ਚੋਣਵੀਆਂ ਲਿਖਤਾਂ » ਲੇਖ » ਸਾਹਿਤਕ ਕੋਨਾ » ਸਿੱਖ ਖਬਰਾਂ

“ਸ਼ਬਦ ਜੰਗ” ਬਾਰੇ … (ਕਿਤਾਬ ਪੜਚੋਲ)

April 16, 2024 | By

ਤਨ ਵੀਰ

ਬਹੁਤ ਪਹਿਲਾਂ, ਜੇਤੂ ਗੋਰੇ ਨੇ ਕਿਹਾ- ‘ਗੋਰਾ ਰੰਗ ਖੂਬਸੂਰਤੀ ਦੀ ਨਿਸ਼ਾਨੀ ਹੈ, ਕਾਲਾ ਬਦਸੂਰਤੀ ਦੀ।’ ਲੋਕ ਅੱਜ ਇਸ ਨੂੰ ਕੁਦਰਤੀ ਸੱਚ ਮੰਨਦੇ ਨੇ। ਤੇ ਇਸੇ ‘ਨਿਖੇਧ ਜੰਗ’ ਦਾ ਮਾਰਿਆ, ਮਾਈਕਲ ਜੈਕਸਨ ਸਾਰੀ ਉਮਰ ਗੋਰਾ ਹੋਣ ਲਈ, ਪਲਾਸਟਿਕ ਸਰਜਰੀਆਂ ਕਰਾਉਂਦਾ ਮਰ ਗਿਆ।

ਸਦੀਆਂ ਪਹਿਲਾਂ, ਇੱਕ ਕਬੀਲਾ ਖੁਦ ਨੂੰ ਰਖਸ਼ਕ (ਰਖਵਾਲੇ) ਮੰਨਦਾ, ਨਰ ਬਲੀ ਦੇ ਵਿਰੁਧ ਸੀ। ਦੂਜਾ ਕਬੀਲਾ ਜਦ ਬਲੀ ਦੇਣ ਲੱਗਦਾ, ਰਖਸ਼ਕ ਹਮਲਾ ਕਰ ਦਿੰਦੇ। ਕਿਸੇ ਲੜਾਈ ਚ ਰਖਸ਼ਕ ਹਾਰ ਗਏ। ਜਦ ਜੇਤੂ ਕਬੀਲੇ ਨੇ ਇਤਿਹਾਸ/ਬਿਰਤਾਂਤ ਸਿਰਜਿਆ ਤਾਂ ‘ਰਖਸ਼ਕ’ ‘ਸ਼ਬਦ ਜੰਗ’ ਰਾਹੀਂ ‘ਰਾਖਸ਼’ ਬਣਾ ਦਿੱਤੇ। ਤੇ ‘ਵਿਆਖਿਆ ਜੰਗ’ ਰਾਹੀਂ ਉਹਨਾਂ ਨੂੰ ਬਦਸੂਰਤ, ਬੇਡੌਲ ਤੇ ਬੇਅਕਲ ਸਿੱਧ ਕਰ ਦਿਤਾ। ਰਖਸ਼ਕ ਅੱਜ ਵੀ ਰਾਖਸ਼ ਨੇ, ਦੂਜਾ ਕਬੀਲਾ ਨਾਇਕ ਹੈ।

