ਲੜੀਵਾਰ ਕਿਤਾਬਾਂ » ਸਿੱਖ ਖਬਰਾਂ

“ਕੌਰਨਾਮਾ” ਖਾੜਕੂ ਸੰਘਰਸ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ (ਪੁਸਤਕ ਪੜਚੋਲ)

May 8, 2024 | By

ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

ਗੁਰੂ ਸਾਹਿਬਾਨਾਂ ਵੱਲੋਂ ਬਖਸ਼ੇ ਹੋਏ ਸ਼ਬਦ “ਸਿੱਖ, ਸੰਗਤ, ਸ਼ਹੀਦ ਅਤੇ ਖ਼ਾਲਸਾ, ਇਹਨਾਂ ਸ਼ਬਦਾਂ ਦਾ ਕੋਈ ਵੀ ਲਿੰਗ ਜਾਂ ਪੁਲਿੰਗ ਨਹੀਂ ਹੈ। ਇਹ ਸ਼ਬਦ ਦੋਨਾਂ ਔਰਤ ਅਤੇ ਮਰਦ ਲਈ ਸਾਂਝੇ ਤੌਰ ਤੇ ਵਰਤੇ ਜਾਂਦੇ ਹਨ। ਇਹਨਾਂ ਸ਼ਬਦਾਂ ਰਾਹੀਂ ਗੁਰੂ ਮਹਾਰਾਜ ਵੱਲੋਂ ਦਿੱਤਾ ਬਰਾਬਰਤਾ ਦਾ ਇੱਕ ਸਿਰਮੌਰ ਦਰਜਾ ਸਿੱਧ ਹੁੰਦਾ ਹੈ। ਸਮੇਂ ਸਮੇਂ ਇਨਾ ਸ਼ਬਦਾਂ ਦੇ ਰੂਪਾਂ ਦੇ ਵਿੱਚ ਵਿਚਰਦੇ ਹੋਏ ਅਨੇਕਾਂ ਸਿੰਘਾਂ ਅਤੇ ਸਿੰਘਣੀਆਂ ਨੇ ਤਨ, ਮਨ ਅਤੇ ਧਨ, ਗੁਰੂ ਤੋਂ ਨਿਛਾਵਰ ਕੀਤਾ। ਖਾੜਕੂ ਸੰਘਰਸ਼ ਦੌਰਾਨ ਵਾਪਰੇ ਅਨੇਕਾਂ ਦੁਖਾਂਤ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਜਦੋਂ ਲੋੜ ਪਈ ਤਾਂ ਸਿੰਘਾਂ ਦੇ ਬਰਾਬਰ ਸਿੰਘਣੀਆਂ ਨੇ ਵੀ ਵੱਧ ਚੜ ਕੇ ਕੌਮ ਲਈ ਕੁਰਬਾਨੀਆਂ ਕੀਤੀਆਂ ਅਤੇ ਆਪਣਾ ਜੀਵਨ ਗੁਰ ਸਿਧਾਂਤਾਂ ਤੋਂ ਨਿਸ਼ਾਵਰ ਕੀਤਾ। ਭਾਈ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਗਈ ਕਿਤਾਬ “ਕੌਰਨਾਮਾ” ਵਿੱਚ ਸਾਨੂੰ ਅਨੇਕਾਂ ਅਜਿਹੀਆਂ ਸਿੰਘਣੀਆਂ ਦੇ ਬਾਰੇ ਪੜ੍ਹਨ ਅਤੇ ਜਾਨਣ ਦਾ ਮੌਕਾ ਮਿਲਦਾ ਹੈ, ਜਿਨਾਂ ਦੇ ਮਹਾਨ ਕਾਰਜਾਂ ਦੀ ਰੌਸ਼ਨੀ ਸਮੇਂ ਦੀ ਧੂੜ ਦੇ ਵਿੱਚ ਕਿਤੇ ਸਾਡੇ ਅਣਗੌਲੇਪਣ ਦੇ ਕਾਰਨ ਦੱਬੀ ਹੋਈ ਸੀ। ਭਾਈ ਬਲਜਿੰਦਰ ਸਿੰਘ ਕੋਟਭਾਰਾ ਦਾ ਇਹ ਕਾਰਜ, ਉਨਾਂ ਮਹਾਨ ਸ਼ਹੀਦ ਸਿੰਘਣੀਆਂ ਦੇ ਕਾਰਜਾਂ ਦੀ ਰੌਸ਼ਨੀ ਨੂੰ ਸਾਡੇ ਸਾਹਮਣੇ ਲਿਆਉਣ ਲਈ ਇੱਕ ਵਡਮੁੱਲਾ ਅਤੇ ਸਲਾਹਣਾਯੋਗ ਕਦਮ ਹੈ।

ਗੁਰਪਾਲ ਸਿੰਘ ਕਾਮ

ਇਸ ਕਿਤਾਬ ਨੂੰ ਪੜਦਿਆਂ ਇਹ ਗੱਲਾਂ ਸਾਫ ਹੋ ਜਾਂਦੀਆਂ ਹਨ ਕਿ ਕਿਵੇਂ ਉਸ ਸਮੇਂ ਹਕੂਮਤੀ ਦਹਿਸ਼ਤਗਰਦੀ ਨੇ ਸਾਡੀਆਂ ਹਜ਼ਾਰਾਂ ਭੈਣਾਂ, ਮਾਵਾਂ, ਧੀਆਂ ਨੂੰ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਅਤੇ ਕਿਸ ਤਰ੍ਹਾਂ ਉਹਨਾਂ ਦੀ ਆਮ ਲੋਕਾਂ ਦੀ ਨਜ਼ਰਾਂ ਦੇ ਵਿੱਚ ਕਿਰਦਾਰ ਕੁਸ਼ੀ ਕਰਕੇ, ਉਹਨਾਂ ਨੂੰ ਇੱਕ ਘਿਰਣਾ ਯੋਗ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ ਤੇ ਸਾਡੀ ਨਲਾਇਕੀ ਵੇਖੋ ਕਿ ਅਸੀ ਓਸ ਝੂਠ ਨੂੰ ਨਾ ਸਿਰਫ ਆਪ ਸਚ ਮੰਨਿਆਂ, ਬਲਕਿ ਆਪਣੀ ਅਗਲੀ ਪੀੜੀ ਨੂੰ ਵੀ ਓਹੀ ਝੂਠ ਸੱਚ ਬਣਾ ਕੇ ਸੁਣਾਉਂਦੇ ਰਹੇ। ਮਿਸਾਲ ਵਜੋਂ ਇਸ ਵਿੱਚ ਇੱਕ ਰਣਬੀਰ ਕੌਰ, ਉਸ ਦੀ ਭੈਣ ਬਲਵਿੰਦਰ ਕੌਰ ਅਤੇ ਉਸਦੀ ਮਾਤਾ ਦੀ ਸ਼ਹੀਦੀ ਦਾ ਜ਼ਿਕਰ ਆਉਂਦਾ ਹੈ। ਰਣਬੀਰ ਕੌਰ ਉਰਫ ਰਾਣੀ ਦਾ ਪਿੰਡ ਤੁੜ, ਨੇੜੇ ਤਰਨ ਤਾਰਨ ਸਾਹਿਬ ਹੈ। ਉਸ ਪਿੰਡ ਵਿੱਚ ਜਦੋਂ ਰਣਬੀਰ ਕੌਰ ਉਰਫ ਰਾਣੀ ਦੀ ਕਹਾਣੀ ਲਿਖਣ ਵਾਸਤੇ ਗਏ ਸਾਂ ਤਾਂ ਅੱਜ ਵੀ ਉਸ ਪਿੰਡ ਦੇ ਵਸਨੀਕਾਂ ਦੇ ਜਿਹਨ ਵਿੱਚ ਰਣਬੀਰ ਕੌਰ ਦੇ ਪ੍ਰਤੀ ਇੱਕ ਵੱਖਰੀ ਹੀ ਸੋਚ ਜਾਂ ਕਿਰਦਾਰ ਉਕਰਿਆ ਹੋਇਆ ਸੀ। ਉਹਨਾਂ ਦੀ ਨਜ਼ਰ ਦੇ ਵਿੱਚ ਉਹ ਆਚਰਣ ਪੱਖੋਂ, ਵਿਵਹਾਰ ਪੱਖੋਂ ਇੱਕ ਬਹੁਤ ਥੱਲੇ ਦਰਜੇ ਦੀ ਔਰਤ ਸੀ, ਜੋ ਕਿ ਵੱਖੋ ਵੱਖਰੀਆਂ ਖਾੜਕੂ ਧਿਰਾਂ ਦੇ ਵਿੱਚ ਪਾੜਾ ਪਾਉਣ ਅਤੇ ਉਪਰੰਤ ਉਹਨਾਂ ਧਿਰਾਂ ਦਾ ਆਪਸੀ ਟਕਰਾ ਦਾ ਇੱਕ ਕਾਰਨ ਬਣਦੀ ਹੈ। ਇੱਥੋਂ ਤਕ ਕਿ ਉਸਦੀ ਮੌਤ ਵੀ ਦੋ ਖਾੜਕੂ ਧਿਰਾਂ ‘ਚ ਚਲੀ ਆਪਸੀ ਗੋਲਾ ਬਾਰੀ ਕਾਰਨ ਹੋਈ ਸੀ ਨਾ ਕਿ ਪੁਲਿਸ ਵਲੋਂ ਤਸੀਹੇ ਦੇ ਕੇ, ਜੋ ਕਿ ਉਸਦੇ ਕਿਰਦਾਰਕੁਸ਼ੀ ਦੀ ਸਿਖਰ ਸੀ। ਪਰ ਜਦ ਇਸ ਦੀਆਂ ਪਰਤਾਂ ਖੁੱਲੀਆਂ ਅਤੇ ਉਸ ਦੇ ਕਾਰਨਾਮੇ, ਉਸ ਦੇ ਕੌਮ ਪ੍ਰਤੀ ਸਮਰਪਣ ਅਤੇ ਉਸ ਵਲੋਂ ਅਤ ਦਰਜੇ ਦੇ ਤਸੀਹੇ ਸਹਿ ਕੇ ਸ਼ਹੀਦ ਹੋਣ ਦੇ ਬਾਰੇ ਜਾਣਿਆ ਤਾਂ ਦੁਖ ਵੀ ਹੋਇਆ ਅਤੇ ਗੁਸਾ ਵੀ, ਕਿ ਕਿਵੇਂ ਸਾਡੇ ਅਣਗੌਲੇਪਨ ਦੇ ਕਾਰਨ ਰਣਬੀਰ ਕੌਰ ਵਰਗੀਆਂ ਅਨੇਕਾਂ ਹੋਰ ਭੈਣਾਂ ਦੇ ਚਰਿਤਰਾਂ ਦਾ, ਆਚਰਨਾਂ ਦਾ, ਸ਼ਖਸੀਅਤਾਂ ਦਾ ਗਲਤ ਰੂਪ ਪੇਸ਼ ਕੀਤਾ ਗਿਆ। ਉਹਨਾਂ ਦੇ ਹਕੀਕੀ ਪੱਖ ਨੂੰ ਅਣਗੌਲਿਆਂ ਕਰਕੇ, ਮੌਕੇ ਦੀ ਹਕੂਮਤ ਜਾਂ ਉਸ ਸਮੇਂ ਦੀ ਜ਼ਾਲਮ ਅਤੇ ਵਹਿਸ਼ੀ ਪੁਲਸ ਕਰਮੀਆਂ ਵੱਲੋਂ ਹੋਰਨਾ ਧੀਆਂ, ਭੈਣਾਂ, ਮਾਵਾਂ, ਜੋ ਕੌਮ ਪ੍ਰਤੀ ਦਰਦ ਰੱਖਦੀਆਂ ਸਨ ਅਤੇ ਲਹਿਰ ਨੂੰ ਸਮਰਥਨ ਕਰਦੀਆਂ ਸਨ, ਨੂੰ ਰਣਬੀਰ ਕੌਰ ਵਰਗੀਆਂ ਮਿਸਾਲਾਂ ਵਿਖਾ ਕੇ, ਉਹਨਾਂ ਨੂੰ ਲਹਿਰ ਤੋਂ ਪਿੱਛੇ ਕੀਤਾ ਗਿਆ, ਜਿਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ। ਪਰ ਇਹ ਕਿਤਾਬ ਪੜ੍ਦਿਆਂ ਇਹ ਸਾਫ ਹੋ ਜਾਂਦਾ ਹੈ ਕਿ ਅੱਜ ਜੋ ਸਾਨੂੰ ਪੇਸ਼ ਕੀਤਾ ਗਿਆ ਹੈ, ਉਸ ਦਾ ਅਸਲ ਰੁਪ ਉਸ ਤੋਂ ਕਿਤੇ ਵੱਖਰਾ ਹੈ। ਜੋ ਸਾਨੂੰ ਸਮਝਣਾ, ਪੜਨਾ ਤੇ ਵਿਚਾਰਨਾ ਜਰੂਰੀ ਹੈ। ਜੇ ਅੱਜ ਅਸੀਂ ਇਸਨੂੰ ਪੜਿਆ, ਸਮਝਿਆ ਤੇ ਵਿਚਾਰਿਆ ਨਾ ਤੇ ਕੱਲ ਨੂੰ ਆਉਣ ਵਾਲੀ ਪੀੜੀ ਨੂੰ ਅਸੀਂ ਇਹ ਕਦੀ ਵੀ ਸਪਸ਼ਟ ਨਹੀਂ ਕਰ ਪਾਵਾਂਗੇ ਕਿ ਅਸੀਂ ਉਹ ਸੰਘਰਸ਼ ਕਿਉਂ ਲੜਿਆ, ਕਿਵੇਂ ਲੜਿਆ ਤੇ ਉਸਦੇ ਵਿੱਚ ਅਸੀਂ ਕੀ ਕੀ ਗਵਾਇਆ ਤੇ ਕੀ ਪਾਇਆ। ਅਸੀਂ ਕਦੀ ਵੀ ਇਹ ਸਾਬਤ ਨਹੀਂ ਕਰ ਪਾਵਾਂਗੇ ਵੀ ਉਸ ਸਮੇਂ ਦੌਰਾਨ ਜੋ ਸਾਡੇ ਉੱਤੇ ਬੀਤਿਆ, ਜੋ ਸਾਡੇ ਨਾਲ ਵਾਪਰਿਆ, ਜੋ ਅਸੀਂ ਹੰਡਾਇਆ, ਉਸ ਦੇ ਅਸੀਂ ਖੁਦ ਜਿੰਮੇਵਾਰ ਨਹੀਂ ਸਾਂ। ਵਿੱਚ ਕਈ ਹੋਰ ਮਹਾਨ ਕਿਰਦਾਰ ਵੀ ਹਨ, ਜਿਨਾਂ ਵਿੱਚ ਗ੍ਰਹਸਤੀ ਜੀਵਨ ਵਿੱਚ ਵਿਚਰਦਿਆਂ, ਇਕੱਠੇ ਰਹਿੰਦਿਆਂ, ਖਾੜਕੂ ਲਹਿਰ ਦੌਰਾਨ ਅਨੇਕਾਂ ਕਾਰਵਾਈਆਂ ਪਾਈਆਂ ਅਤੇ ਅਖੀਰ ਸ਼ਹਾਦਤਾਂ ਵੀ ਇਕੱਠਿਆਂ ਹੀ ਦਿੱਤੀਆਂ। ਪੜਦਿਆਂ ਇਹ ਦੇਖਣ ਨੂੰ ਮਿਲਦਾ ਹੈ ਵੀ ਜਦੋਂ ਖਾੜਕੂ ਸਿੰਘ ਦੀ ਸ਼ਹਾਦਤ ਜਾਂ ਮੁਕਾਬਲਾ ਬਣਾ ਦਿੱਤਾ ਜਾਂਦਾ ਸੀ ਤਾਂ ਅਕਸਰ ਉਹਨਾਂ ਦੀ ਸਿੰਘਣੀਆਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਤੁਸੀਂ ਇਹ ਮੰਨ ਲਓ ਵੀ ਤੁਹਾਨੂੰ ਧੱਕੇ ਦੇ ਨਾਲ ਇਹਨਾਂ ਨੇ ਆਪਣੇ ਨਾਲ ਰੱਖਿਆ ਸੀ ਅਤੇ ਤੁਹਾਨੂੰ ਚੰਗਾ ਜੀਵਨ, ਚੰਗਾ ਰਹਿਣ ਸਹਿਣ ਆਦਿ ਦਿੱਤਾ ਜਾਵੇਗਾ। ਬਸ ਇਹ ਮੰਨ ਲਓ ਕਿ ਤੁਹਾਡੇ ਨਾਲ ਹੁਣ ਤੱਕ ਜੋ ਵੀ ਹੋਇਆ, ਜੋਰ ਜ਼ਬਰਦਸਤੀ ਹੋਇਆ। ਪਰ ਧਨ ਨੇ ਉਹ ਸਿਦਕੀ ਭੈਣਾਂ, ਜਿਨਾਂ ਨੇ ਆਪਣਾ ਸਿਦਕ ਨਹੀਂ ਡੁਲਾਇਆ ਤੇ ਆਪਣੇ ਜੀਵਨ ਸਾਥੀ ਦੇ ਨਾਲ ਹੀ ਆਪਣੀਆਂ ਵੀ ਸ਼ਹਾਦਤਾਂ ਦੇ ਦਿੱਤੀਆਂ ਤੇ ਜਰਵਾਣੇ ਦੀ ਅਧੀਨਗੀ ਪ੍ਰਵਾਣ ਨਹੀਂ ਕੀਤੀ।

ਇਹ ਖੋਜ, ਇਹ ਇਤਿਹਾਸਿਕ ਤੱਥ, ਇਹ ਇਤਿਹਾਸਿਕ ਪੜਚੋਲ ਜਾ ਇਹ ਜੋ ਇਤਿਹਾਸਿਕ ਖਜ਼ਾਨਾ ਹੈ, ਇਸਦਾ ਕਾਰਜ਼ ਇਥੇ ਹੀ ਨਹੀਂ ਰੁਕਣਾ ਚਾਹੀਦਾ। ਇਹ ਤਾਂ ਇੱਕ ਸ਼ੁਰੂਆਤ ਕਹੀ ਜਾ ਸਕਦੀ ਹੈ। ਇਸ ਨੂੰ ਖੋਜਣਾ, ਇਕੱਠਾ ਕਰਨਾ ਇੱਕ ਵੱਡਾ ਕਾਰਜ ਅਜੇ ਬਾਕੀ ਹੈ। ਵਾਹਿਗੁਰੂ ਅੱਗੇ ਅਰਦਾਸ ਹੈ ਭਾਈ ਬਲਜਿੰਦਰ ਸਿੰਘ ਕੋਟਭਾਰਾ ਨੂੰ ਵਾਹਿਗੁਰੂ ਸਮਤ, ਹਿੰਮਤ, ਸਿਦਕ, ਭਰੋਸਾ ਬਖਸ਼ਣ ਤਾਂ ਜੋ ਅੱਗੇ ਹੋ ਕੇ, ਵੱਧ ਚੜ ਕੇ, ਉਹ ਬਾਕੀ ਰਹਿੰਦਾ ਕਾਰਜ ਵੀ ਪੂਰਾ ਕਰਨ। ਵਾਹਿਗੁਰੂ ਭਲੀ ਕਰੇ।

ਗੁਰਪਾਲ ਸਿੰਘ ਕਾਮ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,