September 10, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਸਿੱਕਮ ਸਥਿਤ ਸ੍ਰੀ ਗੁਰੂ ਨਾਨਕ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਹੋਂਦ ਬਰਕਰਾਰ ਰੱਖਣ ਸਮੇਤ ਹੋਰ ਅਹਿਮ ਸਿੱਖ ਮਸਲਿਆਂ ਸਬੰਧੀ ਉਨ੍ਹਾਂ ਨੂੰ ਦੋ ਯਾਦ ਪੱਤਰ ਸੌਂਪ ਕੇ ਇਨ੍ਹਾਂ ਦਾ ਤੁਰੰਤ ਹੱਲ ਕਰਵਾਉਣ ਦੀ ਮੰਗ ਕੀਤੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਰਾਜਪਾਲ ਬਦਨੌਰ ਨੂੰ ਇਹ ਮੈਮੋਰੰਡਮ ਸੌਂਪਣ ਵਾਲੇ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਸਕੱਤਰ ਸ: ਅਵਤਾਰ ਸਿੰਘ ਸੈਂਪਲਾ ਅਤੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਸ਼ਾਮਲ ਸਨ।
ਸਿੱਕਮ ਦੇ ਗੁਰਦੁਆਰਾ ਸਾਹਿਬਾਨ ਸਬੰਧੀ ਵਫ਼ਦ ਵੱਲੋਂ ਰਾਜਪਾਲ ਨੂੰ ਦਿੱਤੇ ਗਏ ਯਾਦ ਪੱਤਰ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਗੁਰੂ ਡਾਂਗਮਾਰ ਅਤੇ ਗੁਰਦੁਆਰਾ ਚੁੰਗਥਾਂਗ ਦੀ ਹੋਂਦ ਖ਼ਤਮ ਕਰਨ ਦੀ ਕੋਝੀ ਹਰਕਤ ‘ਤੇ ਰੋਸ ਪ੍ਰਗਟ ਕਰਦਿਆਂ ਇਸ ਨੂੰ ਸੁਰੱਖਿਅਤ ਰੱਖਣ ਦਾ ਮਾਮਲਾ ਉਠਾਇਆ। ਮੈਮੋਰੰਡਮ ਰਾਹੀਂ ਉਨ੍ਹਾਂ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1516ਈ: ਵਿਚ ਆਪਣੀ ਤੀਸਰੀ ਪ੍ਰਚਾਰ ਯਾਤਰਾ ਦੌਰਾਨ ਸਿੱਕਮ ਵਿਖੇ ਚਰਨ ਪਾਏ ਸਨ, ਜਿਸ ਦੀ ਯਾਦ ਵਿਚ ਇਹ ਗੁਰਦੁਆਰਾ ਸਹਿਬਾਨ ਬਣੇ ਹੋਏ ਹਨ। ਪਰੰਤੂ ਸਥਾਨਕ ਪ੍ਰਸ਼ਾਸ਼ਨ ਵੱਲੋਂ ਪੱਖਪਾਤ ਕਰਦਿਆਂ ਉਥੋਂ ਦੇ ਲਾਮਿਆਂ ਰਾਹੀਂ ਇਸ ਦੀ ਇਤਿਹਾਸਿਕਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਜੋ ਕਿ ਉਚਿਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਥੋਂ ਦੇ ਲਾਮਿਆਂ ਵੱਲੋਂ ਸਥਾਨਕ ਪ੍ਰਸ਼ਾਸ਼ਨ ਦੀ ਸ਼ਹਿ ‘ਤੇ ਗੁਰਦੁਆਰਾ ਸਾਹਿਬ ਵਿੱਚੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਹਿਬ ਸਮੇਤ ਹੋਰ ਪਵਿੱਤਰ ਵਸਤੂਆਂ ਨੂੰ ਵੀ ਬਾਹਰ ਰੱਖ ਦਿੱਤਾ ਗਿਆ। ਉਨ੍ਹਾਂ ਪੰਜਾਬ ਦੇ ਰਾਜਪਾਲ ਤੋਂ ਇਹ ਮਾਮਲਾ ਸਿੱਕਮ ਦੇ ਰਾਜਪਾਲ ਨਿਵਾਸ ਪਾਟਿਲ ਕੋਲ ਉਠਾ ਕੇ ਸਥਾਨਕ ਪ੍ਰਸ਼ਾਸਨ ਨੂੰ ਮਸਲਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ।
