ਲੇਖ

‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਦਾ ਪੈਗ਼ਾਮ: “ਅਸੀਂ ਜਿਊਂਦੇ, ਅਸੀਂ ਜਾਗਦੇ …”

April 25, 2015 | By

ਕਰਮਜੀਤ ਸਿੰਘ, ਚੰਡੀਗੜ੍ਹ

ਕਰਮਜੀਤ ਸਿੰਘ, ਚੰਡੀਗੜ੍ਹ

‘ਪੱਤਾ-ਪੱਤਾ ਵੈਰੀ ਸਿੰਘਾਂ ਦਾ’ ਫਿਲਮ ਉਸ ਦਰਦਨਾਕ ਦੌਰ ਦੀ ਅਭੁੱਲ ਦਾਸਤਾਨ ਹੈ, ਜਦੋਂ ਜੁਝਾਰੂ ਲਹਿਰ ਨੇ ਜ਼ੁਲਮ, ਅਨਿਆਂ ਅਤੇ ਗਲੇ ਸੜੇ ਸਿਸਟਮ ਖਿਲਾਫ ਇੱਕ ਅਜਿਹੀ ਜੰਗ ਲੜੀ, ਜਿਸ ਨਾਲ ਜੁਝਾਰੂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਲੱਗੇ। ਪਰ ਸਰਕਾਰ ਨੇ ਇਸ ਲਹਿਰ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਸੀ ਛੱਡੀ ਅਤੇ ਉਸ ਨੇ ਆਪਣੇ ਤਮਾਮ ਜਾਇਜ਼ ਅਤੇ ਨਾਜਾਇਜ਼ ਸਾਧਨਾਂ ਰਾਹੀਂ ਝੂਠ ਤੇ ਬੇਬੁਨਿਆਦ ਪ੍ਰਾਪੇਗੰਡੇ ਦਾ ਇੱਕੋ ਇਹੋ ਜਿਹਾ ਤੂਫ਼ਾਨ ਝੁਲਾਇਆ ਅਤੇ ਲਹਿਰ ਵਿੱਚ ਜੁਝਾਰੂਆਂ ਦੇ ਭੇਸ ਵਿੱਚ ਏਨੇ ਘੁਸਪੈਠੀਏ ਦਾਖ਼ਲ ਕਰ ਦਿੱਤੇ ਕਿ ਲੋਕਾਂ ਨੂੰ ਇਉਂ ਮਹਿਸੂਸ ਹੋਣ ਲੱਗਾ, ਜਿਵੇਂ ਲਹਿਰ ਆਪਣੇ ਨਿਸ਼ਾਨੇ ਤੋਂ ਖੁੰਝ ਗਈ ਹੋਵੇ। ਪਰ ਹੁਣ ‘ਪੱਤਾ-ਪੱਤਾ ਵੈਰੀ ਸਿੰਘਾਂ ਦਾ’ ਫਿਲਮ ਨੇ ਉਸ ਇਤਿਹਾਸਕ ਲਹਿਰ ਦੀਆਂ ਵੱਡੀਆਂ ਪ੍ਰਾਪਤੀਆਂ ਅਤੇ ਕੁਰਬਾਨੀਆਂ ਨੂੰ ਫਿਲਮੀ ਪਰਦੇ ’ਤੇ ਲਿਆ ਕੇ ਇਹ ਦੱਸਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ ਕਿ ਉਹ ਲਹਿਰ ਜਾਗਦੇ ਹੋਏ ਇਤਿਹਾਸ ਦਾ ਇੱਕ ਅਟੁੱਟ ਤੇ ਯਾਦਗਾਰੀ ਹਿੱਸਾ ਸੀ।

