December 25, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਜੂਨ 1984 ਵਿੱਚ ਭਾਰਤੀ ਫੌਜ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਹਮਲੇ ਤੋਂ ਬਾਅਦ ਨੁਕਸਾਨੇ ਗਏ ਤੇਜਾ ਸਿੰਘ ਸਮੁੰਦਰੀ ਹਾਲ ਦੀ ਇਮਾਰਤ ਨੂੰ 32 ਸਾਲ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਰੰਗ ਰੋਗਨ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਲਗਭਗ ਇੱਕ ਮਹੀਨੇ ਵਿੱਚ ਇਸ ਦਾ ਨਵਾਂ ਰੂਪ ਦਿਖਾਈ ਦੇਵੇਗਾ। ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਫ਼ੌਜੀ ਹਮਲੇ ਸਮੇਂ ਇਮਾਰਤ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਯਾਦਗਾਰ ਵਜੋਂ ਸੰਭਾਲ ਕੇ ਰੱਖੇ ਜਾਣਗੇ।
ਤੇਜਾ ਸਿੰਘ ਸਮੁੰਦਰੀ ਹਾਲ, ਸ਼੍ਰੋਮਣੀ ਕਮੇਟੀ ਦਾ ਮੁੱਖ ਦਫਤਰ ਹੈ, ਜਿਸ ਵਿੱਚ ਚੁਣੇ ਨੁਮਾਇੰਦਿਆਂ ਦਾ ਇਕੱਤਰਤਾ ਹਾਲ ਅਤੇ ਵੱਖ-ਵੱਖ ਅਧਿਕਾਰੀਆਂ ਦੇ ਦਫ਼ਤਰ ਵੀ ਹਨ। ਅੰਤ੍ਰਿੰਗ ਕਮੇਟੀ ਵੱਲੋਂ ਲਏ ਫ਼ੈਸਲੇ ਦੇ ਮੱਦੇਨਜ਼ਰ ਇਸ ਇਮਾਰਤ ਨੂੰ ਲਗਭਗ 32 ਸਾਲਾਂ ਮਗਰੋਂ ਰੰਗ ਰੋਗਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰੰਗ ਰੋਗਨ ਦਾ ਕੰਮ ਕਾਰ ਸੇਵਾ ਵਾਲੇ ਬਾਬਿਆਂ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਵੱਲੋਂ ਇਮਾਰਤ ਦੇ ਬਾਹਰੀ ਹਿੱਸੇ ਉੱਤੇ ਰੰਗ ਰੋਗਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਮੁਤਾਬਿਕ ਤਕਰੀਬਨ ਇੱਕ ਮਹੀਨੇ ਵਿੱਚ ਕੰਮ ਮੁਕੰਮਲ ਹੋ ਜਾਵੇਗਾ।
ਜੂਨ 1984 ਮਗਰੋਂ ਇਸ ਇਕੱਲੀ ਇਮਾਰਤ ਨੂੰ ਹੋਏ ਨੁਕਸਾਨ ਦੀ ਮਿਸਾਲ ਵਜੋਂ ਸੰਭਾਲ ਕੇ ਰੱਖਿਆ ਹੋਇਆ ਸੀ। ਫ਼ੌਜੀ ਹਮਲੇ ਸਮੇਂ ਇਸ ਇਮਾਰਤ ਨੂੰ ਵੀ ਅੱਗ ਲਾ ਦਿੱਤੀ ਗਈ ਸੀ ਤੇ ਰਿਕਾਰਡ ਤਬਾਹ ਹੋ ਗਿਆ ਸੀ। ਇਮਾਰਤ ਨੂੰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਕਾਰਨ ਇੱਥੇ ਗੋਲੀਬਾਰੀ ਦੇ ਵੱਡੀ ਗਿਣਤੀ ਵਿੱਚ ਨਿਸ਼ਾਨ ਹਨ। ਇਸ ਦੌਰਾਨ ਹੋਰ ਵੀ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਾ ਸੀ। ਇਸ ਪਿੱਛੋਂ ਕਈ ਇਮਾਰਤਾਂ ਦੀ ਮੁਰੰਮਤ ਹੋ ਚੁੱਕੀ ਹੈ ਪਰ ਤੇਜਾ ਸਿੰਘ ਸਮੁੰਦਰੀ ਹਾਲ ਜਿਵੇਂ ਦਾ ਤਿਵੇਂ ਰੱਖਿਆ ਹੋਇਆ ਸੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਇਮਾਰਤ ਨੂੰ ਹੋਏ ਨੁਕਸਾਨ ਤੇ ਗੋਲੀਬਾਰੀ ਦੇ ਨਿਸ਼ਾਨਾਂ ਆਦਿ ਦੀ ਫੋਟੋਗ੍ਰਾਫੀ ਅਤੇ ਵੀਡਿਓਗ੍ਰਾਫੀ ਕੀਤੀ ਗਈ ਹੈ। ਇਮਾਰਤ ਨੂੰ ਇਸ ਵੇਲੇ ਮੁਰੰਮਤ ਅਤੇ ਰੰਗ ਰੋਗਨ ਦੀ ਜ਼ਰੂਰਤ ਸੀ। ਇਸੇ ਲਈ ਅੰਤ੍ਰਿੰਗ ਕਮੇਟੀ ਵਿੱਚ ਮਾਮਲਾ ਵਿਚਾਰਨ ਮਗਰੋਂ ਰੰਗ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਰੰਗ ਦੇ ਕੰਮ ਮਗਰੋਂ ਗੋਲੀਬਾਰੀ ਦੇ ਨਿਸ਼ਾਨਾਂ ਨੂੰ ਵਧੇਰੇ ਬੇਹਤਰੀ ਨਾਲ ਦਰਸਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਦਾ ਨਾਂ ਨਾਮਵਰ ਸਿੱਖ ਵਿਦਵਾਨ ਤੇਜਾ ਸਿੰਘ ਦੇ ਨਾਂ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਹਿਮ ਰੋਲ ਨਿਭਾਇਆ ਸੀ। ਉਨ੍ਹਾਂ ਦਾ ਜਨਮ ਵੀਹ ਫਰਵਰੀ 1882 ਨੂੰ ਤਰਨ ਤਾਰਨ ਦੇ ਪਿੰਡ ਰਾਏਕਾ ਬੁਰਜ ਵਿੱਚ ਹੋਇਆ ਸੀ ਅਤੇ ਉਹ 17 ਜੁਲਾਈ 1926 ਨੂੰ ਅਕਾਲ ਚਲਾਣਾ ਕਰ ਗਏ ਸਨ। ਇਹ ਇਮਾਰਤ 1973 ਵਿੱਚ ਬਣਾਈ ਗਈ ਸੀ।
Related Topics: Kar Sewa, Shiromani Gurdwara Parbandhak Committee (SGPC), Teja Singh Samundari Hall