January 17, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ/ਮੁਹਾਲੀ: ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਅੱਜ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਹੈ। ਐਨ. ਆਈ. ਏ. ਨੇ ਚੁੱਪ-ਚਪੀਤੇ ਹੀ ਜਗਤਾਰ ਸਿੰਘ ਜੱਗੀ ਨੂੰ ਨਾਭਾ ਜੇਲ੍ਹ ਵਿੱਚੋਂ ਲਿਆ ਕੇ ਮੁਹਾਲੀ ਦੇ ਇਕ ਵਧੀਕ ਸੈਸ਼ਨ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 22 ਜਨਵਰੀ 2018 ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਐਨ. ਆਈ. ਏ. ਨੇ ਜੱਗੀ ਦੀ ਮੁੜ ਗ੍ਰਿਫਤਾਰੀ ਤੇ ਉਸ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕਰਨ ਬਾਰੇ ਉਸ ਦੇ ਵਕੀਲ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਪਤਾ ਲੱਗਿਆ ਹੈ ਕਿ ਅੱਜ ਦੀ ਅਦਾਲਤੀ ਕਾਰਵਾਈ ਦੌਰਾਨ ਮੁਹਾਲੀ ਅਦਾਲਤ ਵਿੱਚ ਜਗਤਾਰ ਸਿੰਘ ਜੱਗੀ ਨੂੰ ਕੋਈ ਵੀ ਕਾਨੂੰਨੀ ਨੁਮਾਇੰਦਗੀ ਨਹੀਂ ਦਿੱਤੀ ਗਈ।
ਜਗਤਾਰ ਸਿੰਘ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਗਤਾਰ ਸਿੰਘ ਜੱਗੀ ਨੂੰ ਪੇਸ਼ ਕਰਨ ਬਾਰੇ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਉਨ੍ਹਾਂ ਨੂੰ ਬਾਅਦ ਵਿੱਚ ਕਿਸੇ ਹੋਰ ਤੋਂ ਪਤਾ ਲੱਗਾ ਕਿ ਐਨ. ਆਈ. ਏ. ਨੇ ਜੱਗੀ ਦਾ 5 ਦਿਨਾਂ ਲਈ ਪੁਲਿਸ ਰਿਮਾਂਡ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਐਨ. ਆਈ. ਏ. ਵਿਸ਼ੇਸ਼ ਜੱਜ ਅੰਸ਼ੁਲ ਬੈਰੀ ਛੁੱਟੀ ਉੱਤੇ ਸੀ ਤੇ ਐਨ. ਆਈ. ਏ. ਨੇ ਜੱਗੀ ਨੂੰ ਵਧੀਕ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦਸਿਆ ਕਿ ਐਨ. ਆਈ. ਏ. ਨੇ ਜਗਤਾਰ ਸਿੰਘ ਜੱਗੀ ਦਾ ਰਿਮਾਂਡ ਮੁਕਦਮਾ ਨੰਬਰ ਆਰ. ਸੀ./22/ਦਿੱਲੀ/2017 ਵਿੱਚ ਹਾਸਲ ਕੀਤਾ ਹੈ ਤੇ ਇਹ ਮਾਮਲਾ ਲੁਧਿਆਣਾ ਸਥਿਤ ਆਰ. ਐਸ. ਐਸ. ਦੀ ਇਕ ਸ਼ਾਖਾ ‘ਤੇ 2016 ਵਿੱਚ ਚੱਲੀ ਗੋਲੀ ਨਾਲ ਸੰਬੰਧਤ ਹੈ।
ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੱਗੀ ਬਰਤਾਨੀਆ ਦਾ ਨਾਗਰਿਕ ਹੈ ਅਤੇ ਉਸ ਪੰਜਾਬ ਵਿਆਹ ਕਰਵਾਉਣ ਲਈ ਆਇਆ ਸੀ। ਪੰਜਾਬ ਪੁਲਿਸ ਨੇ ਜੱਗੀ ਨੂੰ 4 ਨਵੰਬਰ 2017 ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਦਾ ਨਾਂ ਕਈ ਮਾਮਲਿਆਂ ਵਿੱਚ ਸ਼ਾਮਲ ਕਰ ਦਿੱਤਾ ਗਿਆ ਤੇ ਫਿਰ ਇਨ੍ਹਾਂ ਮਾਮਲਿਆਂ ਦੀ ਜਾਂਚ ਐਨ. ਆਈ. ਏ. ਨੂੰ ਸੌਂਪ ਦਿੱਤੀ ਗਈ।
Related Topics: Indian Satae, Jagtar Singh Johal alias Jaggi (UK), Jaspal Singh Manjhpur (Advocate), NIA, NIA India, Sikh Diaspora, Sikh News UK, Sikh Political Prisoners, Sikhs in United Kingdom