ਹੁਣ ਤੱਕ ਜਿੰਨੀਆਂ ਵੀ ਫਿ਼ਲਮਾਂ ਨੇ ਉਸ ਦੌਰ ਦਾ ਜ਼ਿਕਰ ਕੀਤਾ ਹੈ, ਉਹ ਜਾਂ ਤਾਂ ਅਧੂਰਾ ਸੀ ਅਤੇ ਜਾਂ ਫਿਰ ਲਹਿਰ ਦੀ ਰੂਹ ਅਤੇ ਲਹਿਰ ਦੇ ਉਦੇਸ਼ ਫਿਲਮ ਡਾਇਰੈਕਟਰਾਂ ਦੀ ਪੂਰੀ ਪਕੜ ਵਿੱਚ ਨਹੀਂ ਆ ਸਕੀ। ‘ਮਾਚਿਸ’, ‘ਪੰਜਾਬ-84’, ‘ਹਵਾਏਂ’, ‘ਸਾਡਾ ਹੱਕ’ ਅਤੇ ਇਹੋ ਜਿਹੀਆਂ ਹੋਰ ਫਿਲਮਾਂ ਜੁਝਾਰੂਆਂ ਦੇ ਸੱਚ ਨੂੰ ਬੜੇ ਪੇਤਲੇ ਰੂਪ ਵਿੱਚ ਹੀ ਪੇਸ਼ ਕਰ ਸਕੀਆਂ ਅਤੇ ਆਖ਼ਰ ਨੂੰ ਉਹ ਇੱਕ ਤਰ੍ਹਾਂ ਨਾਲ ਸਥਾਪਤੀ ਅਤੇ ਸਰਕਾਰ ਵਿਰੁੱਧ ਇੱਕ ਉੱਚਪਾਏ ਦਾ ਨਿਰਪੱਖ ਸੰਦੇਸ਼ ਦੇਣ ਵਿੱਚ ਅਸਫ਼ਲ ਰਹੀਆਂ। ਉਂਝ ਵੀ ਉਨ੍ਹਾਂ ਫਿ਼ਲਮਾਂ ਵਿੱਚ ਲਹਿਰ ਨੂੰ ਵਪਾਰਕ ਨਜ਼ਰੀਏ ਤੋਂ ਜ਼ਿਆਦਾ ਵੇਖਿਆ ਗਿਆ ਅਤੇ ਜੁਝਾਰੂਆਂ ਦੇ ਆਦਰਸ਼ਕ ਨਜ਼ਰੀਏ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਪਰ ‘ਪੱਤਾ-ਪੱਤਾ ਵੈਰੀ ਸਿੰਘਾਂ ਦਾ’ ਫਿਲਮ ਨੇ ਪਹਿਲੀਆਂ ਸਾਰੀਆਂ ਫਿਲਮਾਂ ਤੋਂ ਹਟ ਕੇ ਇੱਕ ਇਹੋ ਜਿਹਾ ਸੰਦੇਸ਼ ਦਿੱਤਾ ਹੈ, ਜੋ ਇਸ ਤੋਂ ਪਿੱਛੋਂ ਆਉਣ ਵਾਲੀਆਂ ਫਿਲਮਾਂ ਲਈ ਵਿਚਾਰਧਾਰਕ ਜਜ਼ਬਿਆਂ ’ਤੇ ਆਧਾਰਤ ਫਿਲਮਾਂ ਤਿਆਰ ਕਰਨ ਦੀ ਲੀਹ ਪੱਕੀ ਹੋ ਜਾਵੇਗੀ। ਇਹ ਇਸ ਫਿਲਮ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।

ਮੈਂ ਇੱਕ ਸੀਨੀਅਰ ਪੱਤਰਕਾਰ ਹੋਣ ਦੇ ਨਾਤੇ ਕਰੀਬ 35 ਸਾਲ ਇਸ ਲਹਿਰ ਨੂੰ ਅਤੇ ਇਸ ਲਹਿਰ ਦੇ ਜਨਮ ਲੈਣ ਤੋਂ ਪਹਿਲਾਂ ਅਤੇ ਪਿੱਛੋਂ ਵਾਪਰਨ ਵਾਲੀਆਂ ਘਟਨਾਵਾਂ, ਲਹਿਰ ਨਾਲ ਜੁੜੇ ਚੋਟੀ ਦੇ ਆਗੂਆਂ ਅਤੇ ਇਸ ਲਹਿਰ ਨਾਲ ਲੋਕਾਂ ’ਤੇ ਪੈਣ ਵਾਲੇ ਹਾਂ-ਪੱਖੀ ਤੇ ਨਾਂਹ-ਪੱਖੀ ਪ੍ਰਭਾਵਾਂ ਨੂੰ ਬਹੁਤ ਕਰੀਬ ਤੋਂ ਵੇਖਿਆ ਅਤੇ ਮਹਿਸੂਸ ਕੀਤਾ ਹੈ। ਪਰ ਫਿਲਮਾਂ ਦੇ ਨਿਰਦੇਸ਼ਕ ਇਸ ਵੱਡੇ ਵਰਤਾਰੇ ਨੂੰ ਇੱਕ ਲੰਮੀ ਨਦਰ ਰੱਖ ਕੇ ਹਮਦਰਦੀ ਦੇ ਰੂਪ ਵਿੱਚ ਨਹੀਂ ਵੇਖ ਸਕੇ ਜਾਂ ਇੰਝ ਕਹਿ ਲਵੋ ਕਿ ਉਹ ਆਪਣੀ ਹਮਦਰਦੀ ਨੂੰ ਇਹੋ ਜਿਹੇ ਦ੍ਰਿਸ਼ਾਂ ਵਿੱਚ ਪੇਸ਼ ਨਹੀਂ ਕਰ ਸਕੇ, ਜਿਸ ਨਾਲ ਲਹਿਰ ਨਾਲ ਇਨਸਾਫ਼ ਹੋਵੇ।

Patta patta Singa da veryਭਾਵੇਂ ‘ਪੱਤਾ-ਪੱਤਾ ਵੈਰੀ ਸਿੰਘਾਂ ਦਾ’ ਫਿਲਮ ਤਕਨੀਕੀ ਤੌਰ ’ਤੇ ਜਾਂ ਕਲਾਤਮਿਕ ਖੂਬਸੂਰਤੀ ਦੇ ਪਹਿਲੂ ਤੋਂ ਸ਼ਾਇਦ ਦਰਸ਼ਕਾਂ ’ਤੇ ਏਨਾ ਪ੍ਰਭਾਵ ਨਹੀਂ ਪਾ ਸਕੀ, ਪਰ ਇਸ ਫਿਲਮ ਨੇ ਕੁਝ ਕੁ ਅਹਿਮ ਪ੍ਰਾਪਤੀਆਂ ਨੂੰ ਫਿਲਮਾਉਣ ਵਿੱਚ ਸਾਰੇ ਖਤਰੇ ਮੁੱਲ ਲੈ ਕੇ ਵੀ ਪੂਰੀ ਸੰਜੀਦੀਗੀ, ਇਮਾਨਦਾਰੀ ਅਤੇ ਦਲੇਰੀ ਨਾਲ ਜਿਵੇਂ ਪੇਸ਼ ਕੀਤਾ ਹੈ, ਉਹ ਰੁਝਾਨ, ਪਹੁੰਚ, ਉੱਦਮ ਅਤੇ ਪਹਿਲਕਦਮੀ ਸਾਡੇ ਸਾਰਿਆਂ ਦਾ ਧਿਆਨ ਖਿੱਚੇਗੀ, ਜਿਨ੍ਹਾਂ ਨੇ ਉਸ ਦੌਰ ਨੂੰ ਦੂਰ ਜਾਂ ਨੇੜੇ ਰਹਿ ਕੇ ਆਪਣੇ ਪਿੰਡੇ ’ਤੇ ਹੰਢਾਇਆ ਹੈ। ਉਹ ਡੂੰਘੀ ਪੀੜ ਸਾਰੇ ਪੰਜਾਬੀਆਂ ਦਾ ਹਿੱਸਾ ਬਣਨੀ ਚਾਹੀਦੀ ਹੈ। ਮੈਨੂੰ ਮਨੋਵਿਗਿਆਨ ਰੋਗਾਂ ਦੀ ਇੱਕ ਮਾਹਰ ਹਿੰਦੂ ਲੇਡੀ ਡਾਕਟਰ ਨੇ ਦੱਸਿਆ ਸੀ ਕਿ ਲਹਿਰ ਦੌਰਾਨ ਹਰੇਕ ਮਰਨ ਵਾਲੇ ਬੰਦੇ ਨਾਲ ਵੀ ਅਜਿਹੇ ਵਿਅਕਤੀ ਨੇੜਿਓਂ ਜੁੜੇ ਹੁੰਦੇ ਹਨ, ਜਿਨ੍ਹਾਂ ’ਤੇ ਉਮਰ ਭਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਲਹਿਰ ਦਾ ਦਰਦ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ-ਨਾਲ ਲਗਾਤਾਰ ਸਫ਼ਰ ਕਰਦਾ ਰਹਿੰਦਾ ਹੈ। ਇਸ ਹਿਸਾਬ ਨਾਲ 20 ਲੱਖ ਵਿਅਕਤੀ ਪੰਜਾਬ ਵਿੱਚ ਅਜੇ ਵੀ ਉਸ ਦਰਦ ਨੂੰ ਹੰਢਾ ਰਹੇ ਹਨ। ਉਨ੍ਹਾਂ ਸਭਨਾਂ ਨੂੰ ਅਤੇ ਇੱਥੋਂ ਤੱਕ ਪੁਲਿਸ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਫਿਲਮ ਨਾਲ ਸਹਿਮਤ ਨਾ ਹੁੰਦਿਆਂ ਹੋਇਆਂ ਵੀ ਵੇਖਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗੇ ਕਿ ਉਹ ਕਿਸ ਤਰ੍ਹਾਂ ਸਰਕਾਰ ਦੇ ਮਸ਼ੀਨੀ ਸੰਦ ਬਣ ਕੇ ਜ਼ੁਲਮ ਨੂੰ ਇੰਤਾਹ ਤੱਕ ਪਹੁੰਚਾਉਣ ਲਈ ਤਿਆਰ ਹੋ ਗਏ। ਇਸ ਨਾਲ ਭਵਿੱਖ ਵਿੱਚ ਉੱਠਣ ਵਾਲੀਆਂ ਲਹਿਰਾਂ ਨੂੰ ਵੀ ਪੁਲਿਸ ਦਾ ਤੰਤਰ ਮਨੁੱਖੀ ਭਾਵਨਾਵਾਂ ਤੇ ਜਜ਼ਬਿਆਂ ਦੇ ਨਜ਼ਰੀਏ ਤੋਂ ਹੀ ਵੇਖੇਗਾ ਤੇ ਪਰਖੇਗਾ ਅਤੇ ਕਿਸੇ ਵੀ ਹਾਲਤ ਵਿੱਚ ਇਹੋ ਜਿਹੀ ਬਦਨਾਮ ਕਾਰਵਾਈ ਦਾ ਹਿੱਸਾ ਨਹੀਂ ਬਣੇਗਾ, ਜੋ ਕਾਰਵਾਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੀ ਹੋਵੇ।

