ਲੇਖ » ਸਿੱਖ ਖਬਰਾਂ

ਲੋਕ ਕਵੀ ਸੰਤ ਰਾਮ ਉਦਾਸੀ ਦੀ ਕਵਿਤਾ ਵਿਚ ਇਤਿਹਾਸਕ ਵਿਰਸੇ ਦੀ ਪੇਸ਼ਕਾਰੀ

October 6, 2018 | By

ਲੇਖਕ: ਰਾਜਵਿੰਦਰ ਸਿੰਘ ਰਾਹੀ

ਲੋਕ ਕਵੀ ਸੰਤ ਰਾਮ ਉਦਾਸੀ, ਆਪਣੇ ਹੋਰ ਸਮਕਾਲੀ ਕਵੀਆਂ ਨਾਲੋਂ ਵਿਲੱਖਣ ’ਤੇ ਸਿਰਕੱਢ ਨਜ਼ਰ ਆਉਂਦਾ ਹੈ। ਜਦ ਉਦਾਸੀ ਜੀ ਦੀ ਕਵਿਤਾ ਦਾ ਬਾਰੀਕੀ ਨਾਲ ਅਧਿਐਨ ਕੀਤਾ ਜਾਂਦਾ ਹੈ ਤਾਂ ਉਸਦੀਆਂ ਬਹੁਤ ਸਾਰੀਆਂ ਵਿਲੱਖਣਤਾਵਾਂ ਦਿ੍ਰਸ਼ਟੀਗੋਚਰ ਹੁੰਦੀਆਂ ਹਨ। ਇਕ ਆਤਮ ਚੇਤੰਨ ਇਨਕਲਾਬੀ ਹੋਣ ਕਰਕੇ ਸਭ ਤੋਂ ਪਹਿਲਾਂ ਉਸਦੇ ਗੀਤਾਂ ਅਤੇ ਕਵਿਤਾਵਾਂ ਵਿਚ ਸ਼੍ਰੇਣੀ ਸਬੰਧਾਂ ਸਪੱਸ਼ਟ ਬੋਧ ਸਥਾਪਤ ਹੁੰਦਾ ਹੈ। ਇਨਕਲਾਬ ਦੀ ਪ੍ਰਾਪਤੀ ਅਤੇ ਤੀਬਰਤਾ ਲਈ ਉਹ ਆਪਣੇ ਗੀਤਾਂ ਅਤੇ ਕਵਿਤਾਵਾਂ ਵਿਚ ਲੋਕ ਚੇਤਨਾ ਨੂੰ ਟੁੰਬਣ ਵਾਲੇ ਬਿੰਬ, ਮੁਹਾਵਰੇ, ਅਲੰਕਾਰ ਤੇ ਪ੍ਰਤੀਕ ਵਰਤਦਾ ਹੈ। ਉਸਦੇ ਗੀਤ ਕਵਿਤਾਵਾਂ ਪੇਂਡੂ ਰਹਿਤਲ ਦੀ ਬਿੰਬਾਵਲੀ ਨਾਲ ਪਰੁੱਚੇ ਹੋਣ ਕਾਰਨ ਆਮ ਹਾਲੀਆਂ-ਪਾਲੀਆਂ ਦੀ ਜ਼ੁਬਾਨ ’ਤੇ ਚੜ੍ਹਣ ਦੀ ਸਮਰੱਥਾ ਰੱਖਦੇ ਹਨ। ਸ਼ੇ੍ਰਣੀ ਸੰਘਰਸ਼ ਦੀ ਤੀਬਰਤਾ ਲਈ ਉਹ ਗੁਰੂਆਂ ਅਤੇ ਇਤਿਹਾਸਕ ਸਿੱਖ ਵਿਰਸੇ ਦੇ ਲੋਕ ਨਾਇਕਾਂ, ਗੁਰੂ ਗੋਬਿੰਦ ਸਿੰਘ, ਗੁਰੂ ਅਰਜਨ ਦੇਵ ਜੀ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਘਨੱਈਆ, ਬਾਬਾ ਜੀਵਨ ਸਿੰਘ ਰੰਘਰੇਟਾ, ਭਗਤ ਰਵਿਦਾਸ ਜੀ ਆਦਿ ਦੇ ਲੋਕ ਬਿੰਬਾਂ ਨੂੰ ਲੋਕ ਚੇਤਨਾ ਵਿਚ ਸਥਾਪਤ ਕਰਦਾ ਹੈ। ਜਿਥੇ ਉਹ ਧਾਰਮਿਕ ਅੰਧ ਵਿਸ਼ਵਾਸਾਂ ਅਤੇ ਸਰਮਾਏਦਾਰਾਂ ’ਤੇ ਟਕੋਰ ਕਰਦਾ ਹੈ ਉਥੇ ਉਹ ਸਿੱਖ ਧਰਮ ਦੀ ਅਧਿਆਤਮਕ ਅਮੀਰੀ, ਰੂਹਾਨੀਅਤ ਅਤੇ ਲੋਕਪੱਖੀ ਇਤਿਹਾਸਕ ਵਿਰਸੇ ਨੂੰ ਆਪਣੇ ਕਾਵਿ ਅੰਦਰ ਪ੍ਰਮੱੁਖ ਥਾਂ ਦਿੰਦਾ ਹੈ। ਉਸਦਾ ਕਾਵਿ ਉਦੇਸ਼ਮੁਖੀ ਹੈ। ਜਿਸਦੀ ਪ੍ਰਾਪਤੀ ਲਈ ਉਹ ਇਤਿਹਾਸਕ ਵਿਰਸੇ ਦੇ ਨਾਲ ਨਾਲ ਲੋਕਯਾਨਕ ਤੱਥਾਂ ਨੂੰ ਹੀ ਆਪਣੇ ਕਾਵਿ ਅੰਦਰ ਸਮੋ ਲੈਂਦਾ ਹੈ। ਜਿਸ ਕਾਰਨ ਉਸਦੀ ਹਰ ਰਚਨਾ ਪਾਠਕ ਅਥਵਾ ਸਰੋਤੇ ਨਾਲ ਇਕ ਅਧਿਆਤਮਿਕ ਸਾਂਝ ਸਿਰਜ ਲੈਂਦੀ ਹੈ।

