October 9, 2016 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਇਥੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਰਧਾ ਸਤਿਕਾਰ ਸਾਹਿਤ ਮਨਾਇਆ ਗਿਆ। ਇਸ ਸੰਬੰਧ ਵਿੱਚ ਅਕਾਲ ਪੁਰਖ ਕੀ ਫੌਜ ਅਤੇ ਪੰਥਕ ਤਾਲਮੇਲ ਸੰਗਠਨ ਦੇ ਉਪਰਾਲੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਰੂਪ ਨਗਰ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਨਗਰ ਕੀਰਤਨ ਸ਼ੁਰੂ ਹੋਇਆ। ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਅਰੰਭ ਹੋਏ ਇਸ ਨਗਰ ਕੀਰਤਨ ਵਿੱਚ ਕੀਰਤਨੀ ਜਥੇ, ਗੱਤਕਾ ਪਾਰਟੀਆਂ ਅਤੇ ਸਕੂਲੀ ਬੱਚਿਆਂ ਨੇ ਬੈਂਡ ਸਮੇਤ ਹਿੱਸਾ ਲਿਆ। ਇਹ ਨਗਰ ਕੀਰਤਨ ਰੂਪ ਨਗਰ ਤੋਂ ਭਗਤਾਂ ਵਾਲਾ, ਕਟੜਾ ਕਰਮ ਸਿੰਘ, ਨਮਕ ਮੰਡੀ, ਆਟਾ ਮੰਡੀ, ਬਜ਼ਾਰ ਕਾਠੀਆਂ, ਬਜ਼ਾਰ ਮਾਈ ਸੇਵਾਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁਜਾ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸਮਾਪਤੀ ਦੀ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅੱਡਰੀ ਪਛਾਣ ਦਾ ਪ੍ਰਤੀਕ ਹੈ ਜਿਸਨੂੰ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਮਿਲਗੋਭਾ ਕੀਤਾ ਜਾ ਰਿਹਾ ਹੈ ਤਾਂ ਜੋ ਬਿਪਰਵਾਦੀ ਤਾਕਤਾਂ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਣ ਵਿੱਚ ਸਫਲ ਹੋ ਸਕਣ। ਉਨ੍ਹਾਂ ਕਿਹਾ ਕਿ ਹੁਣ ਸਿੱਖ ਜਾਗਰੂਕ ਹੋ ਚੁੱਕੇ ਹਨ ਤੇ ਪੰਥ ਦੋਸ਼ੀਆਂ ਦਾ ਅਜੇਹਾ ਕੋਈ ਮਨਸੂਬਾ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਅਕਾਲ ਪੁਰਖ ਦੀ ਫੌਜ ਦੇ ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਨੇ ਸਮੁਚੀ ਸਿੱਖ ਕੌਮ ਨੂੰ ਗੁਰੂ ਰਾਮਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਕੋਸ਼ਿਸ਼ਾਂ ਦੇ ਨਾਲ ਹੀ ਅਰਦਾਸ ਵੀ ਕਰੀਏ ਕਿ ਪਾਤਸ਼ਾਹ ‘ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ’ ਤਾਂ ਮਾਲਿਕ ਬਹੁੜੀ ਵੀ ਕਰੇਗਾ। ਇਸ ਮੌਕੇ ਕੌਂਸਲਰ ਅਮਰਜੀਤ ਸਿੰਘ ਭਾਟੀਆ, ਪ੍ਰਿੰਸੀਪਲ ਬਲਜਿੰਦਰ ਸਿੰਘ, ਸ. ਕੁਲਜੀਤ ਸਿੰਘ; ਸਿੰਘ ਬ੍ਰਦਰਜ਼, ਸ. ਬਰਿੰਦਰ ਸਿੰਘ ਹਾਜ਼ਰ ਸਨ।
Related Topics: Akal Purakh Ki Fauj, Giani Kewal Singh, Jaswinder Singh Advocate, Original Nanakshahi Calender, Panthak Taalmel Sangathan, Shiromani Gurdwara Parbandhak Committee (SGPC)