January 7, 2011 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (6 ਜਨਵਰੀ 2011 – ਪੰਜਾਬ ਨਿਊਜ਼ ਨੈਟ.): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਪੰਜਾਬ ਨਿਊਜ਼ ਨੈਟਵਰਕ ਨੂੰ ਭੇਜੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਸਿਖ ਨਸਲਕੁਸ਼ੀ ਨਾਲ ਸਬੰਧਤ ਤੱਥ, ਅੰਕੜੇ, ਦਸਤਾਵੇਜ਼ ਤੇ ਸਬੂਤ ਇਕੱਠੇ ਕਰਨ ਲਈ ‘ਸਿਖ ਇਨਸਾਫ ਲਹਿਰ’ ਦਾ ਆਗਾਜ਼ ਕੀਤਾ ਗਿਆ ਹੈ। ਇਹ ਤੱਥ, ਅੰਕੜੇ ਤੇ ਸਬੂਤ ਨਵੰਬਰ 2011 ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਅੱਗੇ ਦਾਇਰ ਕੀਤੀ ਜਾਣ ਵਾਲੀ ‘1503 ਪਟੀਸ਼ਨ’ ਦੇ ਨਾਲ ਦਾਇ੍ਰਰ ਕੀਤੇ ਜਾਣਗੇ।
ਸ੍ਰ. ਪੀਰ ਮੁਹੰਮਦ ਦੇ ਬਿਆਨ ਅਨੁਸਾਰ ‘ਸਿਖ ਇਨਸਾਫ ਲਹਿਰ’ ਦੇ ਬੈਨਰ ਹੇਠ ਜੂਨ 1984 ਵਿਚ ਸਿਖਾਂ ਦੇ ਸਰਵਉੱਚ ਤਖਤ ਸ੍ਰੀ ਅਕਾਲ ਤਖਤ ’ਤੇ ਸੋਚੀ ਸਮਝੀ ਸਾਜਿਸ਼ ਤਹਿਤ ਹਮਲਾ ਕਰਨ ਅਤੇ ਢਾਹੁਣ ਅਤੇ ਇਸ ਤੋਂ ਬਾਅਦ ਸਮੁੱਚੇ ਪੰਜਾਬ ਵਿਚ ‘ਅਪਰੇਸ਼ਨ ਵੁੱਡ ਰੋਜ਼’ ਵਿਚ ਸਿਖਾਂ ਦੇ ਹੋਏ ਕਤਲੇਆਮ ਬਾਰੇ ਦਸਤਾਵੇਜ਼ ਤੇ ਸਬੂਤ ਇਕੱਠੇ ਕਰਨ ਦਾ ਇਕ ਯਤਨ ਕੀਤਾ ਜਾਵੇਗਾ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸਿਖਸ ਫਾਰ ਜਸਟਿਸ ਨੇ ਸਮੂਹ ਪ੍ਰਭਾਵਿਤ ਪਰਿਵਾਰਾਂ ਨੂੰ ਅਪੀਲ ਜਾਰੀ ਕੀਤੀ ਹੈ ਜਿਨ੍ਰਾਂ ਦੇ ਪਰਿਵਾਰਕ ਮੈਂਬਰਾਂ ਦਾ ਜੂਨ 1984 ਵਿਚ ਦਰਬਾਰ ਸਾਹਿਬ ’ਤੇ ਹਮਲੇ ਵੇਲੇ ਅਤੇ ‘ਅਪਰੇਸ਼ਨ ਵੁੱਡ ਰੋਜ਼’ ਜਿਸ ਵਿਚ ਹਜ਼ਾਰਾਂ ਹੀ ਸਿਖਾਂ ਖਾਸ ਕਰਕੇ ਨੌਜਵਾਨਾਂ ਨੂੰ ਜਬਰੀ ਚੁਕਿਆ ਗਿਆ ਸੀ ਤੇ ਕਈਆਂ ਨੂੰ ਤਸ਼ੱਦਦ ਕਰਕੇ ਕਤਲ ਕਰ ਦਿੱਤਾ ਗਿਆ ਸੀ, ਦੌਰਾਨ ਸੁਰੱਖਿਆ ਬਲਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ ਜਾਂ ਲਾਪਤਾ ਹਨ ਜਾਂ ਫਿਰ ਸੁਰੱਖਿਆ ਬਲਾਂ ਨੇ ਚੁਕ ਲਿਆ ਸੀ। ‘ਅਪਰੇਸ਼ਨ ਵੁੱਡ ਰੋਜ਼’ ਜਨਰਲ ਆਰ ਐਸ ਦਯਾਲ ਦੀ ਅਗਵਾਈ ਵਿਚ ਚਲਾਇਆ ਗਿਆ ਉਹ ਅਪਰੇਸ਼ਨ ਸੀ ਜਿਸ ਤਹਿਤ ਸੁਰੱਖਿਆ ਬਲ ਹਜ਼ਾਰਾਂ ਹੀ ਸਿਖਾਂ ਦੇ ਘਰਾਂ ਵਿਚ ਜਬਰੀ ਦਾਖਲ ਹੋਏ ਸੀ ਜਿਨ੍ਹਾਂ ਵਿਚ ਬਹੁਤਿਆਂ ਨੇ ਕੋਈ ਅਪਰਾਧ ਵੀ ਨਹੀਂ ਕੀਤੀ ਹੁੰਦਾ ਸੀ।
