August 27, 2025 | By ਸਿੱਖ ਸਿਆਸਤ ਬਿਊਰੋ
ਕਰਤਾਰਪੁਰ ਸਾਹਿਬ/ਡੇਹਰਾ ਬਾਬਾ ਨਾਨਕ: ਲਹਿੰਦੇ ਪੰਜਾਬ ਵਿਚ ਸਥਿਤ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ ਸਾਹਿਬ) ਦਾ ਸਮੁੱਚਾ ਭਵਨ ਸਮੂਹ ਅੱਜ ਰਾਵੀ ਦਰਿਆ ਵਿੱਚ ਆਏ ਹੜ ਦੀ ਮਾਰ ਹੇਠ ਆ ਗਿਆ।
ਅਦਾਰਾ ਸਿੱਖ ਸਿਆਸਤ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਹੜ ਦਾ ਪਾਣੀ ਭਰਨ ਦੀਆਂ ਸਾਹਮਣੇ ਆਈਆਂ ਤਸਵੀਰਾਂ ਅਤੇ ਵਿਖਤਾਂ (ਵੀਡਿਓ) ਤੋਂ ਬਾਅਦ ਆਪਣੇ ਸੂਤਰਾਂ ਰਾਹੀਂ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸੇਵਾਦਾਰਾਂ ਕੋਲੋਂ ਜਾਣਕਾਰੀ ਹਾਸਿਲ ਕੀਤੀ ਗਈ।

ਪੱਛਮੀ ਪੰਜਾਬ ਵਿਚ ਗੁ: ਕਰਤਾਰਪੁਰ ਸਾਹਿਬ ਵਿਚ ਹੜ੍ਹ ਦਾ ਪਾਣੀ ਭਰਿਆ
ਹਾਸਿਲ ਹੋਈ ਜਾਣਕਾਰੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਰਤਾਰਪੁਰ ਸਾਹਿਬ ਦੇ ਸਮੁੱਚੇ ਭਵਨ ਸਮੂਹ ਵਿੱਚ ਇਸ ਵਕਤ ਦੋ ਤੋਂ ਤਿੰਨ ਫੁੱਟ ਪਾਣੀ ਭਰ ਚੁੱਕਾ ਹੈ।
ਗੁਰਦੁਆਰਾ ਦਰਬਾਰ ਸਾਹਿਬ ਦੀ ਜਮੀਨੀ ਮੰਜ਼ਿਲ ਵਿੱਚ ਵੀ ਹੜ੍ਹ ਦਾ ਪਾਣੀ ਭਰ ਚੁੱਕਾ ਹੈ। ਦਰਬਾਰ ਸਾਹਿਬ ਦੇ ਬਾਹਰ ਬਣੀ ਮਜ਼ਾਰ ਤਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੀ ਹੈ ਅਤੇ ਦਰਬਾਰ ਸਾਹਿਬ ਦੀ ਜਮੀਨੀ ਮੰਜ਼ਿਲ ਨੇੜੇ ਬਣੀ ਸਮਾਧ ਵੀ ਪਾਣੀ ਦੀ ਮਾਰ ਹੇਠ ਆ ਗਈ ਹੈ।
ਦਰਬਾਰ ਸਾਹਿਬ ਦੀ ਪਹਿਲੀ ਮੰਜ਼ਿਲ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਨੂੰ ਜਾਂਦੀਆਂ ਪੌੜੀਆਂ ਵਿੱਚੋਂ ਚਾਰ ਪੌਡੇ ਪਾਣੀ ਵਿੱਚ ਡੁੱਬ ਚੁੱਕੇ ਹਨ।
ਭਾਵੇਂ ਕਿ ਭਵਨ ਸਮੂਹ ਵਿੱਚ ਹੜ ਦਾ ਪਾਣੀ ਭਰ ਚੁੱਕਾ ਹੈ ਪਰ ਫਿਰ ਵੀ ਕੁਝ ਬਚਾਅ ਵਾਲੀ ਗੱਲ ਇਹ ਹੈ ਕਿ ਇਹ ਇਲਾਕਾ ਦਰਿਆ ਦੀ ਤੇਜ ਬਹਾਅ ਵਾਲੀ ਧਾਰਾ ਦੀ ਸਿੱਧੀ ਮਾਰ ਹੇਠ ਨਹੀਂ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਤੱਕ ਕਰਤਾਰਪੁਰ ਸਾਹਿਬ ਭਵਨ ਸਮੂਹ ਵਿੱਚੋਂ ਪਾਣੀ ਦਾ ਪੱਧਰ ਘਟਣਾ ਸ਼ੁਰੂ ਨਹੀਂ ਹੋਇਆ ਜਿਸ ਕਾਰਨ ਹੋਰ ਪਾਣੀ ਵਧਣ ਦਾ ਖਤਰਾ ਅਜੇ ਵੀ ਬਰਕਰਾਰ ਹੈ।
ਪਤਾ ਲੱਗਾ ਹੈ ਕਿ ਪੱਛਮੀ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਹੈਲੀਕਾਪਟਰਾਂ ਅਤੇ ਹੋਰ ਸਾਧਨਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਤਾਂ ਕਿ ਕਰਤਾਰਪੁਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਸੇਵਾਦਾਰਾਂ ਨੂੰ ਸੁਰੱਖਿਤ ਲਿਜਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਿਆ ਦੇ ਨੇੜੇ ਬਣਿਆ ਹੋਇਆ ਹੈ ਜਿਸ ਕਰਕੇ ਦਰਿਆ ਵਿੱਚ ਹੜ ਆਉਣ ਕਾਰਨ ਹੜ ਦਾ ਪਾਣੀ ਗੁਰਦੁਆਰਾ ਸਾਹਿਬ ਤੱਕ ਪਹੁੰਚਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਦੱਸ ਦਈਏ ਕਿ ਕਰਤਾਰਪੁਰ ਸਾਹਿਬ ਉਹ ਇਤਿਹਾਸਿਕ ਅਸਥਾਨ ਹੈ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੰਸਾਰੀ ਜੀਵਨ ਦੇ ਆਖਰੀ ਵਰ੍ਹੇ ਬਿਤਾਏ ਸਨ।
ਚੜਦੇ ਪੰਜਾਬ ਅਤੇ ਇੰਡੀਆ ਦੀਆਂ ਸਿੱਖ ਸੰਗਤਾਂ ਬੜੇ ਲੰਬੇ ਸਮੇਂ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁਲਵਾਉਣ ਦਾ ਯਤਨ ਕਰ ਰਹੀਆਂ ਸਨ। ਸਾਲ 2019 ਵਿੱਚ ਪਹਿਲੇ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਡੇਹਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਇੰਡੀਆ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਗਿਆ ਸੀ। ਪਰ 22 ਅਪ੍ਰੈਲ 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਇੰਡੀਆ ਵੱਲੋਂ ਇਹ ਲਾਂਘਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਅਤੇ ਸਿੱਖ ਸੰਗਤਾਂ ਵੱਲੋਂ ਵਾਰ ਵਾਰ ਕਹੇ ਜਾਣ ਦੇ ਬਾਵਜੂਦ ਵੀ ਅਜੇ ਤੱਕ ਇਹ ਲਾਂਘਾ ਨਹੀਂ ਖੋਲਿਆ ਗਿਆ।
Related Topics: Gurdwara Kartarpur Sahib, Kartarpur Corridor, Punjab Floods 2025, Sikh News Pakistan