ਖਾਸ ਖਬਰਾਂ » ਸਿਆਸੀ ਖਬਰਾਂ

ਬਿਆਨਾਂ ਤੋਂ ਮੁੱਕਰੇ ਹਿੰਮਤ ਸਿੰਘ ਦਾ ਆਪਣਾ ਫੇਸਬੁੱਕ ਖਾਤਾ ਹੀ ਉਹਦੀ ਤੇ ਬਾਦਲਾਂ ਦੀ ਪੋਲ ਖੋਲ੍ਹਦਾ ਹੈ

August 25, 2018 | By

ਚੰਡੀਗੜ੍ਹ/ਅੰਮ੍ਰਿਤਸਰ: ਬਾਦਲਾਂ ਦੇ ਰਾਜ ਭਾਗ ਦੌਰਾਨ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਸਿੱਖਾਂ ਤੇ ਚਲਾਈ ਪੁਲਿਸ ਗੋਲੀ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਝੁਠਲਾਣ ਲਈ ਗਿਆਨੀ ਗੁਰਮੁਖ ਸਿੰਘ ਦੇ ਭਰਾ ਅਤੇ ਪੀ.ਏ. ਹਿੰਮਤ ਸਿੰਘ ਕੁਝ ਦਿਨ੍ਹਾਂ ਤੋਂ ਅੱਗੇ ਆਏ ਹਨ।ਹਿੰਮਤ ਸਿੰਘ ਕਮਿਸ਼ਨ ਪਾਸ ਦਿੱਤੇ ਲਿਖਤੀ ਬਿਆਨਾਂ ਤੋਂ ਲੈਕੇ ਬਿਆਨਾਂ ਦੀ ਭਾਸ਼ਾ ਤੇ ਕਾਂਗਰਸੀ ਮੰਤਰੀ ਸੁਖਜਿੰਦਰ ਸੰਘ ਸੁਖੀ ਰੰਧਾਵਾ ਦੇ ਦਬਾਅ ਦੇ ਵਾਸਤੇ ਪਾ ਰਹੇ ਹਨ।ਉਹ ਅਖਬਾਰਾਂ ਤੇ ਚੈਨਲਾਂ ਦੀਆਂ ਸੁਰਖੀਆਂ ਵਿੱਚ ਜਰੂਰ ਆਇਆ ਹੈ ਪ੍ਰੰਤੂ ਉਸਦੀ ਆਪਣੀ ਫੇਸ ਬੁੱਕ ਹੀ ਉਸਦੇ ਕੀਤੇ ਜਾ ਰਹੇ ਦਾਅਵਿਆਂ ਦਾ ਮੂੰਹ ਚਿੜ੍ਹਾ ਰਹੀ ਹੈ।

ਸ਼ੋਸ਼ਲ ਮੀਡੀਆ ਫੇਸ ਬੁੱਕ ਤੇ ਹਿੰਮਤ ਸਿੰਘ ਖਾਲਸਾ ਦੇ ਨਾਮ ਹੇਠ ਵਿਚਰ ਰਹੇ ਗਿਆਨੀ ਗੁਰਮੁਖ ਸਿੰਘ ਦੇ ਭਰਾ ਅਤੇ ਸਾਬਕਾ ਨਿੱਜੀ ਸਹਾਇਕ ਨੇ ਇੱਕ ਪੋਸਟ 3 ਅਕਤੂਬਰ 2017 ਨੂੰ ਪਾਈ ਸੀ ਜੋ ਉਸ ਵਲੋਂ ਕਮੇਟੀ ਨੌਕਰੀ ਤੋਂ ਦਿੱਤੇ ਅਸਤੀਫੇ ਨੂੰ ਤਸਦੀਕ ਕਰਦੀ ਹੈ ।ਅਸਲ ਵਿੱਚ ਇਹ ਪੋਸਟ ਹਿੰਮਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖੇ ਪੱਤਰ ਦਾ ਅਸਲ ਹੈ ।ਜਿਸਦਾ ਪ੍ਰਯੋਜਨ “ਰੋਸ ਵਜੋ ਅਸਤੀਫਾ” ਲਿਿਖਆ ਹੋਇਆ ਹੈ।ਪੋਸਟ ਵਿੱਚ ਦਰਜ ਹੈ ਕਿ “ਪਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋ ਆਪਣੀ ਸਰਕਾਰੀ ਕੋਠੀ (ਮੁਖ ਮੰਤਰੀ) ਹਾਉਸ ਵਿੱਚ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕਰਕੇ ਸਿਰਸੇ ਵਾਲੇ ਨੂੰ ਮਾਫ ਕਰਨ ਦਾ ਹੁਕਮ ਦਿੱਤਾ ਸੀ । ਉਸ ਮੌਕੇ ਡਾ ਦਲਜੀਤ ਸਿੰਘ ਚੀਮਾ ਵੀ ਹਾਜਰ ਸੀ । ਜਿਸ ਦਾ ਖੁਲਾਸਾ ਸਿੰਘ ਸਾਹਿਬ ਭਈ ਗੁਰਮੁਖ ਸਿੰਘ ਵਲੋ ਕਰ ਦਿੱਤਾ ਗਿਆ ਹੈ। ਮੇਰਾ ਇਸ ਨਾਲ ਕੋਈ ਸਬੰਧ ਨਹੀਂ ਰਿਹਾ ।ਪਰ ਸਿੰਘ ਸਾਹਿਬ ਭਾਈ ਗੁਰਮੁਖ ਸਿੰਘ ਦਾ ਭਰਾ ਹੋਣ ਦੇ ਕਾਰਨ ਮੈਨੂੰ ਨਜਾਇਜ ਪਰੇਸਾਨ ਕੀਤਾ ਜਾ ਰਿਹਾ ਹੈ। ਪਹਿਲਾ ਮੈਨੂੰ ਸਿੰਘ ਸਾਹਿਬ ਖਿਲਾਫ ਵਰਤਣ ਦੀਆ ਬਹੁਤ ਕੋਸਿਸਾਂ ਕੀਤੀਆ ਗਈਆਂ ਜਿਸ ਵਿਚ ਇਹ ਕਾਮਯਾਬ ਨਹੀਂ ਹੋਏ ।

“ਬਾਦਲਾਂ ਨੇ ਤਾਂ ਸਿਰਸੇ ਵਾਲੇ ਨੂੰ ਆਪਣਾ ਪਿਤਾ ਮੰਨ ਲਿਆ ਹੈ”।ਉਹ ਇਹ ਵੀ ਦਰਜ ਕਰਦਾ ਹੈ ਕਿ ਸ੍ਰੋਮਣੀ ਕਮੇਟੀ ਇਕ ਬਾਦਲ ਪਰਿਵਾਰ ਦੀ ਜਾਇਦਾਦ ਬਣ ਕੇ ਰਹਿ ਗਈ ਹੈ । ਇਸ ਦੇ ਅਹੁਦੇਦਾਰ ਉਹ ਕੰਮ ਕਰਦੇ ਨੇ ਜੋ ਇਹਨਾਂ ਦਾ ਆਕਾ ਬਾਦਲ ਪਰਿਵਾਰ ਹੁਕਮ ਦਿੰਦਾ ਹੈ ।ਹਿੰਮਤ ਸਿੰਘ ਦੇ ਅੰਦਰਲਾ ਬਾਦਲਾਂ ਖਿਲਾਫ ਗੁੱਸਾ ਇਥੇ ਹੀ ਥੰੰਮ ਨਹੀ ਜਾਂਦਾ ਬਲਕਿ ਉਹ 22 ਅਕਤੂਬਰ 2017 ਨੂੰ ਇੱਕ ਹੋਰ ਪੋਸਟ ਲਿਖਦਾ ਹੈ ।

“ਬਾਦਲਕਿਆਂ ਵਲੋ ਸਮੇ ਸਮੇ ਤੇ ਆਪਣੀ ਕੁਰਸੀ ਦੀ ਭੁੱਖ ਪੂਰੀ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕੀਤੀ ਜਾਦੀ ਹੈ ।ਜਿਵੇ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂਚ ਕਰਨ ਲਈ ਬਣਿਆ ਹੈ,ਵਲੋ ਸ੍ਰੋਮਣੀ ਕਮੇਟੀ ਤੋਂ ਸਹਿਯੋਗ ਮੰਗਿਆ ਸੀ । ਜਿਸ ਦਾ ਖੁਲਾਸਾ ਜਸਟਿਸ ਰਣਜੀਤ ਸਿੰਘ ਜੀ ਆਪ ਕਰ ਚੁੱਕੇ ਹਨ ।ਪਰ ਸ਼੍ਰੋਮਣੀ ਕਮੇਟੀ ਦੇ ਮੈਂਬਰ, ਖਾਸ ਕਰਕੇ ਐਗਜੈਕਟਿਵ ਮਂੈਬਰ ਬਾਦਲ ਭਗਤੀ ਵਿਚ ਇੰਨੇ ਲੀਨ ਹਨ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਚ ਸਹਿਯੋਗ ਕਰਨ ਦੇ ਬਜਾਏ ਆਪਣੇ ਆਕਾ ਬਾਦਲ ਦੀ ਖੁਸੀਂ ਲੈਣ ਲਈ ਐਗਜੈਕਟਿਵ ਦੀ ਹੰਗਾਮੀ ਹਾਲਤ ਵਿਚ 5 ਅਕਤੂਬਰ ਨੂੰ ਮੀਟਿੰਗ ਸੱਦ ਲਈ ਅਤੇ ਖਾਲਸਾ ਪੰਥ ਨੂੰ ਗੁਮਰਾਹ ਕਰਨ ਅਤੇ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਕਿ ‘ਕਮਿਸ਼ਨ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉਚਤਾ ਨੂੰ ਚਣੌਤੀ ਦਿੱਤੀ ਹੈ’ ।

