ਸਿਆਸੀ ਖਬਰਾਂ » ਸਿੱਖ ਖਬਰਾਂ

ਅਨੰਦਪੁਰ ਸਾਹਿਬ ਜ਼ਮੀਨ ਘੁਟਾਲਾ: ਪ੍ਰੋ: ਬਡੂੰਗਰ ਅਤੇ ਮੱਕੜ ਸਣੇ 19 ਨੂੰ ਭੇਜਿਆ ਕਾਨੂੰਨੀ ਨੋਟਿਸ

June 1, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਅਨੰਦਪੁਰ ਸਾਹਿਬ ਵਿਖੇ ਬਿਨਾˆ ਕਿਸੇ ਜ਼ਰੂਰਤ ਦੇ ਸਿੱਖ ਗੁਰਦੁਆਰਾ ਐਕਟ 1925 ਦੀ ਉਲੰਘਣਾ ਕਰਕੇ 2 ਕਰੋੜ 70 ਲੱਖ ਦੀ ਖਰੀਦੀ ਗਈ ਜ਼ਮੀਨ ਦੇ ਮਾਮਲੇ ਵਿੱਚ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਕਮੇਟੀ ਨੂੰ ਭੇਜੇ ਨੋਟਿਸ ਵਿੱਚ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਦੋ ਮਹੀਨਿਆਂ ਵਿੱਚ ਕਾਰਵਾਈ ਕੀਤੀ ਜਾਵੇ।

ਸੰਸਥਾ ਨੇ ਚਿਤਾਵਨੀ ਦਿੱਤੀ ਕਿ ਕਾਰਵਾਈ ਨਾ ਕੀਤੇ ਜਾਣ ਦੀ ਸੂਰਤ ਵਿੱਚ ਮਾਮਲਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਚੁੱਕਿਆ ਜਾਵੇਗਾ। ਆਪਣੇ ਵਕੀਲ ਮਨਿੰਦਰ ਸਿੰਘ ਰੰਧਾਵਾ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਨੋਟਿਸ ਭੇਜਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਿਰਸਾ ਨੇ ਕਿਹਾ ਕਿ ਸਹਿਜਧਾਰੀ ਕੇਸ ਦੇ ਕਾਰਣ ਮਿਤੀ 20 ਦਸੰਬਰ 2011 ਨੂੰ ਹਾਈ ਕੋਰਟ ਨੇ ਸਤੰਬਰ 2011 ਵਾਲੀਆਂ ਚੋਣਾਂ ਰਾਹੀਂ ਚੁਣੇ ਗਏ ਜਨਰਲ ਹਾਊਸ ‘ਤੇ ਰੋਕ ਲਾ ਦਿੱਤੀ ਸੀ, ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਅਪੀਲ ਕਰਕੇ ਹਾਈਕੋਰਟ ਦੇ ਹੁਕਮਾਂ ਦੇ ਖਿਲਾਫ ਸਟੇਅ ਮੰਗਿਆ ਸੀ ਪਰ ਸੁਪਰੀਮ ਕੋਰਟ ਨੇ ਸਟੇਅ ਨਹੀਂ ਦਿੱਤਾ ਅਤੇ ਕੇਵਲ ਗੁਰਦੁਆਰਾ ਐਕਟ ਦੇ ਮੁਤਾਬਿਕ ਪਹਿਲਾਂ 2010 ਵਾਲੀ ਅੰਤਰਿੰਗ ਕਮੇਟੀ ਨੂੰ ਹੀ ਰੋਜ਼ਮਰਾ ਦੇ ਕੰਮਕਾਰ ਕਰਨ ਵਾਸਤੇ ਅਧਿਕਾਰ ਦਿੱਤੇ ਸਨ। ਸੋ ਇਸ ਅੰਤਰਿੰਗ ਕਮੇਟੀ ਨੂੰ ਗੁਰਦੁਆਰਾ ਐਕਟ ਦੀ ਧਾਰਾ 108 ਤਹਿਤ ਧਰਮ ਪ੍ਰਚਾਰ ਕਮੇਟੀ ਦੇ ਫੰਡਾਂ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਪਰ ਇਨ੍ਹਾਂ ਨੇ ਬਿਨਾਂ ਕਿਸੇ ਜ਼ਰੂਰਤ ਦੇ ਅਨੰਦਪੁਰ ਸਾਹਿਬ ਵਿਖੇ ਜ਼ਮੀਨ ਖਰੀਦੀ ਜਿਸ ਵਿੱਚ ਤਿੰਨ ਕਮਰੇ ਬਣੇ ਹੋਏ ਹਨ ਜਿਹੜੇ 50 ਸਾਲ ਪੁਰਾਣੇ ਹਨ ਅਤੇ ਇਹ ਜ਼ਮੀਨ ਸੜਕ ਤੋਂ ਅੱਧਾ ਕਿਲੋਮੀਟਰ ਦੂਰ ਹੋਣ ਕਾਰਨ ਕਿਸੇ ਵੀ ਵਪਾਰਕ ਕੰਮ ਨਹੀਂ ਆ ਸਕਦੀ।

ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਅਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ (ਫਾਈਲ ਫੋਟੋ)

ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਅਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ (ਫਾਈਲ ਫੋਟੋ)

ਉਨ੍ਹਾਂ ਕਿਹਾ ਕਿ ਇਸ ਜਗ੍ਹਾ ‘ਤੇ ਜੇਕਰ ਸ਼੍ਰੋਮਣੀ ਕਮੇਟੀ ਵਲੋਂ ਕੋਈ ਸੰਸਥਾ ਖੋਹਲਣ ਦਾ ਵਿਚਾਰ ਸੀ ਤਾˆ ਸ਼੍ਰੋਮਣੀ ਕਮੇਟੀ ਕੋਲ ਵੀਹ ਹਜ਼ਾਰ ਏਕੜ ਮਲਕੀਅਤੀ ਜ਼ਮੀਨ ਪਹਿਲਾਂ ਹੀ ਅਨੰਦਪੁਰ ਸਾਹਿਬ ਵਿਖੇ ਮੌਜੂਦ ਹੈ ਉਸ ਦੀ ਵਰਤੋਂ ਕੀਤੀ ਜਾ ਸਕਦੀ ਸੀ। ਸ. ਸਿਰਸਾ ਨੇ ਕਿਹਾ ਕਿ ਗੁਰਦੁਆਰਾ ਐਕਟ 1925 ਤੇ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਕੋਈ ਵੀ ਵੱਡੀ ਰਕਮ ਖਰਚ ਕਰਨ ਤੋਂ ਪਹਿਲਾਂ ਇਕਰਾਰਨਾਮਾ ਲਿਖਣਾ ਜ਼ਰੂਰੀ ਹੁੰਦਾ ਹੈ ਪਰ ਨਾ ਤਾਂ ਪਹਿਲੀ ਵਾਰੀ 70 ਲੱਖ ਰੁਪਏ ਖਰਚ ਕਰਨ ਵੇਲੇ ਇੱਕ ਨਿੱਜੀ ਜਾਇਦਾਦ ਵਜੋਂ ਖਰੀਦਣ ਮੌਕੇ ਕੋਈ ਇਕਰਾਰਨਾਮਾ ਲਿਖਿਆ ਗਿਆ ਤੇ ਨਾ ਹੀ ਦੂਸਰੀ ਵਾਰੀ 2 ਕਰੋੜ 70 ਲੱਖ ਦੀ ਵੱਡੀ ਰਾਸ਼ੀ ਖਰਚਣ ਸਮੇਂ ਲਿਖਿਆ ਗਿਆ ਜੋ ਬਹੁਤ ਵੱਡੀ ਕੁਤਾਹੀ ਹੈ ਤੇ ਧੋਖਾਧੜੀ ਦਾ ਸੰਕੇਤ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਪੰਜ ਸੱਤ ਸਾਲਾਂ ਤੋਂ ਜ਼ਮੀਨਾਂ ਜਾਇਦਾਦਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਥੱਲ੍ਹੇ ਆ ਗਈਆਂ ਹਨ ਪਰ ਉਲਟੇ ਬਾਂਸ ਬਰੇਲੀ ਨੂੰ ਕਹਾਵਤ ਅਨੁਸਾਰ 70 ਲੱਖ ਵਾਲੀ ਜ਼ਮੀਨ ਛੇ ਮਹੀਨਿਆਂ ਬਾਅਦ ਹੀ 2 ਕਰੋੜ 70 ਲੱਖ ਦੀ ਕਿਵੇਂ ਵੱਧ ਗਈ ਜਦੋਂ ਕਿ ਅੱਜ ਵੀ ਇਸ ਜ਼ਮੀਨ ਦੀ ਬਜ਼ਾਰੀ ਕੀਮਤ 50 ਲੱਖ ਤੋਂ ਵੱਧ ਨਹੀਂ ਹੈ।