ਲੋਕ ਕਵੀ ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਬਰਨਾਲਾ ਨੇੜਲੇ ਮਸ਼ਹੂਰ ਪਿੰਡ ਰਾਏਸਰ ਵਿਖੇ ਇਕ ਗਰੀਬ ਦਲਿਤ ਪਰਿਵਾਰ ਦੇ ਘਰ ਹੋਇਆ। ਜਿਸ ਕਾਰਨ ਉਨ੍ਹਾਂ ਨੂੰ ਅਤਿ ਦੀ ਗਰੀਬੀ, ਜਾਤ-ਪਾਤ ਅਤੇ ਛੂਤ-ਛਾਤ ਦੀਆਂ ਘੋਰ ਦੁਸ਼ਵਾਰੀਆਂ ਦਾ ਸਿੱਧਾ ਅਨੁਭਵ ਸੀ। ਇਸਦੇ ਨਾਲ ਹੀ ਸਿੱਖ ਧਰਮ ਦੇ ਅਮੀਰ ਸੰਸਕਾਰ ਉਸਨੇ ਆਪਣੇ ਪਰਿਵਾਰ ਵਿਚੋਂ ਹੀ ਗ੍ਰਹਿਣ ਕੀਤੇ ਜਿਨ੍ਹਾਂ ਦੀ ਬਦੌਲਤ ਹੀ ਉਹ ਆਪਣੀ ਸ਼ਖਸੀਅਤ ਅਤੇ ਕਾਵਿ ਦੀ ਵੱਖਰੀ ਨੁਹਾਰ ਘੜਣ ਵਿਚ ਸਥਾਪਤ ਹੋਇਆ ਹੈ। ਉਹ ਆਪਣੇ ਹੋਰ ਸਮਕਾਲੀ ਕਵੀਆਂ ਵਾਂਗ ਕਿਰਤੀ ਲੋਕਾਂ ਦੀ ਨਿਰੋਲ ਆਰਥਕ ਲੱੁਟ ਹੀ ਨੰਗੀ ਨਹੀਂ ਕਰਦਾ, ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਨੂੰ ਵੀ ਆਪਣੇ ਕਾਵਿ ਦੇ ਭਾਵ ਖੇਤਰ ਅੰਦਰ ਉਜਾਗਰ ਕਰਦਾ ਹੈ। ਜਿਥੇ ਉਹ ਆਪਣੀ ਮਸ਼ਹੂਰ ਕਵਿਤਾ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ’ ਵਿਚ ਬੇਜ਼ਮੀਨੇ ਦਲਿਤ ਕਿਰਤੀਆਂ ਦੀ ਮੰਦਹਾਲੀ ਦਾ ਮਾਰਮਿਕ ਚਿੱਤਰ ਪੇਸ਼ ਕਰਦਾ ਹੈ, ਉਥੇ ਉਸ ਲਈ ਸੂਰਜ, ਇਨਕਲਾਬ ਤੇ ਸੰਘਰਸ਼ ਦਾ ਪ੍ਰਤੀਕ ਵੀ ਹੈ। ਲੋਕ ਕਵੀ ਸੰਤ ਰਾਮ ਉਦਾਸੀ ਨੇ ਆਪਣੇ ਕਾਵਿ ਅੰਦਰ ਸਿੱਖ ਧਰਮ ਦੇ ਇਤਿਹਾਸਕ ਵਿਰਸੇ ਦੀ ਪੇਸ਼ਕਾਰੀ ਬੜੇ ਕਲਾਤਮਿਕ ਢੰਗ ਨਾਲ ਕੀਤੀ ਹੈ। ਉਸ ਨੇ ਆਪਣੇ ਢਾਈ ਦਹਾਕਿਆਂ ਦੇ ਕਾਵਿਕ ਸਫਰ ਦੌਰਾਨ ਸਤਾਰਾਂ ਦੇ ਕਰੀਬ ਉਹ ਕਵਿਤਾਵਾਂ ਤੇ ਗੀਤ ਲਿਖੇ ਹਨ ਜਿਨ੍ਹਾਂ ਵਿਚ ਇਤਿਹਾਸਕ ਵਿਰਸੇ ਦੀ ਪੇਸ਼ਕਾਰੀ ਲੋਕ ਹਿਤੂ ਪੈਂਤੜੇ ਤੋਂ ਕੀਤੀ ਗਈ ਹੈ। ਇਨ੍ਹਾਂ ਵਿਚ ਉਪਰੋਕਤ ਗੀਤ ਕਵਿਤਾਵਾਂ ਸ਼ਾਮਿਲ ਹਨ:

