ਲੇਖ » ਸਾਹਿਤਕ ਕੋਨਾ

ਸੰਤ ਰਾਮ ਉਦਾਸੀ ਕਾਵਿ ’ਚ ਰਲਾਵਟ ਦਾ ਮਸਲਾ-2

November 20, 2017 | By

ਕੱਲ੍ਹ (19 ਨਵੰਬਰ, 2017) ਸੰਤ ਰਾਮ ਉਦਾਸੀ ਦੀ ਜ਼ਿੰਦਗੀ ਦੇ ਅਣਜਾਣੇ ਪੱਖਾਂ ਅਤੇ ਉਸ ਦੇ ਕਾਵਿ ਵਿੱਚ ਹੋਰਨਾਂ ਦੀਆਂ ਰਚਨਾਵਾਂ ਦੇ ਰਲਗੱਡ ਹੋਣ ਦੀ ਚਰਚਾ ਕੀਤੀ ਗਈ ਸੀ।

ਹੁਣ ਉਸ ਤੋਂ ਅਗਲੀ ਕੜੀ:

“ਸਿਖਿਆ ਵਿਭਾਗ ਨੇ ਉਦਾਸੀ ਨੂੰ 25 ਜਨਵਰੀ 1977 ਈ : ਨੂੰ ਸਸਪੈਂਡ ਕਰ ਦਿਤਾ, ਇਸ ਨਾਲ ਪਰਿਵਾਰ ਉਤੇ ਆਰਥਿਕ ਸੰਕਟ ਗਹਿਰਾ ਹੋ ਗਿਆ।”

ਉਦਾਸੀ ਨੂੰ ਤੀਜੀ ਵਾਰ ਐਮਰਜ਼ੈਸੀ ਮੌਕੇ 7 ਜੁਲਾਈ 1975 ਨੂੰ ਗ੍ਰਿਫਤਾਰ ਕਰਕੇ ਲੰਬਾ ਸਮਾਂ ਜੇਲ੍ਹ ਵਿਚ ਰੱਖਿਆ ਗਿਆ। ਅਖੀਰ ਬਰਨਾਲਾ ਦੇ ਫਸਟ ਕਲਾਸ ਮੈਜਿਸਟ੍ਰੇਟ ਏ.ਸੀ. ਅਗਰਵਾਲ ਨੇ 1-4-77 ਨੂੰ ਸਰਕਾਰੀ ਹਾਈ ਸਕੂਲ ਖਨੌਰੀ ਕਲਾਂ ਸੰਗਰੂਰ ਵਿਚ ਡਿਊਟੀ ‘ਤੇ ਹਾਜ਼ਰ ਕਰ ਲਿਆ ਗਿਆ ਸੀ।

‘‘..1984 ..ਉਹ ਨੇਪਾਲ ਵਿਚ ਕਵਿਤਾ ਪੜ੍ਹਨ ਲਈ ਰੇਲ ਗੱਡੀ ਵਿਚ ਜਾ ਰਿਹਾ ਸੀ। ਉਦਾਸੀ ਦੇ ਸਿੱਖੀ ਸਰੂਪ ਤੋਂ ਵੇਖਕੇ ਮੁਸਾਫਰਾਂ ਨੇ ਉਹਦੇ ਮੂੰਹ ਤੇ ਬੀੜੀ ਦੇ ਸੂਟੇ ਮਾਰੇ।”

ਉਦਾਸੀ ਕਦੇ ਜ਼ਿੰਦਗੀ ਵਿਚ ਨੇਪਾਲ ਗਿਆ ਹੀ ਨਹੀਂ । ਹਾਂ ਉਹ ਜਨਵਰੀ 1985 ਵਿਚ ਦਿੱਲੀ ਜ਼ਰੂਰ ਗਿਆ ਸੀ, ਜਿਥੇ ਸਿੱਖ ਕਤਲੇਆਮ ਦੀਆਂ ਨਿਸ਼ਾਨੀਆਂ ਦੇਖਕੇ ਉਹ ਹਿੱਲ ਗਿਆ ਸੀ।

“ਵਿਸਾਖੀ 1986 ਨੂੰ ਲੁਧਿਆਣੇ ਵਿਚ ਲੋਕਾਂ ਦੇ ਭਾਰੀ ਮੇਲੇ ਵਿਚ ਜਗਦੇਵ ਸਿੰਘ ਜੱਸੋਵਾਲ ਨੇ ਬਹੁਤ ਹੀ ਪਿਆਰ ਤੇ ਸਨੇਹ ਨਾਲ ਸੰਤ ਰਾਮ ਉਦਾਸੀ ਨੂੰ ਸਿੱਕਿਆਂ ਨਾਲ ਤੋਲਿਆਂ ਸੀ।”

ਸੰਤ ਰਾਮ ਉਦਾਸੀ (ਫਾਈਲ ਫੋਟੋ)

ਸੰਤ ਰਾਮ ਉਦਾਸੀ (ਫਾਈਲ ਫੋਟੋ)

ਉਦਾਸੀ ਨੂੰ 13 ਅਪ੍ਰੈਲ 1984 ਨੂੰ ਵਿਸਾਖੀ ਵਾਲੇ ਦਿਨ ਸਿੱਕਿਆਂ ਨਾਲ ਤੋਲਿਆਂ ਗਿਆ ਸੀ।

ਦੂਜੀ ਪੁਸਤਕ “ਸੰਤ ਰਾਮ ਉਦਾਸੀ-ਸ਼ਖਸੀਅਤ ਅਤੇ ਸਮੁੱਚੀ ਰਚਨਾ” ਸੰਪਾਦਕ-ਅਜਮੇਰ ਸਿੱਧੂ-ਇਕਬਾਲ ਕੌਰ ਉਦਾਸੀ, ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ 2014 ਵਿਚ ਪ੍ਰਕਾਸ਼ਤ ਕੀਤੀ ਹੈ। ਇਸ ਦਾ ਮੁੱਖ ਬੰਧ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਰਜਿੰਦਰਪਾਲ ਬਰਾੜ ਲਿਖਿਆ ਹੈ। ਸੰਪਾਦਕਾਂ ਨੇ ਬਗੈਰ ਨਾਂ ਲਿਆ ਮੇਰੀ ਪੁਸਤਕ ਦੇ ਪਹਿਲੇ ਐਡੀਸਨ ਅਤੇ ਡਾ. ਅਜਮੇਰ ਸਿੰਘ ਦੀ ਪੁਸਤਕ ਨੂੰ ਆਧਾਰ ਬਣਾਕੇ ਦਾਅਵਾ ਕਰ ਦਿੱਤਾ ਹੈ ਕਿ ਹੁਣ ਚਾਲੀ ਪੰਤਾਲੀ ਨਵੀਆਂ ਕਵਿਤਾਵਾਂ ਹੋਰ ਲੱਭ ਗਈਆਂ ਹਨ। ਇਸ ਵਿਚ ਵੀ ਮਾ. ਜਰਨੈਲ ਸਿੰਘ ਅੱਚਰਵਾਲ ਦੀ ਲੰਬੀ ਕਵਿਤਾ “ਅਵਾਜ਼” ਛਾਪ ਦਿੱਤੀ ਗਈ ਹੈ। ਹੋਰ ਤਾਂ ਹੋਰ ਮੇਰੀ ਪੁਸਤਕ ਦੇ ਪਹਿਲੇ ਐਡੀਸਨ ਵਿਚ ਇਕ ਗਜ਼ਲ ਛਪ ਗਈ ਸੀ।

“ਆਦਮੀ ਜੋ ਹੋ ਗਿਆ ਸ਼ੈਤਾਨ ਹੈ

ਮੇਮਨੇ ਦੀ ਖੱਲ ਵਿਚ ਹੈਵਾਨ ਹੈ”

ਬਾਅਦ ’ਚ ਪਤਾ ਲੱਗਿਆ ਕਿ ਇਹ ਗਜ਼ਲ ਪ੍ਰੋ: ਪ੍ਰੀਤਮ ਸਿੰਘ ਰਾਹੀ ਦੀ ਹੈ ਜੋ ਉਸ ਦੇ 1985 ਵਿਚ ਛਪੇ ਗ਼ਜ਼ਲ ਸੰਗ੍ਰਹਿ “ਕਾਸ਼ਣੀ ਧੁੱਪਾਂ” ਵਿਚ ਛਪੀ ਸੀ (ਹੁਣ ‘ਗੁਲਮੋਹਰ’ ਵਿਚ ਪੰਨਾ-165 ’ਤੇ ਛਪੀ ਹੈ) ਮੈਂ ਦੂਜੇ ਐਡੀਸ਼ਨ ਵਿਚ ਇਹ ਗਜ਼ਲ ਕੱਢ ਦਿੱਤੀ ਸੀ ਪਰ ਸੰਪਾਦਕਾਂ ਨੇ ਦੂਜਾ ਐਡੀਸ਼ਨ ਦੇਖਣ ਦਾ ਕਸ਼ਟ ਹੀ ਨਹੀਂ ਕੀਤਾ ਆਪਣੀ ਪੁਸਤਕ ਦੇ ਪੰਨਾ-288 ਉਪਰ ਹੂ-ਬ-ਹੂ ਇਹ ਗ਼ਜ਼ਲ ਛਾਪ ਦਿੱਤੀ ਹੈ। ਇਸੇ ਤਰ੍ਹਾਂ ਹੀ “ਖੂਹ ਹੱਕਣ ਵਾਲੇ ਨੂੰ ਆਸੀਸ” ਤੇ “ਬਾਜਰੇ ਦਾ ਸਿੱਟਾ” ਗੀਤਾਂ ਵਿਚ ਜਿੱਥੇ ਮੈਂ ਡੈਸ਼ ਛੱਡੀ, ਉਹ ਵੀ ਹੂ-ਬ-ਹੂ ਪੰਨਾ-215 ਅਤੇ 216 ’ਤੇ ਛਾਪ ਦਿੱਤੇ ਹਨ।

ਇਸ ਪੁਸਤਕ ਦੀ ਇੱਕ ਹੋਰ ਲਿਖਤ ਜਿਸ ਨੇ ਇਤਿਹਾਸ ਵਿਚ ਵੱਡਾ ਵਿਗਾੜ ਪਾਉਣਾ ਹੈ, ਉਹ ਹੈ ਅਜਮੇਰ ਸਿੱਧੂ ਵੱਲੋਂ ਉਦਾਸੀ ਦੀ ਪਤਨੀ ਨਸੀਬ ਕੌਰ ਨਾਲ ਕੀਤੀ ਗਈ ਇੰਟਰਵਿਊ। ਜੋ ਉਸ ਨੇ 29 ਦਸੰਬਰ 2012 ਨੂੰ ਕਰਨ ਦਾ ਵਾਅਦਾ ਕੀਤਾ ਹੈ। ਬਹੁਤ ਸਾਰੇ ਸੱਜਣ ਜਾਣਦੇ ਹਨ ਕਿ ਉਦਾਸੀ ਦੀ ਪਤਨੀ ਅਣਪੜ੍ਹ ਸਿੱਧੀ ਸਾਦੀ ਘਰੇਲੂ ਔਰਤ ਹੈ, ਨਕਸਲੀ ਲਹਿਰ ਦੌਰਾਨ ਉਸ ਨੇ ਵੀ ਹੋਰ ਪ੍ਰਵਾਰਾਂ ਵਾਂਗ ਕਸ਼ਟ ਭੋਗੇ ਹਨ। ਪਰ ਅਜਮੇਰ ਸਿੱਧੂ ਦੀ ਮੁਲਾਕਾਤ ਵਾਲੀ ਨਸੀਬ ਕੌਰ ਇਕੱਲੀ ਪੜ੍ਹੀ ਲਿਖੀ ਹੀ ਨਹੀਂ ਉਹ ਰਾਜਸੀ ਅਤੇ ਸਾਹਿਤਕ ਤੌਰ ’ਤੇ ਪੂਰੀ ਚੇਤਨ, ਰਾਜਸੀ ਟਰਮਾਂ ਦੀ ਵੀ ਜਾਣੂ ਹੈ। ਨਕਸਲੀ ਲਹਿਰ ਦੀਆਂ ਘਟਨਾਵਾਂ ਜਿਸ ਨੂੰ ਪੰਜਾਹ ਸਾਲਾਂ ਬਾਅਦ ਵੀ ਤਾਰੀਕਵਾਰ ਮੂੰਹ ਜ਼ੁਬਾਨੀ ਯਾਦ ਹਨ। ਅਜਮੇਰ ਸਿੱਧੂ ਉੱਘੇ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਅਤੇ ਮੇਰੇ ਪ੍ਰਤੀ ਸਿਆਸੀ ਬਦਲਾਖੋਰੀ ਤਹਿਤ ਆਪਣੀਆਂ ਗੱਲਾਂ ਨਸੀਬ ਕੌਰ ਦੇ ਮੂੰਹ ਵਿਚ ਪਾਉਂਦਾ ਹੈ। ਉਹ ਉਦਾਸੀ ਨੂੰ ਧਰਮ ਤੋਂ ਮੁਕਤ ਚੌਵੀ ਕੈਰਟ ਸੁੱਧ ਤਰਕਸ਼ੀਲ ਕਾਮਰੇਡ ਸਿੱਧ ਕਰਨਾ ਚਾਹੁੰਦਾ ਹੈ, ਜੋ ਅਖੀਰਲੀ ਘੜੀ ਤੱਕ ਇਕ ਗਰੁੱਪ ਦੀ ਲਾਈਨ ਨਾਲ ਅਡੋਲ ਖੜ੍ਹਾ ਸੀ। ਇਹ ਇਤਿਹਾਸ ਲੇਖਣੀ ਨਾਲ ਘੋਰ ਅਨਾਚਾਰ ਤੇ ਬੌਧਿਕ ਬੇਈਮਾਨੀ ਹੈ। ਜੇ ਅਜਮੇਰ ਸਿੱਧੂ ਨੂੰ ਸਾਡੇ ਨਾਲ ਕੋਈ ਰੰਜਸ ਤੇ ਖੁਣਸ ਹੈ ਤਾਂ ਉਸ ਨੂੰ ਨਸ਼ੀਬ ਕੌਰ ਦੇ ਮੋਢੇ ’ਤੇ ਧਰ ਕੇ ਨਹੀਂ ਚਲਾਉਣੀ ਚਾਹੀਦੀ ਸਿੱਧੇ ਮੱਥੇ ਵਿਚਾਰਧਾਰਕ ਬਹਿਸ ਵਿਚ ਪੈਣਾ ਚਾਹੀਦਾ ਹੈ। ਇਸ ਕਿਤਾਬ ਦੀ ਸੰਪਾਦਨਾ ਨਾਲ ਉਦਾਸੀ ਦੀ ਧੀ ਇਕਬਾਲ ਕੌਰ ਉਦਾਸੀ ਦਾ ਨਾਂਅ ਜੁੜਿਆ ਹੋਣ ਕਰਕੇ, ਗਲਤ ਅਤੇ ਰੋਗੀ ਤੱਥ ਸਥਾਪਤ ਹੋਣ ਦੀ ਸੰਭਾਵਨਾ ਵੱਧ ਹੈ।

ਤੀਜੀ ਪੁਸਤਕ ਡਾ. ਚਰਨਜੀਤ ਕੌਰ ਦੀ ਲਿਖੀ “ਸੰਤ ਰਾਮ ਉਦਾਸੀ-ਜੀਵਨ ਤੇ ਰਚਨਾ” ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 2014 ਵਿਚ ਪ੍ਰਕਾਸ਼ਿਤ ਕੀਤੀ ਹੈ। ਡਾ. ਚਰਨਜੀਤ ਕੌਰ ਨੇ ਵੀ ਮੇਰੀ ਪੁਸਤਕ ਸਮੇਤ ਡਾ. ਅਜਮੇਰ ਸਿੰਘ ਤੇ ਅਜਮੇਰ ਸਿੱਧੂ, ਇਕਬਾਲ ਕੌਰ ਉਦਾਸੀ ਦੀਆਂ ਪੁਸਤਕਾਂ ਨੂੰ ਅਧਾਰ ਬਣਾਇਆ ਹੈ। ਜਿਸ ਕਰਕੇ ਇਸ ਤੋਂ ਵੀ ਪਹਿਲਾਂ ਵਾਲੀਆਂ ਉਕਾਈਆਂ ਹੀ ਹੋਈਆਂ ਹਨ। ਡਾ. ਚਰਨਜੀਤ ਕੌਰ ਨੇ ਖੁਦ ਡਾਕਟਰੇਟ ਕੀਤੀ ਹੈ, ਇਸ ਦਾ ਪਤੀ ਡਾ. ਰਾਜਿੰਦਰਪਾਲ ਬਰਾੜ ਪੰਜਾਬੀ ਵਿਭਾਗ ਦਾ ਮੁਖੀ ਰਿਹਾ ਹੈ, ਇਹਨਾਂ ਨੂੰ ਖੋਜ ਵਿਧੀ ਦੇ ਮਿਆਰਾਂ ਦਾ ਪਤਾ ਹੈ ਕਿ ਪ੍ਰਾਇਮਰੀ, ਸੈਕੰਡਰੀ ਤੇ ਥਰਡ ਸੋਰਸ ਕੀ ਹੁੰਦੇ ਹਨ ਪਰ ਫਿਰ ਵੀ ਲੇਖਿਕਾ ਨੇ ਸੰਤ ਰਾਮ ਉਦਾਸੀ ਦੇ ਜੀਵਨ ਬਾਰੇ ਜਾਣਕਾਰੀ ਦੇਣ ਲਈ ਬਿਲਕੁਲ ਕੱਚੇ ਸਰੋਤ ਵਰਤੇ ਹਨ। ਜਿਵੇਂ ਉਦਾਸੀ ਦੇ ਪਰਵਾਰ ਅਤੇ ਨਾਮਕਰਨ ‘ਉਦਾਸੀ’ ਬਾਰੇ ਖੇਡ ਲੇਖਕ ਸਰਵਣ ਸਿੰਘ ਦੇ ਹਵਾਲੇ ਦਿੱਤੇ ਹਨ। ਜਿਸ ਦਾ ਉਦਾਸੀ ਨਾਲ ਦੂਰ ਨੇੜੇ ਦਾ ਵਾਸਤਾ ਨਹੀਂ ਸਗੋਂ ਉਹ ਤਾਂ ਖੁਦ ਸੁਣਾਈਆਂ ਅਗਾਂਹਾ ਰੋੜ੍ਹਦਾ ਹੈ। ਜਦਕਿ ਉਦਾਸੀ ਦੇ ਵੱਡੇ ਭਰਾ ਗੁਰਦਾਸ ਸਿੰਘ ਘਾਰੂ ਨੇ ਆਪਣੀ ਸਵੈ ਜੀਵਨੀ “ਪਗਡੰਡੀਆਂ ਤੋਂ ਜੀਵਨ ਮਾਰਗ ਤੱਕ” ਵਿੱਚ ਆਪਣੇ ਪ੍ਰਵਾਰ ਅਤੇ ਉਦਾਸੀ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਪਰ ਡਾ: ਚਰਨਜੀਤ ਕੌਰ ਨੇ ਇਹ ਪੁਸਤਕ ਦੇਖੀ ਤੱਕ ਵੀ ਨਹੀਂ। ਇਸੇ ਤਰ੍ਹਾਂ ਉਦਾਸੀ ਦੀਆਂ ਨਕਸਲੀ ਲਹਿਰ ਵਿਚ ਸਰਗਰਮੀਆਂ ਬਾਰੇ ਉਸ ਦੇ ਸਾਥੀਆਂ ਕੋਲੋਂ ਜਾਣਕਾਰੀ ਲੈਣ ਦੀ ਵਜਾਏ ਉਹ ਅਜਮੇਰ ਸਿੱਧੂ ਵੱਲੋਂ ਨਸੀਬ ਕੌਰ ਨਾਲ ਕੀਤੀ ਗਈ ਜਾਅਲੀ ਇੰਟਰਵਿਊ ਵਿਚੋਂ ਹਵਾਲੇ ਦਿੰਦੀ ਹੈ। ਜਦਕਿ ਲੇਖਿਕਾ ਚਰਨਜੀਤ ਕੌਰ ਅਨੁਸਾਰ ਉਸ ਦਾ ਪਿੰਡ ਭੋਤਨਾ, ਰਾਏਸਰ ਦੇ ਬਿਲਕੁਲ ਨਜ਼ਦੀਕ ਹੈ ਤੇ ਉਹ ਬਚਪਨ ’ਚ ਉਦਾਸੀ ਦੀ ਵਿਦਿਆਰਥਣ ਵੀ ਰਹੀ ਹੈ ਪਰ ਫਿਰ ਵੀ ਉਸ ਨੇ ਖੁਦ ਜਾ ਕੇ ਨਸੀਬ ਕੌਰ ਨੂੰ ਮਿਲਣ ਦੀ ਜ਼ਹਿਮਤ ਨਹੀਂ ਉਠਾਈ। ਸਾਹਿਤਕ ਬੇਈਮਾਨੀ ਦਾ ਹਾਲ ਇਹ ਹੈ ਕੀ ਉਸ ਨੇ ਆਪਣੀ ਪੁਸਤਕ ਦੇ ਪੰਨਾ ਨੰਬਰ ਤਿੰਨ ‘ਤੇ ਉਦਾਸੀ ਦੇ ਪਰਵਾਰ ਅਤੇ ਪੁਰਖਿਆਂ ਸਬੰਧੀ ਜਾਣਕਾਰੀ, ਮੇਰੀ ਪੁਸਤਕ “ਕੰਮੀਆਂ ਦੇ ਵਿਹੜੇ ਦਾ ਸੂਰਜ” ’ਚੋਂ ਲਈ ਹੈ। ਇਸੇ ਤਰ੍ਹਾਂ ਉਦਾਸੀ ਦੀ ਨਕਸਲਬਾੜੀ ਲਹਿਰ ਅਤੇ ਐਮਰਜੈਂਸੀ ਦੌਰਾਨ ਗ੍ਰਿਫਤਾਰੀ ਅਤੇ ਸਕੂਲੋਂ ਮੁਅੱਤਲੀ ਸਬੰਧੀ ਸਾਰਾ ਰਿਕਾਰਡ ਹੂ-ਬ-ਹੂ ਮੇਰੀ ਪੁਸਤਕ ਵਿਚੋਂ ਦਿੱਤਾ ਗਿਆ ਹੈ ਪਰ ਇਸ ਪੁਸਤਕ ਦਾ ਹਵਾਲਾ ਕਿਤੇ ਨਹੀਂ ਦਿੱਤਾ ਗਿਆ।

