August 14, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਯੂਕੇ ਦੇ ਗੁਰਦੁਆਰੇ ਸ੍ਰੀ ਗੁਰੂ ਨਾਨਕ ਦੇਵ ਵਿੱਚ ਵੱਖ-ਵੱਖ ਮੁਲਕਾਂ ਦੇ ਸਿੱਖ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਵਿਸ਼ਵ ਪੱਧਰੀ ਸਿੱਖ ਜਥੇਬੰਦੀ ‘ਵਰਲਡ ਸਿੱਖ ਪਾਰਲੀਮੈਂਟ’ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ 15 ਮੈਂਬਰੀ ਤਾਲਮੇਲ ਕਮੇਟੀ ਬਣਾਈ ਗਈ ਹੈ, ਜਿਸ ਦਾ ਮੁੱਖ ਉਦੇਸ਼ ਸਿੱਖ ਕੌਮ ਵਾਸਤੇ ‘ਆਜ਼ਾਦ ਘਰ’ ਦੀ ਪ੍ਰਾਪਤੀ ਹੋਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ 15 ਮੈਂਬਰੀ ਤਾਲਮੇਲ ਕਮੇਟੀ ਵਿੱਚ ਯੂਕੇ ਤੋਂ ਅਮਰੀਕ ਸਿੰਘ, ਜੋਗਾ ਸਿੰਘ, ਦਬਿੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਅਮਰੀਕਾ ਤੋਂ ਡਾ. ਅਮਰਜੀਤ ਸਿੰਘ, ਹਿੰਮਤ ਸਿੰਘ, ਅਮਰਦੀਪ ਸਿੰਘ, ਕੈਨੇਡਾ ਤੋਂ ਸਤਿੰਦਰਪਾਲ ਸਿੰਘ, ਭਗਤ ਸਿੰਘ ਭੰਡਾਲ, ਯੂਰਪੀ ਮੁਲਕਾਂ ਤੋਂ ਗੁਰਮੀਤ ਸਿੰਘ, ਰੇਸ਼ਮ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ ਤੇ ਅਸਟਰੇਲੀਆ ਤੋਂ ਸ਼ਾਮ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮਨਪ੍ਰੀਤ ਸਿੰਘ ਯੂਕੇ ਨੇ ਦੱਸਿਆ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਕੁੱਲ 300 ਮੈਂਬਰ ਹੋਣਗੇ, ਜਿਨ੍ਹਾਂ ਵਿੱਚੋਂ 150 ਮੈਂਬਰ ਯੂਕੇ, ਅਮਰੀਕਾ, ਕੈਨੇਡਾ, ਯੂਰਪ, ਅਸਟਰੇਲੀਆ ਤੇ ਨਿਊਜ਼ੀਲੈਂਡ ਸਮੇਤ ਉਨ੍ਹਾਂ ਦੇਸ਼ਾਂ ਵਿੱਚੋਂ ਹੋਣਗੇ, ਜਿੱਥੇ ਇਸ ਵੇਲੇ ਸਿੱਖ ਵਸੇ ਹੋਏ ਹਨ। ਬਾਕੀ 150 ਮੈਂਬਰ ਸਿੱਖ ਕੌਮ ਦੇ ਹੋਮਲੈਂਡ ਖੇਤਰ ਵਿੱਚੋਂ ਹੋਣਗੇ। 15 ਮੈਂਬਰੀ ਤਾਲਮੇਲ ਕਮੇਟੀ ਤੋਂ ਇਲਾਵਾ 75 ਹੋਰ ਸਿੱਖ ਆਗੂਆਂ ਦੇ ਨਾਂ ਪੁੱਜ ਚੁੱਕੇ ਹਨ, ਜਦੋਂ ਕਿ ਬਾਕੀ ਨਾਵਾਂ ਬਾਰੇ ਆਉਂਦੇ ਦਿਨਾਂ ਵਿੱਚ ਵਿਚਾਰ ਕੀਤਾ ਜਾਵੇਗਾ।
‘ਵਰਲਡ ਸਿੱਖ ਪਾਰਲੀਮੈਂਟ’ ਦੇ ਗਠਨ ਮੌਕੇ ਅਮਰੀਕ ਸਿੰਘ, ਜੋਗਾ ਸਿੰਘ, ਸ਼ਾਮ ਸਿੰਘ, ਹਿੰਮਤ ਸਿੰਘ ਤੇ ਮਨਪ੍ਰੀਤ ਸਿੰਘ ਨੇ ਸੰਸਥਾ ਦੇ ਨਿਸ਼ਾਨੇ ਅਤੇ ਕੰਮਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸੰਸਥਾ ਦੁਨੀਅੲ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰੇਗੀ ਅਤੇ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨ ਕਰੇਗੀ। ਇਹ ਸੰਸਥਾ ਸਿੱਖ ਕੌਮ ਦੀ ਆਜ਼ਾਦੀ ਦੀ ਰੂਪ-ਰੇਖਾ ਤਿਆਰ ਕਰਨ ਲਈ ਕੰਮ ਕਰੇਗੀ। ਸੰਸਥਾ ਵਿੱਚ ਸਿੱਖ ਕੌਮ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਵਿਦਵਾਨ ਸ਼ਾਮਲ ਕੀਤੇ ਜਾਣਗੇ। ਬੀਬੀਆਂ ਅਤੇ ਨੌਜਵਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਯੂਕੇ ਵਿੱਚ ਹੋਈ ਮੀਟਿੰਗ ਵਿੱਚ ਹਿੰਮਤ ਸਿੰਘ ਯੂਐਸਏ, ਜੋਗਾ ਸਿੰਘ, ਅਮਰੀਕ ਸਿੰਘ, ਬਲਬੀਰ ਸਿੰਘ, ਮਨਪ੍ਰੀਤ ਸਿੰਘ, ਕੁਲਵੰਤ ਸਿੰਘ ਢੇਸੀ, ਬਲਬੀਰ ਸਿੰਘ ਬੈਂਸ, ਸੁਖਵਿੰਦਰ ਸਿੰਘ, ਤਰਸੇਮ ਸਿੰਘ ਦਿਓਲ, ਲਵਸ਼ਿੰਦਰ ਸਿੰਘ ਡੱਲੇਵਾਲ, ਪਰਮਜੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਤੇਹਿੰਗ ਤੇ ਗੁਰਦੇਵ ਸਿੰਘ ਚੌਹਾਨ ਸ਼ਾਮਲ ਸਨ।
Related Topics: Khalistan, Khalistan freedom struggle, Sikhs In UK, World Sikh Parliament