ਸਿੱਖ ਖਬਰਾਂ

1984 ਸਿੱਖ ਕਤਲੇਆਮ ਯਾਦਗਾਰ ਦੇ ਪ੍ਰਚਾਰ ਦੇ ਲਈ ਦਿੱਲੀ ਕਮੇਟੀ ਨੇ ਕੀਤਾ ਕਮੇਟੀ ਦਾ ਗਠਨ

April 20, 2016 | By

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਬਣਾਈ ਜਾ ਰਹੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੇ ਪ੍ਰਤੀ ਬਾਹਰ ਵੱਸਦੇ ਸਿੱਖਾਂ ਵਿਚਕਾਰ ਜਾਗਰੂਕਤਾ ਫੈਲਾਉਣ ਲਈ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ। ਇਸ ਕਮੇਟੀ ਦਾ ਕਨਵੀਨਰ ਨਿਊਯਾਰਕ ਨਿਵਾਸੀ ਮੁਖਤਿਆਰ ਸਿੰਘ ਨੂੰ ਅਤੇ ਚੇਅਰਮੈਨ ਹਰਬੰਸ ਸਿੰਘ ਢਿੱਲੋ ਨੂੰ ਬਣਾਉਣ ਦਾ ਐਲਾਨ ਕੀਤਾ।

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

ਉਕਤ ਕਮੇਟੀ ਦੇ ਕਾਰਜਖੇਤਰ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮਨਜੀਤ ਸਿੰਘ ਜੀ.ਕੇ.. ਨੇ ਦੱਸਿਆ ਕਿ ਦਿਲੀ ਦੇ ਸਿੱਖਾਂ ਦੇ ਨਾਲ 1984 ਵਿਚ ਹੋਏ ਜੁਲਮ ਦੇ ਪ੍ਰਤੀਕ ਵੱਜੋਂ ਕਮੇਟੀ ਵੱਲੋਂ ਬਣਾਈ ਜਾ ਰਹੀ ਇਸ ਯਾਦਗਾਰ ਬਾਰੇ ਵਿਦੇਸ਼ਾਂ ਵਿਚ ਬੈਠੇ ਜਿਆਦਾਤਰ ਸਿੱਖ ਅਨਜਾਣ ਹਨ ਇਸ ਲਈ ਇਹ ਕਮੇਟੀ ਯਾਦਗਾਰ ਦੀ ਉਸਾਰੀ ਦੇ ਪਿੱਛੇ ਦੀ ਸੋਚ ਦਾ ਵਿਦੇਸ਼ੀ ਸਿੱਖਾਂ ਵਿਚ ਪ੍ਰਚਾਰ ਕਰਨ ਦੇ ਨਾਲ ਹੀ ਉਨ੍ਹਾਂ ਪਾਸੋਂ ਯਾਦਗਾਰ ਲਈ ਜਰੂਰੀ ਸਲਾਹ ਅਤੇ ਦਸਵੰਧ ਨੂੰ ਕਬੂਲ ਕਰਕੇ ਦਿੱਲੀ ਕਮੇਟੀ ਨੂੰ ਦੇਵੇਗੀ।

ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਯਾਦਗਾਰ ਦੀ ਉਸਾਰੀ ਦੇ ਪੂਰਾ ਹੋਣ ਤੇ ਖਦਸਾ ਹੈ ਇਸ ਲਈ ਇਹ ਕਮੇਟੀ ਦੇਸ਼ ਦੇ ਬਾਹਰ ਵੱਸਦੇ ਸਿੱਖਾਂ ਨੂੰ ਯਾਦਗਾਰ ਦੀ ਹਕੀਕਤ ਬਿਆਨੀ ਕਰੇਗੀ। ਜੀ.ਕੇ. ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਭਾਰਤੀ ਦੇ ਲੋਕਤੰਤਰ ’ਤੇ ਕਾਲਾ ਦਾਗ ਹੈ ਪਰ ਉਸਤੋਂ ਵੀ ਜਿਆਦਾ ਮੰਦਭਾਗੀ ਗੱਲ ਇਹ ਹੈ ਕਿ 32 ਸਾਲਾਂ ਵਿਚ ਕਿਸੇ ਵੀ ਸਰਕਾਰ ਨੇ ਸਿੱਖਾਂ ਨਾਲ ਹੋਏ ਇਸ ਧੱਕੇ ਲਈ 2 ਗੱਜ ਜਮੀਨ ਦੇਣਾ ਵੀ ਯਾਦਗਾਰੀ ਦੀ ਉਸਾਰੀ ਲਈ ਠੀਕ ਨਹੀਂ ਸਮੱਝਿਆ ।

ਜੀ.ਕੇ. ਨੇ ਤੱਲਖ ਲਹਿਜੇ ਵਿਚ ਕਿਹਾ ਕਿ ਸਿੱਖਾਂ ਦੇ ਧਾਰਮਿਕ ਸਥਾਨ ਤੇ ਹਮਲਾ ਕਰਨ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਤੇ ਦਿੱਲੀ ਵਿੱਖੇ 3 ਯਾਦਗਾਰਾਂ ਹੋ ਸਕਦੀਆਂ ਹਨ ਪਰ ਸਿੱਖਾਂ ਨੂੰ ਇੱਕ ਯਾਦਗਾਰ ਬਣਾਉਣ ਦੀ ਵੀ ਕਿਸੇ ਸਰਕਾਰ ਨੇ ਮਨਜੂਰੀ ਨਹੀਂ ਦਿੱਤੀ। ਗੁਰਦੁਆਰਾ ਰਕਾਬਗੰਜ ਸਾਹਿਬ ਵਿੱਖੇ ਯਾਦਗਾਰ ਬਣਾਉਣ ਦੇ ਪਿੱਛੇ ਜੀ.ਕੇ. ਨੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਕੌਮ ਵੱਲੋਂ ਹੰਡਾਏ ਗਏ ਸੰਤਾਪ ਦੀ ਜਾਣਕਾਰੀ ਦੇਣ ਨੂੰ ਮੁੱਖ ਮਕਸਦ ਦੱਸਿਆ।

ਯਾਦਗਾਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਕਮੇਟੀ ਦੇ ਚੇਅਰਮੈਨ ਤਨਵੰਤ ਸਿੰਘ ਨੇ ਦੱਸਿਆ ਕਿ 2200 ਵਰਗ ਮੀਟਰ ਵਿਚ ਫੈਲੀ ਇਸ ਯਾਦਗਾਰ ਵਿਚ 600 ਵਰਗ ਮੀਟਰ ਦਾਇਰੇ ਵਿਚ ਕਮੇਟੀ ਕੋਲ ਆਏ 4500 ਮ੍ਰਿਤਕਾ ਦੇ ਨਾਂ ਸੱਚ ਦੀ ਦੀਵਾਰ ਤੇ ਉਕੇਰੇ ਜਾਉਣਗੇ।

ਇਸ ਮੌਕੇ ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਨਾ, ਗੁਰਮੀਤ ਸਿੰਘ ਮੀਤਾ, ਗੁਰਮੀਤ ਸਿੰਘ ਲੁਬਾਣਾ, ਗੁਰਬਚਨ ਸਿੰਘ ਚੀਮਾ, ਚਮਨ ਸਿੰਘ, ਹਰਜਿੰਦਰ ਸਿੰਘ, ਜੀਤ ਸਿੰਘ ਅਤੇ ਅਕਾਲੀ ਆਗੂ ਭੂਪਿੰਦਰ ਸਿੰਘ ਖਾਲਸਾ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,