ਸਿਆਸੀ ਖਬਰਾਂ » ਸਿੱਖ ਖਬਰਾਂ

ਜੇਕਰ ਮੋਦੀ ਸਰਕਾਰ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਨਹੀ ਦੁਆ ਸਕਦੀ ਤਾਂ ਬਾਦਲ ਦਲ ਨੂੰ ਨਾਤਾ ਤੋੜ ਲੈਣਾ ਚਾਹੀਦਾ ਹੈ: ਜੀਕੇ

February 25, 2016 | By

ਚੰਡੀਗਡ਼੍ਹ, (24 ਫਰਵਰੀ, 2016): ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 1984 ਵਿੱਚ ਹੋਏ ਕਤਲੇ ਤੋਂ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਰਿੰਦਰ ਮੋਦੀ ਇਨਸਾਫ ਨਹੀ ਦੁਆ ਸਕਦੇ ਤਾਂ ਬਾਦਲ ਦਲ ਨੂੰ ਭਾਜਪਾ ਨਾਲੋਂ ਸਬੰਧ ਤੋੜ ਲੈਣੇ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖਬਾਰਾਂ ਨੂੰ ਭੇਜੇ ਪ੍ਰੈਸ ਬਿਆਨ ਰਾਹੀ ਕੀਤਾ।

ਮਨਜੀਤ ਸਿੰਘ ਜੀਕੇ (ਪੁਰਾਣੀ ਫੋਟੋ)

ਮਨਜੀਤ ਸਿੰਘ ਜੀਕੇ (ਪੁਰਾਣੀ ਫੋਟੋ)

ਉਨ੍ਹਾਂ ਕਿਹਾ ਕਿ ਸੀਬੀਆਈ ਵੱਲੋਂ ਜਗਦੀਸ਼ ਟਾਈਟਲਰ ਖਿਲਾਫ਼ ਕਲੋਜ਼ਰ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨਾ ਸਿੱਖਾਂ ਨਾਲ ਵਧੀਕੀ ਹੈ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਏਜੰਸੀ ਦੇ ਇਸ ਫੈਸਲੇ ਵਿਰੁੱਧ ਮੋਦੀ ਸਰਕਾਰ ਖਿਲਾਫ ਮੁਜ਼ਾਹਰਾ ਵੀ ਕੀਤਾ ਸੀ।

ਜੀ ਕੇ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੀ 1984 ਦੇ ਕਤਲੇਆਮ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਥਾਂ ਕਾਂਗਰਸ ਵਾਲਾ ਹੀ ਰਵੱਈਆ ਰੱਖਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨਾਲੋਂ ਨਾਤਾ ਤੋਡ਼ ਲੈਣਾ ਚਾਹੀਦਾ ਹੈ।

ਸਿੱਖ ਸਿਆਸਤ ਨੇ ਜਦੋਂ ਇਸ ਮਾਮਲੇ ‘ਤੇ ਦਿੱਲੀ ਕਮੇਟੀ ਦੇ ਪ੍ਰੈੱਸ ਸਕੱਤਰ ਪਰਮਿੰਦਰਪਾਲ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਜੀਕੇ ਦੇ ਬਿਆਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਿਆ ਦੁਆਉਣ ਲਈ ਸੰਘਰਸ਼ ਕਰ ਰਹੀ ਹੈ। ਕੇਂਦਰ ਵਿੱਚ ਮੋਦੀ ਸਰਕਾਰ ਦੇ ਬਨਣ ਨਾਲ ਇਸ ਮਾਮਲੇ ਵਿੱਚ ਇਨਸਾਫ ਦੀ ਉਮੀਦ ਜਾਗੀ ਸੀ, ਪਰ ਜੇਕਰ ਮੋਦੀ ਸਰਕਾਰ ਵੀ ਸਿੱਖਾਂ ਨੂੰ ਇਨਸਾਫ ਦੁਆਉਣ ਵਿੱਚ ਅੜਿੱਕੇ ਅੜਾਉਂਦੀ ਹੈ ਤਾਂ ਫਿਰ ਭਾਜਪਾ ਨਾਲ ਸਾਂਝ ਰੱਖਣ ਦੀ ਖੀ ਫਾਇਦਾ?, ਬਾਦਲ ਦਲ ਨੂੰ ਇਸ ਤੋਂ ਅਲੱਗ ਹੋ ਜਾਣਾ ਚਾਹੀਦਾ ਹੈ।

ਮਨਜੀਤ ਸਿੰਘ ਜੀਕੇ ਨੇ ਦਿੱਲੀ ਸਰਕਾਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਸਿੱਧਾ ਨਿਸ਼ਾਨਾ ਸੇਧਦਿਆਂ ੳੁਨ੍ਹਾਂ ’ਤੇ ਸਿੱਖ ਵਿਰੋਧੀ ਅਤੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਲਾਏ ਹਨ। ੳੁਨ੍ਹਾਂ ਦਿੱਲੀ ਦੇ ਮੁੱਖ ਮੰਤਰੀ ’ਤੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਬਚਾਉਣ ਦੇ ਦੋਸ਼ ਵੀ ਲਾਏ ਤੇ ਨਿਰੰਕਾਰੀਆਂ ਨਾਲ ਸਬੰਧਾਂ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ 49 ਦਿਨਾਂ ਦੀ ਸਰਕਾਰ ਦੌਰਾਨ ਦੰਗਿਆਂ ਦੀ ਜਾਂਚ ਲਈ ਐਸਆਈਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਸੀ ਜੋ ਵਫ਼ਾ ਨਹੀਂ ਹੋਇਆ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਜੇਕਰ ਐਸਆਈਟੀ ਬਣਾ ਦਿੱਤੀ ਹੈ ਤਾਂ ਇਸ ਜਾਂਚ ਟੀਮ ਨੂੰ ਪਡ਼ਤਾਲ ਲਈ ਲੋਡ਼ੀਂਦੇ ਦਸਤਾਵੇਜ਼ ਅਤੇ ਦਫ਼ਤਰ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ, ਜਿਸ ਕਰਕੇ ਜਾਂਚ ਸ਼ੁਰੂ ਹੀ ਨਹੀਂ ਹੋ ਸਕੀ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਜਗਦੀਸ਼ ਟਾਈਟਲਰ ਦੀ ਮੁਲਾਕਾਤ ਵਾਲੀ ਫੋਟੋ ਉਸ ਸਮੇਂ ਜਨਤਕ ਹੋਈ ਹੈ ਜਦੋਂ ਦੰਗਿਆਂ ਨਾਲ ਸਬੰਧਤ ਮਹੱਤਵਪੂਰਨ ਫਾਈਲਾਂ ਗੁੰਮ ਹੋ ਗਈਆਂ। ੳੁਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਸਿੱਖ ਪੰਥ ਵਿਰੋਧੀ ਤਾਕਤਾਂ ਨੂੰ ਸ਼ਹਿ ਤੇ ਪਨਾਹ ਦੇ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,