ਸਿਆਸੀ ਖਬਰਾਂ

ਦਿੱਲੀ ਕਮੇਟੀ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਲਾਈ ਗਈ ਕਾਰਜਸ਼ਾਲਾ

August 12, 2017 | By

ਨਵੀਂ ਦਿੱਲੀ: ਸੀ.ਬੀ.ਐਸ.ਈ. ਵੱਲੋਂ ਪੰਜਾਬੀ ਭਾਸ਼ਾ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਨਵੇਂ ਬਣਾਏ ਗਏ ਸਿਲੇਬਸ ਦੀ ਜਾਣਕਾਰੀ ਟੀ.ਜੀ.ਟੀ. ਪੰਜਾਬੀ ਅਧਿਆਪਕਾਂ ਨੂੰ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਜਸ਼ਾਲਾ ਲਗਾਈ ਗਈ। ਦਿੱਲੀ ਕਮੇਟੀ ਦੀ ਪੰਜਾਬੀ ਵਿਕਾਸ ਕਮੇਟੀ ਦੇ ਵੱਲੋਂ ਲਗਾੲੀ ਗਈ ਇਸ ਕਾਰਜਸ਼ਾਲਾ ’ਚ ਸਮੂਹ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਖਾਲਸਾ ਸਕੂਲ ਅਤੇ ਸਰਕਾਰੀ ਸਕੂਲਾਂ ਦੇ ਜ਼ਿਆਦਾਤਰ ਪੰਜਾਬੀ ਅਧਿਆਪਕਾਂ ਨੇ ਭਾਗ ਲਿਆ।

ਕਾਰਜਸ਼ਾਲਾ ’ਚ ਅਧਿਆਪਕਾਂ ਨੂੰ ਏ.ਐਸ.ਐਲ., ਇਸ਼ਤਿਹਾਰ, ਤਸਵੀਰ, ਕਹਾਣੀਆਂ, ਵਿਆਕਰਣ ਤੇ ਇਕਾਂਗੀ ਪੜ੍ਹਾਉਣ ਦਾ ਢੰਗ ਸਿਖਾਉਣ ਦੇ ਨਾਲ ਹੀ ਕਵਿਤਾ ਦੇ ਗੁਣਾਂ ਅਤੇ ਬਾਲ ਮਨੋਵਿਗਿਆਨ ਨੂੰ ਸਮਝਾਉਣ ’ਤੇ ਜ਼ੋਰ ਦਿੱਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਧਰਮ ਪ੍ਰਚਾਰ ਕਮੇਟੀ ਚੇਅਰਮੈਨ ਕੁਲਮੋਹਨ ਸਿੰਘ ਅਤੇ ਪੰਜਾਬੀ ਵਿਕਾਸ ਕਮੇਟੀ ਦੇ ਕਨਵੀਨਰ ਡਾ. ਹਰਮੀਤ ਸਿੰਘ ਵੱਲੋਂ ਇਸ ਮੌਕੇ “ਚੁੱਪ ਦੀ ਚੀਖ਼” ਪੁਸਤਕ ਤੇ ਸਿਲੇਬਸ ਦੀ ਜਾਣਕਾਰੀ ਦੇਣ ਵਾਲੀ ਆਡੀਓ ਸੀਡੀ ਜਾਰੀ ਕੀਤੀ ਗਈ। ਕਾਰਜਸ਼ਾਲਾ ’ਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਗਏ।

dsgmc punjabi karajshala 01

ਕਾਰਜਸ਼ਾਲਾ ਦੌਰਾਨ ਮਨਜੀਤ ਸਿੰਘ ਜੀ.ਕੇ., ਪੰਜਾਬੀ ਵਿਕਾਸ ਕਮੇਟੀ ਦੇ ਕਨਵੀਨਰ ਡਾ. ਹਰਮੀਤ ਸਿੰਘ ਵੱਲੋਂ “ਚੁੱਪ ਦੀ ਚੀਖ਼” ਪੁਸਤਕ ਤੇ ਸਿਲੇਬਸ ਦੀ ਜਾਣਕਾਰੀ ਦੇਣ ਵਾਲੀ ਆਡੀਓ ਸੀਡੀ ਜਾਰੀ ਕੀਤੀ ਗਈ

