ਵਿਦੇਸ਼ » ਸਿੱਖ ਖਬਰਾਂ

ਵੈਸਟ ਮਿਡਲੈਂਡ ਪੁਲਿਸ ਅਤੇ ਬਰਤਾਨਵੀ ਸਿੱਖ ਭਾਈਚਾਰੇ ਵਿੱਚ ਕੁੜੱਤਣ ਵਧੀ; ਪੁਲਿਸ ਦਾ ਮੇਜ ਚੁਕਵਾਇਆ

November 19, 2018 | By

ਵੁਲਵਰਹੈਂਪਟਨ, ਇੰਗਲੈਂਡ: ਬਰਤਾਨੀਆ ਦੀ ਵੈਸਟ ਮਿਡਲੈਂਡ ਪੁਲਿਸ ਅਤੇ ਇੰਗਲੈਂਡ ਵਿਚਲੇ ਸਿੱਖ ਭਾਈਚਾਰੇ ਵਿੱਚ ਕੁੜੱਤਣ ਕਾਫੀ ਵਧ ਗਈ ਹੈ। ਬਰਤਾਨਵੀ ਸਿੱਖ ਵੈਸਟ ਮਿਡਲੈਂਡ ਪੁਲਿਸ ਤੋਂ ਇਸ ਗੱਲ ਤੋਂ ਖਫਾ ਹਨ ਕਿ ਇਹ ਪੁਲਿਸ ਕਥਿਤ ਤੌਰ ਤੇ ਭਾਰਤ ਸਰਕਾਰ ਦੇ ਕਹਿਣ ਤੇ ਬਰਤਾਨੀਆ ਰਹਿੰਦੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸੇ ਦੌਰਾਨ ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਨੇ ਗੁਰਦੁਆਰਾ ਸਾਹਿਬਾਨ ਵਿੱਚ ਪੁਲਿਸ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਨੂੰ ਨਾ ਕਹਿਣ ਦਾ ਫੈਸਲਾ ਲਿਆ ਹੈ। ਭਾਵੇਂ ਕਿ ਨਿੱਜੀ ਹੈਸੀਅਤ ਵਿੱਚ ਹਰ ਕੋਈ ਗੁਰਦੁਆਰਾ ਸਾਹਿਬ ਵਿੱਚ ਆ ਸਕਦਾ ਹੈ ਪਰ ਹੁਣ ਵੈਸਟ ਮਿਡਲੈਂਡ ਪੁਲਿਸ ਦੇ ਨੁਮਾਇੰਦੇ ਦੇ ਤੌਰ ਉੱਤੇ ਗੁਰਦੁਆਰਾ ਸਾਹਿਬ ਵਿੱਚ ਸਰਗਰਮੀ ਕਰਨ ਵਾਲਿਆਂ ਨੂੰ ਬਾਹਰ ਦਾ ਰਾਹ ਵਿਖਾਇਆ ਜਾ ਰਿਹਾ ਹੈ।

ਬੰਦੀ ਛੋੜ ਦਿਹਾੜੇ ਮੌਕੇ ਕੈਲਡਮੋਰ (ਵਾਲਸਾਲ) ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਵੈਸਟ ਮਿਡਲੈਂਡ ਪੁਲਿਸ ਵੱਲੋਂ ਮੇਜ ਲਾਇਆ ਗਿਆ ਸੀ ਤੇ ਕਿਹਾ ਜਾ ਰਿਹਾ ਸੀ ਕਿ ਇਸ ਸਰਗਰਮੀ ਦਾ ਮਨੋਰਥ ਸਿੱਖਾਂ ਨਾਲ ਰਾਬਤਾ ਬਣਾ ਕੇ ਉਹਨਾਂ ਨੂੰ ਪੁਲਿਸ ਵਿੱਚ ਭਰਤੀ ਹੋਣ ਬਾਰੇ ਜਾਣਕਾਰੀ ਦੇਣਾ ਸੀੇ। ਪਰ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਸਿੱਖ ਨੌਜਵਾਨਾਂ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਤੁਹਾਡਾ ਅਸਲ ਮਕਸਦ ਭਾਰਤ ਸਰਕਾਰ ਲਈ ਸਿੱਖਾਂ ਉੱਤੇ ਜਸੂਸੀ ਕਰਨਾ ਦਾ ਹੈ ਇਸ ਲਈ ਤੁਸੀਂ ਇਹ ਕਾਰਵਾਈ ਇੱਥੇ ਨਹੀਂ ਕਰ ਸਕਦੇ। ਦੱਸਿਆ ਜਾਂਦਾ ਹੈ ਕਿ ਇਸ ਮੌਕੇ ਪੁਲਿਸ ਵਾਲਿਆਂ ਤੇ ਸਿੱਖ ਨੌਜਵਾਨਾਂ ਵਿੱਚ ਕਾਫੀ ਬਹਿਸ ਹੋਈ ਤੇ ਅਖੀਰ ਪੁਲਿਸ ਵਾਲਿਆਂ ਨੇ ਆਪਣਾ ਮੇਜ ਤੇ ਸਮਾਨ ਚੁੱਕ ਕੇ ਚਲੇ ਜਾਣਾ ਹੀ ਬਿਹਤਰ ਸਮਝਿਆ।

