ਖਾਸ ਖਬਰਾਂ » ਲੜੀਵਾਰ ਕਿਤਾਬਾਂ » ਸਿੱਖ ਖਬਰਾਂ

ਕਿਤਾਬ “ਸ਼ਬਦ ਜੰਗ” ਗੁਰਦੁਆਰਾ ਜੰਡਸਰ ਸਾਹਿਬ ਵਿਖੇ ਜਾਰੀ

May 1, 2024 | By

ਚੰਡੀਗੜ੍ਹ- ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤ ‘ਤੇ ਇਤਿਹਾਸਿਕ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਡਾ. ਸੇਵਕ ਸਿੰਘ ਹੋਰਾਂ ਦੀ ਕਿਤਾਬ “ਸ਼ਬਦ ਜੰਗ” ਸਤਿਗੁਰਾਂ ਨੂੰ ਅਰਦਾਸ ਬੇਨਤੀ ਕਰਕੇ ਸੰਗਤਾਂ ਵਿੱਚ ਜਾਰੀ ਕੀਤੀ ਗਈ।

Shabad Jang Book

ਡਾ. ਸੇਵਕ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਸਿੱਖ ਸੰਘਰਸ਼ ਦੇ ਹਰਿਆਵਲ ਦਸਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮੁੜ ਸੁਰਜੀਤੀ ਲਈ ਯਤਨ ਕੀਤੇ ਤੇ ਮੁੜ ਸੁਰਜੀਤੀ ਤੋਂ ਬਾਅਦ ਇਹਦੇ ਪ੍ਰਧਾਨ ਬਣ ਕੇ ਸੇਵਾ ਕੀਤੀ। ਸਿੱਖ ਸ਼ਹਾਦਤ ਨਾਂ ਦੇ ਰਸਾਲੇ ਦੇ ਸਹਿ ਸੰਪਾਦਕ ਤੇ ਸੰਪਾਦਕ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ। ਉਸ ਤੋਂ ਬਾਅਦ ਲਗਾਤਾਰ ਪੰਥ ਸੇਵਾ ਵਿੱਚ ਵਿਚਰ ਰਹੇ ਹਨ ਤੇ ਦੇਸ਼ ਵਿਦੇਸ਼ ਵਿੱਚ ਆਪਣੇ ਵਖਿਆਨ ਅਤੇ ਲਿਖਤਾਂ ਨਾਲ ਕੀਮਤੀ ਵਿਚਾਰ ਸੰਗਤਾਂ ਦੀ ਝੋਲੀ ਪਾਉਂਦੇ ਆ ਰਹੇ ਹਨ।

ਸਮਾਗਮ ਦੌਰਾਨ ਹਾਜਰ ਸੰਗਤਾਂ

ਡਾ. ਸੇਵਕ ਸਿੰਘ ਦੀ ਇਹ ਕਿਤਾਬ ਦਾ ਨਾਂ “ਸ਼ਬਦ ਜੰਗ” ਜਿਨ੍ਹਾਂ ਦੋ ਸ਼ਬਦਾਂ ਤੋਂ ਬਣਿਆ ਹੈ ਉਨ੍ਹਾਂ ਦੋਹਾਂ ਦਾ ਸਿੱਖਾਂ ਵਿੱਚ ਬਹੁਤ ਸਤਿਕਾਰ ਹੈ। ਸ਼ਬਦ ਜੰਗ ਬਾਤ ਪਾਉਂਦੀ ਹੈ ਕਿ ਕਿੱਦਾਂ ਸ਼ਬਦਾਂ ਦੀ ਚੋਣ ਮਾਅਨੇ ਰੱਖਦੀ ਹੈ ਤੇ ਉਹਨਾਂ ਦੀ ਵਿਆਖਿਆ ਤੇ ਉਸ ਵਿਆਖਿਆ ਦਾ ਪ੍ਰਚਾਰ ਕਿਵੇਂ ਸਵਾਲਾਂ ਰਾਹੀਂ ਨਿਖੇਧ ਦਾ ਰਾਹ ਖੋਲ੍ਹਦਾ ਹੈ। ਸ਼ਬਦ ਤੋਂ ਲੈ ਕੇ ਨਿਖੇਧ ਤੱਕ ਦੇ ਇਹ ਸਾਰੇ ਵਰਤਾਰੇ ਕਿਵੇਂ ਜੰਗ ਲਈ ਵਰਤੇ ਗਏ, ਸ਼ਬਦ ਜੰਗ ਇਸਦੀ ਸਾਖੀ ਹੈ।

