ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਸੁੰਦਰੀਕਰਨ ਦੇ ਨਾਂ ‘ਤੇ ਸਿੱਖ ਕੌਮ ਦੇ ਗਲੇ ਵਿਚ ਜ਼ਹਿਰ ਉਤਾਰਨ ਦੀ ਇਜ਼ਾਜਤ ਕਤਈ ਨਹੀਂ ਦਿੱਤੀ ਜਾਵੇਗੀ:ਮਾਨ

June 30, 2016 | By

ਅੰਮ੍ਰਿਤਸਰ: ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇਸ ਸਮੇਂ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਸੋਚ ਅਤੇ ਹੁਕਮਾਂ ਅਨੁਸਾਰ ਸਿੱਖ ਵਿਰਸੇ ਨਾਲ ਸੰਬੰਧਤ ਇਮਾਰਤਾਂ ਤੇ ਯਾਦਗਰਾਂ ਨੂੰ ਸੋਚੀ ਸਮਝੀ ਸਾਜਿਸ਼ ਅਧੀਨ ਇਕ-ਇਕ ਕਰਕੇ ਖ਼ਤਮ ਕਰਨ ਵਿਚ ਲੱਗੀ ਹੋਈ ਹੈ, ਉਸ ਵੱਲੋਂ ‘ਕਾਰ ਸੇਵਾ ਵਾਲੇ ਬਾਬਿਆਂ’ ਨੂੰ ਗੁਰੂ ਰਾਮਦਾਸ ਸਰਾਂ ਢਾਹੁਣ ਦੀ ਦਿੱਤੀ ਜਾਣ ਵਾਲੀ ਇਜਾਜ਼ਤ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਮਾਨ ਨੇ ਇਸ ਦਿਸ਼ਾ ਵੱਲ ਆਪਣੇ ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਪ੍ਰਬੰਧਕਾਂ ਨੇ ਪਹਿਲੋਂ ਹੀ ਆਰ.ਐਸ.ਐਸ, ਬੀਜੇਪੀ ਅਤੇ ਹੋਰ ਫਿਰਕੂ ਸੰਗਠਨਾਂ ਦੇ ਗੁਪਤ ਹੁਕਮਾਂ ਉਤੇ ਸਿੱਖ ਕੌਮ ਨਾਲ ਸੰਬੰਧਤ ਇਤਿਹਾਸਿਕ ਇਮਾਰਤਾਂ ਤੇ ਯਾਦਗਰਾਂ ਨੂੰ “ਸੁੰਦਰੀਕਰਨ” ਦੇ ਲੁਭਾਵੇ ਨਾਮ ਦੀ ਦੁਰਵਰਤੋਂ ਕਰਕੇ ਵਿਰਸੇ ਅਤੇ ਵਿਰਾਸਤ ਨੂੰ ਖ਼ਤਮ ਕਰਨ ਦੇ ਭਾਗੀ ਬਣੇ ਹੋਏ ਹਨ। ਜਿਨ੍ਹਾਂ ਪ੍ਰਤੀ ਸਮੁੱਚੀ ਸਿੱਖ ਕੌਮ ਵਿਚ ਬਹੁਤ ਵੱਡਾ ਵਿਦਰੋਹੀ ਰੋਹ ਉਤਪੰਨ ਹੋ ਚੁੱਕਾ ਹੈ।

ਸਿੱਖ ਕੌਮ ਨੂੰ ਹੁਣ ਤੱਕ ਸੈਂਟਰ ਅਤੇ ਪੰਜਾਬ ਦੀਆਂ ਹਕੂਮਤਾਂ ਨੇ ਕੋਈ ਇਨਸਾਫ਼ ਨਾ ਦੇ ਕੇ ਆਪਣੇ ਕੌਮ ਵਿਰੋਧੀ ਚਿਹਰੇ ਨੂੰ ਸਪੱਸ਼ਟ ਕਰ ਦਿੱਤਾ ਹੈ। ਹੁਣ ਸੁੰਦਰੀਕਰਨ ਦੇ ਨਾਮ ਤੇ ਸਿੱਖ ਇਤਿਹਾਸ ਨੂੰ ਪ੍ਰਤੱਖ ਕਰਨ ਵਾਲੀਆਂ ਇਮਾਰਤਾਂ, ਵਿਰਸੇ ਅਤੇ ਵਿਰਾਸਤ ਨੂੰ ਖ਼ਤਮ ਕਰਨ ਲਈ ਕਾਰ ਸੇਵਾ ਵਾਲੇ ਬਾਬਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਇਹ ਹੁਣ ਇਹਨਾਂ ਦੇ ਕੌਮ ਵਿਰੋਧੀ ਅਮਲਾਂ ਦੀ ਇੰਤਹਾ ਹੋ ਚੁੱਕੀ ਹੈ ਜਿਸ ਨੂੰ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।

