April 3, 2020 | By ਸਿੱਖ ਸਿਆਸਤ ਬਿਊਰੋ
ਸ੍ਰੀ ਅੰਮ੍ਰਿਤਸਰ, ਪੰਜਾਬ: ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਬੀਤੇ ਦਿਨ ਚਲਾਣਾ ਕਰ ਗਏ ਸਨ। ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਦਾ ਸੰਸਕਾਰ ਪਿੰਡ ਵੇਰਕਾ ਦੇ ਸ਼ਮਸ਼ਾਨਘਾਟ ਵਿਖੇ ਕਰਨ ਦਾ ਫੈਸਲਾ ਲਿਆ ਗਿਆ। ਜਿਸ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ।
ਖਬਰਾਂ ਮੁਤਾਬਕ ਵਿਰੋਧ ਕਰਨ ਵਾਲਿਆਂ ਵਿੱਚ ਹਰਪਾਲ ਸਿੰਘ ਨਾਮੀ ਇੱਕ ਵਿਅਕਤੀ ਮੁੱਖ ਭੂਮਿਕਾ ਨਿਭਾ ਰਿਹਾ ਸੀ। ਵੱਖ-ਵੱਖ ਪਾਰਟੀਆਂ ਦਾ ਹਿੱਸਾ ਰਿਹਾ ਇਹ ਵਿਅਕਤੀ ਇਸ ਵੇਲੇ ਕਾਂਗਰਸ ਪਾਰਟੀ ਵਿੱਚ ਹੈ।
ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਉਹ ਕਰੋਨਾ ਵਾਇਰਸ ਨਾਮੀ ਬੀਮਾਰੀ ਤੋਂ ਵੀ ਪੀੜਤ ਸਨ। ਉਨ੍ਹਾਂ ਦੇ ਸੰਸਕਾਰ ਦਾ ਵਿਰੋਧ ਕਰਨ ਵਾਲਿਆਂ ਵੱਲੋਂ ਇਹ ਅਫਵਾਹ ਫੈਲਾਈ ਜਾ ਰਹੀ ਸੀ ਕਿ ਉਨ੍ਹਾਂ ਦਾ ਸੰਸਕਾਰ ਕਰਨ ਨਾਲ ਹੋਰ ਲੋਕਾਂ ਨੂੰ ਵੀ ਕਰੋਨੇ ਦੀ ਬਿਮਾਰੀ ਲੱਗ ਜਾਵੇਗੀ।
ਜਿੱਥੇ ਇਸ ਕਾਰਵਾਈ ਦੀ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਕਰੜੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੁਣ ਇਸ ਸਬੰਧੀ ਇੱਕ ਸ਼ਿਕਾਇਤ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਅਤੇ ਵੇਰਕਾ ਠਾਣੇ ਦੇ ਮੁਖੀ ਕੋਲ ਭੇਜੀ ਗਈ ਹੈ। ਆਪਣੀ ਸ਼ਿਕਾਇਤ ਵਿੱਚ ਪਰਵਿੰਦਰ ਸਿੰਘ ਕਿੱਤਣਾ (ਨਵਾਂਸ਼ਹਿਰ), ਡਾ. ਅਮਰਜੀਤ ਸਿੰਘ ਮਾਨ (ਸੰਗਰੂਰ) ਅਤੇ ਕੁਲਦੀਪ ਸਿੰਘ ਖਹਿਰਾ (ਲੁਧਿਆਣਾ) ਨੇ ਭਾਈ ਨਿਰਮਲ ਸਿੰਘ ਦੇ ਸੰਸਕਾਰ ਵਿੱਚ ਅੜਿੱਕਾ ਡਾਹੁਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਕਾਇਤ ਕਰਤਾਵਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਵੇਰਕਾ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ (ਸ੍ਰੀ ਅੰਮ੍ਰਿਤਸਰ) ਨੂੰ ਲਿਖਤੀ ਸ਼ਿਕਾਇਤ ਭੇਜ ਕੇ ਸਬੰਧਿਤ ਲੋਕਾਂ ‘ਤੇ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਸ ਸ਼ਿਕਾਇਤ ਉੱਪਰ ਢੁੱਕਵੀਂ ਕਾਰਵਾਈ ਨਹੀਂ ਹੁੰਦੀ ਤਾਂ ਉਹ ਹਾਈਕੋਰਟ ਤੱਕ ਪਹੁੰਚ ਕਰਾਂਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਕ ਚਿੱਠੀ ਲਿਖ ਰਹੇ ਹਨ।
ਪੁਲਿਸ ਕੋਲ ਕੀਤੀ ਗਈ ਸ਼ਿਕਾਇਤ ਦਾ ਅੱਖਰੀ ਉਤਾਰਾ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਹੇਠਾਂ ਸਾਂਝਾ ਕੀਤਾ ਜਾ ਰਿਹਾ ਹੈ:
03 ਅਪ੍ਰੈਲ 2020
(ਅਤਿ ਜ਼ਰੂਰੀ ਈ ਮੇਲ ਤੇ ਵਟਸਐਪ ਰਾਹੀਂ ਦਰਖਾਸਤ)
ਸੇਵਾ ਵਿਖੇ
ਸ੍ਰੀ ਅੰਮਿ੍ਤਸਰ।
ਥਾਣਾ ਵੇਰਕਾ,
ਸ੍ਰੀ ਅੰਮ੍ਰਿਤਸਰ।
ਵਿਸ਼ਾ: ਮਹਾਨ ਰਾਗੀ ਤੇ ‘ਪਦਮਸ਼੍ਰੀ’ ਸਨਮਾਨ ਨਾਲ ਸਨਮਾਨਿਤ ਭਾਈ ਨਿਰਮਲ ਸਿੰਘ ਜੀ ਦਾ ਵੇਰਕਾ ਦੇ ਸ਼ਮਸ਼ਾਨ ਘਾਟ ਵਿਖੇ ਅੰਤਮ ਸਸਕਾਰ ਰੋਕਣ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਐੱਫ. ਆਈ. ਆਰ. ਦਰਜ ਕਰਕੇ ਅਗਲੇਰੀ ਕਰਵਾਈ ਕਰਨ ਲਈ ਦਰਖਾਸਤ ।
ਸ੍ਰੀਮਾਨ ਜੀ
ਵੱਖ ਵੱਖ ਸੂਤਰਾਂ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਕੱਲ੍ਹ ਮਿਤੀ 2 ਅਪ੍ਰੈਲ 2020 ਨੂੰ ਆਪ ਦੇ ਅਧੀਨ ਵੇਰਕਾ ਸ਼ਮਸ਼ਾਨ ਘਾਟ ਵਿਖੇ ਕੁਝ ਲੋਕਾਂ ਵੱਲੋਂ ਮਹਾਨ ਰਾਗੀ ਅਤੇ ‘ਪਦਮ ਸ਼੍ਰੀ’ ਸਨਮਾਨ ਨਾਲ ਸਨਮਾਨਿਤ ਭਾਈ ਨਿਰਮਲ ਸਿੰਘ ਜੀ ਦਾ ਅੰਤਿਮ ਸਸਕਾਰ ਨਹੀਂ ਹੋਣ ਦਿੱਤਾ ਗਿਆ । ਜਦੋਂ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਭਾਈ ਨਿਰਮਲ ਸਿੰਘ ਜੀ ਦੇ ਮ੍ਰਿਤਕ ਸਰੀਰ ਨੂੰ ਸ਼ਮਸ਼ਾਨਘਾਟ ਲੈ ਕੇ ਗਏ ਤਾਂ ਉੱਥੇ ਸਸਕਾਰ ਰੋਕਣ ਲਈ ਕਈ ਵਿਅਕਤੀ ਇਕੱਠੇ ਹੋ ਚੁੱਕੇ ਸਨ । ਇਸ ਤਰ੍ਹਾਂ ਇਨ੍ਹਾਂ ਵਿਅਕਤੀਆਂ ਨੇ ਹੇਠ ਲਿਖੇ ਜੁਰਮ ਕੀਤੇ :
ਇਨ੍ਹਾਂ ਜੁਰਮਾਂ ਨਾਲ ਪੂਰੀ ਦੁਨੀਆਂ ਵਿੱਚ ਭਾਰਤ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੀ ਮਾਨਹਾਨੀ/ਬੇਇਜ਼ਤੀ ਹੋਈ ਹੈ।