ਇਕ ਵੱਖਰੇ ਮੈਮੋਰੰਡਮ ਰਾਹੀਂ ਸ਼੍ਰੋਮਣੀ ਕਮੇਟੀ ਦੇ ਇਸ ਵਫ਼ਦ ਨੇ ਰਾਜਪਾਲ ਪਾਸ ਚਾਰ ਹੋਰ ਅਹਿਮ ਮਸਲੇ ਉਠਾਏ। ਇਸ ਵਿਚ ਚੰਡੀਗੜ੍ਹ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਨੂੰ ਲਗਾਏ ਗਏ ਜ਼ੁਰਮਾਨੇ ਤੇ ਪ੍ਰਾਪਰਟੀ ਟੈਕਸ ਦੀ ਰਕਮ ਵਾਪਸ ਕਰਨ ਦੀ ਮੰਗ ਕੀਤੀ ਗਈ। ਕਿਹਾ ਗਿਆ ਕਿ ਕਲਗੀਧਰ ਨਿਵਾਸ ਦੀ ਇਮਾਰਤ ਗੁਰਦੁਆਰਾ ਸਾਹਿਬ, ਫਰੀ ਸਰਾਂ, ਲੰਗਰ ਅਤੇ ਲਾਇਬ੍ਰੇਰੀ ਲਈ ਵਰਤੋਂ ਕੀਤੀ ਜਾਂਦੀ ਹੈ, ਇਸ ਲਈ ਇਸ ਨੂੰ ਟੈਕਸ ਮੁਕਤ ਕੀਤਾ ਜਾਵੇ। ਮੰਗ ਪੱਤਰ ਵਿਚ ਲਿਿਖਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ (ਰਾਜਪਾਲ) ਪਾਸ ਦੋ ਵਾਰ ਮਸਲਾ ਉਠਾਇਆ ਸੀ, ਪਰ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਨੂੰ ਤੁਰੰਤ ਪ੍ਰਾਪਰਟੀ ਟੈਕਸ ਤੋਂ ਮੁਕਤ ਕੀਤਾ ਜਾਵੇ ਅਤੇ ਜਮ੍ਹਾਂ ਕਰਵਾਇਆ ਗਿਆ ਜ਼ੁਰਮਾਨਾ ਵੀ ਵਾਪਸ ਕਰਵਾਇਆ ਜਾਵੇ।
ਇਸ ਮੈਮੋਰੰਡਮ ਰਾਹੀਂ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਨਾਲ ਪੰਜਾਬੀ ਯੂਨੀਵਰਸਿਟੀ ਵੱਲੋਂ ਅਨੁਵਾਦਕ ਖੋਜ ਕਾਰਜ ਸਮੇਂ ਕੀਤੀ ਛੇੜ-ਛਾੜ ਦਾ ਮਾਮਲਾ ਉਠਾਉਂਦਿਆਂ ਇਸ ਦੀਆਂ ਛਪ ਚੁਕੀਆਂ ਵੀਹ ਹਜ਼ਾਰ ਕਾਪੀਆਂ ਨੂੰ ਤੁਰੰਤ ਨਸ਼ਟ ਕਰਕੇ ਇਸ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਲਈ ਖ਼ਰੀਦੀਆਂ ਜਾਂਦੀਆਂ ਰਸਦਾਂ ਤੋਂ ਜੀ.ਐਸ.ਟੀ. ਹਟਾਉਣ ਲਈ ਮੰਗ ਕੀਤੀ ਗਈ ਅਤੇ ਸ਼ੋਸ਼ਲ ਮੀਡੀਏ ‘ਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ-ਨਾਲ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਨਾਲ ਛੇੜ-ਛਾੜ ਬੰਦ ਕਰਨ ਲਈ ਸਾਈਬਰ ਕਰਾਈਮ ਵਿਭਾਗ ਰਾਹੀਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਸਰਕਾਰਾਂ ਨੂੰ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਗਈ।
Related Topics: Gurduara Dangmar Sahib Sikkim, Mahan Kosh, Prof. Kirpal Singh Badunger, Punjab Government, Shiromani Gurdwara Parbandhak Committee (SGPC), Sikhs in Sikkim, Sikkim, V P Singh Bidnaur