ਸ਼੍ਰੋਮਣੀ ਕਮੇਟੀ ਨੂੰ ਕਨੂੰਨੀ ਨੋਟਿਸ ਭੇਜ ਕੇ ਸ. ਸਿਰਸਾ ਨੇ ਮੰਗ ਕੀਤੀ ਹੈ ਕਿ ਕਮੇਟੀ ਉਹ ਮਤਾ ਨੰਬਰ 699 ਮਿਤੀ 16 ਦਸੰਬਰ 2011, ਜਿਸ ਰਾਹੀਂ ਜ਼ਮੀਨ ਗਲਤ ਤਰੀਕੇ ਨਾਲ ਖਰੀਦੀ ਗਈ ਹੈ ਨੂੰ ਰੱਦ ਕਰੇ, ਨੋਟਿਸ ਵਿੱਚ ਦੋਸ਼ੀ ਨੰਬਰ ਚਾਰ ਸਕੱਤਰ ਸ਼੍ਰੋਮਣੀ ਕਮੇਟੀ ਦਿਲਮੇਘ ਸਿੰਘ ਸਮੇਤ 19 ਹੋਰ ਦੋਸ਼ੀ ਹਨ, ਜਿਹਨਾˆ ਨੇ ਹਮ ਸਲਾਹ ਹੋ ਕੇ ਗੁਰੂ ਦੀ ਗੋਲਕ ਦੀ ਲੁੱਟ ਕੀਤੀ ਹੈ, ਕੋਲੋਂ 2 ਕਰੋੜ ਰੁਪਏ 18 ਫੀਸਦੀ ਵਿਆਜ ਸਮੇਤ ਅਤੇ ਇੱਕ ਕਰੋੜ ਜ਼ੁਰਮਾਨਾ ਪਾ ਕੇ ਵਸੂਲਿਆ ਜਾਵੇ ਅਤੇ ਪੰਜ ਸਾਲਾਂ ਤੱਕ ਇਹਨਾਂ ‘ਤੇ ਕੰਮ ਕਰਨ ‘ਤੇ ਰੋਕ ਲਗਾਈ ਜਾਵੇ।

ਸਬੰਧਤ ਖ਼ਬਰ:

ਮੱਕੜ ਦੇ ਪ੍ਰਧਾਨਗੀ ਕਾਲ ‘ਚ ਇਕੋ ਦਿਨ ਖਰੀਦੀ 61 ਏਕੜ ਜ਼ਮੀਨ ਦੀ ਨਿਰਪੱਖ ਜਾਂਚ ਹੋਵੇ: ਬਲਦੇਵ ਸਿੰਘ ਸਿਰਸਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,