ਖਾਸ ਖਬਰਾਂ » ਸਿੱਖ ਖਬਰਾਂ

ਮਨਮਰਜ਼ੀਆਂ ਫਿਲਮ ਵਿਵਾਦ: ਅਨੁਰਾਗ ਕਸ਼ਿਅਪ ਦੀ ਮੁਆਫੀ; ਸਿੱਖਾਂ ਨਾਲ ਇਕ ਹੋਰ ਸ਼ਰਾਰਤ

September 19, 2018 | By

ਚੰਡੀਗੜ੍ਹ: ਵਿਵਾਦਿਤ ਫਿਲਮ ਮਨਮਰਜ਼ੀਆਂ ਵਿਚ ਸਿੱਖ ਭਾਵਨਾਵਾਂ ਨੂੰ ਮਾਰੀ ਗਈ ਸੱਟ ਖਿਲਾਫ ਉੱਠੇ ਸਿੱਖ ਰੋਹ ਦਰਮਿਆਨ ਫਿਲਮ ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ ਦਾ ਸ਼ਰਾਰਤ ਭਰਿਆ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਵਿਚ ਉਸ ਨੇ ਸਿੱਖ ਭਾਵਨਾਵਾਂ ਖਿਲਾਫ ਦਿਖਾਏ ਦ੍ਰਿਸ਼ਾਂ ਨੂੰ ਜਾਇਜ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ।

ਮਨਮਰਜ਼ੀਆਂ ਫਿਲਮ ਖਿਲਾਫ ਵਿਰੋਧ ਕਰਦੇ ਹੋਏ ਸਿੱਖ

ਅਨੁਰਾਗ ਕਸ਼ਿਅਪ ਨੇ ਟਵੀਟ ਕਰਦਿਆਂ ਬੜੇ ਸ਼ਰਾਰਤੀ ਢੰਗ ਨਾਲ ਮੁਆਫੀ ਮੰਗਦਿਆਂ ਨਾਲ ਹੀ ਉਨ੍ਹਾਂ ਸਿੱਖਾਂ ਦਾ ਮਜ਼ਾਕ ਵੀ ਉਡਾਇਆ ਜੋ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੀ ਅਤੇ ਸਿੱਖ ਕਿਰਦਾਰ ਦੀ ਕਿਰਦਾਰਕੁਸ਼ੀ ਕਰ ਰਹੀ ਇਸ ਫਿਲਮ ਦਾ ਵਿਰੋਧ ਕਰ ਰਹੇ ਹਨ। ਅਨੁਰਾਗ ਕਸ਼ਿਅਪ ਨੇ ਆਪਣੇ ਬਿਆਨ ਵਿਚ ਕਿਹਾ ਕਿ ਜੋ ਲੋਕ ਸਿਰਫ ਮਸ਼ਹੂਰੀ ਲਈ ਇਸ ਫਿਲਮ ਦਾ ਵਿਰੋਧ ਕਰੇ ਹਨ ਉਨ੍ਹਾਂ ਨੂੰ ਉਹ ਮੁਬਾਰਕ ਦਿੰਦਾ ਹੈ ਕਿ ਉਨ੍ਹਾਂ ਨੂੰ ਮਸ਼ਹੂਰੀ ਮਿਲ ਗਈ।

ਜਦਕਿ ਅਨੁਰਾਗ ਕਸ਼ਿਅਪ ਇਸ ਤੋਂ ਪਹਿਲਾਂ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਸਬੰਧਿਤ ਮਸਲਿਆਂ ਨਾਲ ਆਪਣੀਆਂ ਫਿਲਮਾਂ ਵਿਚ ਛੇੜਛਾੜ ਕਰਕੇ ਮਸ਼ਹੂਰੀ ਖੱਟਣ ਲਈ ਜਾਣਿਆ ਜਾਂਦਾ ਹੈ।

ਅਨੁਰਾਗ ਕਸ਼ਿਅਪ ਨੇ ਆਪਣੇ ਬਿਆਨ ਵਿਚ ਕਿਹਾ ਕਿ ਤਕਨੀਕ ਉਸਨੂੰ ਫਿਲਮ ਵਿਚ ਤਬਦੀਲੀਆਂ ਕਰਨ ਦੀ ਥਾਂ ਨਹੀਂ ਦਿੰਦੀ ਅਤੇ ਤਬਦੀਲੀਆਂ ਨਾਲ ਫਿਲਮ ਦੀ ਕਹਾਣੀ ਖਰਾਬ ਹੋ ਜਾਂਦੀ ਹੈ। ਇਸ ਲਈ ਉਹ ਤਬਦੀਲੀਆਂ ਨਹੀਂ ਕਰ ਸਕਦਾ।

ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਫੇਸਬੁੱਕ ਖਾਤੇ ‘ਤੇ ਦਾਅਵਾ ਕੀਤਾ ਹੈ ਕਿ ਭਾਰਤੀ ਫਿਲਮ ਸੈਂਸਰ ਬੋਰਡ ਨੇ ਇਸ ਵਿਵਾਦਿਤ ਫਿਲਮ ਵਿਚੋਂ ਇਤਰਾਜਯੋਗ ਦ੍ਰਿਸ਼ ਕੱਟਣ ਦਾ ਹੁਕਮ ਕੀਤਾ ਹੈ।