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਹਜ਼ਾਰਾਂ ਸਿਖ ਮਰਦ, ਔਰਤਾਂ ਤੇ ਬੱਚਿਆਂ ਨੂੰ ਫੌਜ ਵਲੋਂ ਕਤਲ ਕਰ ਦਿੱਤਾ ਗਿਆ ਸੀ। ਉਸ ਘਟਨਾ ਤੋਂ ਬਾਅਦ ਸਾਹਮਣੇ ਆਏ ਸਬੂਤਾਂ ’ਤੇ ਗੌਰ ਕਰੀਏ ਤਾਂ ਇਸ ਵਿਚ ਕੋਈ ਸ਼ਕ ਨਹੀਂ ਜਾਪਦਾ ਕਿ ਹਮਲੇ ਦੇ ਸਮੇਂ ਨੂੰ ਇਸ ਤਰੀਕੇ ਨਾਲ ਨਿਸਚਿਤ ਕੀਤਾ ਗਿਆ ਸੀ ਕਿ ਸਿਖਾਂ ਦਾ ਵੱਧ ਤੋਂ ਵੱਧ ਕਤਲ ਤੇ ਨੁਕਸਾਨ ਹੋਵੇ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਦਰਬਾਰ ਸਾਹਿਬ ’ਤੇ ਹਮਲਾ ਸਿਖ ਧਰਮ ’ਤੇ ਹਮਲਾ ਸੀ ਤੇ ਇਸ ਫੌਜੀ ਅਪਰੇਸ਼ਨ ਵਿਚ ‘ਅਪਰੇਸ਼ਨ ਵੁੱਡ ਰੋਜ਼’ ਰਾਹੀ ਇਹ ਹੋਰ ਵੀ ਖੌਫਨਾਕ ਬਣ ਗਿਆ ਜੋ ਕਿ ‘ਜਿਨੋਸਾਈਡ ਇਨ ਪ੍ਰੈਕਟਿਸ’ ਹੈ। ਸਿਖਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਜਲੀਲ ਕਰਨ, ਤਸ਼ੱਦਦ ਕਰਕੇ ਕਤਲ ਕਰਕੇ ਸਿਖ ਭਾਈਚਾਰੇ ਦੀ ਭਾਵਨਾ ਨੂੰ ਦਬਾਉਣ ਲਈ ਫੌਜੀ ਜਵਾਨਾਂ ਨੇ ਸਮੁੱਚੇ ਪੰਜਾਬ ਵਿਚ ਦਬਿਸ਼ ਦਿੱਤੀ ਸੀ। ਅਟਾਰਨੀ ਪੰਨੂ ਨੇ ਕਿਹਾ ਕਿ ਅਜਿਹੀਆਂ ਜ਼ਿਆਦਤੀਆਂ ਦੇ ਬਾਵਜੂਦ ਇਸ ਕਾਲੇ ਦੌਰ ਦੀ ਜਾਂਚ ਕਰਨ ਲਈ ਸਰਕਾਰ ਵਲੋਂ ਕਿਸੇ ਤਰਾਂ ਦਾ ਕੋਈ ਕਮਿਸ਼ਨ ਕਦੀ ਨਹੀਂ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਿਖਾਂ ਦਾ ਤਸ਼ੱਦਦ ਤੇ ਕਤਲ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਸੀ ਤੇ ਸਿਖਾਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ ਸੀ।
‘1503 ਪਟੀਸ਼ਨ’ ਤਹਿਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਉਨ੍ਹਾਂ ਸ਼ਿਕਾਇਤਾਂ ਦੀ ਘੋਖ ਤੇ ਜਾਂਚ ਕਰੇਗਾ ਜਿਨ੍ਹਾਂ ਵਿਚ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਸਪਸ਼ਟ ਤਸਵੀਰ ਪੇਸ਼ ਕੀਤੀ ਗਈ ਹੋਵੇਗੀ ਜਿਵੇਂ ਕਿ ਜੂਨ 1984 ਅਤੇ ‘ਅਪਰੇਸ਼ਨ ਵੁੱਡ ਰੋਜ਼’ ਦੌਰਾਨ ਭਾਰਤ ਵਿਚ ਸਿਖਾਂ ਨਾਲ ਹੋਇਆ ਸੀ।
