July 25, 2017 | By ਸਿੱਖ ਸਿਆਸਤ ਬਿਊਰੋ
ਬਠਿੰਡਾ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ‘ਸਾਲਾ ਸਾਹਿਬ’ ਜੈਜੀਤ ਸਿੰਘ ਜੌਹਲ ਹੁਣ ਹਲਕਾ ਬਠਿੰਡਾ (ਸ਼ਹਿਰੀ) ਦੀ ‘ਸੇਵਾ’ ਕਰਨਗੇ। ਸੋਮਵਾਰ ਬਠਿੰਡਾ ਸ਼ਹਿਰੀ ਹਲਕੇ ਵਿੱਚ ਜੈਜੀਤ ਜੌਹਲ ਨੇ ਖੁਦ ਐਲਾਨ ਕੀਤਾ ਕਿ ਜੀਜਾ ਜੀ (ਵਿੱਤ ਮੰਤਰੀ ਪੰਜਾਬ) ਦੇ ਲੋਕਾਂ ਦੀ ਸੇਵਾ ਵਿੱਚ ਰੁੱਝੇ ਹੋਣ ਕਾਰਨ ਉਨ੍ਹਾਂ ਨੇ ਮੇਰੀ ਡਿਊਟੀ ਬਠਿੰਡਾ ਵਾਸੀਆਂ ਦੀ ਸੇਵਾ ਲਈ ਲਾਈ ਹੈ। ਖ਼ਜ਼ਾਨਾ ਮੰਤਰੀ ਦੇ ਇਸ ਰਿਸ਼ਤੇਦਾਰ ਵੱਲੋਂ ਬਠਿੰਡਾ ਸ਼ਹਿਰ ਵਿਚ ਆਟਾ-ਦਾਲ ਸਕੀਮ ਤਹਿਤ ਗਰੀਬ ਲੋਕਾਂ ਨੂੰ ਕਣਕ ਦੀ ਵੰਡ ਕੀਤੀ ਗਈ।
ਕੈਪਟਨ ਹਕੂਮਤ ਬਣਨ ਮਗਰੋਂ ਸਭ ਤੋਂ ਪਹਿਲਾਂ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਆਪਣੇ ਹਲਕਾ ਮਲੋਟ ਦੀ ਸੇਵਾ ਦੀ ਜ਼ਿੰਮੇਵਾਰੀ ਆਪਣੇ ਪੁੱਤਰ ਨੂੰ ਸੌਂਪੀ, ਜਿਸ ਨੂੰ ਹਲਕਾ ਇੰਚਾਰਜ ਬਣਾਏ ਜਾਣ ਦਾ ਮਲੋਟ ਦੇ ਕਾਂਗਰਸੀਆਂ ਵੱਲੋਂ ਸਵਾਗਤ ਵੀ ਕੀਤਾ ਗਿਆ ਸੀ। ਹੁਣ ਖ਼ਜ਼ਾਨਾ ਮੰਤਰੀ ਨੇ ਇਸੇ ਤਰਜ਼ ’ਤੇ ਆਪਣੀ ਗੈਰਹਾਜ਼ਰੀ ਵਿੱਚ ਹਲਕੇ ਦੀ ਜ਼ਿੰਮੇਵਾਰੀ ਜੈਜੀਤ ਜੌਹਲ ਨੂੰ ਸੌਂਪ ਦਿੱਤੀ ਹੈ। ਜੈਜੀਤ ਜੌਹਲ ਨੇ ਸ਼ਹਿਰ ਦੀ ਅਮਰਪੁਰਾ ਬਸਤੀ ਅਤੇ ਪਰਸਰਾਮ ਨਗਰ ਧਰਮਸ਼ਾਲਾ ਵਿੱਚ ਆਟਾ-ਦਾਲ ਸਕੀਮ ਦੇ 1600 ਲਾਭਪਾਤਰੀਆਂ ਨੂੰ ਅਗਲੇ ਛੇ ਮਹੀਨਿਆਂ ਦੀ ਕਣਕ ਵੰਡੀ ਅਤੇ ਗਰੀਬ ਲੋਕਾਂ ਨੂੰ ਹੋਰ ਸਹੂਲਤਾਂ ਦਿੱਤੇ ਜਾਣ ਦਾ ਭਰੋਸਾ ਦਿੱਤਾ। ਜੈਜੀਤ ਨੇ ਸ਼ਹਿਰ ਦੇ ਹੰਸ ਨਗਰ ਵਿੱਚ ਵੀ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਵੇਂ ਹੀ ਸੁਰਖਪੀਰ ਰੋਡ ’ਤੇ ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਤਹਿਤ ਚਲਾਏ ਜਾ ਰਹੇ ਸਿਲਾਈ ਕਢਾਈ ਕੇਂਦਰ ਵਿੱਚ ਸਿਖਿਆ ਲੈਣ ਵਾਲੀ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਵੰਡੇ। ਜੈਜੀਤ ਜੌਹਲ ਇਹ ਪਹਿਲਾਂ ਹੀ ਆਖ ਚੁੱਕੇ ਹਨ ਕਿ ਚੋਣਾਂ ਤੋਂ ਪਹਿਲਾਂ ਵੀ ਉਨ੍ਹਾਂ ਨੇ ਹਲਕੇ ਵਿੱਚ ਡਿਊਟੀ ਨਿਭਾਈ ਸੀ ਅਤੇ ਹੁਣ ਵੀ ਉਹ ਇੱਕ ਟੀਮ ਦੇ ਰੂਪ ਵਿੱਚ ਲੋਕਾਂ ਦੀ ਸੇਵਾ ਵਿੱਚ ਜੁਟੇ ਹਨ।
ਅਖ਼ਬਾਰਾਂ ‘ਚ ਆਈਆਂ ਖ਼ਬਰਾਂ ਮੁਤਾਬਕ ਸਮਾਗਮਾਂ ਵਿੱਚ ਉਦੋਂ ਸਥਿਤੀ ਕਸੂਤੀ ਬਣ ਗਈ ਜਦੋਂ ਸੀਨੀਅਰ ਕਾਂਗਰਸੀ ਆਗੂ ਛੋਟੇ ਲਾਲ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਵਜੋਂ ਆਪਣੇ ਕੱਪੜੇ ਉਤਾਰ ਦਿੱਤੇ। ਇਸ ਕਾਰਵਾਈ ਤੋਂ ਸਭ ਆਗੂ ਹੈਰਾਨ ਹੋ ਗਏ ਅਤੇ ਕਈ ਆਗੂ ਤਾਂ ਛੋਟੇ ਲਾਲ ਦੀ ਇਸ ਕਾਰਵਾਈ ਉਪਰ ਹੱਸਦੇ ਰਹੇ। ਛੋਟੇ ਲਾਲ ਨੇ ਆਖਿਆ ਕਿ ਪ੍ਰਸ਼ਾਸਨ ਵੱਲੋਂ ਕਾਂਗਰਸੀ ਆਗੂਆਂ ਨੂੰ ਕੋਈ ਮਾਣ-ਸਨਮਾਨ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਲੋਕਾਂ ਸਾਹਮਣੇ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਕੁਝ ਸੀਨੀਅਰ ਆਗੂਆਂ ਨੇ ਛੋਟੇ ਲਾਲ ਨੂੰ ਭਰੋਸਾ ਦੇ ਕੇ ਸ਼ਾਂਤ ਕੀਤਾ।
Related Topics: corruption, Jaijeet Johal, Manpreet Badal, Punjab Government, Punjab Politics