August 29, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਲੇਖੇ ਉੱਤੇ ਪੰਜਾਬ ਵਿਧਾਨ ਸਭਾ ਵਿੱਚ ਹੋਈ ਬਹਿਸ ਦੌਰਾਨ ਅੱਜ ਪੰਜਾਬ ਕਾਂਗਰਸ ਦੇ ਵਿਧਾਇਕ ਤੇ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੇ ਜ਼ੁਲਮਾਂ ਦਾ ਚਿੱਠਾ ਖੋਲ੍ਹ ਕੇ ਵਿਧਾਨ ਸਭਾ ਵਿੱਚ ਰੱਖਿਆ ਤੇ ਪੰਜਾਬ ਦੇ ਇਸ ਬਦਨਾਮ ਪੁਲਿਸ ਅਫਸਰ ਨੂੰ ਸਾਫ ਸ਼ਬਦਾਂ ਵਿੱਚ ਕਾਲਤ ਕਰਾਰ ਦਿੰਦਿਆਂ ਉਸ ਦੀ ਗ੍ਰਿਫਤਾਰੀ ਲਈ ਠੋਸ ਕਦਮ ਚੁੱਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਿਆ।
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਭਾਸ਼ਣ ਦੌਰਾਨ ਕੁਲਵੰਤ ਸਿੰਘ ਵਕੀਲ, ਉਹਨਾਂ ਦੀ ਪਤਨੀ ਅਤੇ ਦੁੱਧ ਚੁੰਗਦੀ ਬੱਚੀ ਨੂੰ ਮਾਰ ਮੁਕਾਉਣ ਅਤੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਵਾਰ ਦੇ ਬਜੁਰਗਾਂ ਤੋਂ ਬੱਚਿਆਂ ਤੱਕ ਨੂੰ ਕੋਹ-ਕੋਹ ਕੇ ਮਾਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਗਲਾਂ ਨੇ ਵੀ ਸਿੱਖਾਂ ਉੱਤੇ ਜ਼ੁਲਮ ਕੀਤੇ ਸਨ ਅਤੇ ਤਸੀਹਿਆਂ ਦੇ ਬਹੁਤ ਭਿਆਨਕ ਤਰੀਕੇ ਅਪਣਾਏ ਸਨ ਪਰ ਉਹਨਾਂ ਵੀ ਸਿੱਖਾਂ ਨੂੰ ਜ਼ਿਉਂਦੇ ਨਹੀਂ ਸੀ ਸਾੜਿਆ ਜੋ ਕਿ ਸੁਮੇਧ ਸੈਣੀ ਦੀਆਂ ਧਾੜਾਂ ਅਤੇ ਉਸਦੇ ਖਾਸਮ-ਖਾਸ ਨਕਲੀ ਨਿਹੰਗ ਪੂਹਲੇ ਨੇ ਕੀਤਾ।
ਸੁਮੇਧ ਸੈਣੀ ਦੀ ਹਿਮਾਇਤ ਕਰਨ ਵਾਲੇ ਖਬਰਦਾਰ ਰਹਿਣ:
ਵਿਧਾਨ ਸਭਾ ਵਿੱਚ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਨੂੰ ਕਈ ਲੋਕ ਇਹ ਸਲਾਹਾਂ ਦੇ ਰਹੇ ਸਨ ਕਿ ਉਹ ਸੁਮੇਧ ਸੈਣੀ ਦਾ ਜ਼ਿਕਰ ਵਿਧਾਨ ਸਭਾ ਵਿੱਚ ਨਾ ਕਰੇ ਕਿਉਂਕਿ ‘ਸੁਮੇਧ ਸੈਣੀ ਬਹਤ ਖਤਰਨਾਕ ਹੈ’। ਉਹਨਾਂ ਕਿਹਾ ਕਿ ਅਫਸਰਸ਼ਾਹੀ ਅਤੇ ਪੰਜਾਬ ਪੁਲਿਸ ਵਿਚਲੇ ਸੁਮੇਧ ਸੈਣੀ ਦਾ ਪੱਖ ਪੂਰਨ ਵਾਲੇ ਅਫਸਰ ਖਬਰਦਾਰ ਰਹਿਣ।
