November 12, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਭਾਰਤੀ ਫੌਜ ਵਲੋਂ ਜੂਨ 1984 ‘ਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਗਏ ਹਮਲੇ ਦੌਰਾਨ ਤੇਜਾ ਸਿੰਘ ਸਮੁੰਦਰੀ ਹਾਲ ਦੀ ਇਮਾਰਤ ’ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਯਾਦਾਂ ਵਜੋਂ ਸੰਭਾਲ ਲਿਆ ਹੈ। ਇੱਥੇ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਦੇ ਆਲੇ-ਦੁਆਲੇ ਸਟੀਲ ਦੇ ਫਰੇਮ ਲਾ ਦਿੱਤੇ ਗਏ ਹਨ, ਜਿਸ ਨਾਲ ਇਹ ਨਿਸ਼ਾਨ ਹੋਰ ਵੀ ਉੱਭਰ ਕੇ ਦਿਖਾਈ ਦੇਣਗੇ। ਸੰਨ 1937 ਵਿੱਚ ਬਣੀ ਇਸ ਇਮਾਰਤ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਜੋਂ ਵਰਤਿਆ ਜਾਂਦਾ ਹੈ।
ਭਾਰਤੀ ਫੌਜ ਵਲੋਂ ਹਮਲੇ ਵੇਲੇ ਇਮਾਰਤ ਦੇ ਉਪਰਲੇ ਹਿੱਸੇ ਵਿੱਚ ਅੱਗ ਲਗਾ ਦਿੱਤੀ ਗਈ ਸੀ, ਜਿਸ ਨਾਲ ਇਮਾਰਤ ਦੇ ਉਸ ਹਿੱਸੇ ਦਾ ਕਾਫ਼ੀ ਨੁਕਸਾਨ ਹੋਇਆ ਸੀ ਤੇ ਉਥੇ ਰੱਖਿਆ ਰਿਕਾਰਡ ਵੀ ਨਸ਼ਟ ਹੋ ਗਿਆ ਸੀ। ਜੂਨ 1984 ਤੋਂ 33 ਸਾਲ ਬਾਅਦ ਹੁਣ ਪਹਿਲੀ ਵਾਰ ਇਸ ਇਮਾਰਤ ਨੂੰ ਰੰਗ ਰੋਗਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪਿਛਲੇ ਸਾਲ ਇਮਾਰਤ ਦੀ ਸਾਂਭ-ਸੰਭਾਲ ਦਾ ਫ਼ੈਸਲਾ ਕੀਤਾ ਗਿਆ, ਜਿਸ ਤਹਿਤ ਇਮਾਰਤ ਦੇ ਅੰਦਰ ਅਤੇ ਬਾਹਰ ਰੰਗ-ਰੋਗਨ ਕੀਤਾ ਗਿਆ ਹੈ। ਇਥੇ ਲੱਗੇ ਗੋਲੀਆਂ ਦੇ ਨਿਸ਼ਾਨ ਸੰਭਾਲੇ ਗਏ ਹਨ ਅਤੇ ਇਮਾਰਤ ਦੇ ਟੁੱਟ ਰਹੇ ਹਿੱਸੇ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਗੋਲੀਆਂ ਦੇ ਨਿਸ਼ਾਨਾਂ ਦੇ ਆਲੇ-ਦੁਆਲੇ ਸਟੀਲ ਦੇ ਫਰੇਮ ਲਾ ਦਿੱਤੇ ਹਨ ਜਦਕਿ ਬਾਕੀ ਪਾਸੇ ਲੱਗੇ ਗੋਲੀਆਂ ਦੇ ਨਿਸ਼ਾਨਾਂ ’ਤੇ ਵੀ ਇਸੇ ਤਰ੍ਹਾਂ ਦੇ ਫਰੇਮ ਲਾਏ ਜਾਣਗੇ। ਇਮਾਰਤ ’ਤੇ ਗੋਲੀਆਂ ਦੇ ਸੈਂਕੜੇ ਨਿਸ਼ਾਨ ਹਨ। ਇਮਾਰਤ ਦੀ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਮਾਈਕਰੋ ਫਿਲਮਿੰਗ ਅਤੇ ਵੀਡੀਓਗ੍ਰਾਫੀ ਕਰਾਈ ਗਈ ਸੀ। ਕੰਮ ਮੁਕੰਮਲ ਹੋਣ ਮਗਰੋਂ ਇੱਥੇ ਇਤਿਹਾਸ ਦੱਸਦੀ ਸਿੱਲ੍ਹ ਵੀ ਸਥਾਪਤ ਕੀਤੀ ਜਾਵੇਗੀ, ਜਿਸ ’ਤੇ ਜੂਨ 1984 ਵਿੱਚ ਹੋਏ ਫੌਜੀ ਹਮਲੇ ਅਤੇ ਉਸ ਦੌਰਾਨ ਇਮਾਰਤ ਨੂੰ ਪੁੱਜੇ ਨੁਕਸਾਨ ਦੇ ਵੇਰਵੇ ਦਿੱਤੇ ਜਾਣਗੇ। 1937 ਵਿੱਚ ਬਣੀ ਇਹ ਇਮਾਰਤ ਗੁਰਦੁਆਰਾ ਸੁਧਾਰ ਲਹਿਰ ਦੇ ਆਗੂ ਤੇਜਾ ਸਿੰਘ ਸਮੁੰਦਰੀ ਨੂੰ ਸਮਰਪਿਤ ਕੀਤੀ ਗਈ ਹੈ। ਉਹ ਸ਼੍ਰੋਮਣੀ ਕਮੇਟੀ ਦੇ ਬਾਨੀ ਮੈਂਬਰਾਂ ਵਿੱਚੋਂ ਸਨ। ਜ਼ਿਕਰਯੋਗ ਹੈ ਕਿ ਜੂਨ 1984 ‘ਚ ਭਾਰਤੀ ਫੌਜ ਵਲੋਂ ਕੀਤੇ ਹਮਲੇ ‘ਚ ਹੋਏ ਨੁਕਸਾਨ ਸਬੰਧੀ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਖ਼ਿਲਾਫ਼ ਸੌ ਕਰੋੜ ਰੁਪਏ ਦੇ ਮੁਆਵਜ਼ੇ ਦਾ ਕੇਸ ਕੀਤਾ ਹੋਇਆ ਹੈ।
Related Topics: Prof. Kirpal Singh Badunger, Shiromani Gurdwara Parbandhak Committee (SGPC), Teja Singh Samundari Hall, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)