ਲੇਖਕ: ਰਾਜਵਿੰਦਰ ਸਿੰਘ ਰਾਹੀ

ਲੇਖਕ: ਰਾਜਵਿੰਦਰ ਸਿੰਘ ਰਾਹੀ

ਚੌਥੀ ਕਿਤਾਬ “ਉਦਾਸੀ ਕਾਵਿ-ਸੰਤ ਰਾਮ ਉਦਾਸੀ ਦੀਆਂ ਸੰਪੂਰਨ ਕਵਿਤਾਵਾਂ ਅਤੇ ਗੀਤਾਂ ਦਾ ਸੰਗ੍ਰਹਿ” ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ 2016 ਵਿਚ ਛਾਪਿਆ ਹੈ। ਜਿਸ ਦਾ ਸੰਪਾਦਕ ਅਮੋਲਕ ਸਿੰਘ ਹੈ। ਅਮੋਲਕ ਸਿੰਘ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ, ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦਾ ਆਗੂ ਹੈ, ਗਦਰੀ ਬਾਬਿਆਂ ਦੇ ਮੇਲੇ ਦਾ ਰੂਹੇ-ਰਵਾਂ ਹੈ, ਲੋਕ ਮੋਰਚਾ ਪੰਜਾਬ ਦਾ ਕਨਵੀਨਰ ਰਿਹਾ ਹੈ, ਪੰਜਾਬ ਲੋਕ ਸੱਭਿਆਚਾਰਕ ਮੰਚ ਦਾ ਪ੍ਰਧਾਨ ਹੈ, ਸੁਰਖ ਰੇਖਾ ਪਰਚੇ ਦਾ ਪ੍ਰਬੰਧਕ ਰਿਹਾ ਹੈ ਪਰ ਉਸ ਨੇ ਇਕ ਵੀ ਅੱਖਰ ਦੀ ਵਾਧ ਘਾਟ ਕੀਤਿਆਂ ਮੇਰੇ ਵੱਲੋਂ ਸੰਪਾਦਤ ਕੀਤੀ ਕਿਤਾਬ ਨੂੰ ਆਪਣੇ ਨਾਂਅ ’ਤੇ ਛਪਵਾ ਲਿਆ ਹੈ। ਵਿੱਚ ਕੁੱਝ ਕਵਿਤਾਵਾਂ ਅਜਮੇਰ ਸਿੱਧੂ ਤੇ ਇਕਬਾਲ ਕੌਰ ਉਦਾਸੀ ਦੀ ਸੰਪਾਦਤ ਕੀਤੀ ਕਿਤਾਬ ’ਚੋਂ ਪਾ ਲਈਆਂ ਹਨ ਜੋ ਉਦਾਸੀ ਦੀਆਂ ਹੈ ਨਹੀਂ। ਉਸੇ ਤਰ੍ਹਾਂ ਹੀ ਮਾ. ਜਰਨੈਲ ਸਿੰਘ ਅੱਚਰਵਾਲ ਦੀ ਕਵਿਤਾ “ਅਵਾਜ਼” ਇਸ ਪੁਸਤਕ ਦੇ ਪੰਨਾ 266 ’ਤੇ ਛਪੀ ਹੈ। ਪ੍ਰੋ. ਪ੍ਰੀਤਮ ਸਿੰਘ ਰਾਹੀ ਵਾਲੀ ਗ਼ਜ਼ਲ ਪੰਨਾ 236 ’ਤੇ ਛਪੀ ਹੈ। ਮੈਂ ਆਪਣੇ ਵੱਲੋਂ ਛਾਪੀ ਗਈ ਕਿਤਾਬ ਵਿਚ ਉਹਨਾਂ ਗੀਤਾਂ ਹੇਠ ਉਹਨਾਂ ਵਿਅਕਤੀਆ ਦੇ ਨਾਂਅ ਲਿਖੇ ਸਨ, ਜਿਨ੍ਹਾਂ ਕੋਲੋਂ ਮਿਲੇ ਸਨ। ਇਸ ਪੁਸਤਕ ਵਿਚ ਵੀ ਉਹ ਉਸੇ ਤਰ੍ਹਾਂ ਹੀ ਰਹਿਣ ਦਿੱਤੇ ਹਨ, ਪਰ ਸੰਪਾਦਕ ਨੇ ਇਹ ਕਿਤੇ ਨਹੀਂ ਦੱਸਿਆ ਕਿ ਇਹ ਗੀਤ ਪ੍ਰਾਪਤ ਕੀਹਨੇ ਕੀਤੇ ਸਨ? ਕਿਸੇ ਦੇ ਕੀਤੇ ਕਰਾਏ ਕੰਮ ਨੂੰ ਆਪਣੇ ਨਾਂਅ ‘ਤੇ ਛਪਵਾ ਲੈਣ ਨਾਲ ਕੀ ਜੁੰਮੇਵਾਰ ਅਹੁਦਿਆਂ ’ਤੇ ਬੈਠੇ ਅਮਲੋਕ ਸਿੰਘ ਦੀ ਦਿਆਨਤਦਾਰੀ ਪ੍ਰਤੀ ਸ਼ੰਕੇ ਤੇ ਸੁਆਲ ਨਹੀਂ ਖੜੇ ਹੁੰਦੇ?

