ਖਾਸ ਖਬਰਾਂ

4 ਜੂਨ 2011 ਨੂੰ ਕੈਲੀਫੋਰਨੀਆ ਵਿਖੇ ਹੋਵੇਗੀ ਸਿਖ ਨਸਲਕੁਸ਼ੀ ਕਾਨਫਰੰਸ…

May 13, 2011 | By

ਕੈਲੀਫੋਰਨੀਆ (9 ਮਈ 2011): ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ੍ਰ. ਗੁਰਪਤਵੰਤ ਸਿੰਘ ਪੰਨੂੰ ਵੱਲੋਂ ਭੇਜੀ ਜਾਣਕਾਰੀ ਅਨੁਸਾਰ ਇਸ ਸੰਸਥਾ ਵਲੋਂ ਸਮੂਹ ਸਿਖ ਜਥੇਬੰਦੀਆਂ ਦੇ ਸਹਿਯੋਗ ਨਾਲ 4 ਜੂਨ, 2011 ਨੂੰ ਰਾਜਾ ਸਵੀਟਸ ਰੈਸਟੋਰੈਂਟ ਹੇਵਰਡ, ਕੈਲੀਫੋਰਨੀਆ ਵਿਚ ਵਿਸ਼ਾਲ “ਸਿਖ ਨਸਲਕੁਸ਼ੀ ਕਾਨਫਰੰਸ” ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਸਬੰਧ ਵਿਚ ਇਕ ਅਹਿਮ ਇਕੱਤਰਤਾ ਬੀਤੇ ਦਿਨ ਕੈਲੀਫੋਰਨੀਆ ਵਿਚ ਹੋਈ ਹੈ ਜਿਸ ਵਿਚ ਸਾਰੀਆਂ ਸਿਖ ਜਥੇਬੰਦੀਆਂ ਦੇ ਮੁੱਖ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਤੇ ਸਾਂਝੇ ਤੌਰ ’ਤੇ ਸਿਖ ਨਸਲਕੁਸ਼ੀ ਕਾਨਫਰੰਸ ਕਰਵਾਉਣ ਲਈ ਸਹਿਮਤੀ ਦਿੱਤੀ।

ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦੀ ਬਹਾਲੀ, ਇਨਸਾਫ ਤੇ ਸੁਰਖਿਆ ਲਈ ਜ਼ੋਰਦਾਰ ਕੋਸ਼ਿਸ਼ਾਂ ਕਰ ਰਹੀ ਅਮਰੀਕਾ ਦੀ ਮਨੁੱਖੀ ਅਧਿਕਾਰ ਬਾਰੇ ਸੰਸਥਾ ਸਿਖਸ ਫਾਰ ਜਸਟਿਸ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਦੀਆਂ ਕੋਸ਼ਿਸ਼ਾਂ ਨੇ ਕਈਆਂ ਸਾਲਾਂ ਤੋਂ ਸਿਖਾਂ ਨੂੰ ਨਿਆਂ ਦੁਆਉਣ ਲਈ ਅਮਰੀਕਾ ਤੇ ਕੈਨੇਡਾ ਵਿਚ ਸਰਕਾਰੀ ਤੇ ਅਦਾਲਤੀ ਪੱਧਰ ਤੇ ਭਾਰਤ ਸਰਕਾਰ ਤੇ ਘੱਟ ਗਿਣਤੀਆਂ ਦੀ ਕਾਤਲ ਕਾਂਗਰਸ ਪਾਰਟੀ ਨੂੰ ਘੇਰੇ ਵਿਚ ਲਿਆ ਹੋਇਆ ਹੈ। ਅਮਰੀਕਾ ਦੀ ਸੰਘੀ ਅਦਾਲਤ ਵਿਚ ਭਾਰਤ ਸਰਕਾਰ ਦੇ ਮੰਤਰੀ ਕਮਲਨਾਥ ਤੇ ਕਾਂਗਰਸ ਪਾਰਟੀ ਵਿਰੁੱਧ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਦੇ ਦੋਸ਼ ਅਧੀਨ ਦੋ ਮੁਕਦੱਮੇ ਚਲਾਏ ਹੋਏ ਹਨ। ਭਾਰਤ ਸਰਕਾਰ ਤੇ ਕਾਂਗਰਸ ਪਾਰਟੀ ਆਪਣੇ ਬਚਾਅ ਲਈ ਹੱਥ ਪੈਰ ਮਾਰ ਰਹੇ ਹਨ। ਇਸ ਤੋਂ ਇਲਾਵਾ ਕੈਨੇਡਾ ਦੀ ਪਾਰਲੀਮੈਂਟ ਵਿਚ ਵੀ ਭਾਰਤ ਅੰਦਰ ਕਾਂਗਰਸ ਸਰਕਾਰ ਦੁਆਰਾ ਕਰਵਾਈ ਗਈ ਸਿੱਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਵਾਉਣ ਲਈ ਪ੍ਰਧਾਨ ਮੰਤਰੀ ਹਾਰਪਰ ਤੱਕ ਪਹੁੰਚ ਬਣਾਈ ਹੋਈ ਹੈ। ਸਿਖਸ ਫਾਰ ਜਸਟਿਸ ਦੀਆਂ ਕੋਸ਼ਿਸ਼ਾਂ ਸਦਕਾ ਸਿੱਖ ਨਸਲਕੁਸ਼ੀ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਰਾਜਾ ਸਵੀਟਸ ਦੇ ਯੂਨੀਅਨ ਸਿਟੀ ਵਾਲੇ ਰੈਸਟੋਰੈਂਟ ਵਿਚ ਹੋਈ ਇਕ ਅਹਿਮ ਬੈਠਕ ਵਿਚ ਸਮੂੰਹ ਜਥੇਬੰਦੀਆਂ ਨੇ ਇਕ ਅਵਾਜ਼ ਨਾਲ ਸਿਖਸ ਫਾਰ ਜਸਟਿਸ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦਿਆਂ ਜਥੇਬੰਦੀ ਨੂੰ ਹਰ ਤਰਾਂ ਨਾਲ ਸਹਿਯੋਗ ਕਰਨ ਦਾ ਪੱਕਾ ਭਰੋਸਾ ਦਿੱਤਾ ਤੇ ਮਾਇਕ ਸਹਾਇਤਾ ਇਕੱਠੀ ਕਰਨ ਲਈ ਇਕ ਸਾਂਝੀ ਤਾਲਮੇਲ ਕਮੇਟੀ ਬਣਾਉਣ ਦਾ ਕਾਰਜ ਸ਼੍ਰੁਰੂ ਕੀਤਾ ਜਿਸ ਵਿਚ ਸਮੂੰਹ ਜਥੇਬੰਦੀਆਂ ਨੇ ਆਪਣੇ ਵੱਲੋਂ ਇਕ-ਇਕ, ਦੋ- ਦੋ ਮੈਂਬਰ ਦਿੱਤੇ। ਜਥੇਬੰਦੀਆਂ ਵਿਚ ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਅਖੰਡ ਕੀਰਤਨੀ ਜਥਾ, ਗੁਰਮਤਿ ਚੇਤਨਾ ਲਹਿਰ, ਦਮਦਮੀ ਟਕਸਾਲ, ਖਾਲਿਸਤਾਨ ਦੇ ਸ਼ਹੀਦ ਪ੍ਰਵਾਰ, ਕੈਲੇਫੋਰਨੀਆ ਗਤਕਾ ਦਲ ਸ਼ਾਮਲ ਸਨ।

