ਆਮ ਖਬਰਾਂ » ਵਿਦੇਸ਼

ਆਸਟਰੇਲੀਆ ‘ਚ ਆਮ ਚੋਣਾਂ ਦਾ ਐਲਾਨ, ਅੱਠ ਹਫ਼ਤੇ ਵਜਣਗੇ ਪ੍ਰਚਾਰ ਨਗਾਰੇ

May 8, 2016 | By

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਆਸਟਰੇਲੀਆ ‘ਚ ਆਮ ਚੋਣਾਂ ਦਾ ਐਲਾਨ ਹੋ ਗਿਆ ਹੈ ਜਿਸ ਮਗਰੋਂ 2 ਜੁਲਾਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਰਿਵਾਇਤੀ ਮੁੱਦਿਆਂ ਸਮੇਤ ਕਮਰ ਕੱਸੇ ਕਰ ਲਏ ਹਨ। ਅੱਜ (8 ਮਈ) ਬਾਅਦ ਦੁਪਹਿਰ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਨਿਰਧਾਰਤ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਓਣ ਲਈ ਗਵਰਨਰ ਜਨਰਲ ਨਾਲ ਮੁਲਾਕਾਤ ਕੀਤੀ ਜਿਸ ਮਗਰੋਂ ਕੈਨਬਰਾ ‘ਚ ਸੱਦੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਟਰਨਬੁਲ ਨੇ ਰਸਮੀ ਐਲਾਨ ਕੀਤਾ।

ਇਸ ਤਹਿਤ ਅੱਜ ਸੰਸਦ ਦੇ ਦੋਵੇਂ ਸਦਨ ਭੰਗ ਕਰ ਦਿੱਤੇ ਜਾਣਗੇ ਅਤੇ ਵੱਖ-ਵੱਖ ਪਾਰਟੀਆਂ ਪ੍ਰਚਾਰ ਮੁਹਿੰਮ ਆਰੰਭਣਗੀਆਂ ਇਸ ਐਲਾਨ ਤੋੰ ਬਾਅਦ ਸੱਤਾਧਾਰੀ ਪਾਰਟੀ ਦੇ ਮੁਖੀ ਸ੍ਰੀ ਟਰਨਬੁਲ ਨੇ ਕਿਹਾ ਕਿ ਮੁਲਕ ਸਾਹਮਣੇ ਚੋਣ ਕਰਨ ਦਾ ਹੁਣ ਇੱਕ ਸਪਸ਼ਟ ਮੌਕਾ ਹੈ। ਇਸ ਅਹਿਮ ਸਮੇਂ ‘ਤੇ ਲਿਬਰਲ ਪਾਰਟੀ ਨੂੰ ਦੁਬਾਰਾ ਤਿੰਨ ਸਾਲ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਆਸਟਰੇਲੀਆ ਦੇ ਅਰਥਚਾਰੇ ਦੀ ਤਰੱਕੀ ਬਕਰਾਰ ਰੱਖੀ ਜਾ ਸਕੇ।

ਵਿਰੋਧੀ ਧਿਰ ਨੂੰ ਸਿੱਧੇ ਨਿਸ਼ਾਨੇ ‘ਤੇ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੇਬਰ ਪਾਰਟੀ ਦੇ ਖੁੱਲੇ ਖਰਚ ਖ਼ਜ਼ਾਨੇ ਨੂੰ ਕਮਜ਼ੋਰ ਕਰਨਗੇ ਅਤੇ ਮੁਲਕ ਆਰਥਿਕ ਤਰੱਕੀ ਦੀ ਲੀਹ ਤੋਂ ਲੱਥ ਜਾਵੇਗਾ ਇਸ ਕਰਕੇ ਸਾਡੀ ਸਰਕਾਰ ਨੂੰ ਮੁੜ ਸਾਹਮਣੇ ਲਿਆਂਦਾ ਜਾਣਾ ਅਹਿਮ ਹੈ।