1. ਗੁਰੂ ਗੋਬਿੰਦ ਸਿੰਘ ਜੀ ਦਾ ਲੋਕਾਂ ਦੇ ਨਾਮ ਅੰਤਮ ਸੁਨੇਹਾ
2. ਔਰੰਗਜ਼ੇਬ ਦਾ ਖ਼ਤ, ਦਸਮੇਸ਼ ਦਾ ਜੁਆਬ
3. ਗੁਰੂ ਗੋਬਿੰਦ ਸਿੰਘ ਜੀ ਵਲੋਂ ਮਾਧੋ ਦਾਸ ਵੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾਕੇ ਪੰਜਾਬ ਵੱਲ ਭੇਜਣਾ।
4. ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ
5. ਦੋ ਰਾਹ (ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਘਿਰੇ ਹੋਏ ਲੋਕਾਂ ਨੂੰ ਛੱਡਕੇ ਜਾਣ ਵਾਲੇ ਭਾਈ ਬਿਨੋਦ ਸਿੰਘ ਨਾਲ ਵਾਰਤਾਲਾਪ)
6. ਚਮਕੌਰ ਦੀ ਗੜ੍ਹੀ ਵਿਚ ਸਿੰਘਾਂ ਦਾ ਘੇਰਾ
7. ਦਿੱਲੀਏ ਦਿਆਲਾ ਦੇਖ
8. ਮਾਤਾ ਗੁਜਰੀ ਦੇ ਗੁਰੂ ਗੋਬਿੰਦ ਸਿੰਘ ਦੀ ਪੇਸ਼ੀ
9. ਆਪਣੇ ਪੋਤਿਆਂ ਨਾਲ ਕੈਦ ਮਾਤਾ ਗੁਜਰੀ
10. ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਦੀ ਦਾਦੀ ਤੋਂ ਵਿਦਾਇਗੀ ਦੇ ਨਾਂਅ
11. ਭਾਈ ਘਨਈਏ ਦੀ ਪੇਸ਼ੀ
12. ਰੰਘਰੇਟਾ ਗੁਰੂ ਕਾ ਬੇਟਾ
13. ਭਗਤ ਰਵਿਦਾਸ ਨੂੰ
14. ਹਰਿਮੰਦਰ ਦੀ ਨੀਂਹ
15. ਗੀਤ (ਤੱਤੀ ਤਵੀ, ਤੱਤੀ ਦੇਗ, ਤੱਤੀ ਧੁੱਪ)
16. ਗੁਰੂ ਅਰਜਨ ਦੇਵ ਜੀ ਦੀ ਉਦਾਰਤਾ
17. ਗੁਰੂ ਨਾਨਕ ਤੇ ਅੱਜ

ਲੋਕ ਕਵੀ ਸੰਤ ਰਾਮ ਉਦਾਸੀ

ਸੁਆਲ ਪੈਦਾ ਹੁੰਦਾ ਹੈ ਕਿ ਇਤਿਹਾਸਕ ਵਿਰਸੇ ਨਾਲ ਸਬੰਧਤ ਐਨੀ ਥੋੜ੍ਹੀ ਗਿਣਤੀ ਵਿਚ ਕਵਿਤਾਵਾਂ ਤੇ ਗੀਤ ਲਿਖਣ ਦੇ ਬਾਵਜੂਦ ਵੀ ਉਦਾਸੀ ਦੀਆਂ ਇਹ ਰਚਨਾਵਾਂ ਚਰਚਿਤ ਕਿਉਂ ਹਨ? ਜਦਕਿ ਹੋਰ ਸੈਂਕੜੇ ਰਾਗੀਆਂ, ਢਾਡੀਆਂ ਤੇ ਪ੍ਰਚਾਰਕਾਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਹਜ਼ਾਰਾਂ ਗੀਤ-ਕਵਿਤਾਵਾਂ ਲਿਖੇ ਹਨ ਤੇ ਉਹ ਲੋਕ ਜਜ਼ਬਿਆਂ ਨੂੰ ਟੁੰਬਣ ਵਿਚ ਕਾਮਯਾਬ ਵੀ ਹੋ ਜਾਂਦੇ ਹਨ। ਇਸ ਦਾ ਮੁੱਖ ਕਾਰਨ ਹੈ ਸਮੇਂ ਦਾ ਸਥਾਪਤ ਨਿਜ਼ਾਮ ਅਤੇ ਸਟੇਟ ਦੇ ਖਾਸੇ ਬਾਰੇ ਵਿਗਿਆਨਕ ਸਮਝ! ਉਦਾਸੀ ਸਿੱਖ ਸੰਘਰਸ਼ ਨੂੰ ਉਸ ਸਮੇਂ ਦੇ ਸਥਾਪਤ ਨਿਜ਼ਾਮ ਅਤੇ ਸਟੇਟ ਵਿਰੁੱਧ, ਮਨੁੱਖੀ ਆਜ਼ਾਦੀ ਅਤੇ ਬਰਾਬਰੀ ਦੇ ਸੰਘਰਸ਼ ਵਜੋਂ ਦੇਖਦਾ ਹੈ। ਉਹ ਮਰਹੱਟਾ ਆਗੂ ਸ਼ਿਵਾਜੀ ਦੇ ਸੰਘਰਸ਼ ਤੇ ਸਿੱਖ ਸੰਘਰਸ਼ ਵਿਚ ਇਸੇ ਗੱਲੋਂ ਨਿਖੇੜਾ ਕਰਦਾ ਹੈ। ਉਸ ਲਈ ਗੁਰੂ ਗੋਬਿੰਦ ਸਿੰਘ ਅਸਲ ਵਿਚ ਕਿਰਤੀ ਲੋਕਾਂ ਦਾ ਨਾਇਕ ਹੈ, ਜੋ ਕਿਰਤੀਆਂ ਦੇ ਰਾਜ ਲਈ ਲੜਿਆ ਹੈ। ਇਸੇ ਕਾਰਨ ਉਦਾਸੀ ਲਿਖਦਾ ਹੈ:

“ਮੈਂ ਇਸੇ ਲਈ ਹੀ ਆਪਣੇ ਆਪ ਨੂੰ ਮੰਨਿਆ ਹੈ ਗੁਰ-ਚੇਲਾ,
ਕਿ ਰਿਸ਼ਤਾ ਜੱਗ ’ਤੇ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।
ਮੈਂ ਇਸੇ ਲਈ ਗੜ੍ਹੀ ਚਮਕੌਰ ਦੀ ਵਿਚ ਜੰਗ ਲੜਿਆ ਸੀ,
ਕਿ ਕੱਚੇ ਕੋਠੜੇ ਮੂਹਰੇ ਮਹਿਲ ਮੀਨਾਰ ਝੁੱਕ ਜਾਵੇ।”

ਉਦਾਸੀ- ਗੁਰੂ ਗੋਬਿੰਦ ਸਿੰਘ ਦੇ ਬਿੰਬ ਨੂੰ ਅੱਜ ਕੱਲ ਦੇ ਨੇਤਾਵਾਂ ਲ਼ਈ ਵੀ ਇੰਝ ਸਥਾਪਤ ਕਰਦਾ ਹੈ:

“ਤੇ ਜੇਕਰ ਤੁਸੀਂ ਮੈਨੂੰ ਆਪਣਾ ਸਰਦਾਰ ਮੰਨਿਆ ਸੀ,
ਤਾਂ ਮੈਂ ਫਿਰ ਮੁੱਲ ਵੀ ਸਰਦਾਰੀਆਂ ਦਾ ਤਾਰ ਚੱਲਿਆ ਹਾਂ।
ਮੈਂ ਦੇਵਣ ਲਈ ਉਦਾਹਰਣ ਜੱਗ ਦੇ ਕੌਮੀ ਨੇਤਾਵਾਂ ਨੂੰ,
ਲੋਕਾਂ ਤੋਂ ਵਾਰ ਪਹਿਲਾਂ ਆਪਣਾ ਪਰਿਵਾਰ ਚੱਲਿਆ ਹਾਂ।”

ਰਾਜਵਿੰਦਰ ਸਿੰਘ ਰਾਹੀ ਦੀਆਂ 7 ਕਿਤਾਬਾਂ ਖਰੀਦੋ

ਉਦਾਸੀ ਲਈ ਗੁਰੂ ਗੋਬਿੰਦ ਸਿੰਘ ਦਾ ਆਦਰਸ਼ ਕੀ ਹੈ? ਇਹ ਆਦਰਸ਼ ਹੈ ਕਿਰਤੀ ਕਿਸਾਨਾਂ ਦੀ ਸਰਦਾਰੀ ਵਾਲਾ ਸਿੱਖ ਰਾਜ! ਇਸੇ ਲਈ ਦਸਮੇਸ਼ ਪਿਤਾ ਔਰੰਗਜ਼ੇਬ ਦੇ ਖ਼ਤ ਦੇ ਜੁਆਬ ਵਿਚ ਲਿਖਦੇ ਹਨ:

“ਮੇਰੇ ਆਦਰਸ਼ ਤੋਂ ਮੈਨੂੰ ਜ਼ਰਾ ਥਿੜਕਾਅ ਨਹੀਂ ਸਕਦਾ,
ਵਿਛੋੜਾ ਬਾਪ, ਮਾਤਾ ਦਾ ਅਤੇ ਪੱੁਤਰਾਂ ਹਜ਼ਾਰਾਂ ਦਾ।
ਜੇ ਰਹਿ ਸਕੇ ਬਲਦਾ ਮਾਸੂਮਾਂ ਤੇ ਅਨਾਥਾਂ ਦਾ,
ਮੈਂ ਰੀਝਾਂ ਨਾਲ ਪਾਇਆ ਖੂਨ ਹੈ ਵਿਚ ਲਾਲ ਚਾਰਾਂ ਦਾ।”

ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੂੰ ਇਹ ਅਹਿਸਾਸ ਹੈ ਕਿ ਸੰਘਰਸ਼ ਤਾਂ ਯੁੱਗਾਂ ਤਕ ਚੱਲਦਾ ਰਹੇਗਾ। ਉਸੇ ਕਰਕੇ ਉਹ ਕਹਿੰਦੇ ਹਨ:

“ਲੁਕੋਵਣ ਖੰਭੜੀਆਂ ਹੇਠਾਂ, ਜੁ ਦੀਨਾਂ ਤੇ ਅਨਾਥਾਂ ਨੂੰ,
ਮੈਂ ਕੀਤੀ ਸਿਰਜਣਾ ਪ੍ਰਵਾਨਿਆਂ ਲੱਖਾਂ ਹਜ਼ਾਰਾਂ ਦੀ।
ਤੇ ਫਾਂਸੀਆਂ ’ਤੇ ਵੀ ਇਹ ਚੜ੍ਹਦੀਆਂ ਕਲਾਂ ’ਚ ਰਹਿਣਗੇ,
ਤੇ ਮੁੜਕੇ ਕਰਨਗੇ ਇਹ ਸਿਰਜਣਾ ਲੁੱਟੀਆਂ ਬਹਾਰਾਂ ਦੀ।”

ਉਦਾਸੀ ਜੀ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਕੋਈ ਵੀ ਹਥਿਆਰਬੰਦ ਲਹਿਰ ਲੋਕਾਂ ਦੇ ਸਰਗਰਮ ਸਾਥ ਤੋਂ ਵਗੈਰਾ ਲੰਬਾ ਸਮਾਂ ਜ਼ਿੰਦਾ ਨਹੀਂ ਰਹਿ ਸਕਦੀ। ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਦੇ ਹਨ:

“ਤੈਨੂੰ ’ਡੀਕਦੀ ਗੜ੍ਹੀ ਗੁਰਦਾਸ ਨੰਗਲ
ਜਿਉਂ ਸੀ ’ਡੀਕਦਾ ਮੈਨੂੰ ਚਮਕੌਰ ਸਿੰਘਾ
ਜਾ ਕੇ ਜੋਟੀ ਇਉਂ ਲੋਕਾਂ ਦੇ ਨਾਲ ਪਾ ਲੈ
ਜੋਟੀਦਾਰ ਜਿਓਂ ਦਿੱਲੀ ਲਾਹੌਰ ਸਿੰਘਾ।”

ਉਦਾਸੀ ਕਾਵਿ ਅੰਦਰ ਲੋਕ ਯੁੱਧ ਦੇ ਨਿਰੰਤਰ ਚੱਲਦੇ ਰਹਿਣ ਦਾ ਅਹਿਸਾਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਸੀ। ਜਦ ਉਹ ਭਾਈ ਬਿਨੋਦ ਸਿੰਘ ਨੂੰ ਸੰਬੋਧਤ ਹੁੰਦਾ ਹੈ:

“ਗੁਪਤ ਸਿੰਘਾਂ ਦੀ ਭਾਲ ਵਿਚ ਪੁਲਸੀਆਂ ਤੋਂ
ਬੰਦ ਬੰਦ ਕਟਵਾਉਣਾ ਵੀ ਪੈ ਸਕਦੈ
ਦੇਗਾਂ, ਚਰਖੜੀਆਂ, ਆਰਿਆਂ, ਕੋਹਲੂਆਂ ਦਾ
ਕਿੱਸਾ ਮੁੜਕੇ ਦੁਹਰਾਉਣਾ ਵੀ ਪੈ ਸਕਦੈ।”

ਦਿੱਲੀ, ਲੋਕ ਕਵੀ ਉਦਾਸੀ ਲਈ ਮਹਿਜ ਇਕ ਭੀੜ-ਭੜੱਕੇ ਵਾਲਾ ਸ਼ਹਿਰ ਹੀ ਨਹੀਂ ਇਕ ਜ਼ਾਬਰ ਸਟੇਟ ਪ੍ਰਬੰਧ ਹੈ, ਇਸੇ ਲਈ ਉਹ ਦਿੱਲੀ ਨੂੰ ਲਲਕਾਰਦਾ ਹੈ:

“ਸੱਚ ਮੂਹਰੇ ਸ਼ਾਹ ਤੇਰੇ ਜਾਣਗੇ ਉਤਾਹਾਂ ਨੂੰ
ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ
ਸੰਗਤਾਂ ਦੀ ਸੱਥ ਵਿਚ ਜਦੋਂ ਤੈਨੂੰ ਖੂਨਣੇ ਨੀ
ਲੈ ਕੇ ਫੌਜੀ ਖਾਲਸੇ ਖੜੇ।”

ਫੌਜੀ ਖਾਲਸੇ ਕੌਣ ਨੇ? ਉਦਾਸੀ ਲਈ ਫੌਜੀ ਖਾਲਸੇ ਗੁਰੂ ਗੋਬਿੰਦ ਸਿੰਘ ਵਲੋਂ ਖਾਲਸੇ ਦੇ ਰੂਪ ਵਿਚ ਸਾਜਿਆ ਗਿਆ ਸੰਪੂਰਨ ਮਨੁੱਖ ਹੈ। ਉਦਾਸੀ ਲਈ ਇਹ ਸੰਤ ਸਿਪਾਹੀ ਹੈ। ਚਾਹੇ ਉਹ ਕਿਰਤੀ ਲੋਕਾਂ ਦੇ ਹੱਕਾਂ ਲ਼ਈ ਲੜਨ ਵਾਲੇ ਨਕਸਲਬਾੜੀ ਗੁਰੀਲੇ ਹੋਣ, ਚਾਹੇ ਉਹ ਆਪਣੇ ਹੱਕਾਂ ਲਈ ਲੜਨ ਵਾਲੇ ਹੋਰ ਲੋਕ ਹੋਣ! ਉਦਾਸੀ ਲ਼ਈ ਪੰਥ ਦਾ ਰੂਪ ਵੀ ਜ਼ਬਰ ਜ਼ੁਲਮ ਵਿਰੁੱਧ ਲੜਨ ਵਾਲੇ ਕਿਰਤੀ ਲੋਕ ਹੀ ਹਨ। ਜਿਨ੍ਹਾਂ ਨੇ ਲੋਕ ਹਿਤਾਂ ਲਈ ਕੁਰਬਾਨੀਆਂ ਦੇਣੀਆਂ ਹਨ ਤੇ ਇਕ ਲੰਬਾ ਸਫਰ ਤੈਅ ਕਰਨਾ ਹੈ। ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਨੂੰ ਕਹਿੰਦੇ ਹਨ:

“ਨੂੰਹਾਂ ਆਪਣੀਆਂ ਨੂੰ ਕਹੀਂ ਨਿਹੁੰ ਸਾਡਾ
ਹੁਣ ਤਾਂ ਵਾਂਗ ਵਿਛੋੜੇ ਦੇ ਉਗਣਾ ਹੈ
ਤੱਤੀ ਤਵੀ ਕੋਲੋਂ ਠੰਡੇ ਬੁਰਜ ਤਾਈਂ
ਨੰਗੇ ਪੈਰੀਂ ਇਸ ਪੰਥ ਨੇ ਪੁੱਜਣਾ ਹੈ।”

ਲੋਕ ਕਵੀ ਸੰਤ ਰਾਮ ਉਦਾਸੀ ਆਪਣੇ ਸਮੇਂ ਦੀਆਂ ਸਮਕਾਲੀ ਘਟਨਾਵਾਂ ਤੋਂ ਕਦੇ ਬੇਮੁੱਖ ਨਹੀਂ ਰਿਹਾ। ਆਪਣੇ ਹੱਕਾਂ ਲਈ ਲੜਨ ਵਾਲੇ ਜੁਝਾਰੂਆਂ ਲਈ ਉਸਦੇ ਅੰਦਰ ਜ਼ਜ਼ਬਾਤੀ ਮੋਹ ਦੀਆਂ ਤਰੰਗਾਂ ਹਮੇਸ਼ਾਂ ਉਠਦੀਆਂ ਰਹਿੰਦੀਆਂ ਸਨ। 12-2-1986 ਨੂੰ ਲਿਖੀ ਗਈ ਆਪਣੀ ਕਵਿਤਾ ‘ਹਰਿਮੰਦਰ ਦੀ ਨੀਂਹ’ ਵਿਚ ਸ਼ਾਇਦ ਉਹ ਬਲਿੳੂ ਸਟਾਰ ਅਪ੍ਰੇਸ਼ਨ ਦਾ ਨਕਸ਼ਾ ਹੀ ਖਿੱਚਦੇ ਲੱਗਦੇ ਹਨ। ਜਦ ਉਹ ਲਿਖਦੇ ਹਨ:

“ਮੀਆਂ ਮੀਰ ਜੀ ਰੱਖੋ ਹਰਿਮੰਦਰ ਦੀ ਨੀਂਹ,
ਵਿਥਿਆ ਸਿੱਖੀ ਦੀ ਯੁੱਗਾਂ ਤਕ ਹਰੀ ਹੋਵੇ।
ਬਣੇ ਠਾਹਰ ਜੁਝਾਰੂਆਂ ਯੋਧਿਆਂ ਦੀ,
ਪਵੇ ਲੋੜ ਚਮਕੌਰ ਦੀ ਗੜ੍ਹੀ ਹੋਵੇ।”

ਉਦਾਸੀ ਦੇ ਗੀਤ ਅਤੇ ਕਵਿਤਾਵਾਂ ਲੜਨ ਵਾਲੇ ਲੋਕਾਂ ਲਈ ਹਮੇਸ਼ਾ ਭਾਵ ਉਤੇਜਿਕ ਰਹੇ ਹਨ ਤੇ ਰਹਿਣਗੇ। ਨਿਰੰਤਰ ਹਥਿਆਰਬੰਦ ਯੁੱਧ ਲਈ ਉਸਦੇ ਮਨ ਅੰਦਰ ਅੰਤਾਂ ਦਾ ਮੋਹ ਹੈ ਤੇ ਉਹ ਇਸ ਯੁੱਧ ਲਈ ਹਮੇਸ਼ਾ ਪ੍ਰੇਰਨਾ ਦਿੰਦਾ ਹੈ। ਜਦ ਉਹ ਲਿਖਦਾ ਹੈ:

“ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ,
ਅਸੀਂ ਉਠਾਂਗੇ ਚੰਡੀ ਦੀ ਵਾਰ ਬਣਕੇ।
ਜਿਨ੍ਹਾਂ ਸੂਲ੍ਹਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਂਗੇ ਖੰਡੇ ਦੀ ਧਾਰ ਬਣਕੇ।”

‘ਮਾਛੀਵਾੜੇ ਦਾ ਸੱਥਰ’ ‘ਚੰਡੀ ਦੀ ਵਾਰ’ ‘ਖੰਡੇ ਦੀ ਧਾਰ’ ਵਰਗੇ ਬਿੰਬਾਂ ਤੇ ਸ਼ਬਦਾਂ ਤੋਂ ਪ੍ਰਤੱਖ ਹੈ ਕਿ ਉਦਾਸੀ ਕਿਵੇਂ ਕਲਾਤਮਿਕ ਪੁਖਤਗੀ ਨਾਲ ਅਤੀਤ ਦੀਆਂ ਹਥਿਆਰਬੰਦ ਲਹਿਰਾਂ ਦਾ ਅਜੋਕੀਆਂ ਲਹਿਰਾਂ ਨਾਲ ਸੁਮੇਲ ਕਰਦਾ ਹੈ। ਲੋਕ ਲਹਿਰਾਂ ਵਿਚ ਖੜੋਤ ਆਉਣੀ, ਲੋਕਾਂ ਵਲੋਂ ਨਿੱਸਲ ਹੋਕੇ ਘਰਾਂ ਵਿਚ ਬੈਠ ਜਾਣਾ ਜਾਂ ਸਮੇਂ ਦੀਆਂ ਸਰਕਾਰਾਂ ਵਲੋਂ ਅਤਿ ਦੇ ਜ਼ਬਰ ਨਾਲ ਇਨ੍ਹਾਂ ਲਹਿਰਾਂ ਨੂੰ ਦਬਾ ਦੇਣਾ ਇਤਿਹਾਸ ਦੇ ਆਮ ਵਰਤਾਰੇ ਹਨ ਪਰ ਲੋਕ ਕਵੀ ਉਦਾਸੀ ਅਜਿਹੀ ਸਥਿਤੀ ਦੇ ਮੱਦੇਨਜ਼ਰ ਉਦਾਸ ਹੋਣ ਤੇ ਨਿਰਾਸ਼ ਹੋਣ ਦੀ ਥਾਂ ਲਿਖਦਾ ਹੈ:

“(ਪਰ) ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏ,
ਅਜੇ ਤਕ ਉਹ ਸਾਡੇ ਹਥਿਆਰ ਜਿਉਂਦੇ।
ਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ’ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।”

ਭਾਵੇਂ ਲੋਕ ਕਵੀ ਉਦਾਸੀ ਨੇ ਆਪਣੇ ਕਾਵਿ ਅੰਦਰ ਜ਼ਿਆਦਾਤਰ ਸ਼੍ਰੇਣੀ ਸੰਘਰਸ਼ ਦੀ ਗੱਲ ਕੀਤੀ ਹੈ ਪਰ ਇਹ ਸੁਆਲ ਉਸਦੇ ਜਿਉਂਦੇ ਜੀਅ ਹੀ ਉਠਦਾ ਰਿਹਾ ਹੈ ਕਿ ਲੱਖਾਂ ਕੁਰਬਾਨੀਆਂ ਅਤੇ ਇੰਨੇ ਸੁਹਿਰਦ ਯਤਨਾਂ ਦੇ ਬਾਵਜੂਦ ਵੀ ਲੁਕਵੇਂ ਸ਼੍ਰੇਣੀ ਸਬੰਧ ਭਖਵੇਂ ਸ਼੍ਰੇਣੀ ਘੋਲਾਂ ਦੇ ਰੂਪ ਵਿਚ ਉਜਾਗਰ ਕਿਉਂ ਨਹੀਂ ਹੁੰਦੇ। ਇਸ ਸੁਆਲ ਦਾ ਜੁਆਬ ਜ਼ਾਤ-ਪਾਤੀ ਪ੍ਰਬੰਧ ਦੇ ਮੱਕੜ ਜਾਲ ਵਿਚ ਬੁਰੀ ਤਰ੍ਹਾਂ ਉਲਝੇ ਵੱਖ ਵੱਖ ਕੌਮੀਅਤਾਂ ਤੇ ਨਸਲਾਂ ਵਾਲੇ ਬਹੁਕੌਮੀ ਭਾਰਤ ਦੀ ਵਿਲੱਖਣ ਪਛਾਣ ਵਿਚ ਛੁਪਿਆ ਹੋਇਆ ਹੈ। ਜਾਤ ਪਾਤ ਸਿਸਟਮ ਤੋਂ ਮੁਕਤ ਅਤੇ ਆਜ਼ਾਦ ਕੌਮੀਅਤਾਂ ਵਾਲੇ ਭਾਰਤ ਵਿਚ ਹੀ ਉਦਾਸੀ ਵਲੋਂ ਕਲਪਿਆ ਸ਼ੇ੍ਰਣੀ ਸੰਘਰਸ਼ ਉਜਾਗਰ ਰੂਪ ਵਿਚ ਪ੍ਰਗਟ ਹੋ ਸਕਦਾ ਹੈ। ਲੋਕ ਕਵੀ ਉਦਾਸੀ ਇਸ ਸਥਿਤੀ ਤੋਂ ਨਿਰਾਸ਼ ਨਹੀਂ ਹੈ। ਉਹ ਇਸ ਪ੍ਰਬੰਧ ਵਿਰੁੱਧ ਪੈਰ ਪੈਰ ’ਤੇ ਸੰਘਰਸ਼ ਦਾ ਸੱਦਾ ਇੰਝ ਦਿੰਦਾ ਹੈ:

“ਐਪਰ ਜ਼ਬਰ ਅੱਗੇ ਕਿੱਦਾਂ ਸਬਰ ਕਰੀਏ,
ਅਸੀਂ ਇਹੋ ਜ਼ੀ ਜ਼ਹਿਰ ਨ੍ਹਾ ਪੀ ਸਕਦੇ।
ਨੱਕ ਮਾਰਕੇ ਡੰਗਰ ਵੀ ਜਿਉਣ ਜਿਸਨੂੰ,
ਅਸੀਂ ਜੂਨ ਅਜਿਹੀ ਨ੍ਹਾ ਜੀ ਸਕਦੇ।”

ਉਪਰੋਕਤ ਤੋਂ ਪ੍ਰਤੱਖ ਹੈ ਕਿ ਲੋਕ ਯੁੱਧ ਦੀ ਨਿਰੰਤਰਤਾ ਲਈ ਲੋਕ ਕਵੀ ਉਦਾਸੀ ਨੇ ਆਪਣੇ ਕਾਵਿ ਵਿਚ ਅਤੇ ਜਜ਼ਬਿਆਂ ਦੇ ਮੂੰਹ ਜ਼ੋਰ ਪ੍ਰਗਟਾਵੇ ਲਈ ਸਿੱਖ ਇਤਿਹਾਸਕ ਵਿਰਸੇ ਦੀ ਬੜੀ ਕਲਾਤਮਿਕ ਪੁਖਤਗੀ ਨਾਲ ਪੇਸ਼ਕਾਰੀ ਕੀਤੀ ਹੈ। ਜੋ ਉਸਦੇ ਕਾਵਿ ਦੀ ਵਿਲੱਖਣ ਪਛਾਣ ਸਥਾਪਤ ਕਰਦੀ ਹੈ। ਇਸ ਤੋਂ ਇਹ ਵੀ ਪ੍ਰਤੱਖ ਹੈ ਕਿ ਸਿੱਖ ਧਰਮ, ਵਿਰਸੇ ਅਤੇ ਸੰਸਕਾਰਾਂ ਨਾਲ ਉਦਾਸੀ ਦਾ ਰੂਹਾਨੀਅਤ ਵਾਲਾ ਪ੍ਰਬੰਧ ਸੀ। ਆਪਣੀ ਮੌਤ ਤੋਂ ਦੋ ਕੁ ਮਹੀਨੇ ਪਹਿਲਾਂ ਕੀਤੀ ਗਈ ਇਕ ਮੁਲਾਕਾਤ ਵਿਚ ਲੋਕ ਕਵੀ ਉਦਾਸੀ ਨੇ ਖੁੱਲ੍ਹੇਆਮ ਤਸਲੀਮ ਕੀਤਾ ਸੀ ਕਿ ਸੰਸਕਾਰਾਂ ਤੇ ਵਿਚਾਰਾਂ ਪੱਖੋਂ ਉਹ ਪਹਿਲਾਂ ਸਿੱਖ ਹੈ ਤੇ ਬਾਅਦ ਵਿਚ ਕਮਿੳੂਨਿਸਟ ਹੈ। ਮੇਰੀ ਜਾਚੇ ਉਸਦਾ ਆਪਣੇ ਆਪ ਨੂੰ ਪਹਿਲਾਂ ਸਿੱਖ ਤਸਲੀਮ ਕਰ ਲੈਣਾ ਉਸਦਾ ਕੋਈ ਗੁਨਾਹ ਨਹੀਂ ਸੀ ਸਗੋਂ ਉਸਦੀ ਸ਼ਖਸੀਅਤ ਦਾ ਇਕ ਅਮੀਰ ਪੱਖ ਹੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,