ਸਿਆਸੀ ਖਬਰਾਂ

3 ਦਿਨ ਚੱਲਣ ਵਾਲਾ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ, ਬਿਕਰਮ ਮਜੀਠੀਆ, ਸੁਖਪਾਲ ਖਹਿਰਾ, ਕਰਜ਼ਾ ਮਾਫੀ ਆਦਿ ਮੁੱਦੇ ਭਾਰੂ ਰਹਿਣ ਦੇ ਆਸਾਰ

November 27, 2017 | By

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਅੱਜ (27 ਨਵੰਬਰ, 2017) ਤੋਂ ਸ਼ੁਰੂ ਹੋ ਰਿਹਾ ਹੈ। ਅਮਰਿੰਦਰ ਸਿੰਘ ਸਰਕਾਰ ਵੱਲੋਂ ਅੱਠ ਮਹੀਨਿਆਂ ਦੀਆਂ ਪ੍ਰਾਪਤੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਵਿਰੋਧੀ ਦਲਾਂ ਵੱਲੋਂ ਸਰਕਾਰ ਨੂੰ ਘੇਰਨ ਦੀ ਰਣਨੀਤੀ ਘੜੀ ਗਈ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਸਾਰੇ ਵਿਭਾਗਾਂ ਨੂੰ ਪ੍ਰਾਪਤੀਆਂ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕਾਂਗਰਸ ਦੇ ਕੁਝ ਵਿਧਾਇਕਾਂ ਵੱਲੋਂ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਵਿੱਢੀ ਮੁਹਿੰਮ ਦਾ ਅਸਰ ਵੀ ਵਿਧਾਨ ਸਭਾ ਅੰਦਰ ਦੇਖਣ ਨੂੰ ਮਿਲ ਸਕਦਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਦੇ ਲੰਘੇ ਦੋ ਸੈਸ਼ਨਾਂ ਦੌਰਾਨ ਸਦਨ ਅੰਦਰ ਹਾਜ਼ਰ ਨਹੀਂ ਹੋਏ ਅਤੇ ਕਾਨੂੰਨੀ ਪੱਖ ਤੋਂ ਐਤਕੀਂ ਉਨ੍ਹਾਂ ਦਾ ਆਉਣਾ ਜ਼ਰੂਰੀ ਹੈ। ਸੋਮਵਾਰ ਨੂੰ ਸਦਨ ਵੱਲੋਂ ਵਿਛੜੇ ਆਗੂਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਮੰਗਲਵਾਰ ਅਤੇ ਬੁੱਧਵਾਰ ਨੂੰ ਵਿਧਾਨ ਸਭਾ ’ਚ ਸਿਆਸੀ ਦਲਾਂ ਦੇ ਸ਼ਬਦੀ ਭੇੜ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਰਮਿਆਨ ਬਣੀ ਟਕਰਾਅ ਦੀ ਸਥਿਤੀ ਕਰਕੇ ਸਰਕਾਰ ਨੂੰ ਲਾਭ ਮਿਲ ਸਕਦਾ ਹੈ।

ਪੰਜਾਬ ਵਿਧਾਨ ਸਭਾ (ਪ੍ਰਤੀਕਾਤਮਕ ਤਸਵੀਰ)

ਪੰਜਾਬ ਵਿਧਾਨ ਸਭਾ (ਪ੍ਰਤੀਕਾਤਮਕ ਤਸਵੀਰ)

ਬਾਦਲ ਦਲ ਵੱਲੋਂ ਜਨਤਕ ਮੁੱਦਿਆਂ ’ਤੇ ਭਾਵੇਂ ਵਿਧਾਨ ਸਭਾ ਅੰਦਰ ਆਵਾਜ਼ ਚੁੱਕਣ ਦੀ ਗੱਲ ਕਹੀ ਜਾ ਰਹੀ ਹੈ ਪਰ ਉਨ੍ਹਾਂ ਲਈ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਫਾਜ਼ਿਲਕਾ ਅਦਾਲਤ ਵੱਲੋਂ ਸੰਮਨ ਜਾਰੀ ਕਰਨ ਦਾ ਮਾਮਲਾ ਹੀ ਵੱਕਾਰੀ ਬਣਿਆ ਹੋਇਆ ਜਾਪਦਾ ਹੈ। ਅਜਿਹੇ ਹਾਲਾਤ ’ਚ ਜਨਤਕ ਮੁੱਦੇ ਹਾਸ਼ੀਏ ’ਤੇ ਪੈਂਦੇ ਜਾਪ ਰਹੇ ਹਨ। ਉਂਜ ਸੂਬੇ ਦੇ ਕਈ ਮੁੱਦੇ ਹਨ ਜਿਨ੍ਹਾਂ ’ਤੇ ਸਰਕਾਰ ਨੂੰ ਵਿਰੋਧੀ ਧਿਰਾਂ ਘੇਰ ਸਕਦੀਆਂ ਹਨ। ਇਨ੍ਹਾਂ ਵਿੱਚ ਕਰਜ਼ਾ ਮੁਆਫ਼ੀ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਰੇਤੇ ਦੀ ਨਾਜਾਇਜ਼ ਮਾਈਨਿੰਗ, ਵਿਗੜੀ ਹੋਈ ਕਾਨੂੰਨ ਵਿਵਸਥਾ, ਸਰਕਾਰੀ ਸਕੂਲਾਂ ਨੂੰ ਬੰਦ ਕਰਨਾ, ਵਿਕਾਸ ਦੇ ਕੰਮ ਬੰਦ ਹੋਣ, ਸੂਬੇ ਦੀ ਗੰਭੀਰ ਵਿੱਤੀ ਹਾਲਤ ਆਦਿ ਸ਼ਾਮਲ ਹਨ।

ਪੰਜਾਬ ਵਜ਼ਾਰਤ ਦੀ ਅੱਜ ਸਵੇਰੇ 11 ਵਜੇ ਹੋਣ ਵਾਲੀ ਮੀਟਿੰਗ ਦੌਰਾਨ ਵਿਧਾਨ ਸਭਾ ’ਚ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਚਾਰ ਬਿੱਲ ਵਜ਼ਾਰਤ ਦੀ ਪਿਛਲੀ ਮੀਟਿੰਗ ਵਿੱਚ ਪਾਸ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਰਾਜਪਾਲ ਵੱਲੋਂ ਮੋੜੇ ਗਏ ਤਿੰਨ ਆਰਡੀਨੈਂਸਾਂ ਨੂੰ ਬਿੱਲਾਂ ਵਿੱਚ ਬਦਲ ਕੇ ਪ੍ਰਵਾਨਗੀ ਦਿੱਤੀ ਜਾਵੇਗੀ ਅਤੇ ਉਹ ਸੈਸ਼ਨ ਵਿੱਚ ਪੇਸ਼ ਕੀਤੇ ਜਾਣਗੇ। ਇਨ੍ਹਾਂ ਵਿੱਚ ਅੰਮ੍ਰਿਤਸਰ ਸ਼ਹਿਰ ਦੀ ਗਲਿਆਰਾ ਯੋਜਨਾ ਨੂੰ ਅੱਗੇ ਵਧਾਉਣਾ, ਪੰਜਾਬ ਰਾਜ ਸਹਿਕਾਰੀ ਸਭਾਵਾਂ 1961 ਐਕਟ ਵਿੱਚ ਸੋਧ ਕਰਨਾ ਆਦਿ ਸ਼ਾਮਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,