਉਹਨਾਂ ਦਾ ਪਾਸਪੋਰਟ ਜ਼ਬਤ ਕਰਨ ਬਾਰੇ ਮਿਲੇ ਹੁਕਮਾਂ ਸਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ। ਹਰਪਾਲ ਸਿੰਘ ਚੀਮਾ ਨੇ ਪਾਸਪੋਰਟ ਜ਼ਬਤ ਕਰਨ ਦੇ ਕਾਰਨਾਂ ਬਾਰੇ ਜਦ ਪੁੱਛਿਆ ਤਾਂ ਅਧਿਕਾਰੀਆਂ ਨੇ ਉਹਨਾਂ ਨੂੰ ਪਾਸਪੋਰਟ ਦਫਤਰ ਨਾਲ ਇਸ ਸਬੰਧੀ ਸੰਪਰਕ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਨੇ ਪਾਸਪੋਰਟ ਆਪਣੇ ਕੋਲ ਰੱਖ ਲਿਆ ਹੈ ਅਤੇ ਪਾਰਟੀ ਪ੍ਰਧਾਨ ਨੂੰ 2 ਘੰਟੇ ਬਿਠਾਉਣ ਤੋਂ ਬਾਅਦ ਜਾਣ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,