ਇਸ ਤੋਂ ਉਲਟ ਵੀ ਵਾਪਰਿਆ। ਅਮਰੀਕਾ ਨੇ ਪਹਿਲਾਂ, ਸਦਾਮ ਦਾ ਦੁਨੀਆ ਅੱਗੇ- ਦੁਨੀਆ ਨੂੰ ਤਬਾਹ ਕਰਨ ਲਈ ਤਿਆਰ-ਬਰ-ਤਿਆਰ ਭੂਸਰੇ ਰਾਖਸ਼ ਦਾ ਬਿੰਬ ਸਿਰਜਿਆ। ਇੰਜ ਪਹਿਲਾਂ ਉਹਨੂੰ ‘ਪ੍ਰਚਾਰ ਜੰਗ’ ਰਾਹੀਂ ਮਾਰਿਆ। ਫੇਰ ਰਖਸ਼ਕ ਬਣ, ਹਮਲਾ ਕੀਤਾ। ਫੇਰ ਦੁਨੀਆ ਭਰ ਦੇ ਚੈਨਲਾਂ ‘ਤੇ, ਸਦਾਮ ਦਾ ਬੁੱਤ ਡੇਗ ਕੇ ਉਸਦੇ ਹੀ ਲੋਕ ਚਾਬੜਾਂ ਪਾਉਂਦੇ ਦਿਖਾਏ ਗਏ। ਇੰਜ ਦੂਜੀ ਵਾਰ, ਉਹਨੂੰ ‘ਦ੍ਰਿਸ਼ ਜੰਗ’ ਰਾਹੀਂ ਮਾਰਿਆ। ਫੇਰ ਲੋਕ-ਪ੍ਰਵਾਨਿਤ ‘ਪਵਿੱਤਰ ਇਰਾਕੀ ਕਾਨੂੰਨ’ ਰਾਹੀਂ ‘ਇਨਸਾਫ’ ਕੀਤਾ। ਇੰਜ ਫੇਰ ‘ਕਾਨੂੰਨ ਜੰਗ’ ਰਾਹੀਂ ਮਾਰਿਆ। ਫੇਰ ਉਹਦੀ ਫਾਂਸੀ ਦੀ ਵੀਡੀਓ ਲੀਕ ਕਰਕੇ, ਦੁਨੀਆ ‘ਤੇ ਦਬਸ਼ ਪਾਈ ਕਿ ਜੇ ਸਾਡੇ ਅੱਗੇ ਕੁਸਕੇ ਤਾਂ ਦੇਖ ਲਓ ਫੇਰ।

ਪਰ ਸਭ ਕੁਝ ਸੱਤਾ ਦੇ ਹੱਥ ਵੀ ਨ੍ਹੀਂ ਹੁੰਦਾ। ਹਰ ਘਟਨਾ ਦੇ ‘ਵਿਆਖਿਆ ਜੰਗ’ ਚ ਵੱਖ-ਵੱਖ ਪੱਖ ਉਭਰਦੇ ਨੇ। ਅਦਾਲਤ ਚ ਜੱਜ ਵਲੋਂ ਸਦਾਮ ਨੂੰ ਖੜ੍ਹਾ ਹੋਣ ਲਈ ਆਖਣਾ ਤੇ ਸਦਾਮ ਵਲੋਂ ਬੇਪਰਵਾਹੀ ਨਾਲ ਇਨਕਾਰ ਕਰਨਾ, ਖੜ੍ਹੀ ਉਂਗਲ ਤੇ ਗੜਸ ਨਾਲ ਬੋਲਣਾ, ਨਾਅਰੇ ਲਾਉਣਾ, ਜੱਜ ਨੂੰ ‘ਉਹਨਾਂ’ ਦਾ ਨੌਕਰ ਆਖਣਾ ਤੇ ਕਹਿਣਾ- ਤੂੰ ਤੇ ਤੇਰੀ ਕੋਰਟ ਜਹੰਨਮ ਚ ਜਾਓ, ਅਸੀਂ ਚੰਗੇ ਲੋਕ ਹਾਂ ਉਹ ਬੁਰੇ, ਤੁਸੀਂ ਫੈਸਲਾ ਕਰਨ ਵਾਲੇ ਕੌਣ ਹੋਂ? ਤੇ ਫਾਂਸੀ ਸਮੇਂ ਜੁਅਰਤ ਕਾਇਮ ਰੱਖੀ। ਆਪਣੀ ‘ਵਿਆਖਿਆ ਜੰਗ’ ਆਪ ਲੜੀ। ਇੰਜ ਸੂਰਮਿਆਂ ਵਾਂਗ ਲੜਨ ਨਾਲ, ਇਕ ਪਾਸੇ- ਸਦਾਮ ਪ੍ਰਤੀ ਦੁਨੀਆ ਚ ਹਮਦਰਦੀ ਪੈਦਾ ਹੋਈ। ਦੂਜੇ ਪਾਸੇ- ਅਮਰੀਕਾ ਦਾ ਧੱਕੇ ਨਾਲ ਦੁਨੀਆ ਦਾ ਥਾਣੇਦਾਰ ਬਣਨ ਦਾ ਬਿੰਬ ਬਣਿਆ। ਇੰਜ ਕਰਦਿਆਂ ਅਮਰੀਕਾ ਨੇ ਸਦਾਮ ਨੂੰ ਚੰਗਾ ਕਹਾਤਾ।

