December 28, 2016 | By ਸਿੱਖ ਸਿਆਸਤ ਬਿਊਰੋ
ਜਲੰਧਰ: ਦਲ ਖ਼ਾਲਸਾ ਨੇ ਹਿੰਦੂ ਕੱਟੜਪੰਥੀਆਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਿੱਖ ਅਰਦਾਸ ਦੀ ਨਕਲ ਕਰਕੇ ਇਸਨੂੰ ਹਿੰਦੂ ਅਰਦਾਸ ਵਾਂਗ ਪੇਸ਼ ਕਰਨਾ ਸ਼ਰਾਰਤੀ ਮਾਨਸਿਕਤਾ ਦੀ ਉਪਜ ਹੈ ਅਤੇ ਇਸ ਖਤਰਨਾਕ ਰੁਝਾਨ ਨੂੰ ਏਥੇ ਹੀ ਰੋਕਣਾ ਹੋਵੇਗਾ ਨਹੀਂ ਤਾਂ ਦੋਨਾਂ ਧਰਮਾਂ ਦੇ ਆਪਸੀ ਰਿਸ਼ਤਿਆਂ ਵਿੱਚ ਵਧੇਰੇ ਕੜਵਾਹਟ ਵਧੇਗੀ।
ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਹਿੰਦੂਵਾਦੀ ਤਾਕਤਾਂ ਆਪਣੇ ਖ਼ਤਰਨਾਕੇ ਮਨਸੂਬਿਆਂ ਨਾਲ ਦੋਵਾਂ ਧਰਮਾਂ ਦੇ ਲੋਕਾਂ ਨੂੰ ਫਿਰਕਾਪ੍ਰਸਤੀ ਦੀ ਭੱਠੀ ‘ਚ ਝੋਕਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਹਰਕਤਾਂ ਤੋਂ ਬਾਅਦ ਸਿੱਖਾਂ ਕੋਲ ਬਲਦਾਂ ਨੂੰ ਸਿੰਗਾਂ ਤੋਂ ਫੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ।
ਆਗੂਆਂ ਨੇ ਕਿਹਾ ਕਿ ਇਸ ਘਟਨਾ ਨੂੰ ਹਿੰਦੂਵਾਦੀਆਂ ਵਲੋਂ ਸਿੱਖ ਧਰਮ ‘ਚ ਦਖਲਅੰਦਾਜ਼ੀ ਦੇ ਹੋਰ ਕੰਮਾਂ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ, ਪਰ ਇਥੇ ਸਿੱਖ ਅਰਦਾਸ ਨੂੰ ਛੁਟਿਆ ਕੇ ਇਹ ਅਹਿਸਾਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੂ ਧਰਮ ਪੁਰਾਣਾ ਹੈ ਅਤੇ ਸਿੱਖਾਂ ਨੇ ਹਿੰਦੂਆਂ ਦੀ ਅਰਦਾਸ ਦੀ ਨਕਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਿੱਖਾਂ ਲਈ ਡੂੰਘੀ ਸਾਜ਼ਿਸ਼ ਦੀ ਚੁਣੌਤੀ ਹੈ ਅਤੇ ਸਿੱਖ ਇਸਨੂੰ ਪ੍ਰਵਾਨ ਕਰਦੇ ਹਨ ਅਤੇ ਸਿੱਖ ਇਸਦਾ ਢੁਕਵਾਂ ਜਵਾਬ ਦੇਣਗੇ। ਉਨ੍ਹਾਂ ਅੱਗੇ ਕਿਹਾ, ‘ਇਹ ਹਰਕਤ ਉਸ ਕਟੱੜਪੰਥੀ ਹਿੰਦੂ ਮਾਨਸਿਕਤਾ ਨੂੰ ਦਰਸਾਉਂਦੀ ਹੈ, ਜਿਸਨੇ ਪਹਿਲਾਂ ਦੁਰਗਿਆਣਾ ਮੰਦਰ ਨੂੰ ਦਰਬਾਰ ਸਾਹਿਬ ਦੀ ਨਕਲ ਕਰਕੇ ਬਰਾਬਰ ਤੇ ਖੜ੍ਹਾ ਕੀਤਾ, ਹੁਣ ਉਸੇ ਮਾਨਸਿਕਤਾ ਨੇ ਅਰਦਾਸ ਦੀ ਨਕਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਮੁੱਦੇ ਨਾਲ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ ਪਰੀਖਿਆ ਹੋਵੇਗੀ। ਉਨ੍ਹਾਂ ਸੁਝਾਅ ਦਿੱਤਾ ਕਿ ਸ਼੍ਰੋਮਣੀ ਕਮੇਟੀ ਨੂੰ ਪੰਥਕ ਮਸਲਿਆਂ ਦੇ ਮਾਹਰਾਂ ਦਾ ਇਕ ਪੈਨਲ ਬਣਾ ਕੇ ਜਾਂਚ ਕਰਨੀ ਚਾਹੀਦੀ ਹੈ ਕਿ ਸਿੱਖ ਅਰਦਾਸ ਨੂੰ ਹਿੰਦੂ ਅਰਦਾਸ ਵਜੋਂ ਬਦਲਣ ਪਿੱਛੇ ਕਿਸਦਾ ਦਿਮਾਗ ਕੰਮ ਕਰ ਰਿਹਾ ਹੈ। ਅਤੇ ਇਹੋ ਜਿਹੀ ਅਰਦਾਸ ਹਿੰਦੂ ਮੰਦਰਾਂ ‘ਚ ਕਦੋਂ ਤੋਂ ਚੱਲ ਰਹੀ ਹੈ।
ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ‘ਸ਼ਾਂਤੀ ਬਣਾਈ ਰੱਖਣਾ’ ਸਿਰਫ ਸਿੱਖਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਬਣਾਈ ਰੱਖਣ ‘ਚ ਸਰਕਾਰ ਅਤੇ ਹੋਰ ਫਿਰਕਿਆਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ।
ਦਲ ਖ਼ਾਲਸਾ ਨੇ ਕੱਟੜਪੰਥੀ ਹਿੰਦੂਆਂ ਵਲੋਂ ਕੀਤੀ ਗਈ ਸ਼ਰਾਰਤ ‘ਤੇ ਹਿੰਦੂ ਸਮਾਜ ਵਲੋਂ ਧਾਰੀ ਚੁੱਪ ‘ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਹਿੰਦੂ ਧਾਰਮਿਕ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਸ਼ਰਾਰਤੀ ਅਨਸਰਾਂ ‘ਤੇ ਪਾਬੰਦੀ ਲਾਉਣ ਅਤੇ ਇਸ ਸਪੱਸ਼ਟ ਕਰਨ ਦੀ ਅਜਿਹੇ ਸ਼ਰਾਰਤੀ ਅਨਸਰਾਂ ਦਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ਦਲ ਖ਼ਾਲਸਾ ਦੇ ਆਗੂਆਂ ਨੇ ਕਿਹਾ ਕਿ ਜਿਸ ਪ੍ਰੋਗਰਾਮ ‘ਚ ਇਹ ਨਕਲ ਕੀਤੀ ਅਰਦਾਸ ਪੜੀ ਗਈ ਉਥੇ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਚੁੱਪ ਰਹਿਣਾ ਅਤੇ ਕੋਈ ਇਤਰਾਜ਼ ਨਾ ਪ੍ਰਗਟ ਕਰਨ ਦਾ ਰਵੱਈਆ ਬਹੁਤ ਸ਼ਰਮਨਾਕ ਹੈ। ਆਗੂਆਂ ਨੇ ਕਿਹਾ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਅਕਾਲੀ ਦਲ ਦਾ ਪੂਰੀ ਤਰੀਕੇ ਨਾਲ ਹਿੰਦੂਕਰਨ ਹੋ ਚੁੱਕਾ ਹੈ।
Related Topics: Anti-Sikh Deras, Bhai Harpal Singh Cheema (Dal Khalsa), Dal Khalsa International, Harcharanjeet Singh Dhami, Hindu Groups, kanwarpal singh