ਇਸ ਦੌਰਾਨ ਸਿੱਖ ਰਿਚਰਚ ਇੰਸਟੀਚਿਊਟ ਨਾਲ ਸਬੰਧਿਤ ਰਹੇ ਹਰਿੰਦਰ ਸਿੰਘ ਨੇ ਅਨੁਰਾਗ ਕਸ਼ਿਅਪ ਨੂੰ ਟਵੀਟ ਕਰਕੇ ਸਵਾਲ ਪੁੱਛਿਆ ਹੈ ਕਿ ਜਦੋਂ ਉਹ ਕਹਿ ਰਿਹਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਫਿਲਮ ਵਿਚ ਤਬਦੀਲੀ ਨਹੀਂ ਕੀਤੀ ਜਾ ਸਕਦੀ ਤਾਂ ਹੁਣ ਇਹ ਤਬਦੀਲੀ ਕਿਵੇਂ ਹੋ ਰਹੀ ਹੈ। ਫਿਲਹਾਲ ਇਸ ਸਵਾਲ ਦਾ ਉਸਨੇ ਕੋਈ ਜਵਾਬ ਨਹੀਂ ਦਿੱਤਾ ਸੀ।

ਫਿਲਮ ਵਿਚ ਸਿੱਖ ਕਿਰਦਾਰ ਦੀ ਕਿਰਦਾਰਕੁਸ਼ੀ ਕਰਦੇ ਦ੍ਰਿਸ਼ਾਂ ਨੂੰ ਜਾਇਜ਼ ਠਹਿਰਾਉਣ ਲਈ ਬੜੇ ਸ਼ਰਾਰਤੀ ਢੰਗ ਨਾਲ ਅਨੁਰਾਗ ਕਸ਼ਿਅਪ ਨੇ ਆਪਣੇ ਬਿਆਨ ਵਿਚ ਕਿਹਾ ਕਿ ਫਿਲਮ ਦੀ ਕਹਾਣੀ ਕੁਝ ਲੋਕਾਂ ਦੀ ਹੈ ਨਾ ਕਿ ਇਹ ਸਿੱਖ ਧਰਮ ਦੀ ਕਹਾਣੀ ਹੈ।

ਅਨੁਰਾਗ ਕਸ਼ਿਅਪ ਵਲੋਂ ਦਿੱਤਾ ਇਹ ਤਰਕ ਕੋਈ ਨਵਾਂ ਨਹੀਂ ਹੈ। ਇਸ ਸਬੰਧੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਡਾ. ਸਿਕੰਦਰ ਸਿੰਘ ਦਾ ਕਹਿਣਾ ਹੈ, “ਨਿੱਜੀ ਰੂਪ ਵਿਚ ਇਨ੍ਹਾਂ ਗੱਲਾਂ ਦਾ ਕੋਈ ਵੀ ਪਰਸੰਗ ਹੋ ਸਕਦਾ ਹੈ ਪਰ ਇਥੇ ਮਸਲਾ ਨਿੱਜ ਤੱਕ ਮਹਿਦੂਦ ਨਹੀਂ, ਸਗੋਂ ਵਰਤਮਾਨ ਸਮੇਂ ਦੇ ਜੋਰਦਾਰ ਰੂਪਾਕਾਰ `ਫਿਲਮ` ਦਾ ਹੈ, ਜਿਸ ਦਾ ਅਸਰ ਸਾਰੇ ਸਮਾਜ ਤੱਕ ਪਹੁੰਚਦਾ ਹੈ। ਫਿਲਮ ਵਿਚ ਕਹਾਣੀ ਬੇਸ਼ਕ ਕਿਸੇ ਪਾਤਰ ਦੇ ਨਿੱਜ ਦੀ ਹੋਵੇ ਪਰ ਉਸ ਨੂੰ ਆਮ ਸਮਾਜ ਵਿਚ ਵਾਪਰਨ ਵਾਲੀਆਂ ਨਿੱਜੀ ਘਟਨਾਵਾਂ ਵਾਂਗ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਜਦੋਂ ਕੋਈ ਘਟਨਾ ਫਿਲਮ ਰਾਹੀਂ ਸਾਹਮਣੇ ਆਉਂਦੀ ਹੈ ਤਾਂ ਉਦੋਂ ਉਹ ਨਿੱਜੀ ਨਹੀਂ, ਸਗੋਂ ਬਹੁਤ ਸਾਰੇ ਨਿੱਜਾਂ ਦੀ ਪ੍ਰਤੀਨਿਧ ਹੁੰਦੀ ਹੈ। ਇਹ ਵਪਾਰਕ ਚਲਾਕੀ ਹੈ ਕਿ ਜਦੋਂ ਆਪਣੀ ਗੱਲ ਦਾ ਪੱਖ ਪੂਰਨਾ ਹੈ ਜਾਂ ਕਿਸੇ ਘਟਨਾ/ ਦ੍ਰਿਸ਼ ਨੂੰ ਇਤਰਾਜ ਤੋਂ ਬਚਾਉਣਾ ਹੈ ਤਾਂ ਉਸ ਨੂੰ ਵਿਅਕਤੀਗਤ ਪੱਧਰ ਤੱਕ ਘਟਾ ਲਿਆ ਜਾਂਦਾ ਹੈ, ਜਦੋਂ ਉਸ ਤੋਂ ਮੁਨਾਫਾ ਕਮਾਉਣ ਦੀ ਗੱਲ ਹੈ ਤਾਂ ਉਸ ਨੂੰ ਤਮਾਮ ਸਮਾਜ-ਸਭਿਆਚਾਰ ਤੱਕ ਵਧਾ ਲਿਆ ਜਾਂਦਾ ਹੈ।”

ਸੋ ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਫਿਲਹਾਲ ਇਸ ਮਾਮਲੇ ਬਾਰੇ ਸਥਿਤੀ ਸਪਸ਼ਟ ਨਹੀਂ ਹੋ ਸਕੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,