-ਜੌੜੇ-ਟਾਵਰਾਂ ‘ਤੇ ਹਮਲੇ ਬਾਅਦ, ਅਮਰੀਕਾ ਦਾ ਰੱਬ ਹੋਣ ਦਾ ਬਿੰਬ ਤਿੜਕ ਗਿਆ। ਕਹਿੰਦੇ ਨੇ- ਆਪਣੇ ਬਿੰਬ ਦੀ ਸਲਾਮਤੀ ਲਈ, ਅਮਰੀਕਾ ਨੇ ‘ਪ੍ਰਚਾਰ ਜੰਗ’ ਰਾਹੀਂ ਇਹ ਸਥਾਪਤ ਕਰ ਦਿੱਤਾ ਕਿ ਇਹ ਕਾਰਾ ਅਮਰੀਕਾ ਨੇ ਆਪਣੇ ਫਾਇਦੇ ਲਈ ਆਪ ਹੀ ਕਰਵਾਇਆ ਸੀ। ਇਸ ਪ੍ਰਚਾਰ ਦੀ ਜ਼ੱਦ ਚ ਆਏ, ਦੁਨੀਆ ਦੇ ਪਤਵੰਤੇ/ਆਮ ਲੋਕ ਆਪਣੀਆਂ ਲਿਖਤਾਂ/ਗੱਲਾਂ ਰਾਹੀਂ ਅਮਰੀਕਾ ਦੇ ਹੱਕ ਚ ਮਾਹੌਲ਼ ਸਿਰਜਣ ਦੇ ਅਚੇਤ ਹੀ ਭਾਗੀਦਾਰ ਬਣ ਗਏ। ਅੰਤ, ਹਥਿਆਰ ਜੰਗ ਚ ਅਮਰੀਕਾ ਦੀ ਬੂਥ ਲਵਾਉਣ ਵਾਲੇ ਯੋਧੇ, ‘ਸ਼ਬਦ ਜੰਗ’ ਚ ਪਛੜ ਗਏ।

ਉਪਰੋਕਤ ਲਿਖਤ ਚ ਮੈਂ– ਨਿਖੇਧ ਜੰਗ, ਸ਼ਬਦ ਜੰਗ, ਵਿਆਖਿਆ ਜੰਗ, ਪ੍ਰਚਾਰ ਜੰਗ ਜਿਹੇ ਸ਼ਬਦ, ਸੇਵਕ ਸਿੰਘ ਦੀ ਕਿਤਾਬ ‘ਸ਼ਬਦ ਜੰਗ’ ਚੋਂ ਉਧਾਰੇ ਲਏ ਨੇ। ਕੁਝ ਸ਼ਬਦ ਜਿਵੇਂ ਦ੍ਰਿਸ਼ ਜੰਗ, ਕਾਨੂੰਨ ਜੰਗ ਇਹਨਾਂ ਸ਼ਬਦਾਂ ਦੀ ਲੋਅ ਚ ਸਿਰਜੇ ਨੇ।

ਸੇਵਕ ਸਿੰਘ ਲਿਖਦਾ ਹੈ-

ਜੰਗ ਸਿਰਫ (ਜਿਵੇਂ ਮੰਨਿਆ ਜਾਂਦਾ ਹੈ) ਹਥਿਆਰਾਂ ਦੀ ਵਰਤੋਂ ਦਾ ਨਾਂ ਨਹੀਂ ਹੈ ਸਗੋਂ ਹਥਿਆਰਾਂ ਦੇ ਅਮਲ (ਜਿੱਤਾਂ, ਹਾਰਾਂ, ਜਖਮਾਂ, ਨੁਕਸਾਨਾਂ, ਘਾਟਿਆਂ ਅਤੇ ਮੌਤਾਂ ਆਦਿ ਸਭ ਕੁਝ) ਨੂੰ ਸ਼ਬਦਾਂ ਰਾਹੀਂ ਪੱਕੇ ਅਰਥ ਦੇਣ ਦੀ ਜੱਦੋਜਹਿਦ ਹੈ। ਜਿੰਦਗੀ, ਜਹਾਨ ਤੇ ਜੱਦੋਜਹਿਦ ਦੇ ਅਰਥਾਂ ਦੀ ਸਿਰਜਣਾ ਬੰਦੇ ਦੀ ਸਦੀਵੀ ਜੰਗ ਹੈ।