ਇਸੇ ਪੋਸਟ ਵਿੱਚ ਹਿੰਮਤ ਸਿੰਘ ਅੱਗੇ ਲਿਖਦਾ ਹੈ ਕਿ “ਖਾਲਸਾ ਪੰਥ ਹੁਣ ਬਾਦਲਕਿਆ ਦੀਆ ਚਾਲਾਂ ਤੋ ਜਾਣੂ ਹੋ ਚੁੱਕਾ ਹੈ । ਖਾਲਸਾ ਪੰਥ ਨੇ ਬਾਦਲਕਿਆਂ ਦੀ ਇਸ ਚਾਲ ਨੂੰ ਬੁਰੀ ਤਰਾਂ ਨਕਾਰ ਦਿੱਤਾ ਕਿਸੇ ਪਾਸੋ ਤੋਂ ਇਹਨਾਂ ਦੇ ਹੱਕ ਵਿੱਚ ਅਵਾਜ ਨਹੀਂ ਉੱਠੀ । ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਮ ਦੀ ਦੁਰਵਰਤੋਂ ਕਰਨ ਵਿੱਚ ਬੁਰੀ ਤਰਾਂ ਫੇਲ ਹੋਏ’।

ਬੰਡੂਗਰ ਹੁਣ ਬਿਆਨ ਦੇ ਰਿਹਾ ਹੈ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਜਾਵੇ ਜੋ ਬਾਦਲ ਸਰਕਾਰ ਵਲੋ ਬਣਾਇਆ ਗਿਆ ਸੀ ।ਉਸ ਦੀ ਰਿਪੋਰਟ ਬਾਦਲ ਸਰਕਾਰ ਨੇ ਕਿਉ ਨਹੀਂ ਜਨਤਕ ਕੀਤੀ ਗਈ ?ਬਤੋਰ ਪ੍ਰਧਾਨ ਸ਼੍ਰੋਮਣੀ ਕਮੇਟੀ ਹੋਣ ਨਾਤੇ ਬੰਡੂਗਰ ਨੇ ਬਾਦਲ ਸਰਕਾਰ ਸਮੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕਿਉ ਨਹੀਂ ਕੀਤੀ”?

ਆਉਣ ਵਾਲੇ ਦਿਨ੍ਹਾਂ ਵਿੱਚ ਹਿੰਮਤ ਸਿੰਘ ਖਾਲਸਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਪਾਸ ਦਰਜ ਕਰਵਾਏ ਲਿਖਤੀ ਬਿਆਨਾਂ ਬਾਰੇ ਕੀ ਕੀ ਕੁਫਰ ਤੋਲਦਾ ਹੈ ਉਹ ਤਾਂ ਸਮਾਂ ਹੀ ਦਸੇਗਾ ਲੇਕਿਨ ਉਸਨੂੰ ਇਹ ਵੀ ਸਪਸ਼ਟ ਕਰਨਾ ਪਵੇਗਾ ਕਿ ਆਖਿਰ 3 ਅਕਤੂਬਰ 2017 ਨੂੰ ਨੌਕਰੀ ਤੋਂ ਅਸਤੀਫਾ ਸਿਰਲੇਖ ਹੇਠ ਫੇਸ ਬੁੱਕ ਤੇ ਦਰਜ ਕੀਤੀ ਪੋਸਟ ਅਤੇ 22 ਅਕਤੂਬਰ ਵਾਲੀ ਪੋਸਟ ਲਈ ਉਸਤੇ ਕਿਸ ਦਾ ਦਬਾਅ ਸੀ? ਜੇ ਉਹ ਵਾਕਿਆ ਹੀ ਕਮਿਸ਼ਨ ਦੀ ਅਸਲੀਅਤ ਜਾਂ ਮਨਸ਼ਾ ਜਾਣ ਗਿਆ ਸੀ ਤਾਂ ਉਸਨੇ ਬਾਦਲਾਂ ਦਾ ਐਨਾ ਨੁਕਸਾਨ ਕਰਾਉਣ ਲਈ ਸਮਾਂ ਕਿਉਂ ਬਰਬਾਦ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,