ਇਹ ਸੱਚ ਹੈ ਕਿ ਕੇਸਰੀ ਪੱਗ, ਕਾਲੀ ਲੋਈ ਅਤੇ ਬੁਲਟ ਮੋਟਰ ਸਾਇਕਲ ਉਸ ਦੌਰ ਦੇ ਜੁਝਾਰੂਆਂ ਦਾ ਹਰਮਨਪਿਆਰਾ ਜਾਗਦਾ ਅਤੇ ਜਗਾਉਂਦਾ ਚਿੰਨ੍ਹ ਬਣ ਗਏ ਸਨ। ਉਸ ਦੌਰ ਵਿੱਚ ਇਹੋ ਉਨ੍ਹਾਂ ਦੀ ਪਛਾਣ ਬਣ ਗਈ ਸੀ। ਕੇਸਰੀ ਪੱਗ ਕੁਰਬਾਨੀ ਦਾ ਪ੍ਰਤੀਕ ਸੀ ਅਤੇ ਕਾਲੀ ਲੋਈ ਕਿਸੇ ਡੂੰਘੇ ਇਤਿਹਾਸਕ ਰੋਸ ਦਾ ਚਿੰਨ੍ਹ ਸੀ, ਜਦਕਿ ਬੁਲਟ ਆਧੁਨਿਕ ਸਮਿਆਂ ਦੇ ‘ਪੈਟਨ ਟੈਂਕ’ ਵਾਂਗ ਸੀ, ਜਿਸ ’ਤੇ ਸਵਾਰ ਹੋ ਕੇ ਉਹ ਦਸ ਸਾਲ ਤੋਂ ਵੀ ਵੱਧ ਆਪਣੇ ਹੱਕਾਂ ਲਈ ਜੱਦੋਜਹਿਦ ਕਰਦੇ ਰਹੇ, ਮੌਤ ਦੇ ਜਸ਼ਨ ਮਨਾਉਂਦੇ ਰਹੇ। ‘ਪੱਤਾ-ਪੱਤਾ ਵੈਰੀ ਸਿੰਘਾਂ ਦਾ’ ਫਿਲਮ ਉਸੇ ਕੁਰਬਾਨੀ ਨੂੰ ਫਿਲਮੀ ਨਜ਼ਾਰਿਆਂ ਰਾਹੀਂ ਪੇਸ਼ ਕਰ ਰਹੀ ਹੈ। ਇਹ ਤਿੰਨੇ ਪ੍ਰਤੀਕ ਸਤਨਾਮ ਸਿੰਘ ਸੱਤਾ (ਰਾਜ ਕਾਕੜਾ) ਅਤੇ ਸਾਥੀਆਂ ਰਾਹੀਂ ਪੰਜਾਬ ਦੀ ਧਰਤੀ ’ਤੇ ਆਪਣੀਆਂ ਗੂੰਜਾਂ ਪਾਉਂਦੇ ਰਹੇ ਅਤੇ ਸੁੱਤੇ ਪੰਜਾਬੀਆਂ ਨੂੰ ਝੂਣ-ਝੂਣ ਜਗਾਉਂਦੇ ਰਹੇ ਕਿ ਉਹ ਨਸ਼ਿਆਂ ਨਾਲ ਆਪਣੀ ਬਰਬਾਦੀ ਦਾ ਖੁਦ ਆਪ ਹੀ ਕਾਰਨ ਨਾ ਬਣਨ ਅਤੇ ਵਿਆਹਾਂ ਅਤੇ ਹੋਰ ਫੋਕੀਆਂ ਰਸਮਾਂ ਤੇ ਫਜ਼ੂਲ ਖਰਚੀ ਨਾ ਕਰਨ ਅਤੇ ਗੁਰੂਆਂ ਦੀ ਬਾਣੀ ਦਾ ਜਾਪ ਕਰਕੇ ਬੇਇਨਸਾਫ਼ੀ ਵਿਰੁੱਧ ਮੈਦਾਨ ਵਿੱਚ ਉਤਰਨ। ਇਤਿਹਾਸ ਗਵਾਹ ਬਣਿਆ, ਜਦੋਂ ਹਜ਼ਾਰਾਂ ਗੱਭਰੂ ਆਪਣਾ ਘਰ ਘਾਟ ਛੱਡ ਕੇ ਮੈਦਾਨ-ਏ-ਜੰਗ ਵਿੱਚ ਨਿੱਤਰੇ।