ਹਥਿਆਰਬੰਦ ਦੌਰ ਹਰ ਸ਼ਬਦ ਜੰਗ ਦਾ ਬਹੁਤ ਅਹਿਮ ਪਰ ਥੁੜ-ਚਿਰਾ ਹਿੱਸਾ ਹੁੰਦਾ ਹੈ। ਸ਼ਬਦ ਜੰਗ ਸਦੀਵੀ ਹੈ ਤੇ ਸਵਾਲ ਸ਼ਬਦ ਜੰਗ ਦਾ ਅਹਿਮ ਹਿੱਸਾ ਹਨ। ਸਵਾਲਾਂ ਦੀ ਮਾਰ ਸਮਿਆਂ ਤੋਂ ਪਾਰ ਅਸਰ ਰੱਖਦੀ ਹੈ।

ਆਪਣੇ ਸੁਭਾਅ ਤੋਂ ਉਲਟ, ਇਹ ਕਿਤਾਬ ਮੈਂ ਦਮ ਲੈ-ਲੈ ਪੜ੍ਹੀ ਹੈ, ਪਾਠ-ਦਰ-ਪਾਠ। ਕਾਰਨ ਸੀ ਕਿ ਗਹਿਰੀ ਹੋਣ ਕਾਰਨ ਕਿਤਾਬ ਛੇਤੀ ਹੀ ਮਾਨਸਿਕ ਤੌਰ ‘ਤੇ ਥਕਾ ਦਿੰਦੀ ਸੀ। ਕੋਈ ਵਿਚਾਰ ਪੜ੍ਹਨ ਬਾਅਦ, ਰੁਕ ਕੇ ਸੋਚਣਾ ਪੈਂਦਾ ਸੀ, ਵਿਚਾਰ ਦੇ ਪਿਛੋਕੜ ਚ ਜਾਣਾ ਪੈਂਦਾ ਸੀ। ਪੜ੍ਹਿਆ ਵਿਚਾਰ ਕਈ ਵਾਰ, ਕਿਸੇ ਜਾਣਕਾਰੀ/ਘਟਨਾ ਨਾਲ ਜੋੜ ਕੇ, ਫੇਰ ਗੇੜ ਚ ਆਉਂਦਾ ਸੀ। ਉਦਾਹਰਣ ਲਈ- ਕਿਤਾਬ ਚੋਂ ਵਿਚਾਰ ਪੜ੍ਹਿਆ- ‘ਜਦ ਜੰਗ ਦੌਰਾਨ ਹੋਈ ਬੇਪਤੀ ਦਾ ਇਨਸਾਫ਼ ਲੋਕ ਜਾਬਰ ਹਕੂਮਤਾਂ ਕੋਲੋਂ ਹੀ ਮੰਗਣ ਲਗਦੇ ਹਨ ਤਾਂ ਇਹ ਸਾਫ ਰੂਪ ਵਿੱਚ ਹਕੂਮਤਾਂ ਦੇ ਨਿਆਈ ਹੋਣ ਉਤੇ ਮੋਹਰ ਹੁੰਦੀ ਹੈ’- ਇਹ ਵਿਚਾਰ ਪੜ੍ਹਨ ਸਾਰ ਮੈਨੂੰ- ਦਿੱਲੀ ਸਿੱਖ ਕਤਲੇਆਮ ਲਈ ਜਿੰਮੇਵਾਰ ਹਕੂਮਤ ਤੋਂ ਹੀ ਇਨਸਾਫ ਮੰਗ ਕੇ, ਸਿੱਖਾਂ ਵਲੋਂ ਹਕੂਮਤ ਨੂੰ ‘ਇਨਸਾਫ ਦਾਤਾ/ਮਾਈ-ਬਾਪ’ ਦੇ ਤੌਰ ‘ਤੇ ਅਚੇਤ ਹੀ ਮਾਨਤਾ ਦੇਣ ਦੀ ਗੱਲ ਸਮਝ ਲੱਗੀ। ਨਾਲ ਹੀ, ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਸ਼ਹੀਦੀ ਬਾਰੇ ਇਨਸਾਫ ਮੰਗਣ ਵਾਲਿਆਂ ਬਾਰੇ ਕਹੇ ਇੱਕ ਖਾਲਸੇ ਦੇ ਬੋਲ ਯਾਦ ਆਏ- ਅਗਲਿਆਂ ਨੇ ਥੋਡੇ ਤਖਤ ਦਾ ਜਰਨੈਲ ਮਾਰਤਾ, ਤੁਸੀਂ ਅਗਲਿਆਂ ਦਾ ਮਾਰ ਦਿਓ, ਇਨਸਾਫ ਹੋਜੂ। ਮੰਗਦੇ ਕਿਹਤੋਂ ਓ?