ਡਾ. ਸੇਵਕ ਸਿੰਘ

ਇਸ ਸਮਾਗਮ ਦਾ ਮੰਚ ਪ੍ਰਬੰਧ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਕੀਤਾ ਤੇ ਸਭ ਤੋਂ ਪਹਿਲਾਂ ਡਾ. ਕੰਵਲਜੀਤ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਕਾਲਜ ਨੇ ਸੰਬੋਧਨ ਕੀਤਾ ਤੇ ਸ਼ਬਦ ਜੰਗ ਦੀ ਜਾਣ ਪਛਾਣ ਸੰਗਤਾਂ ਨਾਲ ਕਰਵਾਈ। ਕਿਤਾਬ ਦੇ ਸੁਭਾਅ, ਵਿਸ਼ੇ ਤੇ ਪੂਰੀ ਲਿਖਤ ਬਾਰੇ ਵਿਚਾਰ ਡਾ. ਕੰਵਲਜੀਤ ਸਿੰਘ ਨੇ ਸਾਂਝੇ ਕੀਤੇ।

ਡਾ. ਕੰਵਲਜੀਤ ਸਿੰਘ ਕਿਤਾਬ ਬਾਰੇ ਵਿਚਾਰ ਸਾਂਝੇ ਕਰਦੇ ਹੋਏ

ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਆਪਣੇ ਸੰਬੋਧਨ ਵਿੱਚ ਜ਼ਿਕਰ ਕੀਤਾ ਕਿ ਕਿਵੇਂ ਉਹਨਾਂ ਦੇ ਪੇਸ਼ੇ ਵਿਚ ਪ੍ਰਚਲਤ ਸ਼ਬਦ ਸਹੀ ਤਰਜਮਾਨੀ ਨਹੀਂ ਕਰਦੇ, ਤੇ ਕਿਵੇਂ ਉਹ ਇਸ ਸ਼ਬਦ ਜੰਗ ਖਿਲਾਫ ਯਤਨ ਤੇ ਸੰਘਰਸ਼ ਕਰ ਰਹੇ ਹਨ ਬਾਰੇ ਕਿਤਾਬ ਤੇ ਡਾਕਟਰ ਸੇਵਕ ਸਿੰਘ ਦੇ ਹਵਾਲੇ ਨਾਲ ਜ਼ਿਕਰ ਕੀਤਾ।

ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਆਪਣੇ ਵਿਚਾਰ ਸਾਂਝੇ ਕਰਦੇ ਹੋਏ

ਡਾ. ਸਿਕੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਨੇ ਭਾਈ ਸੁਰਿੰਦਰਪਾਲ ਸਿੰਘ (ਜਿਨ੍ਹਾਂ ਦਾ ਜਿਕਰ ਕਿਤਾਬ ਦੇ ਮੁੱਢ ਵਿੱਚ ਹੈ) ਦੇ ਹਵਾਲੇ ਨਾਲ ਕਿਤਾਬ ਸ਼ਬਦ ਜੰਗ ਬਾਰੇ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਕਿਵੇਂ ਸ਼ਬਦ ਦੀ ਅਹਿਮੀਅਤ ਕਰਕੇ ਇਹ ਜੰਗ ਦਾ ਪਿੜ ਹੈ ਇਹਦੇ ਬਾਰੇ ਭਰਪੂਰ ਹਵਾਲਿਆਂ ਨਾਲ ਆਪਣੀ ਗੱਲ ਵਿਸਥਾਰ ਨਾਲ ਰੱਖੀ।

ਡਾ. ਸਿਕੰਦਰ ਸਿੰਘ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ

ਭਾਈ ਮਨਧੀਰ ਸਿੰਘ ਪੰਥ ਸੇਵਕ ਜਥਾ ਦੁਆਬਾ ਨੇ ਕਿਤਾਬਾਂ ਪੜ੍ਹਨ ਦੀ ਅਹਿਮੀਅਤ ਬਾਰੇ ਜਿਥੇ ਪ੍ਰੋ. ਪੂਰਨ ਸਿੰਘ ਦੇ ਹਵਾਲੇ ਨਾਲ ਗੱਲ ਕੀਤੀ ਉਥੇ ਹੀ ਸਮਾਗਮ ਵਿਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੁਆਬਾ) ਸਮਾਗਮ ਦੌਰਾਨ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ

ਅਖੀਰ ਪੰਥ ਦੀਆਂ ਮਾਇਆਨਾਜ ਸ਼ਖਸ਼ੀਅਤਾਂ ਨੇ ਕਿਤਾਬ ਜਾਰੀ ਕੀਤੀ ਤੇ ਡਾ. ਸੇਵਕ ਸਿੰਘ ਦਾ ਇਸ ਕਾਰਜ ਲਈ ਸਨਮਾਨ ਕੀਤਾ ਗਿਆ। ਇਸ ਸਮਾਗਮ ਦਾ ਉਪਰਾਲਾ ਲੱਖੀ ਜੰਗਲ ਖਾਲਸਾ ਜਥਾ ਵੱਲੋਂ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,