ਆਮ ਖਬਰਾਂ » ਸਿਆਸੀ ਖਬਰਾਂ

ਬਾਬਰੀ ਮਸਜਿਸ ਕੇਸ: ਅਡਵਾਨੀ, ਜੋਸ਼ੀ ਤੇ ਉਮਾ ਸਣੇ 12 ਖ਼ਿਲਾਫ਼ ਦੋਸ਼ ਆਇਦ, ਸਾਰਿਆਂ ਨੂੰ ਮਿਲੀ ਜ਼ਮਾਨਤ

May 31, 2017 | By

ਲਖਨਊ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਭਾਜਪਾ ਦੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਖ਼ਿਲਾਫ਼ 1992 ਵਿੱਚ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ ਸਾਜਿਸ਼ ਘੜਨ ਦੇ ਦੋਸ਼ ਆਇਦ ਕੀਤੇ ਹਨ। ਇਸਦੇ ਨਾਲ ਹੀ ਅਦਾਲਤ ਨੇ ਇਨ੍ਹਾਂ ਤਿੰਨਾਂ ਸਮੇਤ ਛੇ ਆਗੂਆਂ ਨੂੰ 50-50 ਹਜ਼ਾਰ ਦੇ ਨਿੱਜੀ ਮੁਚੱਲਕਿਆਂ ’ਤੇ ਜ਼ਮਾਨਤ ਦੇ ਦਿੱਤੀ।

ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ

ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ

ਇਸ ਤੋਂ ਪਹਿਲਾਂ ਅਦਾਲਤ ਨੇ ਇਨ੍ਹਾਂ ਦੀ ਡਿਸਚਾਰਜ ਅਰਜ਼ੀ ਖਾਰਜ ਕੀਤੀ ਅਤੇ ਮਗਰੋਂ ਉਪਰੋਕਤ ਆਗੂਆਂ ਤੋਂ ਇਲਾਵਾ ਤਿੰਨ ਹੋਰਨਾਂ ਖ਼ਿਲਾਫ਼ ਧਾਰਾ 120 (ਬੀ) ਤਹਿਤ ਦੋਸ਼ ਆਇਦ ਕੀਤੇ। ਹੋਰਨਾਂ ਤਿੰਨ ਆਗੂਆਂ ਵਿੱਚ ਵਿਨੈ ਕਟਿਯਾਰ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਹਰੀ ਡਾਲਮੀਆ ਅਤੇ ਸਾਧਵੀ ਰਿਤੰਭਰਾ ਸ਼ਾਮਲ ਹਨ। ਇਨ੍ਹਾਂ ਨੇ ਆਪਣੇ ਖ਼ਿਲਾਫ਼ ਦੋਸ਼ ਆਇਦ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਿਵਾਦਤ ਢਾਂਚਾ ਢਾਹੇ ਜਾਣ ਵਿੱਚ ਕੋਈ ਭੂਮਿਕਾ ਨਹੀਂ ਸੀ। ਉਹ ਤਾਂ ਅਜਿਹਾ ਕਰਨ ਵਾਲਿਆਂ ਨੂੰ ਰੋਕ ਰਹੇ ਸੀ ਪਰ ਜੱਜ ਨੇ ਉਨ੍ਹਾਂ ਦੀ ਦਲੀਲ ਨਾ ਮੰਨਦਿਆਂ ਡਿਸਚਾਰਜ ਪਟੀਸ਼ਨ ਰੱਦ ਕਰ ਦਿੱਤੀ।

ਬਾਬਰੀ ਮਸਜਿਦ ਤੋੜਦੇ ਹੋਏ ਹਿੰਦੂ ਜਥੇਬੰਦੀਆਂ ਦੇ ਕਾਰਕੁੰਨ (ਫਾਈਲ ਫੋਟੋ)

ਬਾਬਰੀ ਮਸਜਿਦ ਤੋੜਦੇ ਹੋਏ ਹਿੰਦੂ ਜਥੇਬੰਦੀਆਂ ਦੇ ਕਾਰਕੁੰਨ (ਫਾਈਲ ਫੋਟੋ)

ਜ਼ਿਕਰਯੋਗ ਹੈ ਕਿ ਅਦਾਲਤ 16ਵੀਂ ਸਦੀ ਦੀ ਮਸਜਿਦ ਢਾਹੁਣ ਸਬੰਧੀ ਦੋ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ। ਦੂਜੇ ਮਾਮਲੇ ਦੇ ਦੋਸ਼ੀਆਂ ਵਿੱਚ ਰਾਮਵਿਲਾਸ ਵੇਦਾਂਤੀ, ਬੈਕੁੰਠ ਲਾਲ ਸ਼ਰਮਾ, ਚੰਪਤ ਰਾਇ ਬੰਸ, ਮਹੰਤ ਨਿਤਿਆ ਗੋਪਾਲ ਦਾਸ, ਧਰਮ ਦਾਸ ਅਤੇ ਸਤੀਸ਼ ਪ੍ਰਧਾਨ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਵੀ ਸਾਜਿਸ਼ ਘੜਨ, ਫਿਰਕਿਆਂ ਵਿੱਚ ਧਰਮ ਤੇ ਨਸਲ ਦੇ ਅਧਾਰ ’ਤੇ ਦੁਸ਼ਮਣੀ ਪੈਦਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਦੇ ਨਾਲ ਹੀ ਵੇਦਾਂਤੀ ਤੇ ਪੰਜ ਹੋਰਨਾਂ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ, ਗੈਰ ਕਾਨੂੰਨੀ ਇਕੱਠ ਕਰਨ ਅਤੇ ਲੋਕਾਂ ਨੂੰ ਭੜਕਾਉਣ ਦੀਆਂ ਧਾਰਾਵਾਂ ਹੇਠ ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਬਾਅਦ ਅਦਾਲਤ ਨੇ ਕਾਰਵਾਈ ਬੁੱਧਵਾਰ (ਅੱਜ) ਤਕ ਲਈ ਮੁਲਤਵੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਲਾਲ ਕਿ੍ਸ਼ਨ ਅਡਵਾਨੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਆਨਾਥ ਨਾਲ ਮੁਲਾਕਾਤ ਕੀਤੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Babri Demolition: L.K Advani, Uma Bharti Along With Other Pro-Hindutva Leaders Granted Bail …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,