ਭਾਵੇਂ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਭਾਈ ਨਿਰਮਲ ਸਿੰਘ ਜੀ ਦਾ ਹੋਰ ਥਾਂ ‘ਤੇ ਸਸਕਾਰ ਕਰ ਦਿੱਤਾ ਗਿਆ ਪਰ ਇਨ੍ਹਾਂ ਵਿਅਕਤੀਆਂ ਵੱਲੋਂ ਕੀਤੇ ਜੁਰਮ ਮੁਆਫੀਯੋਗ ਨਹੀਂ ਹਨ। ਜੇਕਰ ਇਨ੍ਹਾਂ ‘ਤੇ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਤੇ ਕਰੋਨਾ ਦੀ ਰੋਕਥਾਮ ਲਈ ਲੱਗੇ ਹੋਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਆਉਂਣਗੀਆਂ ਅਤੇ ਉਨ੍ਹਾਂ ਦਾ ਮਨੋਬਲ ਵੀ ਡਿੱਗੇਗਾ।
ਇਨ੍ਹਾਂ ਤੇ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਅਜਿਹੇ ਹੋਰ ਗੈਰ ਕਾਨੂੰਨੀ ਤੇ ਸਮਾਜ ਵਿਰੋਧੀ ਕੰਮ ਕਰਨ ਵਾਲੇ ਲੋਕਾਂ ਦੇ ਹੌਸਲੇ ਵਧਣਗੇ। ਵੇਰਕਾ ਪਿੰਡ ਦੀ ਸਮੂਹਿਕ ਬਦਨਾਮੀ ਰੋਕਣ ਲਈ ਵੀ ਅਸਲ ਦੋਸ਼ੀ ਵਿਅਕਤੀਆਂ ਦੀ ਪਛਾਣ ਕੀਤੀ ਜਾਣੀ ਬਹੁਤ ਜ਼ਰੂਰੀ ਹੈ।
ਇਸ ਲਈ ਨਿਮਰਤਾ ਸਹਿਤ ਬੇਨਤੀ ਹੈ ਕਿ ਉਕਤ ਸਬੰਧੀ ਐੱਫ. ਆਈ. ਆਰ. ਦਰਜ ਕਰ ਕੇ ਦੋਸ਼ੀਆਂ ‘ਤੇ ਕਾਰਵਾਈ ਯਕੀਨੀ ਬਣਾਈ ਜਾਵੇ। ਇਲਾਕੇ ਦੇ ਕੌਂਸਲਰ, ਸ਼ਮਸ਼ਾਨਘਾਟ ਕਮੇਟੀ ਦੇ ਮੈਂਬਰਾਂ ਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਰੋਲ ਦੀ ਬਰੀਕੀ ਨਾਲ ਜਾਂਚ ਹੋਵੇ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਜਾਂ ਅਹੁਦੇ ‘ਤੇ ਕਿਉਂ ਨਾ ਹੋਣ।
ਆਪ ਜੀ ਨੂੰ ਇਹ ਵੀ ਦੱਸਣਾ ਉਚਿਤ ਰਹੇਗਾ ਕਿ ਇਹ ਦਰਖਾਸਤ ਪੰਜਾਬ ਦਾ ਭਲਾ ਚਾਹੁਣ ਵਾਲੇ ਕਈ ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਦਿੱਤੀ ਜਾ ਰਹੀ ਹੈ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਵੀ ਕੀਤੀ ਜਾਵੇਗੀ।
ਧੰਨਵਾਦ ਸਹਿਤ
ਪਰਵਿੰਦਰ ਸਿੰਘ ਕਿੱਤਣਾ (ਨਵਾਂਸ਼ਹਿਰ)।
ਡਾ. ਅਮਰਜੀਤ ਸਿੰਘ ਮਾਨ (ਸੰਗਰੂਰ)।
ਕੁਲਦੀਪ ਸਿੰਘ ਖਹਿਰਾ (ਲੁਧਿਆਣਾ)।
Related Topics: Congress councillor Harpal Singh, coronavirus, Hazoori Ragi of Darbar Sahib Bhai Nirmal Singh Khalsa, Verka village