ਇਸ ਪੁਸਤਕ ਵਿਚ ਪਰੂਫਾਂ ਦੀਆਂ ਬੇਸ਼ੁਮਾਰ ਗ਼ਲਤੀਆਂ ਹਨ, ਜੋ ਉਦਾਸੀ ਦੇ ਗੀਤਾਂ ਕਵਿਤਵਾਂ ਦੇ ਅਰਥਾਂ ਦੇ ਅਨਰਥ ਕਰ ਦਿੰਦੀਆਂ ਹਨ। ਸਿਰਫ਼ ਨਮੂਨੇ ਵਜੋਂ ਦੋ ਮਿਸਾਲਾਂ ਹਾਜ਼ਰ ਹਨ :

“ਫੱਕਰ ਇਹਦੇ ਨਾ ਲਾਲਾਂ ਦੀ ਨੈਣ ਭਿੱਛਿਆਂ, ਮਾਣਮੱਤੇ ਇਹ ਹੁਸਨ ਦੇ ਚੋਰ ਵੀ ਨਈ”

ਜਦ ਕੇ ਅਸਲ ਲਾਈਨ ਇਸ ਤਰ੍ਹਾਂ ਹੈ :

“ਫੱਕਰ ਇਹਦੇ ਨਾ ਲਾਲਾਂ ਦੀ ਲੈਣ ਭਿੱਛਿਆਂ , ਮਾਣਮੱਤੇ ਇਹ ਹੁਸਨ ਦੇ ਚੋਰ ਵੀ ਨਈ’’

ਇਸੇ ਤਰ੍ਹਾਂ ਹੋਰ ਨਮੂਨਾ:

“ਜੀਹਦੇ ਸੱਤਰ ਕਰੋੜ ਨੇ ਪੁੱਤ ਪੋਤੇ, ਉਹਨੂੰ ਲੋੜ ਸੀ ਹੋਰ ਹਮੈਤੀਆਂ ਦੀ”

ਅਸਲ ਲਾਈਨ :

“ਜੀਹਦੇ ਸੱਤਰ ਕਰੋੜ ਨੇ ਪੁੱਤ ਪੋਤੇ, ਉਹਨੂੰ ਲੋੜ ਕੀ ਹੋਰ ਹਮੈਤੀਆਂ ਦੀ”

ਹੋਰ ਤਾਂ ਹੋਰ ਜਿਹੜਾ ਪਾਪ ਉਦਾਸੀ ਨੇ ਜਿਉਂਦੇ ਜੀਅ ਖੁਦ ਨਹੀਂ ਕੀਤਾ ਸੀ, ਉਹ ਘੋਰ ਪਾਪ ਤਰਕਭਾਰਤੀ ਪ੍ਰਕਾਸ਼ਨ ਦੇ ਮਾਲਕ ਪਿਉ ਪੁੱਤਾਂ ਮੇਘ ਰਾਜ ਮਿੱਤਰ, ਅਮਿਤ ਮਿੱਤਰ ਤੇ ਸੰਪਾਦਕ ਅਮਸਲਕ ਸਿੰਘ ਕਰ ਦਿੱਤਾ ਹੈ। ਉਦਾਸੀ ਦੇ ਭਰਾਵਾਂ ਅਤੇ ਸਮਕਾਲੀ ਦੋਸਤਾਂ ਮਿੱਤਰਾਂ ਅਨੁਸਾਰ, ਉਸ ਨੇ ਸਾਰੀ ਉਮਰ ਕਦੇ ਦਾੜ੍ਹੀ ਨੂੰ ਕੈਂਚੀ ਨਹੀਂ ਲਵਾਈ ਸੀ, ਪਰ ਪ੍ਰਕਾਸ਼ਕਾਂ ਅਤੇ ਸੰਪਾਦਕ ਨੇ ਉਸਨੂੰ ਸ਼ੁੱਧ ਕਾਮਰੇਡ ਬਣਾਉਣ ਲਈ ਕੰਪਿਊਟਰ ਨਾਲ ਉਸ ਦੀ ਦਾੜ੍ਹੀ ਕਤਰ ਕੇ ਉਸ ਦੀ ਸ਼ਕਲ ਕਾਂ ਡੋਡ ਵਰਗੀ ਬਣਾ ਦਿੱਤੀ ਹੈ। ਕਰੇੜੇ ਭਰੇ ਦੰਦ ਕਿਸੇ ਘੋਰ ਅਮਲੀ ਦੇ ਲੱਗਦੇ ਹਨ।

