ਸਿੱਖ ਖਬਰਾਂ

ਸੁਮੇਧ ਸੈਣੀ ਦੀ ਗ੍ਰਿਫਤਾਰੀ ਤੇ ਉਹਨੂੰ ਅੱਤਵਾਦੀ ਐਲਨਾਣ ਦੀ ਮੰਗ ਨੂੰ ਲੈ ਕੇ ਖਾਲੜਾ ਮਿਸ਼ਨ ਨੇ ਧਰਨਾ ਲਾਇਆ

September 13, 2020 | By

ਸ੍ਰੀ ਅੰਮ੍ਰਿਤਸਰ: ਲੰਘੇ ਦਿੰਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਤੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰੀ ਕੀਤਾ ਜਾਵੇ ਅਤੇ ਸਰਕਾਰ ਉਸਨੂੰ ਨਿਰਦੋਸ਼ਾਂ ਦੇ ਕਾਤਲ ਵਜੋਂ ਅੱਤਵਾਦੀ ਐਲਾਨੇ।

ਧਰਨੇ ਦੌਰਾਨ ਬੋਲਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਝੂਠੇ ਮੁਕਾਬਲੇ ਕਾਂਗਰਸੀਆਂ, ਬਾਦਲਕਿਆਂ ਅਤੇ ਭਾਜਪਾਈਆਂ ਨੇ ਰਲ ਕੇ ਕਰਵਾਏ। ਉਨ੍ਹਾਂ ਕਿਹਾ ਕਿ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਪਿਛਲੇ 25 ਸਾਲਾਂ ਤੋਂ ਜੁਲਮ ਦੇ ਖਿਲਾਫ ਸੰਘਰਸ਼ ਜਾਰੀ ਰੱਖਿਆ ਹੈ। ਬੁਲਾਰਿਆ ਨੇ ਕਿਹਾ ਕਿ ਬਾਦਲਾਂ ਨੇ ਕੇ.ਪੀ.ਐਸ. ਗਿੱਲ ਦੇ ਕਹਿਣ ਉੱਤੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ.ਜੀ.ਪੀ. ਲਾਇਆ ਅਤੇ ਗਿੱਲ ਨੇ ਚੰਡੀਗੜ੍ਹ ਆ ਕੇ ਵਧਾਈਆਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੇ.ਪੀ.ਐਸ. ਗਿੱਲ ਨੇ ਗੁਪਤ ਮੀਟਿੰਗਾਂ ਕਰਕੇ ਜਵਾਨੀ ਝੂਠੇ ਮੁਕਾਬਲਿਆਂ ਵਿੱਚ ਮਰਵਾਉਂਦਾ ਰਿਹਾ ਅਤੇ ਫਿਰ ਸਰਕਾਰ ਬਣਨ ਤੇ ਗਿੱਲ ਦੇ ਕਹਿਣ ਤੇ ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਾਇਆ।

ਧਰਨੇ ਦੀ ਇੱਕ ਤਸਵੀਰ

ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਅਤੇ ਹਰਦਿਆਲ ਸਿੰਘ ਘਰਿਆਲਾ ਨੇ ਕਿਹਾ ਕਿ ਪਹਿਲਾ ਕਾਂਗਰਸ ਬਾਦਲ ਰਲੇ ਸਨ ਹੁਣ ਤੀਜੀ ਆਮ ਆਦਮੀ ਪਾਰਟੀ ਨਾਲ ਰਲ ਗਈ ਹੈ। ਤਿੰਨੇ ਝੂਠੇ ਪੁਲਿਸ ਮੁਕਾਬਲਿਆਂ ਤੇ ਪਰਦਾ ਪੋਸ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਕਿਆਂ ਦੇ ਰਾਜ ਵਿੱਚ ਚਿੱਟੇ ਨੇ ਜਵਾਨੀ ਤਬਾਹ ਕਰ ਦਿੱਤੀ।

ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ ਪਿੰਡ ਬਹਿਲਾ ਗੋਲੀ ਕਾਂਡ ਜਿਸ ਵਿੱਚ 6 ਨਿਰਦੋਸ਼ਾਂ ਨੂੰ ਮਨੁੱਖੀ ਢਾਲ ਬਣਾ ਕੇ ਖਤਮ ਕੀਤਾ ਸੀ ਉਸ ਕਾਂਡ ਦਾ ਮੁੱਖ ਦੋਸ਼ੀ ਖੂਬੀ ਰਾਮ ਕੈਪਟਨ ਦੀ ਸਕਿਊਰਟੀ ਦਾ ਇੰਚਾਰਜ ਹੈ। ਉਨ੍ਹਾਂ ਕਿਹਾ ਕਿ ਕੈਪਟਨ 21 ਸਿੱਖ ਨੋਜਵਾਨਾਂ ਦੇ ਝੂਠੇ ਮੁਕਾਬਲਿਆਂ ਦੇ ਨਾਮ ਨਹੀ ਦੱਸ ਰਿਹਾ ਜਿਹੜੇ ਉਨ੍ਹਾਂ ਪ੍ਰਧਾਨ ਮੰਤਰੀ ਕੋਲ ਪੇਸ਼ ਕਰਵਾਏ ਸਨ।

ਬੁਲਾਰਿਆਂ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਉਠਾਏ 25 ਹਜ਼ਾਰ ਲਵਾਰਿਸ਼ ਲਾਸ਼ਾਂ ਦੇ ਮਾਮਲੇ ਦੀ ਪੜਤਾਲ ਕਰਾਉਣ ਦੀ ਬਜਾਏ ਕੇ.ਪੀ. ਗਿੱਲ ਦੇ ਕਹਿਣ ਤੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ.ਜੀ.ਪੀ. ਲਗਾ ਦਿੱਤਾ ਅਤੇ ਆਲਮ ਵਰਗੇ ਬਾਦਲ ਦਲ ਦੇ ਮੀਤ ਪ੍ਰਧਾਨ ਬਣ ਗਏ।

ਧਰਨੇ ਵਿੱਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਦਾ ਘਾਣ ਬਾਦਲ ਨੇ ਦਿੱਲੀ ਨਾਲ ਰਲ ਕੇ ਹੋਇਆ ਹੈ ਅਤੇ ਸਿੱਖੀ ਨਾਲ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਸਲੂਕ ਕੀਤਾ ਗਿਆ ਹੈ।

ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਸੁਮੇਧ ਸੈਣੀ ਦੀ ਫੌਰੀ ਗਿ੍ਰਫਤਾਰੀ ਦੀ ਮੰਗ ਕੀਤੀ ਅਤੇ ਕਿਹਾ ਕਿ ਪੰਜਾਬ ਵਿੱਚ ਕਤਲੋਗਾਰਦ ਦੀ ਪੜਤਾਲ ਹੋਵੇ।

ਸਮਾਗਮ ਵਿੱਚ ਦਲਬੀਰ ਸਿੰਘ ਭੀਲੋਵਾਲ, ਸਤਵੰਤ ਸਿੰਘ ਮਾਣਕ, ਸਤਵਿੰਦਰ ਸਿੰਘ ਪਲਾਸੌਰ, ਗੁਰਜੀਤ ਸਿੰਘ ਤਰਸਿੱਕਾ, ਸਿਮਰਜੀਤ ਸਿੰਘ ਤਰਸਿੱਕਾ, ਪਰਵੀਨ ਕੁਮਾਰ, ਬਲਕਾਰ ਸਿੰਘ, ਕਾਬਲ ਸਿੰਘ ਜੋਧਪੁਰ, ਬਲਦੇਵ ਸਿੰਘ ਸਾਂਘਣਾ, ਜੋਗਿੰਦਰ ਸਿੰਘ ਨੱਥੂ ਚੱਕ, ਦਲੇਰ ਸਿੰਘ ਪੰਨੂ, ਸੰਤੋਖ ਸਿੰਘ ਨੰਬਰਦਾਰ, ਗੁਰਦੇਵ ਸਿੰਘ ਦੇਉ, ਬਲਬੀਰ ਸਿੰਘ, ਗੁਰਸਾਹਿਬ ਸਿੰਘ ਆਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,