ਉਧਰ ਆਸਟਰੇਲੀਅਨ ਲੇਬਰ ਪਾਰਟੀ ਨੇ ਚੋਣਾਂ ਦੇ ਐਲਾਨ ਨੂੰ ਮੁਲਕ ਲਈ ਰਾਹਤ ਦੇਣ ਦੇ ਬਰਾਬਰ ਦੱਸਦਿਆਂ ਅਪੀਲ ਕੀਤੀ ਹੈ ਕਿ ਸਰਮਾਏਦਾਰੀ ਨਾਲ ਨੇੜਤਾ ਰੱਖਣ ਵਾਲਿਆਂ ਨੂੰ ਸੱਤਾ ਨਾ ਸੌਂਪੀ ਜਾਵੇ ਪਾਰਟੀ ਮੁਖੀ ਅਤੇ ਵਿਰੋਧੀ ਧਿਰ ਦੇ ਆਗੂ ਸ੍ਰੀ ਬੁਲ ਸ਼ੌਰਟਨ ਨੇ ਸੱਤਾਧਾਰੀਆਂ ਉੱਤੇ ਵੱਡੀਆਂ ਕੰਪਨੀਆਂ ਨੂੰ ਟੈਕਸ ਰਿਆਇਤਾਂ ਲੋਕਾਂ ਦੀਆਂ ਨੌਕਰੀਆਂ ਨੂੰ ਅਸੁਰੱਖਿਅਤ ਕਰਨ ਲਈ ਜਿੰਮੇਵਾਰ ਦੱਸਦਿਆਂ ਅਗਲਾ ਮੌਕਾ ਲੇਬਰ ਪਾਰਟੀ ਨੂੰ ਦੇਣ ਦਾ ਸੱਦਾ ਦਿੱਤਾ ਹੈ।

ਅੱਜ ਤੋਂ ਹੀ ਆਵਾਮ ਨੂੰ ਪਰਵਾਰਿਕ ਪੱਧਰ ‘ਤੇ ਸਹੂਲਤਾਂ ਅਤੇ ਬਜਟ ਕੱਟ ਹਟਾਓਣ ਦੇ ਐਲਾਨ ਨਾਲ ਪਾਰਟੀ ਚੋਣਾਂ ਦੀ ਪੂਰੀ ਤਿਆਰੀ ‘ਚ ਨਜ਼ਰ ਆ ਰਹੀ ਹੈ।

ਵਾਤਾਵਰਨ ਤਬਦੀਲੀ ਅਤੇ ਮਨੁੱਖੀ ਹਕੂਕਾਂ ਲਈ ਬੋਲਦੀ ਗਰੀਨਜ਼ ਪਾਰਟੀ ਨੇ ਵੀ ਅੱਜ ਕਈ ਐਲਾਨ ਰੱਖੇ ਹਨ ਜਿੰਨਾਂ ‘ਚ ਕੋਲਾ ਖਾਣਾ ਨੂੰ ਬੰਦ ਕਰਨ ਦਾ ਏਜੰਡਾ ਮੁੱਖ ਹੈ।

ਓਧਰ ਤਾਜ਼ਾ ਸਰਵੇਖਣ ਦੋਹਾਂ ਪਾਰਟੀਆਂ ਨੂੰ ਬਰਾਬਰ ਦੇ ਮੁਕਾਬਲੇ ਉੱਤੇ ਦੇਖ ਰਹੇ ਹਨ। ਜ਼ਿਕਰਯੋਗ ਹੈ ਕਰੀਬ ਪੰਜ ਦਹਾਕਿਆਂ ਮਗਰੋਂ ਅੱਠ ਹਫ਼ਤਿਆਂ ਦਾ ਲੰਮਾ ਸਮਾਂ ਚੋਣ ਪ੍ਰਚਾਰ ਨੂੰ ਮਿਲਿਆ ਹੈ। ਸਦਨ ਦੇ ਇੱਕ ਹਿੱਸੇ ‘ਚ ਲਗਾਤਾਰ ਕਈ ਬਿਲ ਰੋਕੇ ਜਾਣ ਤੋਂ ਨਾਖ਼ੁਸ਼ ਪ੍ਰਧਾਨ ਮੰਤਰੀ ਟਰਨਬੁਲ ਨੇ ਦੋਹਾਂ ਸਦਨਾ ਨੂੰ ਭੰਗ ਕਰਕੇ ਸਮੇਂ ਤੋਂ ਪਹਿਲਾ ਚੋਣਾਂ ਦਾ ਰਾਹ ਚੁਣਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: