ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਅਮਰਿੰਦਰ ਪ੍ਰਵਾਸੀ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਮੁੱਦੇ ‘ਤੇ ਸਬੂਤ ਪੇਸ਼ ਕਰਨ ਜਾਂ ਮਾਫੀ ਮੰਗਣ: ਆਪ

June 29, 2016 | By

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਨਾਲ ਸੰਬੰਧਤ ਕਨੇਡਾ ਦੇ 4 ਮੰਤਰੀਆਂ ਖਿਲਾਫ ਕੀਤੀ ਬਿਆਨਬਾਜੀ ਦਾ ਕਰੜਾ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਨੇ ਅਮਰਿੰਦਰ ਨੂੰ ਇਸ ਸੰਬੰਧੀ ਸਬੂਤ ਪੇਸ਼ ਕਰਨ ਜਾਂ ਪ੍ਰਵਾਸੀ ਪੰਜਾਬੀਆਂ ਕੋਲੋਂ ਮੁਆਫੀ ਮੰਗਣ ਲਈ ਕਿਹਾ ਹੈ। ਜਿਕ੍ਰਯੋਗ ਹੈ ਕਿ ਇਕ ਇੰਟਰਵਿਊ ਦੌਰਾਨ ਕੈਪਟਨ ਨੇ ਕਿਹਾ ਹੈ ਕਿ ਇਨ੍ਹਾਂ 4 ਮੰਤਰੀਆਂ ਨੇ ਵਿਦੇਸ਼ਾਂ ਵਿਚ ਰਹਿੰਦੇ ਕੱਟੜ ਸਿੱਖਾਂ ਦੇ ਇਸਾਰੇ ‘ਤੇ ਉਸਨੂੰ ਕਨੇਡਾ ਵਿਚ ਆਪਣੀਆਂ ਰਾਜਨੀਤੀਕ ਰੈਲੀਆਂ ਕਰਨ ਤੋਂ ਰੋਕਿਆ ਸੀ।

ਆਮ ਆਦਮੀ ਪਾਰਟੀ ਦੇ ਕੰਵਰ ਸੰਧੂ, ਸੁਖਪਾਲ ਖਹਿਰਾ ਅਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ {ਫਾਈਲ ਫੋਟੋ}

ਆਮ ਆਦਮੀ ਪਾਰਟੀ ਦੇ ਕੰਵਰ ਸੰਧੂ, ਸੁਖਪਾਲ ਖਹਿਰਾ ਅਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ {ਫਾਈਲ ਫੋਟੋ}

ਇਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ, ਪੰਜਾਬ ਡਾਇਲਾਗ ਕਮੇਟੀ ਦੇ ਮੁਖੀ ਕੰਵਰ ਸੰਧੂ, ਲੀਗਲ ਸੈਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਅਤੇ ਵਪਾਰ ਸੈਲ ਦੇ ਮੁਖੀ ਅਮਨ ਅਰੋੜਾ ਨੇ ਕਿਹਾ ਕਿ ਜਾਂ ਤਾਂ ਅਮਰਿੰਦਰ ਸਿੰਘ ਆਪਣੇ ਬਿਆਨ ਬਾਰੇ ਸਬੂਤ ਪੇਸ਼ ਕਰਨ ਜਾ ਵਿਦੇਸ਼ਾਂ ਵਿਚ ਰਹਿ ਕੇ ਮਿਹਨਤ ਕਰ ਰਹੇ ਲੱਖਾਂ ਵਿਦੇਸ਼ੀ ਪੰਜਾਬੀਆਂ ਤੋਂ ਬਿਨਾ ਦੇਰੀ ਮੁਆਫੀ ਮੰਗਣ।

“ਕੈਪਟਨ ਦੁਆਰਾ ਆਪਣੇ ਫਾਇਦੇ ਲਈ ਕਾਂਗਰਸ ਛੱਡਣ ਦਾ ਡਰਾਵਾ ਦੇਣਾ ਉਨ੍ਹਾਂ ਦੀ ਅਸਲੀਅਤ ਬਿਆਨ ਕਰਦਾ ਹੈ”: ਖਹਿਰਾ

ਸੰਧੂ ਨੇ ਕਿਹਾ ਕਿ ਅਮਰਿੰਦਰ ਸਿੰਘ ਦਾ ਪ੍ਰਵਾਸੀ ਪੰਜਾਬੀਆਂ ਸੰਬੰਧੀ ਬਿਆਨ ਨਾ ਸਿਰਫ ਬਦਨਾਮ ਕਰਨ ਵਾਲਾ ਹੈ ਪਰੰਤੂ ਬਿਨਾ ਕਿਸੇ ਸਬੂਤ ਦੇ ਅਧਾਰਿਤ ਵੀ ਹੈ। ਜੋ ਕਿ ਉਸਨੇ ਸਿਰਫ ਆਪਣੀ ਸਾਖ ਬਚਾਉਣ ਲਈ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਇਹ ਜਾਣਦੀ ਹੈ ਕਿ ਅਮਰਿੰਦਰ, ਕਾਂਗਰਸੀ ਅਤੇ ਅਕਾਲੀ ਲੀਡਰਾਂ ਦਾ ਵਿਦੇਸ਼ਾਂ ਵਿਚ ਵਿਰੋਧ ਉਨ੍ਹਾਂ ਦੇ ਲੋਕ ਵਿਰੋਧੀ ਵਤੀਰੇ ਅਤੇ ਇਹਨਾਂ ਲੀਡਰਾਂ ਦਾ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਸ਼ਾਮਲ ਹੋਣ ਕਰਕੇ ਕੀਤਾ ਜਾਂਦਾ ਹੈ। ਇਸ ਮੁੱਦੇ ਤੋਂ ਧਿਆਨ ਭਟਕਾਉਣ ਲਈ ਇਸ ਘਟਨਾ ਨੂੰ ਪ੍ਰਵਾਸੀ ਪੰਜਾਬੀਆਂ ਅਤੇ ਕਨੇਡਾ ਦੇ ਪੰਜਾਬੀ ਮੰਤਰੀਆਂ ਨਾਲ ਜੋੜ ਰਿਹਾ ਹੈ।
ਟੀਵੀ ਇੰਟਰਵੀਊ ਦਾ ਹਵਾਲਾ ਦਿੰਦਿਆਂ ਖਹਿਰਾ ਨੇ ਕਿਹਾ ਕਿ ਅਮਰਿੰਦਰ ਦਾ ਇਹ ਕਬੂਲ ਕਰਨਾ ਕੀ ਉਹ ਕਾਂਗਰਸ ਹਾਈ ਕਮਾਂਡ ਦੁਆਰਾ ਉਸਨੂੰ ਪੰਜਾਬ ਦੀ ਕਮਾਂਡ ਨਾ ਸੌਂਪੇ ਜਾਣ ਦੀ ਸੂਰਤ ਵਿਚ ਪਾਰਟੀ ਨੂੰ ਛੱਡ ਕੇ ਆਪਣੀ ਪਾਰਟੀ ਦਾ ਗਠਨ ਕਰ ਲੈਂਦਾ ਸਿੱਧ ਕਰਦਾ ਹੈ ਕਿ ਉਹ ਆਪਣੀ ਨਿੱਜੀ ਫਾਇਦੇ ਲਈ ਪੰਜਾਬੀਆਂ ਅਤੇ ਕਾਂਗਰਸੀ ਵਰਕਰਾਂ ਦੇ ਹਿੱਤਾਂ ਦੀ ਵੀ ਅਣਦੇਖੀ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਦੇ ਕਾਂਗਰਸ ਮੁਖੀ ਪ੍ਰਤਾਪ ਸਿੰਘ ਬਾਜਵਾ ਨੂੰ ਅਹੁਦੇ ਤੋਂ ਹਟਾ ਕੇ ਉਸਨੂੰ ਪੰਜਾਬ ਕਾਂਗਰਸ ਮੁੱਖੀ ਬਣਾਉਣ ਲਈ ਅਨੇਕਾਂ ਵਾਰ ਰਾਹੁਲ ਅਤੇ ਸੋਨੀਆ ਗਾਂਧੀ ਨੂੰ ਧਮਕੀਆਂ ਦੇ ਚੁੱਕਾ ਸੀ।
ਖਹਿਰਾ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਅਮਰਿੰਦਰ ਆਪਣੇ ਪਾਰਟੀ ਦਾ ਵਫਾਦਾਰ ਨਹੀਂ ਹੈ ਅਤੇ ਉਹ ਆਪਣੇ ਨਿੱਜੀ ਫਾਇਦੇ ਲਈ ਕਦੇ ਵੀ ਕਿਸੇ ਵੀ ਪਾਰਟੀ ਨੂੰ ਛੱਡ ਕੇ ਹੋਰ ਪਾਰਟੀ ਵਿਚ ਜਾ ਸਕਦਾ ਹੈ। ਉਹ ਸਿੱਖ ਨਸਲਕੁਸ਼ੀ ਦੇ ਵਿਰੋਧ ਵਿਚ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਚਲਾ ਗਿਆ ਸੀ ਪਰੰਤੂ ਕੁਝ ਸਮੇਂ ਬਾਅਦ ਉਹ ਸਾਰਾ ਕੁਝ ਭੁੱਲ ਕੇ ਸੱਤਾ ਦੇ ਲਾਲਚ ਵਿਚ ਫਿਰ ਕਾਂਗਰਸ ਵਿਚ ਵਾਪਸੀ ਕਰ ਗਿਆ। ਇਥੋਂ ਤੱਕ ਕੀ ਅਮਰਿੰਦਰ ਆਪਣੇ ਨਿੱਜੀ ਫਾਇਦੇ ਲਈ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸੀ ਨੇਤਾਵਾਂ ਜਗਦੀਸ਼ ਟਾਇਟਲਰ ਅਤੇ ਕਮਲ ਨਾਥ ਨੂੰ ਵੀ ਪਾਕ ਸਾਫ ਕਹਿ ਚੁਕਿਆ ਹੈ।
ਖਹਿਰਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਹਮਲਾ ਕਰਦਿਆਂ ਕਿਹਾ ਕਿ ਉਹ ਕਾਂਗਰਸ ਦੁਆਰਾ ਇੰਚਾਰਜ ਥਾਪੀ ਗਈ ਆਸ਼ਾ ਕੁਮਾਰ ਦੇ ਨਾਲ-ਨਾਲ ਬੀਬੀ ਜੰਗੀਰ ਕੌਰ ਬਾਰੇ ਵੀ ਬਿਆਨ ਦੇਣ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਨੂੰ ਆਸ਼ਾ ਰਾਣੀ ਖਿਲਾਫ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿਉਂ ਜੋ ਉਨ੍ਹਾਂ ਦੀ ਪਾਰਟੀ ਦੇ ਇਸਤਰੀ ਵਿੰਗ ਦੀ ਪ੍ਰਧਾਨ ਖੁਦ ਅਦਾਲਤ ਦੁਆਰਾ ਸਜ਼ਾਯਾਫਤਾ ਹੈ ਅਤੇ ਉਨ੍ਹਾਂ ਦੇ ਕੈਬਿਨੇਟ ਮੰਤਰੀ ਤੋਤਾ ਸਿੰਘ ਵੀ ਅਦਾਲਤ ਦੁਆਰਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਲੀਗਲ ਸੈਲ ਮੁਖੀ ਹਿੰਮਤ ਸਿੰਘ ਸ਼ੇਰਗਿਲ ਨੇ ਕਿਹਾ ਕਿ ਆਸ਼ਾ ਕੁਮਾਰੀ ਨੂੰ ਪ੍ਰਦੇਸ਼ ਦਾ ਇੰਚਾਰਜ ਲਗਾ ਕੇ ਕਾਂਗਰਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਅਮਰਿੰਦਰ ਸਮੇਤ ਕਾਂਗਰਸ ਹਾਈ ਕਮਾਂਡ ਭ੍ਰਿਸ਼ਟਚਾਰ ਨੂੰ ਕੋਈ ਵੱਡਾ ਮੁੱਦਾ ਨਹੀਂ ਸਮਝਦੀ। ਉਨ੍ਹਾਂ ਕਿਹਾ ਕਿ ਆਸ਼ਾ ਕੁਮਾਰੀ ਇਸ ਗੱਲ ਸੰਬੰਧੀ ਝੂਠ ਬੋਲ ਰਹੀ ਹੈ ਕਿ ਅਦਾਲਤ ਵਲੋਂ ਉਸਨੂੰ ਬਰੀ ਕਰ ਦਿੱਤਾ ਗਿਆ ਹੈ ਜਦੋਂ ਕਿ ਸੱਚ ਇਹ ਹੈ ਕਿ ਉਸਦੀ ਸਜਾ ਬਾਰੇ ਫੈਸਲਾ ਰੋਕਿਆ ਗਿਆ ਹੈ ਅਤੇ ਅਜੇ ਵੀ ਉਹ ਜ਼ਮੀਨ ਦੱਬਣ ਦੇ ਮਾਮਲੇ ਵਿਚ ਦੋਸ਼ੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,