ਇਸ ਮੌਕੇ ਬੋਲਦੇ ਹੋਏ ਜੀ.ਕੇ. ਨੇ ਕਿਹਾ ਕਿ ਪੰਜਾਬੀ ਭਾਸ਼ਾ ਸਿੱਖ ਧਰਮ ਅਤੇ ਵਿਰਸੇ ਨੂੰ ਬਚਾਉਣ ਅਤੇ ਅੱਗੇ ਲੈ ਜਾਣ ਦਾ ਮਾਧਿਅਮ ਹੈ।

ਜੀ.ਕੇ. ਨੇ ਸਾਫ਼ ਕੀਤਾ ਕਿ ਪੰਜਾਬੀ ਇੱਕਲੇ ਸਿੱਖਾਂ ਦੀ ਭਾਸ਼ਾ ਨਹੀਂ ਹੈ। ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਭਾਸ਼ਾ ਨੂੰ ਪੜ੍ਹਨ ਅਤੇ ਸਮਝਣ ’ਚ ਸਮੂਹ ਧਰਮਾਂ ਅਤੇ ਫਿਰਕਿਆਂ ਦੇ ਲੋਕ ਆਪਣਾਪਣ ਮਹਿਸੂਸ ਕਰਦੇ ਹਨ। ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ ਕਰਨ ਦੀ ਸਰਕਾਰੀ ਨੀਤੀਆਂ ਪਿੱਛੇ ਪੰਜਾਬੀ ਭਾਸ਼ਾ ਨੂੰ ਸਿੱਖਾਂ ਦੀ ਭਾਸ਼ਾ ਸਮਝਣ ਨੂੰ ਜੀ.ਕੇ. ਨੇ ਮੁਖ ਕਾਰਨ ਦੱਸਿਆ।

ਕੁਲਮੋਹਨ ਸਿੰਘ ਨੇ ਕਿਹਾ ਕਿ ਜਿਵੇਂ ਲੋਕ ਗੀਤਾਂ ਦੀ ਲੰਬੀ ਉਮਰ ਹੁੰਦੀ ਹੈ ਉਵੇਂ ਹੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਰੋਚਕ ਅਤੇ ਮਨੋਰੰਜਕ ਤਰੀਕਿਆਂ ਦੇ ਸਹਾਰੇ ਸਾਨੂੰ ਵਿਦਿਆਰਥੀਆਂ ਨੂੰ ਭਾਸ਼ਾ ਦੇ ਲੜ ਲਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਪੰਜਾਬੀ ਪੜਾਉਣ ਵੇਲੇ ਬੱਚਿਆਂ ਨਾਲ ਆਪਣੇਪਨ ਦਾ ਮਾਹੌਲ ਸਿਰਜਣ ਦੀ ਅਪੀਲ ਕਰਦੇ ਹੋਏ ਭਾਸ਼ਾ ਨੂੰ ਬੱਚੇ ਦੇ ਵਿਦਿਆਰਥੀ ਜੀਵਨ ਨੂੰ ਤਰੱਕੀ ‘ਤੇ ਲੈ ਜਾਣ ਦਾ ਮਾਧਿਅਮ ਬਣਾਉਣ ਦਾ ਸੱਦਾ ਦਿੱਤਾ।

ਇਸ ਮੌਕੇ ਪੰਜਾਬੀ ਵਿਸ਼ੇ ਦੇ ਮਾਹਰ ਅਤੇ ਭਾਸ਼ਾ ਪ੍ਰੇਮੀ ਪ੍ਰਕਾਸ਼ ਸਿੰਘ ਗਿੱਲ, ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ, ਡਾ. ਇੰਦਰਪ੍ਰੀਤ ਕੌਰ, ਬਾਲ ਮਨੋਵਿਗਿਆਨ ਦੀ ਮਾਹਿਰ ਡਾ. ਹਰਸ਼ਿੰਦਰ ਕੌਰ, ਦਿਆਲ ਸਿੰਘ ਕਾਲਜ ਦੇ ਪ੍ਰੋਫੈਸਰ ਡਾ. ਪ੍ਰਿਥਵੀ ਰਾਜ ਥਾਪਰ ਅਤੇ ਸਹਾਇਕ ਪ੍ਰੋਫੈਸਰ ਸੁਦਰਸ਼ਨ ਗਾਸੋ ਨੇ ਅਧਿਆਪਕਾਂ ਨੂੰ ਭਾਸ਼ਾ ਪੜਾਉਣ ਦੇ ਨਿਵੇਕਲੇ ਢੰਗਾਂ ਦੀ ਜਾਣਕਾਰੀ ਦਿੱਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,