ਜਿਹਨੇ ਡੀ.ਜੀ.ਪੀ. ਰਹਿਣਾ ਜਾਂ ਬਣਨਾ ਹੈ ਉਹੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰੇਗਾ:
ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਈ ਇਹ ਸਵਾਲ ਕਰ ਰਹੇ ਹਨ ਕਿ ਸੈਣੀ ਨੂੰ ਫੜੇਗਾ ਕੌਣ? ਉਸਨੇ ਕਿਹਾ ਕਿ ਜਿਹੜੇ ਅਫਸਰ ਅਜਿਹੀ ਗੱਲਾਂ ਕਰ ਰਹੇ ਹਨ ਉਹ ਕਾਇਰ ਹਨ। ਸੈਣੀ ਦੀ ਗ੍ਰਿਫਤਾਰੀ ਵਾਲੇ ਸਵਾਲ ਦਾ ਆਪੇ ਜਵਾਬ ਦੇਂਦਿਆਂ ਮੰਤਰੀ ਬਾਜਵਾ ਨੇ ਕਿਹਾ ਕਿ ਜਿਸ ਨੇ ਵੀ ਪੁਲਿਸ ਮੁਖੀ ਰਹਿਣਾ ਹੈ ਜਾਂ ਬਣਨਾ ਹੈ ਉਸੇ ਨੂੰ ਹੀ ਸੁਮੇਧ ਸੈਣੀ ਨੂੰ ਫੜਨਾ ਪਵੇਗਾ।
ਭਾਰਤੀ ਅਦਾਲਤਾਂ ਨੇ ਵੀ ਸੁਮੇਧ ਸੈਣੀ ਨੂੰ ਬਚਾਇਆ, ਬੀਬੀ ਅਮਰ ਕੌਰ ਇਨਸਾਫ ਨੂੰ ਤਰਸਦੀ ਜਹਾਨੋਂ ਚਲੀ ਗਈ
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਭਾਸ਼ਣ ਦੌਰਾਨ ਸੈਣੀ ਮੋਟਰਜ਼ ਲੁਧਿਆਣਾ ਵਾਲਿਆਂ ਦੇ ਪਰਵਾਰ ਦੇ ਦੋ ਜੀਆਂ ਤੇ ਉਹਨਾਂ ਦੇ ਡਰਾਈਵਰ ਦੇ ਕਤਲ ਦੇ ਮਾਮਲੇ ਦਾ ਵਿਸਤਾਰ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਭਾਰਤੀ ਅਦਾਲਤਾਂ ਵੀ ਸੁਮੇਧ ਸੈਣੀ ਜਿਹੇ ਕਾਤਲ ਨੂੰ ਸਜ਼ਾ ਦੇਣ ਵਿੱਚ ਨਾਕਾਮ ਰਹੀਆਂ ਹਨ। ਉਹਨਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਕੀਲ ਐਚ. ਐਸ. ਫੂਲਕਾ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਫੂਲਕਾ ਜੀ ਅਸੀਂ ਵੇਖਦੇ ਹਾਂ ਕਿ ਜੱਜਾਂ (ਨਿਆਂ ਦੀ ਮੂਰਤ) ਦੀਆਂ ਅੱਖਾਂ ਉੱਤੇ ਪੱਟੀ ਹੁੰਦੀ ਹੈ ਕਿ ਉਹ ਇਨਸਾਫ ਕਰਨ ਤੇ ਇਹ ਨਾ ਵੇਖਣ ਕਿ ਕਟਿਹਰੇ ਵਿੱਚ ਕੌਣ ਹੈ ਪਰ ਸੁਮੇਧ ਸੈਣੀ ਦੇ ਮਾਮਲੇ ਵਿੱਚ ਜੱਜਾਂ ਨੇ ਇਹ ਪੱਟੀ ਹਟਾ ਕੇ ਸੁਮੇਧ ਸੈਣੀ ਨੂੰ ਬਚਾਇਆ ਹੈ। ਮੰਤਰੀ ਬਾਜਵਾ ਨੇ ਕਿਹਾ ਕਿ ਭਾਰਤੀ ਅਦਾਲਤਾਂ, ਹੈਠਲੀ ਤੋਂ ਉੱਪਰਲੀ ਤੱਕ, ਸੁਮੇਧ ਸੈਣੀ ਨੂੰ ਬਚਾਉਂਦੀਆਂ ਰਹੀਆਂ ਹਨ।
ਉਹਨਾਂ ਕਿਹਾ ਕਿ ਸੈਣੀ ਮੋਟਰਜ਼ ਵਾਲੇ ਮਾਮਲੇ ਵਿੱਚ ਬੀਬੀ ਅਮਰ ਕੌਰ ਸੌ ਸਾਲ ਤੋਂ ਵੱਧ ਉਮਰ ਤੱਕ ਜਿੰਦਾ ਰਹੀ ਤੇ ਉਸ ਦੀ ਇਕੋ ਖਾਹਿਸ਼ ਸੀ ਕਿ ਉਹ ਸੁਮੇਧ ਸੈਣੀ ਵੱਲੋਂ ਕਤਲ ਕੀਤੇ ਗਏ ਉਸਦੇ ਪਰਵਾਰ ਦੇ ਜੀਆਂ ਨੂੰ ਇਨਸਾਫ ਮਿਲੇ ਅਤੇ ਸੁਮੇਧ ਸੈਣੀ ਨੂੰ ਸਜ਼ਾ ਹੋਵੇ ਪਰ ਅਜਿਹਾ ਨਹੀਂ ਹੋ ਸਕਿਆ।
ਭਾਰਤੀ ਅਦਾਲਤਾਂ ਦੇ ਰਵੱਈਏ ਉੱਤੇ ਸਵਾਲ ਚੁੱਕਦਿਆਂ ਮੰਤਰੀ ਬਾਜਵਾ ਨੇ ਕਿਹਾ ਕਿ ਇਕ ਪੇਸ਼ੀ ਦੌਰਾਨ ਬੀਬੀ ਅਮਰ ਕੌਰ ਦੀ ਬਿਰਧ ਹਾਲਤ ਕਰਕੇ ਕਿਸੇ ਨੂੰ ਉਸ ਦੀ ਅਵਾਜ਼ ਸੁਣਦੀ ਨਹੀਂ ਸੀ ਤਾਂ ਜੱਜ ਨੇ ਉਸ ਦੇ ਬੁੱਲ੍ਹਾਂ ਨਾਲ ਕੰਨ ਲਾ ਕੇ ਗੱਲ ਸੁਣੀ। ਬੀਬੀ ਨੇ ਜੱਜ ਨੂੰ ਕਿਹਾ ਕਿ ਹਰ ਰੋਜ਼ ਸੁਣਵਾਈ ਕਰੇ ਪਰ ਸ਼ਾਇਦ ਉਹ ਜੱਜ ਬੋਲਾ ਸੀ। ਅਖੀਰ ਇਨਸਾਫ ਵਾਲਾ ਦਿਨ ਵੇਖਣ ਤੋਂ ਪਹਿਲਾਂ ਹੀ ਬੀਬੀ ਅਮਰ ਕੌਰ ਚੱਲ ਵੱਸੀ।
ਮੰਤਰੀ ਬਾਜਵਾ ਨੇ ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਦੀ ਵੰਗਾਰ ਪਾਈ ਤੇ ਕਿਹਾ ਕਿ ਸੁਮੇਧ ਸੈਣੀ ਨੂੰ ਇਕ ਵਾਰ ਜਰੂਰ ਹਵਾਲਾਤ ਵਿੱਚ ਡੱਕਿਆ ਜਾਵੇ।
Related Topics: Captain Amrinder Singh Government, Congress Government in Punjab 2017-2022, Justice Ranjeet Singh Commission, Punjab Government, Sumedh Saini, Tript Rajinder Singh Bajwa