ਲੇਖਕ ਕਿਤਾਬ ਦੇ ਸ਼ੁਰੂ ਚ ਅੱਗੇ ਕਹੀ ਜਾਣ ਵਾਲੀ ਗੱਲ ਲਈ ਪਹਿਲਾਂ ਲੋੜੀਂਦੀ ਭੂਮਿਕਾ ਬੰਨ੍ਹਦਾ ਹੈ, ਮੰਚ ਤਿਆਰ ਕਰਦਾ ਹੈ, ਫੇਰ ਸੱਤਾ ਸ਼ਬਦ ਜੰਗ ਕਿਉਂ, ਕਿਵੇਂ-ਕਿਵੇਂ, ਕਿਹੜੇ-ਕਿਹੜੇ ਮੋਰਚਿਆਂ ਤੋਂ ਲੜਦੀ ਹੈ, ਲੋਕ ਇਸ ਜੰਗ ਚ ਕਿਉਂ ਤੇ ਕਿਵੇਂ ਭਾਗੀਦਾਰ ਬਣ ਜਾਂਦੇ ਨੇ, ਇਸ ਦਾ ਖੁਰਾ ਲੱਭਦਿਆਂ, ਹਰੇਕ ਪਾਠ ਚ ਇੱਕ-ਇੱਕ ਕਰਕੇ ਪਰਤਾਂ ਖੋਹਲਦਾ ਹੈ। ਜਦ ਕਈ ਪਰਤਾਂ ਖੋਹਲ ਦਿੰਦਾ ਹੈ ਤਾਂ ਲੱਗਦਾ ਹੈ ਹੁਣ ਗੱਲ ਛੇਤੀ ਹੀ ਸਿਰੇ ਲੱਗ ਜਾਵੇਗੀ, ਪਰ ਜਦ ਉਹ ਅੱਗੇ ਹੋਰ ਗਹਿਰਾ ਉਤਰਦਾ ਜਾਂਦਾ, ਹੋਰ ਪਰਤਾਂ ਖੋਹਲਦਾ ਜਾਂਦਾ ਹੈ ਤਾਂ ਅਚਰਜ ਹੁੰਦਾ ਹੈ।

