June 1, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਜੂਨ 1984 ਵਿੱਚ ਭਾਰਤੀ ਦਸਤਿਆਂ ਵਲੋਂ ਦਰਬਾਰ ਸਾਹਿਬ ਕੰਪਲੈਕਸ ਵੱਲ ਕੀਤੀ ਅੰਧਾਧੁੰਦ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਭਾਈ ਮਹਿੰਗਾ ਸਿੰਘ ਬੱਬਰ ਦੀ ਯਾਦ ਵਿੱਚ ਅੰਮ੍ਰਿਤ ਸੰਚਾਰ ਜਥੇ ਦੇ ਪੰਜ ਪਿਆਰੇ ਸਿੰਘਾਂ ਅਤੇ ਅਖੰਡ ਕੀਰਤਨੀ ਜਥੇ ਵਲੋਂ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਗਈ।
ਸ਼ਹੀਦ ਭਾਈ ਮਹਿੰਗਾ ਸਿੰਘ ਨਮਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਗਈ
ਅੰਮ੍ਰਿਤ ਸੰਚਾਰ ਜਥੇ ਦੇ ਭਾਈ ਮੰਗਲ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕੀਤੀ। ਇਸਤੋਂ ਪਹਿਲਾਂ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਖਾਲਸਾ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਅਤੇ ਅਖੰਡ ਕੀਰਤਨੀ ਜਥਾ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ, ਮਾਸਟਰ ਬਲਦੇਵ ਸਿੰਘ, ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ, ਸ੍ਰ: ਮਨਜੀਤ ਸਿੰਘ, ਭਾਈ ਕੁਲਵਿੰਦਰ ਸਿੰਘ ਲੋਹੀਆਂ, ਅਕਾਲ ਖਾਲਸਾ ਦਲ ਦੇ ਸੁਰਿੰਦਰ ਸਿੰਘ ਤਾਲਬ ਪੁਰਾ, ਬਲਬੀਰ ਸਿੰਘ ਕਠਿਆਲੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ, ਗੁਰਦੁਆਰਾ ਬਾਬਾ ਅਟੱਲ ਸਾਹਿਬ ਵਿਖੇ ਇੱਕਤਰ ਹੋਏ।
ਸੰਗਤੀ ਰੂਪ ਵਿੱਚ ਚੌਪਈ ਸਾਹਿਬ ਦੇ ਪਾਠ ਕੀਤੇ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਪੁਜੇ।
ਜਿਕਰਯੋਗ ਹੈ ਕਿ 1ਜੂਨ 1984 ਵਾਲੇ ਦਿਨ ਭਾਈ ਮਹਿੰਗਾ ਸਿੰਘ ਬੱਬਰ ਗੁ: ਬਾਬ ਅਟੱਲ ਸਾਹਿਬ ਦੀ ਛੱਤ ਉਪਰ ਬਣੇ ਸਿੰਘਾਂ ਦੇ ਮੋਰਚੇ ਤੇ ਸਨ ਜਿਥੇ ਸੀ.ਆਰ.ਪੀ.ਐਫ.ਵਲੋਂ ਮਾਰੇ ਇੱਕ ਬਰੱਸਟ ਨਾਲ ਸ਼ਹੀਦ ਹੋ ਗਏ।
ਮਹਿੰਗਾ ਸਿੰਘ ਬੱਬਰ ਦਾ ਅੰਤਿਮ ਸਸਕਾਰ ਵੀ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਵਾਲੀ ਪਾਰਕ ਵਿੱਚ ਕੀਤਾ ਗਿਆ ਸੀ ਜਿਥੇ ਬੱਬਰ ਖਾਲਸਾ ਦੇ ਮੁਖੀ ਭਾਈ ਸੁਖਦੇਵ ਸਿੰਘ ਬੱਬਰ ਤੋਂ ਇਲਾਵਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਸਨ।
ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਜੂਨ 84 ਦੇ ਫੌਜੀ ਹਮਲੇ ਦੇ 34 ਸਾਲ ਬੀਤ ਜਾਣ ਤੇ ਪਹਿਲੀ ਵਾਰ ਭਾਈ ਮਹਿੰਗਾ ਸਿੰਘ ਬੱਬਰ ਨਮਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਨਾਮ ਲੈਕੇ ਅਰਦਾਸ ਕੀਤੀ ਗਈ।
Related Topics: Ghallughara June 1984, Sikh Martyrs, Sikh Shaheeds