ਖਾਲਸਾ ਪੰਥ ਦੀਆਂ ਜਥੇਬੰਦੀਆਂ ਤੋਂ ਇਲਾਵਾ, ਸੈਨ ਫਰਾਂਸਿਸਕੋ ਖਾੜੀ ਇਲਾਕੇ ਦੇ ਚਾਰ ਪ੍ਰਮੁੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਂਇੰਦੇ ਵੀ ਪਹੁੰਚੇ ਹੋਏ ਸਨ, ਜਿਨਾਂ ਵਿਚ ਗੁਰੁਦੁਆਰਾ ਸਾਹਿਬ ਫਰੀਮੌਂਟ, ਗੁਰਦੁਅਰਾ ਸਾਹਿਬ ਸੈਨ ਹੋਜ਼ੇ, ਗੁਰਦੁਆਰਾ ਸਾਹਿਬ ਸਟਾਕਟਨ ਤੇ ਗੁਰਦੁਆਰਾ ਸਾਹਿਬ ਅਲਸਬਰਾਂਟੇ ਸ਼ਾਮਲ ਹਨ। ਇਸ ਤੋਂ ਇਲਾਵਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਕੌਂਸਲ ਵੱਲੋਂ ਵੀ ਹਾਜ਼ਰੀ ਭਰੀ ਗਈ।

ਇਸ ਮੀਟਿੰਗ ਵਿਚ ਵੀਚਾਰ ਰਖੱਣ ਵਾਲਿਆਂ ਵਿਚ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ, ਡਾ: ਪ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਬੈਨੀਵਾਲ ਗੁਰਚਰਨ ਸਿੰਘ ਮਾਨ, ਕਰਨੈਲ ਸਿੰਘ ਖਾਲਸਾ, ਜਸਵੰਤ ਸਿੰਘ ਹੋਠੀ, ਜਸਜੀਤ ਸਿੰਘ, ਹਰਜਾਪ ਸਿੰਘ, ਕੁਲਜੀਤ ਸਿੰਘ ਨਿੱਝਰ, ਦਰਸ਼ਨ ਸਿੰਘ ਮਾਨ, ਲਖਵੀਰ ਸਿੰਘ ਪਟਵਾਰੀ, ਜਸਬੀਰ ਸਿੰਘ (ਜਿਨਾਂ ਦੇ ਪਰਵਾਰ ਦੇ ਬਹੁਤ ਸਾਰੇ ਮੈਂਬਰ ਦਿੱਲੀ ਵਿਚ ਭਾਰਤ ਸਰਕਾਰ ਦੁਆਰਾ ਕਤਲ ਕਰ ਦਿੱਤੇ ਗਏ ਸਨ), ਹਰਪਾਲ ਸਿੰਘ, ਰਾਮ ਸਿੰਘ, ਦਰਸ਼ਨ ਸਿੰਘ, ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਦੇ ਸਾਬਕਾ ਸਹਿ ਸੰਪਾਦਕ ਤੇ ਸਿੱਖ ਚਿੰਤਕ ਕਰਮਜੀਤ ਸਿੰਘ, ਅਜੀਤ ਸਿੰਘ ਆਲੋਅਰਖ, ਦਰਸ਼ਨ ਸਿੰਘ (ਜਿਨਾਂ ਦੇ ਪਰਵਾਰ ਨੂੰ ਕਤਲੇਆਮ ਦਾ ਸੇਕ ਝੱਲਣਾ ਪਿਆ) , ਬਲਵਿੰਦਰਪਾਲ ਸਿੰਘ ਖਾਲਸਾ, ਰਣਜੀਤ ਸਿੰਘ ਰਾਏ ਤੇ ਬਲਬੀਰ ਸਿੰਘ ਢਿੱਲੋਂ ਸ਼ਾਮਿਲ ਹਨ। ਸਭ ਜਥੇਬੰਦੀਆਂ ਦੇ ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਥੇਬੰਦੀਆਂ ਸਿੱਖ ਕੌਮ ਦੇ ਕੌਮੀ ਮਸਲਿਆਂ ਵਿਚ ਨਿਜੀ ਮੱਤਭੇਦਾਂ ਨੂੰ ਇਕ ਪਾਸੇ ਰਖਦੀਆਂ ਹੋਈਆਂ ਇਕ ਮੰਚ ਤੋਂ ਪੂਰੀ ਤਰਾਂ ਸਹਿਯੋਗ ਤੇ ਸਹਾਇਤਾ ਕਰਨਗੀਆਂ ਤੇ ਇਸ ਵਾਸਤੇ ਸਾਧ-ਸੰਗਤ ਤੱਕ ਪਹੁੰਚ ਕਰਨਗੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮਹੀਨੇਵਾਰ ਸਹਾਇਤਾ ਕਰਨਗੀਆਂ ।