ਕਿਤਾਬ ਕਹਿੰਦੀ ਹੈ ਕਿ ਦੁਨੀਆ ਦੀ ਹਰ ਸੱਤਾ ਬਾਗੀਆਂ ਵਿਰੁਧ ਦਿਖਦੀ ਹਥਿਆਰ ਜੰਗ ਦੇ ਨਾਲ-ਨਾਲ, ਇਸ ਜੰਗ ਤੋਂ ਵੀ ਅਤਿਅੰਤ ਤਾਕਤਵਰ ਅਦਿੱਖ ਸ਼ਬਦ ਜੰਗ ਛੇੜੀ ਰੱਖਦੀ ਹੈ। ਬਕੌਲ ਲੇਖਕ- ‘ਸ਼ਬਦ ਦੀ ਰਾਖੇ/ਧਾਵੇ ਤਰੀਕੇ ਨਾਲ ਬਿਧੀਵਤ ਵਰਤੋਂ ਦਾ ਨਾਂ ਸ਼ਬਦ ਜੰਗ ਹੈ। ਕਿਸੇ ਵੀ ਜੰਗ ਵਿਚ ਹਥਿਆਰਾਂ ਤੋਂ ਵੱਧ ਸ਼ਬਦਾਂ ਦੀ ਵਰਤੋਂ ਹੁੰਦੀ ਹੈ।’ ਕਿਤਾਬ ਅਨੁਸਾਰ- ਹਰ ਹਕੂਮਤ ਸ਼ਬਦ ਜੰਗ ਦੇ ਮੀਸਣੇ ਸੂਖਮ ਹਥਿਆਰਾਂ ਜਿਵੇਂ ਵਿਆਖਿਆ ਜੰਗ, ਪ੍ਰਚਾਰ ਜੰਗ, ਨੈਤਿਕ ਜੰਗ, ਤਸ਼ੱਦਦ ਜੰਗ, ਮਨੋਵਿਿਗਆਨਕ ਜੰਗ, ਉਜਾੜਾ ਜੰਗ, ਬਦਲਾਅ ਜੰਗ, ਸਵਾਲ ਜੰਗ ਤੇ ਨਿਖੇਧ ਜੰਗ ਆਦਿ ਦੀਆਂ ਬਹੁ-ਪਾਸੀਂ ਬੁਛਾੜਾਂ ਨਾਲ ਬਾਗੀਆਂ ਨੂੰ ਪਛਾੜ ਦਿੰਦੀ ਹੈ। ਤੇ ਆਮ ਲੋਕ ਸੱਤਾ ਦੇ ਪ੍ਰਚਾਰੇ ਵਿਚਾਰਾਂ ਨੂੰ ਆਪਣੇ ਮੌਲਿਕ ਵਿਚਾਰ ਮੰਨ ਕੇ ਤੇ ਆਪਣੇ ਸੁਭਾਵਕ ਸੁਭਾਅ ਕਾਰਨ ਇਸ ਜੰਗ ਦੇ ਅਚੇਤ ਹੀ ਭਾਗੀਦਾਰ ਬਣ ਕੇ, ਆਪਣੇ ਹੀ ਬਾਗੀ ਮੁੰਡਿਆਂ ਵਿਰੁਧ ਮਾਰੂ ਭੂਮਿਕਾ ਨਿਭਾਅ ਜਾਂਦੇ ਨੇ। ਇੰਜ ਬਾਗੀਆਂ ਨੂੰ ਸੱਤਾ ਨਾਲ ਹੀ ਨ੍ਹੀਂ, ਸਮਾਜ ਨਾਲ ਵੀ ਵੱਡੀ ਲੜਾਈ ਲੜਨੀ ਪੈਂਦੀ ਹੈ। ਤੇ ਸੱਤਾ ਦੀ ਸ਼ਬਦ ਜੰਗ ਸ਼ਾਂਤੀ ਦੇ ਸਮਿਆਂ ਚ ਵੀ ਭਵਿੱਖ ਦੀ ਤਿਆਰੀ ਲਈ ਚਲਦੀ ਰਹਿੰਦੀ ਹੈ। ਸੱਤਾ ਲੋਕ-ਭਲਾਈ ਦਾ ਡਫਾਂਗ ਰਚ ਕੇ, ਸਵੈ-ਭਲਾਈ ਲਈ, ਲੋਕਾਂ ਨੂੰ ਪਾਲਤੂ ਬਣਾਉਂਦੀ ਹੈ।