ਇਸ ਲਈ ਇਸ ਪ੍ਰੈਸ ਨੋਟ ਰਾਹੀ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਅਤੇ ਮੌਜੂਦਾ ਪੰਜਾਬ ਦੀ ਬਾਦਲ ਹਕੂਮਤ ਦੇ ਉੱਚ ਅਹੁਦਿਆਂ ‘ਤੇ ਬੈਠੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇਕ ਰਾਏ ਭੇਜਣਾ ਆਪਣਾ ਫਰਜ਼ ਸਮਝਦਾ ਹੈ ਕਿ ਉਹ ਅਜਿਹੀਆਂ ਇਤਿਹਾਸਿਕ ਇਮਾਰਤਾਂ ਨੂੰ ਢਾਹੁਣ ਦੀ ਬਿਲਕੁਲ ਗੁਸਤਾਖੀ ਨਾ ਕਰਨ, ਵਰਨਾ ਇਸਦੇ ਮਾਰੂ ਨਤੀਜਿਆਂ ਤੋਂ ਇਹ ਹੁਕਮਰਾਨ ਅਤੇ ਸਿੱਖ ਕੌਮ ਵਿਰੋਧੀ ਫਿਰਕੂ ਸਾਜਿਸ਼ਕਾਰ ਨਹੀਂ ਬਚ ਸਕਣਗੇ। ਅਜਿਹੇ ਕੌਮ ਵਿਰੋਧੀ ਅਮਲਾਂ ਦੀ ਬਦੌਲਤ ਹੀ ਪੰਜਾਬ ਸੂਬਾ ਪੰਜਾਬੀ ਅਤੇ ਸਿੱਖ ਕੌਮ ਨੂੰ ਪਹਿਲੇ ਵੀ ਤਿੰਨ ਦਹਾਕਿਆਂ ਤੱਕ ਬਹੁਤ ਹੀ ਔਕੜ ਭਰੇ ਅਤੇ ਜ਼ਾਲਮਾਨਾਂ ਸਮੇਂ ਵਿਚੋਂ ਗੁਜ਼ਰਨਾ ਪਿਆ ਸੀ। ਜਿਸ ਦੇ ਜ਼ਿੰਮੇਵਾਰ ਵੀ ਅਜਿਹੇ ਸਾਜਿਸ਼ਕਾਰ ਅਤੇ ਉਹਨਾਂ ਦੀਆਂ ਸਾਜਿਸ਼ਾਂ ਨੂੰ ਨੇਪਰੇ ਚਾੜ੍ਹਨ ਵਾਲੇ ਆਗੂ ਹੀ ਹਨ।

ਮਾਨ ਨੇ ਸਮੁੱਚੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਆਰ.ਐਸ.ਐਸ. ਅਤੇ ਬੀਜੇਪੀ ਦੇ ਆਗੂਆਂ ਦੇ ਹੁਕਮਾਂ ਉਤੇ ਸਿੱਖ ਕੌਮ ਦੇ ਵਿਰਸੇ ਅਤੇ ਵਿਰਾਸਤ ਨੂੰ ਖ਼ਤਮ ਕਰਨ ਵਾਲੇ ਬਾਦਲ ਦਲੀਆਂ ਜਾਂ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਦੀ ਗੱਲ ਮੰਨਕੇ ਕੌਮੀ ਇਮਾਰਤਾਂ ਨੂੰ ਕਾਰ ਸੇਵਾ ਦੇ ਨਾਮ ‘ਤੇ ਢਾਹੁਣ ਦੀ ਬਿਲਕੁਲ ਵੀ ਗੁਸਤਾਖੀ ਨਾ ਕਰਨ ਅਤੇ ਨਾ ਹੀ ਅਜਿਹੀਆ ਸਾਜਿਸ਼ਾਂ ਵਿਚ ਸ਼ਾਮਲ ਹੋਕੇ ਸਿੱਖ ਕੌਮ ਦਾ ਨਿਸ਼ਾਨਾ ਬਣਨ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਕਾਰ ਸੇਵਾ ਵਾਲੇ ਬਾਬੇ ਐਸ.ਜੀ.ਪੀ.ਸੀ. ਵੱਲੋਂ ਦਿੱਤੀਆਂ ਜਾਣ ਵਾਲੀਆਂ “ਕਾਰ ਸੇਵਾਵਾਂ” ਦੇ ਅਧੀਨ ਸਿੱਖ ਕੌਮ ਨਾਲ ਸੰਬੰਧਤ ਕਿਸੇ ਵੀ ਇਮਾਰਤ, ਯਾਦਗਾਰ, ਵਿਰਸੇ-ਵਿਰਾਸਤ ਨੂੰ ਖਤਮ ਕਰਨ ਦੇ ਕੌਮ ਵਿਰੋਧੀ ਅਮਲਾਂ ਵਿਚ ਬਿਲਕੁਲ ਭਾਗੀ ਨਹੀਂ ਬਣਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,