ਗੁਰੂ ਨਾਨਕ ਗੁਰਦੁਆਰਾ ਸਾਹਿਬ (ਖੱਬੇ) – ਤਸਵੀਰਾਂ ਪ੍ਰਤੀਕਾਤਮਕ ਤੌਰ ਉੱਤੇ ਛਾਪੀਆਂ ਗਈਆਂ ਹਨ

ਭਾਵੇਂ ਕਿ ਵੈਸਟ ਮਿਡਲੈਂਡ ਪੁਲਿਸ ਦੇ ਅਫਸਰ ਇਹ ਮੰਨਦੇ ਹਨ ਕਿ ਉਹਨਾਂ ਨੂੰ ਉਸ ਦਿਨ ਵਿਰੋਧ ਦਾ ਸਾਹਮਣਾ ਕਰਨ ਪਿਆ ਸੀ ਤੇ ਆਪਣੀ ਕਾਰਵਾਈ ਸਮੇਟਦਿਆਂ ਮੇਜ ਵੀ ਚੁੱਕਣਾ ਪਿਆ ਸੀ ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਨੁਮਾਇੰਦਿਆਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਵਿਚਰਨ ਉੱਤੇ ਕੋਈ ਪਾਬੰਦੀ ਨਹੀਂ ਹੈ। ਦੂਜੇ ਬੰਨੇ ਸਿੱਖ ਜਥੇਬੰਦੀ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਕਹਿਣਾ ਹੈ ਕਿ ਪੁਲਿਸ ਵਾਲੇ ਜਾਣਬੁੱਝ ਕੇ ਮਾਮਲੇ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਿਵੱਟਰ ਉੱਤੇ ਲਿਖਦਿਆਂ ਜਥੇਬੰਦੀ ਨੇ ਕਿਹਾ ਹੈ ਕਿ ਪੁਲਿਸ ਵਾਲੇ ਭਾਰਤ ਸਰਕਾਰ ਦੇ ਕਹਿਣ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਇਸ ਲਈ ਉਹਨਾਂ ਦੇ ਗੁਰਦੁਆਰਾ ਸਾਹਿਬ ਵਿੱਚ ਦਾਖਲੇ ਨੂੰ ਰੋਕ ਦਿੱਤਾ ਗਿਆ ਹੈ।

ਸਿੱਖ ਜਥੇਬੰਦੀਆਂ ਦਾ ਮੰਨਣਾ ਹੈ ਕਿ ਵੈਸਟ ਮਿਡਲੈਂਡ ਪੁਲਿਸ ਦੇ ‘ਦਹਿਸ਼ਤ ਵਿਰੋਧੀ ਦਸਤੇ’ ਵੱਲੋਂ ਬੀਤੇ ਦਿਨੀਂ ਕੁਝ ਸਿੱਖਾਂ ਦੇ ਘਰਾਂ ਉੱਤੇ ਕੀਤੀ ਗਈ ਛਾਪੇਮਾਰੀ ਭਾਰਤ ਸਰਕਾਰ ਤੇ ਪੰਜਾਬ ਪੁਲਿਸ ਦੇ ਕਹਿਣ ਉੱਤੇ ਕੀਤੀ ਗਈ ਸੀ। ਭਾਵੇਂ ਕਿ ਵੈਸਟ ਮਿਡਲੈਂਡ ਪੁਲਿਸ ਇਸ ਤੋਂ ਮੁੱਕਰਦੀ ਆ ਰਹੀ ਸੀ ਪਰ ਪੰਜਾਬ ਪੁਲਿਸ ਦੇ ਅਫਸਰਾਂ ਨੇ ਇਸ ਬਾਰੇ ਭਾਰਤੀ ਅਖਬਾਰਾਂ ਵਿੱਚ ਦਾਅਵੇ ਕਰਕੇ ਕਿ ਇਹ ਛਾਪੇਮਾਰੀ ਉਹਨਾਂ ਵੱਲੋਂ ਜਗਤਾਰ ਸਿੰਘ ਜੱਗੀ ਕੋਲੋਂ ਹਾਸਲ ਕੀਤੀ ਗਈ ਜਾਣਕਾਰੀ ਦੇ ਅਧਾਰ ਉੱਤੇ ਕੀਤੀ ਗਈ ਹੈ, ਵੈਸਟ ਮਿਡਲੈਂਡ ਪੁਲਿਸ ਦੀ ਹਾਲਤ ਪਤਲੀ ਕਰ ਦਿੱਤੀ ਕਿਉਂਕਿ ਇਹ ਤੱਥ ਬਹੁਤ ਪਹਿਲਾਂ ਹੀ ਸਾਹਮਣੇ ਆ ਚੁੱਕੇ ਸਨ ਕਿ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਉੱਤੇ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਤਸ਼ੱਦਦ ਕੀਤਾ ਗਿਆ ਸੀ। ਇਹ ਮਾਮਲਾ ਬੀਤੇ ਦਿਨੀਂ ਸਿੱਖ ਜਥੇਬੰਦੀਆਂ ਵੱਲੋਂ ਬਰਤਾਨਵੀ ਸਿਆਸਤਦਾਨਾਂ ਨਾਲ ਕੀਤੀ ਗਈ ਮਿਲਣੀ (ਲਾਬੀ) ਮੌਕੇ ਵੀ ਵਿਚਾਰਿਆ ਗਿਆ ਸੀ। ਪਰ ਫਿਲਹਾਲ ਵੈਸਟ ਮਿਡਲੈਂਡ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਚੱਲ ਰਹੀ ਹੈ ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਇਸ ਪੁਲਿਸ ਪ੍ਰਤੀ ਰੋਸ ਤੇ ਰੋਹ ਵਧ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,