ਮੈਨੂੰ ਇਹ ਕਿਤਾਬ ਜਾਨਦਾਰ ਲੱਗੀ। ਕਾਰਨ ਹੈ ਕਿ ਮੇਰੀ ਸ਼ਬਦ ਜੰਗ/ਚਿੰਤਨ ਚ ਰੁਚੀ ਹੈ। ਮੈਨੂੰ ਖਾਲਸੇ ਦੇ ਗੜਗੱਜ ਬੋਲੇ ਇਸੇ ਸ਼ਬਦ ਜੰਗ ਦੇ ਉੱਤਮ ਨਮੂਨੇ ਲੱਗਦੇ ਨੇ। ਸਾਡੇ ਬਜ਼ੁਰਗਾਂ ਵਲੋਂ ਨੁਕਸਾਨ ਹੋਣ ‘ਤੇ ਕਹਿਣਾ- ‘ਓ ਤੇਰਾ ਭਲਾ ਹੋ ਜੇ’, ਕਿਸੇ ਬੱਚੇ ਦੇ ਡਿੱਗ ਪੈਣ ‘ਤੇ ਕਹਿਣਾ- ‘ਓ ਬੱਬਰ ਸ਼ੇਰ ਨੇ ਛਾਲ ਮਾਰੀ ਬਈ’, ਤੇ ਇੰਜ ਹੀ ‘ਮਰਨ ਨੂੰ’-‘ਪੂਰਾ ਹੋ ਗਿਆ, ਚੜਾਈ ਕਰ ਗਿਆ’ ਕਹਿਣਾ, ਇਸੇ ਸ਼ਬਦ ਜੰਗ ਦੇ ਨਮੂਨੇ ਨੇ। ਸਾਡੇ ਬਜ਼ੁਰਗ ਅਚੇਤ ਹੀ, ਸ਼ਬਦ-ਨਾਦ ਦੇ ਮਨੁੱਖੀ ਸ਼ੈਲਾਂ ‘ਤੇ ਪੈਂਦੇ ਗੂੜ੍ਹੇ ਅਸਰ ਦੇ ਅਣਜਾਣ ਜਾਣੂ ਨੇ। ਮੈਨੂੰ ਲੱਗਦਾ ਹੈ ਕਿ ਦਿੱਲੀ ਕਿਸਾਨ ਮੋਰਚੇ ਦੀ ਮਹਾਂ ਜਿੱਤ ਹੈਰਾਨੀਜਨਕ ਤੇਜ਼ੀ ਨਾਲ ਪੰਜਾਬ ਦੀ ਸਿਮਰਤੀ ਚੋਂ ਕਿਰ ਗਈ ਕਿਉਂਕਿ ਅਸੀਂ ਵਿਆਖਿਆ ਜੰਗ ਰਾਹੀਂ ਇਸ ਮਹਾਂ ਜਿੱਤ ਦਾ ਮਾਣ ਕਰਨ ਜੋਗ ਇਤਿਹਾਸ/ਬਿਰਤਾਂਤ ਨ੍ਹੀਂ ਸਿਰਜ ਸਕੇ। ਤੇ ਸਾਡੇ ਸ਼ਾਨਦਾਰ ‘ਇਤਿਹਾਸ ਦਾ ਅੰਤ’ ਹੋ ਗਿਆ। ਇਸ ਦੇ ਉਲਟ ਸ਼ਾਹ ਮੁਹੰਮਦ ਪੰਜਾਬ ਦੀ ਹਾਰ ਨੂੰ ਨਮੋਸ਼ੀ ਦੀ ਥਾਂ ਵਿਆਖਿਆ-ਜੰਗ ਰਾਹੀਂ ‘ਇਕ ਸਰਕਾਰ ਬਾਂਝੋਂ, ਜਿੱਤ ਕੇ ਅੰਤ ਨੂੰ ਹਾਰਨ’ ਤੇ ‘ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ’ ਦੇ ਮਾਣ ਚ ਬਦਲ ਦਿੰਦਾ ਹੈ।…

ਸੇਵਕ ਸਿੰਘ ਦੀ ‘ਸਿੱਖ ਸਕਾਲਰ’ ਵਜੋਂ ਪਛਾਣ, ਬਿਬੇਕਗੜ੍ਹ ਪ੍ਰਕਾਸ਼ਨ ਦੀ ‘ਸਿੱਖ ਪ੍ਰਕਾਸ਼ਨ’ ਵਜੋਂ ਪਛਾਣ, ਤੇ ਕਿਤਾਬ ਦੇ ਬੈਕ-ਕਵਰ ‘ਤੇ ਲਿਖੀਆਂ ਸਤਰਾਂ ਪੜ੍ਹ ਕੇ, ਕੁਝ ਪਾਠਕ ਇਸਨੂੰ ‘ਸਿੱਖਾਂ ਦੀ ਕਿਤਾਬ’ ਸਮਝ ਕੇ ਕਿਨਾਰਾ ਕਰ ਸਕਦੇ ਨੇ, ਪਰ ਕਿਤਾਬ ਚੋਂ ਸੇਵਕ ਸਿੰਘ ਦਾ ਕਿਸੇ ਇੱਕ ਧਿਰ ਦੇ ਚਿੰਤਕ ਦਾ ਨਹੀਂ, ‘ਲੋਕ-ਚਿੰਤਕ’ ਦਾ ਬਿੰਬ ਉਭਰਦਾ ਹੈ। ਅਜਿਹੇ ਚਿੰਤਕ ਦਾ- ਜੋ ਆਪਣੇ ਗਿਆਨ ਅਤੇ ਜਾਣਕਾਰੀ ਦੀ ਵਰਤੋਂ ਆਪਾ ਸੰਵਾਰਨ ਲਈ ਨ੍ਹੀਂ, ਸਗੋਂ ਲੋਕ ਚੇਤਨਾ ਨਿਖਾਰਨ ਲਈ ਕਰਦਾ ਹੈ।