ਸਿਖਸ ਫਾਰ ਜਸਟਿਸ ਵੱਲੋਂ ਚਾਰ ਜੂਨ ਨੂੰ ਕਰਵਾਈ ਜਾ ਰਹੀ ਸਿੱਖ ਨਸਲਕੁਸ਼ੀ ਕਾਨਫਰੰਸ ਵਿਚ ਸਮੂਹ ਸੰਗਤ ਨੂੰ ਵੱਧ ਤੋਂ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ ਜਾ ਗਿਆ ਹੈ।

ਅਟਾਰਨੀ ਪੰਨੂ ਨੇ ਕਿਹਾ ਕਿ ਸਿਖਸ ਫਾਰ ਜਸਟਿਸ ਨੇ ਇਹ ਪ੍ਰਣ ਕੀਤਾ ਹੋਇਆ ਹੈ ਨਵੰਬਰ 1984 ਸਿਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਹਰ ਹਾਲ ਸਜ਼ਾਵਾ ਦਿਵਾਏਗੀ ਤੇ ਪੀੜਤਾਂ ਨੂੰ ਇਨਸਾਫ ਮਿਲੇਗਾ। ਉਨ੍ਹਾਂ ਨੇ ਦਸਿਆ ਕਿ ਭਾਰਤ ਦੇ ਮੰਤਰੀ ਕਮਲ ਨਾਥ ਤੇ ਕਾਂਗਰਸ ਪਾਰਟੀ ਨੂੰ ਨਵੰਬਰ 84 ਸਿਖ ਨਸਲਕੁਸ਼ੀ ਦੇ ਮਾਮਲੇ ਵਿਚ ਅਮਰੀਕੀ ਅਦਾਲਤ ਵਲੋਂ ਸੰਮਣ ਜਾਰੀ ਹੋਏ ਹਨ ਤੇ ਹੁਣ ਉਹ ਛੋਟ ਪਾਉਣ ਲਈ ਹਰ ਹੀਲਾ ਲਰਤ ਰਹੇ ਹਨ, ਤੇ ਕਾਂਗਰਸ ਪਾਰਟੀ ਵਿਰੁੱਧ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਦੇ ਦੋਸ਼ ਅਧੀਨ ਦੋ ਮੁਕਦੱਮਾ ਚਲਾਇਆ ਹੋੲਾ ਹੈ । ਉਨ੍ਹਾਂ ਨੇ ਕਿਹਾ ਕਿ ਜਦ ਤੱਕ ਨਵੰਬਰ 84 ਦੇ ਪੀੜਤਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਚੁਪ ਕਰਕੇ ਨਹੀਂ ਬੈਠਣਗੇ। ਉਨ੍ਹਾਂ ਨੇ ਸਹਿਯੋਗ ਦੇਣ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਨੇ ਦਸਿਆ ਕਿ ਸਿਖਸ ਫਾਰ ਜਸਟਿਸ ਦੇ ਉਘੇ ਵਕੀਲ ਨਵਕਿਰਨ ਸਿੰਘ ਇਸ ਕਾਨਫਰੰਸ ਵਿਚ ਪਹੁੰਚ ਰਹੇ ਹਨ ਜੋ ਕਿ ਉਨ੍ਹਾਂ ਵਲੋਂ ਨਵੰਬਰ 1984 ਸਿਖ ਨਸਲਕੁਸ਼ੀ ਬਾਰੇ ਆਰ ਟੀ ਆਈ ਤੇ ਸਾਧਨਾਂ ਰਾਹੀਂ ਜੁਟਾਈ ਅਹਿਮ ਜਾਣਕਾਰੀਆਂ ਦੀ ਵੇਰਵਾ ਸਿਖ ਨਸਲੁਕਸ਼ੀ ਕਾਨਫਰੰਸ ਵਿਚ ਦੇਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,