ਇੱਥੇ ਦਸਣਯੋਗ ਹੈ ਕਿ 15 ਦਸੰਬਰ 2010 ਨੂੰ ਸਿਖਾਂ ਦੇ ਸਰਵਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿਖ ਕੌਮ ਨੂੰ ‘1503 ਪਟੀਸ਼ਨ’ ਦਾ ਸਮਰਥਨ ਕਰਨ ਅਤੇ ਇਸ ’ਤੇ ਵੱਧ ਤੋਂ ਵੱਧ ਹਸਤਾਖਰ ਕਰਨ ਦਾ ਆਦੇਸ਼ ਜਾਰੀ ਕੀਤਾ ਹੈ ਤਾਂ ਜੋ ਸਮੁੱਚੇ ਭਾਰਤ ਵਿਚ ਸਿਖਾਂ ਦੇ ਸੋਚੀ ਸਮਝੀ ਸਾਜਿਸ਼ ਤਹਿਤ ਹੋਏ ਕਤਲੇਆਮ ਦੀ ਆਜ਼ਾਦ ਜਾਂਚ ਕਰਵਾਈ ਜਾਵੇ।
‘1503 ਪਟੀਸ਼ਨ’ ਤਹਿਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਬੇਨਤੀ ਕੀਤੀ ਜਾਵੇਗੀ ਕਿ-
* ਭਾਰਤ ਵਿਚ ਸਿਖਾਂ ਦੇ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਦੀ ਘੋਖ ਲਈ ਇਕ ਆਜ਼ਾਦ ਮਾਹਿਰ ਦੀ ਨਿਯੁਕਤੀ ਕੀਤੀ ਜਾਵੇ।
*ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕੀਤਾ ਜਾਵੇ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਭਾਰਤ ਸਰਕਾਰ ਨੇ ਸਿਖਾਂ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਘੋਰ ਤੇ ਗੰਭਰ ਉਲੰਘਣਾਵਾਂ ਕੀਤੀਆਂ ਹਨ ਜਿਨਾਂ ਵਿਚ ਤਸ਼ੱਦਦ, ਜਬਰੀ ਲਾਪਤਾ ਕਰਨੇ, ਸੁਣਵਾਈ ਤੋਂ ਬਗੈਰ ਹਤਿਆਵਾਂ, ਫਰਜ਼ੀ ਮੁਕਾਬਲੇ , ਬਿਨਾਂ ਵਜ੍ਹਾ, ਬਿਨਾਂ ਕਿਸੇ ਦੋਸ਼ ਜਾਂ ਸੁਣਵਾਈ ਦੇ ਲੰਮਾ ਸਮਾਂ ਜੇਲ੍ਹ ਵਿਚ ਡਕੀ ਰਖਣਾ ਤੇ ਵਿਆਪਕ ਪੱਧਰ ’ਤੇ ਆਪਣੇ ਅਧਿਕਾਰਾਂ ਤੋਂ ਵਾਂਝਿਆ ਰੱਖਣਾ ਤਾਂ ਜੋ ਦੇਸ਼ ਛੱਡ ਜਾਣ। ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਸਿਖ ਨਸਲਕੁਸ਼ੀ ਨਾਲ ਸਬੰਧਤ ਅਸਲ ਤੱਥ, ਅੰਕੜੇ, ਦਸਤਾਵੇਜ਼ ਤੇ ਸਬੂਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਮੁਹੱਈਆ ਕਰਵਾਏਗੀ।
ਪੀਰ ਮੁਹੰਮਦ ਨੇ ਕਿਹਾ ਕਿ ਜਦ ਤੱਕ ਸੰਯੁਕਤ ਰਾਸ਼ਟਰ ਆਜ਼ਾਦ ਜਾਂਚ ਲਈ ਇਕ ਕਮਿਸ਼ਨ ਦੀ ਨਿਯੁਕਤੀ ਨਹੀਂ ਕਰਦਾ ਤਦ ਤੱਕ ਦੁਨੀਆ ਨੂੰ ਕਦੀ ਪਤਾ ਨਹੀਂ ਲੱਗੇਗਾ ਕਿ ਜੂਨ 1984 ਤੇ ‘ਅਪਰੇਸ਼ਨ ਵੁੱਡ ਰੋਜ਼’ ਦੌਰਾਨ ਭਰਾਤ ਸਰਕਾਰ ਦੇ ਹੱਥੋਂ ਕਿਨੇ ਸਿਖ ਮਰਦ, ਔਰਤਾਂ ਤੇ ਬੱਚਿਆਂ ਦਾ ਕਤਲ ਹੋਇਆ ਸੀ।
Related Topics: All India Sikh Students Federation (AISSF), Sikhs For Justice (SFJ), United Nation Organization, ਸਿੱਖ ਨਸਲਕੁਸ਼ੀ 1984 (Sikh Genocide 1984)