ਨਿਰਸੰਦੇਹ, ਕਿਤਾਬ ਹੋਰਨਾਂ ਭਾਸ਼ਾਵਾਂ ਚ ਅਨੁਵਾਦ ਹੋਣ ਦਾ ਰੁਤਬਾ ਰੱਖਦੀ ਹੈ। ਕਿਉਂਕਿ ‘ਸ਼ਬਦ ਜੰਗ’ ਹੈ ਵੀ ਸਦੀਵੀ ਤੇ ਸਰਵ-ਵਿਆਪਕ ।

ਸੇਵਕ ਸਿੰਘ ਨੇ ਵਿਸ਼ੇ ਨੂੰ ਹੱਥ ਪੱਕੇ ਪੈਰੀਂ ਪਾਇਆ ਹੈ। ਵੱਡੀ ਗੱਲ ਇਹ ਹੈ ਕਿ ਉਹਦੇ ਕੋਲ ਮੌਲਿਕ ਵਿਚਾਰ ਨੇ। ਤੇ ਵਿਚਾਰ ਹੈ ਵੀ ਤਾਕਤਵਰ ਨੇ। ਸਦੀਵੀ ਪ੍ਰਭਾਵ ਪਾਉਣ ਵਾਲੇ। ਸੇਵਕ ਸਿੰਘ ਆਪ ਹੀ ਇਹ ਮੰਨ ਕੇ ਨ੍ਹੀਂ ਤੁਰਦਾ ਕਿ ਪਾਠਕ ਨੂੰ ਐਨਾ ਕੁ ਤਾਂ ਪਤਾ ਹੋਵੇਗਾ, ਉਹ ਗੱਲ ਸ਼ੁਰੂ ਤੋਂ ਸ਼ੁਰੂ ਕਰ ਪੜਾਅ-ਦਰ-ਪੜਾਅ ਤੁਰਦਾ, ਗਹਿਰਾਈ ਤੇ ਵਿਸਥਾਰ ਚ ਜਾਂਦਾ ਹੈ। ਇਸੇ ਕਾਰਨ, ਕਿਤਾਬ ਆਪਣੇ ਵਿਸ਼ੇ ਨੂੰ ਉਲੰਘ ਜਾਂਦੀ ਹੈ ਤੇ ਜਹਾਨ ਨੂੰ ਸਮਝਣ ਲਈ ਬੰਦੇ ਨੂੰ ਨਵੇਂ ਕੋਣ ਦਿੰਦੀ ਹੈ।

ਅਸਲ ਚ ਇਹ ਥੀਸਸ ਹੈ। ਪ੍ਰੋਜੈਕਟ ਬਣਾ ਕੇ, ਲਿਵ ਲਾ ਕੇ ਸਿਰਜਿਆ ਗਿਆ- ਸ਼ਬਦ ਜੰਗ ਸ਼ਾਸਤਰ- ਹੈ।

♦ ਕਿਤਾਬ ਸ਼ਬਦ ਜੰਗ ਦੁਨੀਆ ਭਰ ਵਿੱਚ ਸਿੱਖ ਸਿਆਸਤ ਰਾਹੀਂ ਮੰਗਵਾਉਣ ਲਈ ਵਟਸਐਪ ਤੇ ਸੁਨੇਹਾ ਭੇਜੋ – +91-89682-25990 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,