August 31, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਅਕਾਲ ਪੁਰਖ ਦੀ ਫੌਜ ਅਤੇ ਪੰਥਕ ਤਾਲਮੇਲ ਸੰਗਠਨ ਦੇ ਆਗੂ ਜਸਵਿੰਦਰ ਸਿੰਘ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅੱਜ ਸਿੱਖ ਕੌਮ ਅੱਗੇ ਸਾਰਿਆਂ ਨਾਲੋਂ ਵੱਡਾ ਮਸਲਾ ਆਪਣੀ ਪਛਾਣ ਨੂੰ ਬਰਕਰਾਰ ਰੱਖਣ ਦਾ ਬਣਿਆ ਹੋਇਆ ਹੈ। ਸਾਡੇ ਵਿਚੋਂ ਅਤੇ ਬਾਹਰੋਂ ਕੁਝ ਲੋਕ ਜਿੱਥੇ ਸਾਡੀ ਪਛਾਣ ਨੂੰ ਧੁੰਦਲਾ ਕਰਨ ਦਾ ਯਤਨ ਕਰ ਰਹੇ ਹਨ ਉਥੇ ਭਾਰਤ ਦਾ ਸੰਵਿਧਾਨ ਵੀ ਧਾਰਾ 25 ਰਾਹੀਂ ਸਾਡੀ ਵੱਖਰੀ ਹਸਤੀ ਨੂੰ ਮੰਨਣ ਤੋਂ ਇਨਕਾਰੀ ਹੈ। ਸਾਡੇ ਵਲੋਂ ਕੀਤੇ ਗਏ ਨਿੱਕੇ-ਨਿੱਕੇ ਯਤਨ ਬਾਬਾ ਬੋਤਾ ਸਿੰਘ, ਗਰਜਾ ਸਿੰਘ ਵਾਂਗ ਸਾਡੀ ਵੱਖਰੀ ਪਛਾਣ ਨੂੰ ਸਥਾਪਿਤ ਕਰਨ ਵਿਚ ਸਹਾਈ ਹੁੰਦੇ ਹਨ ਅਤੇ ਇਤਿਹਾਸ ਇਨ੍ਹਾਂ ਘਟਨਾਵਾਂ ਨੂੰ ਆਪਣੇ ਅੰਦਰ ਸੁਨਹਿਰੀ ਅੱਖਰਾਂ ਨਾਲ ਸੁਸ਼ੋਭਿਤ ਕਰ ਲੈਂਦਾ ਹੈ ਅਤੇ ਯਤਨ ਕਰਨ ਵਾਲੇ ਇਨਸਾਨ ਇਤਿਹਾਸ ਵਿਚ ਨਾਇਕ ਵਜੋਂ ਯਾਦ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ (2003) ਸਾਡੀ ਵੱਖਰੀ ਪਛਾਣ ਦਾ ਪ੍ਰਤੀਕ ਬਣ ਗਿਆ ਸੀ, ਜਿਸ ਦਾ ਕਤਲ ਕਰਕੇ ਸਾਡੀ ਪਛਾਣ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਅੱਗੇ ਵਧ ਕੇ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਅਪਣਾਈਏ।
ਉਨ੍ਹਾਂ ਕਿਹਾ ਕਿ ਇਸ ਮੰਤਵ ਨਾਲ 1 ਸਤੰਬਰ 2016 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸਵੇਰੇ 6:30 ਵਜੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਇਕੱਠੇ ਹੋ ਕੇ ਗੁਰਬਾਣੀ ਗਾਇਨ ਕਰਦੇ ਹੋਏ ਦਰਬਾਰ ਸਾਹਿਬ ਵੱਲ ਜਾਵਾਂਗੇ। ਜਸਵਿੰਦਰ ਸਿੰਘ ਨੇ ਕਿਹਾ ਕਿ ਆਓ ਇਕ ਕਦਮ ਵਧਾਈਏ ਅਤੇ ਇਤਿਹਾਸ ਦੇ ਨਾਇਕ ਵਜੋਂ ਉਭਰੀਏ। ਪੰਥਕ ਤਾਲਮੇਲ ਸੰਗਠਨ ਨਾਲ ਸਬੰਧਤ ਸਾਰੀਆਂ ਜਥੇਬੰਦੀਆਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਗੱਤਕਾ ਅਖਾੜੇ ਅਤੇ ਹੋਰ ਸੰਸਥਾਵਾਂ ਬੜੇ ਉਤਸ਼ਾਹ ਨਾਲ ਸ਼ਾਮਲ ਹੋ ਰਹੀਆਂ ਹਨ।
Related Topics: Akal Purakh Ki Fauj, Jaswinder Singh, Nanakshahi Calander issue, Panthak Taalmel Sangathan