ਸੰਪਾਦਕ ਅਮਲੋਕ ਸਿੰਘ ਮੇਰੇ ਤੇ ਅਸਿੱਧੇ ਢੰਗ ਨਾਲ ਉਦਾਸੀ ਕਾਵਿ ਨੂੰ ਵਿਗਾੜਨ ਦਾ ਦੋਸ਼ ਲਗਾਉਂਦਾ ਹੈ :

“ਪਲੇਠੀ ਕਾਵਿ ਉਡਾਰੀ ਤੋਂ ਆਖਰੀ ਦਮ ਤੱਕ ਰਚੀ ਉਦਾਸੀ ਦੀ ਕਵਿਤਾ ਨੂੰ ਵੇਖਣ ਦਾ ਵਿਗਿਆਨਕ ਦ੍ਰਿਸ਼ਟੀਕੋਣ ਕੌਸ ਸਾਡੇ ਕੋਲੋ ਗੰਭੀਰ ਅਤੇ ਜ਼ਿੰਮੇਵਾਰਾਨਾ ਪਹੁੰਚ ਦੀ ਮੰਗ ਕਰਦਾ ਹੈ। ਇਸ ਲਈ ਸਭ ਤੋਂ ਮਹੱਤਵ ਪੂਰਨ ਉਦਾਸੀ ਦਾ ਹਲਫ਼ੀਆ ਬਿਆਨ ਹੈ, ਜਿਹੜਾ ਉਦਾਸੀ ਦੇ ਦੰਭੀ ਵਾਰਸਾਂ ਦੇ ਪਾਜ ਉਧੇੜ ਧਰਦਾ ਹੈ, ਜਿਹਨਾਂ ਨੇ ਉਦਾਸੀ ਦੀ ਕਵਿਤਾ ਦਾ ਹੁਲੀਆ ਵਿਗਾੜਨ ਦੀ ਕੋਸ਼ਿਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।” ਪਰ ਹੁਲੀਆ ਖੁੱਦ ਇਹ “ਹੱਕੀ ਵਾਰਸ” ਵਿਗਾੜ ਰਹੇ ਹਨ।

ਜਦ ਉਦਾਸੀ ਨੇ 1979-80 ਵਿਚ ਲਾਲ ਕਿਲ੍ਹੇ ਤੋਂ ਗੀਤ ਬੋਲਿਆ ਸੀ ਤੇ 1984 ਵਿਚ ਜਗਦੇਵ ਸਿੰਘ ਜੱਸੋਵਾਲ ਨੇ ਉਸ ਨੂੰ ਸਿੱਕਿਆਂ ਨਾਲ ਤੋਲਿਆ ਸੀ ਤਾਂ ਸੁਰਖ਼ ਰੇਖਾ ਪਰਚੇ ਨੇ ਬੜੀ ਹੀ ਭੱਦੀ ਸ਼ਬਦਾਂਵਲੀ ’ਚ ‘ਨੋਟ ਕਵੀ’ ‘ਵੋਟ ਕਵੀ’ ‘ਸ਼ਰਾਬ ਭਿੱਜੇ ਬੋਲ’ ਆਦਿ ਲਿਖਕੇ ਉਸ ਦੀ ਆਲੋਚਨਾ ਕੀਤੀ ਸੀ। ਜਿਸ ਤੋਂ ਉਦਾਸੀ ਮਾਨਸਿਕ ਤੌਰ ’ਤੇ ਬਹੁਤ ਜ਼ਿਆਦਾ ਪੀੜਤ ਹੋਇਆ ਸੀ। ਸੁਰਖ ਰੇਖਾ ਦੀ ਲਾਈਨ ਨਾਲ ਉਹ ਕਦੇ ਵੀ ਸਹਿਮਤ ਨਹੀਂ ਸੀ ਤੇ ਨਾ ਹੀ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਨਾਲ। ਉਦਾਸੀ ਨੇ ਕਨੇਡਾ ਦੇ ਪਰਚੇ ‘ਵਤਨੋਂ ਦੂਰ’ ਨੂੰ 13 ਜੁਲਾਈ 1983 ਨੂੰ ਲਿਖੇ ਖ਼ਤ ਵਿਚ ਕਿਹਾ ਸੀ! “…… ਇਪਾਨਾ ਵਾਲੇ ਸਾਥੀ ਭਾਅ ਜੀ ਗੁਰਸ਼ਰਨ ਸਿੰਘ ਦੇ ਰੋਲ ਨੂੰ ਕੇਵਲ ਇੱਕ ਗਰੁੱਪ ਤੱਕ ਸੀਮਤ ਕਰਨ ਤੋਂ ਰੋਕਣਗੇ ਜਿਵੇਂ ਕਿ ਪਿਛਲੇ ਕੁਝ ਮਹੀਨਿਆਂ ਵਿਚ ‘ਪਲਸ ਮੰਚ’ ਦੇ ਨਾਂ ਹੇਠ ਭਾਅ ਜੀ ਵੱਲੋਂ ਕੀਤਾ ਗਿਆ ਹੈ।” ਚੰਗੀ ਗੱਲ ਸੀ ਹੁਣ ਹੱਕੀ ਵਾਰਸ ਬਣਨ ਵਾਲਾ ਅਮੋਲਕ ਸਿੰਘ ਆਪਣੀ ਪਹਿਲਾਂ ਵਾਲੀ ਪੁਜੀਸ਼ਨ ਸਪੱਸ਼ਟ ਕਰ ਦਿੰਦਾ, ਕਿ ਉਹ ਹੁਣ ਠੀਕ ਹਨ ਜਾਂ ਉਦੋਂ ਠੀਕ ਸਨ। ਉਹ ਉਦਾਸੀ ਦੀਆਂ 1970-71 ਵਿੱਚ ਆਖੀਆਂ ਗੱਲਾਂ ਨੂੰ ਹੁਣ ਦੇ ਸਮੇ ’ਤੇ ਢੁਕਾ ਕੇ ਵਿਰੋਧੀਆਂ ਨੂੰ ਚਿੱਤ ਕਰਨਾ ਚਾਹੁੰਦਾ ਹੈ, ਜੋ ਕਿਸੇ ਤਰ੍ਹਾਂ ਵੀ ਠੀਕ ਨਹੀਂ। 1984 ਤੋਂ ਬਾਅਦ ਤਾਂ ਪੁਲਾਂ ਹੇਠੋਂ ਬਹੁਤ ਪਾਣੀ ਵਗ ਗਿਆ ਸੀ ਤੇ ਉਦਾਸੀ ਖੱਬੀ ਪੱਖੀ ਕਾਮਰੇਡਾਂ ਤੋ ਬੇਆਸ ਹੀ ਨਹੀਂ ਪੂਰੀ ਤਰ੍ਹਾਂ ਨਿਰਾਸ ਹੋ ਕੇ ਪਾਸਾ ਵੱਟ ਗਿਆ ਸੀ।

