![Sikh Siyasat News - Latest Sikh News from Punjab and around the globe](/wp-content/uploads/2015/09/sikh_siyasat.jpg)
April 29, 2010 | By ਪਰਦੀਪ ਸਿੰਘ
ਵੈਨਕੂਵਰ, 28 ਅਪ੍ਰੈਲ, 2010 : ਇਨ੍ਹੀਂ ਦਿਨੀਂ ਚਰਚਾ ’ਚ ਘਿਰੇ ਵੈਨਕੂਵਰ ਸਾਊਥ ਦੇ ਸਾਂਸਦ ਉੱਜਲ ਦੁਸਾਂਝ ਨੇ ਐਲਬਰਟਾ ਸੂੁਬੇ ’ਚ ਜ਼ਮੀਨ ਖਰੀਦ ਕੇ ਖਾਲਿਸਤਾਨ ਬਣਾਉਣ ਦੀ ਵਿਵਾਦਗ੍ਰਸਤ ਟਿੱਪਣੀ ਬਾਰੇ ਪੈਂਤੜਾ ਬਦਲਦਿਆਂ ਕਿਹਾ ਹੈ ਕਿ ਇਹ ਬਿਆਨ ਮਹਿਜ਼ ਇਕ ਮਜ਼ਾਕ ਸੀ। ਸਥਾਨਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਇਕ ਇੰਟਰਵਿਊ ’ਚ ਦੁਸਾਂਝ ਨੇ ਕਿਹਾ ਕਿ ਉਨ੍ਹਾਂ ਮਜ਼ਾਕ ਕਰਦਿਆਂ ਕਿਹਾ ਸੀ ਕਿ ਭਾਰਤ ’ਚ ਕੋਈ ਵੀ ਖਾਲਿਸਤਾਨ ਨਹੀਂ ਮੰਗਦਾ, ਕੇਵਲ ਕੈਨੇਡਾ ਵਿਚ ਹੀ ਇਹ ਮੰਗ ਉਠ ਰਹੀ ਹੈ, ਇਸ ਲਈ ਇਥੇ ਵਸਦੇ ਦੋ ਫੀਸਦੀ ਸਿੱਖ ਜ਼ਮੀਨ ਖਰੀਦ ਕੇ ‘ਸਿੱਖ ਹੋਮਲੈਂਡ’ ਬਣਾ ਲੈਣ। ਸਰੀ ਤੋਂ ਚਲਦੇ ਪੰਜਾਬੀ ਰੇਡੀਓ ’ਤੇ ਸਿੱਧੇ ਪ੍ਰਸਾਰਨ ਵਾਲੇ ਸ਼ੋਅ ਵਿਚ ਦੁਸਾਂਝ ਨੇ ਉਕਤ ਬਿਆਨ ਦਿੱਤਾ ਸੀ। ਕੈਨੇਡਾ ਦੇ ਦੌਰੇ ’ਤੇ ਆਏ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਚੇਅਰਮੈਨ ਡੀ. ਐਸ. ਗਿੱਲ ਨੇ ਦੁਸਾਂਝ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੋਝੇ ਮਜ਼ਾਕ ਲਈ ਉੱਜਲ ਦੁਸਾਂਝ ਨੂੰ ਕੈਨੇਡੀਅਨ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਡੀ. ਐਸ. ਗਿੱਲ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਜਿਹੀ ਟਿੱਪਣੀ ਦੀ ਜਾਂਚ ਕਰੇ ਅਤੇ ਗ਼ੈਰ–ਜ਼ਿੰਮੇਵਾਰਾਨਾ ਬਿਆਨ ਖਿਲਾਫ਼ ਕਾਰਵਾਈ ਕਰੇ। ਸਿੱਖ ਕੋਲੀਸ਼ਨ ਕੈਨੇਡਾ ਦੇ ਨੌਜਵਾਨ ਆਗੂ ਦੀਪ ਸਿੰਘ ਹੁੰਦਲ ਨੇ ਕਿਹਾ ਕਿ ਦੁਸਾਂਝ ਦੀ ਉਕਤ ਟਿੱਪਣੀ ਗ਼ੈਰ–ਵਾਜਬ ਸੀ ਤੇ ਉਨ੍ਹਾਂ ਨੂੰ ਤੁਰੰਤ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਯੂਨਾਈਟਿਡ ਫਰੰਟ ਆਫ ਸਿੱਖਜ਼ ਦੇ ਆਗੂ ਸ: ਬਲਕਾਰ ਸਿੰਘ ਨੇ ਕਿਹਾ ਕਿ ਸ੍ਰੀ ਦੁਸਾਂਝ ਦਾ ਇਹ ਬਿਆਨ ਕੈਨੇਡੀਅਨ ਲੋਕਾਂ ਨਾਲ ਕੋਝਾ ਮਜ਼ਾਕ ਹੈ। ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਧਾਨ ਸ: ਸੁਦਾਗਰ ਸਿੰਘ ਸੰਧੂ ਨੇ ਕਿਹਾ ਕਿ ‘ਖਾਲਸਾ ਡੇ’ ਪਰੇਡ ਮੌਕੇ ਇਕ ਸੇਵਾਦਾਰ ਵੱਲੋਂ ਕੀਤੀ ਮਾਮੂਲੀ ਗੱਲ ਨੂੰ ਤੂਲ ਕੇ ਕੇ ਦੁਸਾਂਝ ਨੇ ਬਿਖੇੜਾ ਖੜ੍ਹਾ ਕਰ ਦਿੱਤਾ ਸੀ, ਜਦਕਿ ਹੁਣ ਉਨ੍ਹਾਂ ਅਤਿ ਮੰਦਭਾਗਾ ਬਿਆਨ ਦੇ ਕੇ ਸਿੱਖਾਂ ਦੇ ਹਿਰਦਿਆਂ ਨੂੰ ਸੱਟ ਮਾਰੀ ਹੈ।