January 4, 2022 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਚੀਨ ਵਲੋਂ ਪੂਰਬੀ ਲੱਦਾਖ ਵਿਚ ਇਕ ਪੁਲ ਪੈਂਗੌਂਗ ਤਸੋ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਨੂੰ ਜੋੜਦਾ ਇਕ ਪੁਲ ਬਣਾਇਆ ਜਾ ਰਿਹਾ ਹੈ। ਖਬਰਾਂ ਹਨ ਕਿ ਇਹ ਪੁਲ ਪੂਰਾ ਹੋਣ ਉੱਤੇ ਚੀਨ ਦੀ ਫੌਜ ਅਤੇ ਫੌਜੀ ਸਾਜੋ ਸਮਾਨ ਝੀਲ ਦੇ ਦੂਜੇ ਪਾਸੇ ਲਿਆਉਣ ਵਿਚ ਲੱਗਣ ਵਾਲਾ ਸਮਾਂ ਬਹੁਤ ਘਟ ਜਾਵੇਗਾ। ਇਸ ਪੁਲ ਦੇ ਬਣਨ ਨਾਲ ਇਸ ਮਹੱਤਵਪੂਰਨ ਖੇਤਰ ਵਿਚ ਇੰਡੀਆ ਦੇ ਮੁਕਾਬਲੇ ਚੀਨ ਦਾ ਹੱਥ ਉੱਤੇ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਪੈਂਗੌਂਗ ਝੀਲ ਦੇ ਉੱਤਰੀ ਕਿਨਾਰੇ ਉੱਤੇ ਕੁਰਨਾਕ ਕਿਲ੍ਹੇ ‘ਤੇ ਅਤੇ ਦੱਖਣੀ ਕਿਨਾਰੇ ਉੱਤੇ ਮੋਲਡੋ ਵਿਖੇ ਚੀਨੀ ਫੌਜ ਦੀਆਂ ਫੌਜੀ ਗੜ੍ਹੀਆਂ ਹਨ ਅਤੇ ਦੋਵਾਂ ਵਿਚਕਾਰ ਦੂਰੀ ਲਗਭਗ 200 ਕਿਲੋਮੀਟਰ ਹੈ। ਝੀਲ ਦੇ ਦੋਵਾਂ ਕਿਨਾਰਿਆਂ ‘ਤੇ ਨਜ਼ਦੀਕੀ ਬਿੰਦੂਆਂ ਵਿਚਕਾਰ ਲਗਭਗ 500 ਮੀਟਰ ਲੰਬਾ ਨਵਾਂ ਪੁਲ ਬਣ ਰਿਹਾ ਹੈ ਜਿਸ ਨਾਲ ਦੋਵਾਂ ਸੈਕਟਰਾਂ ਵਿਚਕਾਰ ਆਵਾਜਾਈ ਦਾ ਸਮਾਂ ਲਗਭਗ 12 ਘੰਟਿਆਂ ਤੋਂ ਘਟ ਕੇ ਸਿਰਫ 3-4 ਘੰਟੇ ਰਹਿ ਜਾਵੇਗਾ। ਖਬਰਾਂ ਅਨੁਸਾਰ ਇਹ ਪੁਲ ਚੀਨ ਅਤੇ ਇੰਡੀਆ ਦਰਮਿਆਨ ਅਸਲ ਕਬਜ਼ੇ ਵਾਲੀ ਹੱਦ (ਐਲ.ਏ.ਸੀ) ਤੋਂ ਲਗਭਗ 25 ਕਿਲੋਮੀਟਰ ਦੂਰੀ ਉੱਤੇ ਹੈ।
ਦਾ ਹਿੰਦੂ ਅਖਬਾਰ ਵਿਚ ਛਪੀ ਇਕ ਖਬਰ ਵਿਚ ਇਕ ਉੱਚ ਫੌਜੀ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਸਾਰੀ ਕੁਝ ਸਮੇਂ ਤੋਂ ਚੱਲ ਰਹੀ ਹੈ ਅਤੇ ਇਹ ਸਮੁੱਚੀ ਦੂਰੀ ਨੂੰ ਲਗਭਗ 140-150 ਕਿਲੋਮੀਟਰ ਤੱਕ ਘਟਾ ਦੇਵੇਗੀ।
Related Topics: China