ਲੋਕ ਕਵੀ ਸੰਤ ਰਾਮ ਉਦਾਸੀ ਨਾਲ ਬੌਧਿਕ ਤੌਰ ’ਤੇ ਘੋਰ ਅਨਾਚਾਰ ਹੋ ਰਿਹਾ ਹੈ। ਇਸ ਵਿੱਚ ਉਸ ਦੀ ਆਪਣੀ ਬੇਟੀ ਇਕਬਾਲ ਕੌਰ ਉਦਾਸੀ ਵੀ ਸ਼ਾਮਲ ਹੈ, ਜੋ ਆਪਣੇ ਪਿਤਾ ਦੇ ਕੱਦ ਨੂੰ ਕੁਛ ਕੁ ਨਕਸਲੀ ਗਰੁੱਪਾਂ ਦੀ ਰਾਜਸੀ ਲਾਈਨ ਤੱਕ ਸੁੰਗੋੜਨਾ ਚਾਹੁੰਦੀ ਹੈ,

ਜਿਵੇਂ ਕਿ ਹੁਣ ਜਰਨੈਲ ਸਿੰਘ ਅੱਚਰਵਾਲ ਦੀ ਕਵਿਤਾ “ਆਵਾਜ਼” ਉਦਾਸੀ ਦੇ ਨਾਂਅ ‘ਤੇ ਪ੍ਰਚਾਰ ਕੇ ਉਸ ਨੂੰ ਸਿੱਖ ਸੰਘਰਸ਼ ਦੇ ਵਿਰੋਧ ਵਿੱਚ ਭੁਗਤਾਇਆ ਜਾ ਰਿਹਾ ਹੈ। ਕਵਿਤਾ ਜੋ ਇਸ ਤਰ੍ਹਾਂ ਹੈ :

“ਸੁਣੋ ਸੁਣੋ ਆਵਾਜ਼ ਮੇਰੀ

ਸੱਚ ਦੇ ਜੋ ਹਾਣ ਦੀ

ਆਵਾਜ਼ ਜੋ ਮੈਂ ਕਹਿ ਰਿਹਾ

ਗੋਲੀਆਂ ਦੇ ਆਣ ਦੀ

ਹਿੱਟ ਲਿਸਟ ਦੇ ਅਰਥ ਨੂੰ

ਪਹਿਲਾਂ ਨਾ ਕੋਈ ਜਾਣ ਦਾ

ਹਿੱਟ ਲਿਸਟ ਦੇ ਵਿਚ

ਮੰਦ ਭਾਗਾ ਹੀ ਆਮਦਾ

ਹਿੱਟ ਲਿਸਟ ਤਾਂ ਰੂਪ ਹੈ

ਖਰੂਦ ਭਰੇ ਗੁਮਾਨ ਦਾ ’’

ਇਸ ਤਰ੍ਹਾਂ ਅਗਾਂਹ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਖੋਜ ਵਿਦਿਆਰਥੀ ਭੰਬਲਭੂਸਿਆਂ ਵਿਚ ਪੈ ਸਕਦੇ ਹਨ। ਨਿੱਜੀ ਪ੍ਰਕਾਸ਼ਕਾਂ ਨੂੰ ਚਾਹੀਦਾ ਹੈ ਉਹ ਉਦਾਸੀ ਨੂੰ ਮੁਨਾਫਾ ਕਮਾਉਣ ਦੀ ਵਸਤੂ ਨਾ ਸਮਝ ਕੇ ਗੰਭਰੀਤਾਂ ਨਾਲ ਦੁਬਾਰਾ ਪੁਸਤਕਾਂ ਛਾਪਣ। ਪੰਜਾਬੀ ਯੂਨੀਵਰਸਿਟੀ ਨੂੰ ਵੀ ਚਾਹੀਦਾ ਹੈ ਕਿ ਉਹ ਪ੍ਰਕਾਸ਼ਤ ਪੁਸਤਕਾਂ ਦੀ ਪੜਤਾਲ ਲਈ ਕੋਈ ਕਮੇਟੀ ਬਣਾਕੇ ਫਿਰ ਪ੍ਰਮਾਣਕ ਪੁਸਤਕ ਛਾਪੀ ਜਾਵੇ।

ਸਮਾਪਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,