ਅੱਜ ਜਦੋਂ ਕੋਈ ਦਲਜੀਤ ਦੁਸਾਂਝ ਵਰਗਾ ਐਕਟਰ ਤੇ ਗਾਇਕ ਇੱਕ ਪਾਸੇ ‘ਪੰਜਾਬ-84’ ਫਿਲਮ ਵਿੱਚ ਅਨਿਆਂ ਵਿਰੁੱਧ ਲੜਦਾ ਹੈ ਅਤੇ ਪੰਜਾਬੀਆਂ ਦੀ ਪ੍ਰਸੰਸਾ ਹਾਸਲ ਕਰਦਾ ਹੈ, ਪਰ ਉਸੇ ਹੀ ਸਮੇਂ ਉਹ ‘ਪਟਿਆਲਾ ਪੱਗ’ ਵਰਗੇ ਲੱਚਰ ਗਾਣਿਆਂ ਨਾਲ ਪੰਜ ਪਾਣੀਆਂ ਦੇ ਗੱਭਰੂਆਂ ਨੂੰ ਪਤਾ ਨਹੀਂ ਕਿੱਧਰ ਲਿਜਾ ਰਿਹਾ ਹੈ? ਕੀ ਇਹ ਸਾਡੇ ਰੋਲ ਮਾਡਲ ਬਣ ਸਕਣਗੇ? ਕੀ ਗਿੱਪੀ ਗਰੇਵਾਲ ਅਤੇ ਹਨੀ ਸਿੰਘ ਵਰਗੇ ਪੰਜਾਬ ਦੀ ਰੂਹ ਦੇ ਹਾਣੀ ਹਨ? ਉਹ ਪਾਣੀ ਦੇ ਬੁਲਬੁਲੇ ਹਨ, ਜੋ ਅੱਜ ਜਾਂ ਕੱਲ੍ਹ ਅਲੋਪ ਹੋਣੇ ਹੀ ਹਨ। ਇਨ੍ਹਾਂ ਦੋਗਲੇ ਕਿਰਦਾਰਾਂ ਵਾਲੇ ਗਾਇਕ ਹੁਣ ਕਰੋੜਾਂ ਵਿੱਚ ਖੇਡਣ ਲੱਗ ਪਏ ਹਨ ਅਤੇ ਹੋਰਨਾਂ ਨੂੰ ਵੀ ਆਪਣੇ ਭਾਈਚਾਰੇ ਵਿੱਚ ਸ਼ਾਮਲ ਕਰਕੇ ਪੰਜਾਬ ਦੀ ਧਰਤੀ ਨੂੰ ਸ਼ਮਸ਼ਾਨ ਘਾਟਾਂ ਵਿੱਚ ਤਬਦੀਲ ਕਰਨਾ ਚਾਹੁੰਦੇ ਹਨ। ਪਰ ‘ਪੱਤਾ-ਪੱਤਾ ਵੈਰੀ ਸਿੰਘਾਂ ਦਾ’ ਫਿਲਮ ਭਾਵੇਂ ਤੜਕ ਫੜਕ ਅਤੇ ਇਸ਼ਕ ਦੇ ਬਣਾਉਟੀ ਰੰਗਾਂ ਵਿੱਚ ਨਹੀਂ ਰੰਗੀ ਹੋਈ, ਪਰ ਇਹ ਅੱਜ ਦੇ ਨੌਜਵਾਨਾਂ ਨੂੰ ਇੱਕ ਇਹ ਸੋਚਣ ਲਈ ਪੈਗਾਮ ਤਾਂ ਦਿੰਦੀ ਹੀ ਹੈ ਕਿ ਨੌਜਵਾਨ ‘ਕੱਲ੍ਹ’ ਕੀ ਸਨ ਅਤੇ ‘ਅੱਜ’ ਕੀ ਬਣਦੇ ਜਾ ਰਹੇ ਹਨ?

ਫਿਲਮ ਵਿੱਚ ਕੁਝ ਦ੍ਰਿਸ਼ ਇਹੋ ਜਿਹੇ ਹਨ, ਜਿਨ੍ਹਾਂ ਵਿੱਚ ਫਿਲਮ ਨਿਰਦੇਸ਼ਕ ਇਹ ਵਿਖਾਉਣ ਤੇ ਸਮਝਾਉਣ ਵਿੱਚ ਸਫ਼ਲ ਹੋਇਆ ਹੈ ਕਿ ਜੁਝਾਰੂ ਲਹਿਰ ਦੇ ਫੈਲਣ ਪਿੱਛੇ ਅਸਲ ਕਾਰਨ ਕੀ ਸੀ? ਸਵਾਲ ਪੈਦਾ ਹੁੰਦਾ ਹੈ ਕਿ ਕੇਸਰੀ ਪੱਗ ਦਾ ਇਹ ਰੰਗ ਭਾਰਤੀ ਸਟੇਟ ਨੂੰ ਕਿਉਂ ਚੁਭਿਆ? ਨਿਰਦੇਸ਼ਕ ਸ਼ਾਇਦ ਇਹ ਦਰਸਾਉਣਾ ਚਾਹੁੰਦਾ ਸੀ ਕਿ ਕੇਸਰੀ ਪੱਗ, ਕਾਲੀ ਲੋਈ ਅਤੇ ਬੁਲਟ ਤਿੰਨਾਂ ਦੇ ਸੰਗਮ ਪਿੱਛੇ ਆਜ਼ਾਦੀ ਦੀ ਕੋਈ ਰੀਝ ਆਦ੍ਰਿਸ਼ਟ ਰੂਪ ਵਿੱਚ ਪਈ ਹੋਈ ਹੈ। ਉੱਘੇ ਵਿਦਵਾਨ ਡਾ. ਗੁਰਭਗਤ ਸਿੰਘ ਨੇ ਇੱਕ ਵਾਰ ਸੰਤ ਜਰਨੈਲ ਸਿੰਘ ਬਾਰੇ ਮੇਰੇ ਨਾਲ ਕੀਤੀ ਇੱਕ ਇੰਟਰਵਿਊ ਵਿੱਚ ਮਾਰਕਸਵਾਦੀ ਲੇਖਕ ਸੰਤ ਸਿੰਘ ਸੇਖੋਂ ਦੇ ਹਵਾਲੇ ਨਾਲ ਕਿਹਾ ਸੀ ਕਿ ਸਿੱਖ ਬੇਚੈਨ ਰਹਿੰਦੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣਾ ਰਾਜ ਨਹੀਂ ਮਿਲਿਆ। ਫਿਲਮ ‘ਪੱਤਾ-ਪੱਤਾ ਵੈਰੀ ਸਿੰਘਾਂ ਦਾ’ ਵਿੱਚ ਆਖ਼ਰੀ ਦ੍ਰਿਸ਼ ਇਹੋ ਪੈਗਾਮ ਦਿੰਦਾ ਹੈ ਕਿ ਫਿਲਮ ਦਾ ਨਾਇਕ ਜਾਂ ਦੂਜੇ ਲਫ਼ਜ਼ਾਂ ਵਿੱਚ ‘ਸਿੱਖ ਨਾਇਕ’ ਅਜੇ ਮਰਿਆ ਨਹੀਂ, ਉਹ ਫਿਰ ਆਏਗਾ ਅਤੇ ਜ਼ਰੂਰ ਆਏਗਾ। ਹੁਣ ਤੱਕ ਲਹਿਰ ਬਾਰੇ ਬਣੀ ਕਿਸੇ ਵੀ ਫਿਲਮ ਵਿੱਚ ਇਸ ਤਰ੍ਹਾਂ ਦਾ ਚੜ੍ਹਦੀ ਕਲਾ ਦਾ ਸੰਦੇਸ਼ ਨਹੀਂ ਦਿੱਤਾ ਗਿਆ, ਕਿਉਂਕਿ ਹਰ ਫਿਲਮ ਵਿੱਚ ਤਕਰੀਬਨ ਨਾਇਕ ਮਰਦਾ ਰਿਹਾ ਹੈ।

ਤਕਨੀਕ, ਕਲਾ, ਕਾਰੀਗਰੀ-ਇਹ ਸਭ ਜਾਦੂ ਦੀਆਂ ਖੇਡਾਂ ਹਨ। ਇਨ੍ਹਾਂ ਨੂੰ ਕੁਝ ਪਲਾਂ ਲਈ ਲਾਂਭੇ ਕਰਕੇ ਹਰ ਉਸ ਵੀਰ ਤੇ ਭੈਣ ਨੂੰ ਇਹ ਫਿਲਮ ਵੇਖਣੀ ਚਾਹੀਦੀ ਹੈ, ਕਿਉਂਕਿ ਇਸ ਫਿਲਮ ਦਾ ਲੁਕਿਆ ਸੰਦੇਸ਼ ਇਹੋ ਹੈ ਕਿ ਭਾਵੇਂ ਹਰ ਪੱਤਾ-ਪੱਤਾ ਸਾਡਾ ਵੈਰੀ ਬਣ ਜਾਵੇ ਤਾਂ ਵੀ ਸਾਡਾ ਇਹੋ ਸੰਦੇਸ਼ ਹੋਵੇਗਾ ਕਿ ਅਸੀਂ ਜਿਊਂਦੇ ਹਾਂ, ਅਸੀਂ ਜਾਗਦੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,