October 27, 2016 | By ਸਿੱਖ ਸਿਆਸਤ ਬਿਊਰੋ
ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੁਝ ਪੰਥਕ ਆਗੂਆਂ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਸਿਆਸੀ ਸੌਦੇਬਾਜ਼ੀ ਹੋ ਚੁੱਕੀ ਹੈ, ਜਿਸ ਕਾਰਨ ਉਹ 10 ਨਵੰਬਰ 2016 ਨੂੰ ਤਲਵੰਡੀ ਸਾਬੋ ਵਿਖੇ ਹੋਣ ਜਾ ਰਹੇ ਸਰਬੱਤ ਖ਼ਾਲਸਾ ਦਾ ਵਿਰੋਧ ਕਰ ਰਹੇ ਹਨ ਅਤੇ ਸਰਬੱਤ ਖ਼ਾਲਸਾ ਦੀ ਤਰੀਕ ਬਦਲਣ ਲਈ ਬੇਤੁਕੇ ਤੱਥ ਪੇਸ਼ ਕਰ ਰਹੇ ਹਨ।
ਉਨ੍ਹਾਂ ਹਰਪਾਲ ਸਿੰਘ ਚੀਮਾ, ਕਰਨੈਲ ਸਿੰਘ ਪੀਰ ਮੁਹੰਮਦ, ਗੁਰਤੇਜ ਸਿੰਘ, ਗੁਰਦਰਸ਼ਨ ਸਿੰਘ ਢਿੱਲੋਂ, ਗਿਆਨੀ ਜਗਤਾਰ ਸਿੰਘ ਜਾਚਕ, ਆਰ.ਪੀ. ਸਿੰਘ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ, ਹਰਜਿੰਦਰ ਸਿੰਘ ਯੂਐਸ਼ਏ, ਕਰਮਜੀਤ ਸਿੰਘ ਪੱਤਰਕਾਰ ਆਦਿ ਨੂੰ ਸਿੱਧੇ ਤੌਰ ‘ਤੇ ਅਖੌਤੀ ਪੰਥਕ ਆਗੂ ਦੱਸਦਿਆਂ ਕਿਹਾ ਕਿ ਇਹ ਉਹ ਲੋਕ ਜੋ ਆਪਣੀਆਂ ਸਿਆਸੀ ਸੌਦੇਬਾਜ਼ੀਆਂ ਅਤੇ ਨਿੱਜੀ ਲੋੜਾਂ ਅਧੀਨ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਸਾਜ਼ਿਸ਼ਾਂ ਵਿੱਚ ਗਲਤਾਨ ਹੋ ਕੇ ਹੀ ਸਰਬੱਤ ਖ਼ਾਲਸਾ ਵਰਗੇ ਕੌਮੀ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦਾ ਮੁੱਖ ਉਦੇਸ਼ ਸਰਬੱਤ ਖ਼ਾਲਸਾ ਦੀ ਤਰੀਕ ਅੱਗੇ ਪਾ ਕੇ ਵਿਧਾਨ ਸਭਾ ਚੋਣਾਂ ਵਿੱਚ ਯੂ.ਪੀ., ਦਿੱਲੀ ਅਤੇ ਬਿਹਾਰ ਦੇ ਬਾਬੂਆਂ ਦਾ ਪੰਜਾਬ ਉੱਪਰ ਸਿਆਸੀ ਕਬਜ਼ੀ ਦਿਵਾਉਣਾ ਹੈ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਜਥੇਦਾਰ ਚਾਹੀਦੇ ਹਨ ਅਤੇ ਨਾ ਹੀ ਸਿਮਰਨਜੀਤ ਸਿੰਘ ਮਾਨ ਦੇ। ਉਨ੍ਹਾਂ ਨੂੰ ਸਮੁੱਚੀ ਕੌਮ ਦੇ ਜਥੇਦਾਰ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੋਏ ਸਰਬੱਤ ਖ਼ਾਲਸਾ ਤੋਂ ਦੋ ਦਿਨ ਪਹਿਲਾਂ (8 ਨਵੰਬਰ 2015) ਉਨ੍ਹਾਂ ਅਤੇ ਸਿੱਖਜ਼ ਫ਼ਾਰ ਜਸਟਿਸ ਨੇ ਪੰਜ ਸ਼ਖ਼ਸੀਅਤਾਂ (ਪੰਜ ਪਿਆਰੇ) ਦੀ ਅਗਵਾਈ ਹੇਠ ਸਰਬੱਤ ਖ਼ਾਲਸਾ ਕਰਵਾਉਣ ਅਤੇ ਖ਼ਾਲਿਸਤਾਨ ਦੀ ਮੰਗ ਦੀ ਪ੍ਰਵਾਨਗੀ ਸਰਬੱਤ ਖ਼ਾਲਸਾ ਵੱਲੋਂ ਲਏ ਜਾਣ ਦੇ ਕੁਝ ਅਹਿਮ ਮਤੇ ਰੱਖੇ ਸਨ, ਜਿਨ੍ਹਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਇਸ ਲਈ ਉਹ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਜੇਕਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਮੁਤਾਬਕ ਸਰਬੱਤ ਖ਼ਾਲਸਾ ਕੀਤਾ ਜਾਂਦਾ ਹੈ ਤਾਂ ਉਹ ਜ਼ਰੂਰ ਸ਼ਾਮਲ ਹੋਣਗੇ।
ਹਰਪਾਲ ਸਿੰਘ ਚੀਮਾ, ਪ੍ਰਧਾਨ ਦਲ ਖ਼ਾਲਸਾ ਨੇ ‘ਆਪ’ ਆਗੂ ਅਰਵਿੰਦ ਕੇਜਰੀਵਾਲ ਨਾਲ ਹੱਥ ਮਿਲਾਉਣ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਸਿਆਸੀ ਬੰਦਾ ਹੋਣ ਕਾਰਨ ਸਰਬੱਤ ਖ਼ਾਲਸਾ ਸਬੰਧੀ ਸਿਮਰਨਜੀਤ ਸਿੰਘ ਮਾਨ ਦਾ ਕੋਈ ਨਿੱਜੀ ਮੁਫ਼ਾਦ ਤਾਂ ਹੋ ਸਕਦਾ ਹੈ ਪਰ ਉਨ੍ਹਾਂ (ਚੀਮਾ) ਦਾ ਨਹੀਂ ਕਿਉਂਕਿ ਉਹ ਸਿਆਸੀ ਵਿਅਕਤੀ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪੇਸ਼ ਕੀਤੇ ਕੌਮੀ ਸੰਕਲਪ ਅਤੇ ਵਿਧੀ ਵਿਧਾਨ ਅਨੁਸਾਰ ਸਰਬੱਤ ਖ਼ਾਲਸਾ ਹੁੰਦਾ ਹੈ ਤਾਂ ਉਹ ਜ਼ਰੂਰ ਸ਼ਿਰਕਤ ਕਰਨਗੇ। ਜੇਕਰ ਮਾਨ ਵੱਲੋਂ ਅਪਣਾਏ ਨਿੱਜੀ ਮਾਪਦੰਡਾ ਉਪਰ ਸਰਬੱਤ ਖ਼ਾਲਸਾ ਹੁੰਦਾ ਹੈ ਤਾਂ ਉਹ ਬਿਲਕੁਲ ਵੀ ਸ਼ਾਮਲ ਨਹੀਂ ਹੋਣਗੇ।
Related Topics: Bhai Harpal Singh Cheema (Dal Khalsa), Dal Khalsa International, Karnail Singh Peermohamad, Sarbat Khalsa 2016, SFJ, Shiromani Akali Dal Amritsar (Mann), Simranjeet Singh Mann